Share on Facebook

Main News Page

ਗਪੌੜਸ਼ੰਖ

ਬਾਬਾ ਫੌਜਾ ਸਿੰਘ ਨੂੰ ਉਸਦੇ ਮਿੱਤਰ ਨਿਰਵੈਰ ਦਾ ਫੋਨ ਆਉਂਦਾ ਹੈ ਕਿ ਬਾਬਾ, ਅਪਣਾ ਠਾਕਰ ਸਿੰਘ ਗਪੌੜਸ਼ੰਖ ਇਟਲੀ ਦੀ ਏਅਰ ਪੋਰਟ ਤੇ ਲੱਖਾਂ ਯੂਰੋ ਲੈ ਕੇ ਜਾਂਦਾ ਫੜਿਆ ਗਿਆ!

ਇਨਾ ਪੈਸਾ ਕਿਥੋਂ ਆਇਆ, ਉਹ ਕਿਉਂ ਲੈ ਕੇ ਜਾ ਰਿਹਾ ਸੀ, ਇਹ ਉਸ ਦਾ ਅਪਣਾ ਸੀ ਜਾਂ ਕੋਈ ਕਹਾਣੀ ਸੀ ਇਹ ਸਭ ਕੁਝ ਇਕ ਬੁਝਾਰਤ ਹੈ।

ਥੋੜੇ ਚਿਰ ਦੀ ਗੱਲ ਹੈ 'ਸਰਖੰਡੀ ਬਾਬਾ' ਜਦ ਮਰਿਆ ਤਾਂ ਉਸ ਦੇ 'ਭੋਰਿਆਂ' ਵਿਚੋਂ ਮਣਾ-ਮੂੰਹੀਂ ਸੋਨਾ, ਕੈਸ਼, ਰੇਸ਼ਮੀ ਚੋਲੇ, ਧਨ-ਦੌਲਤ ਤੇ ਪਤਾ ਨਹੀ ਕਿੰਨਾ ਕੁਝ ਨਿਕਲਿਆ।

ਰਾਮਦੇਵ ਦੂਜਿਆਂ ਵਲ ਉਂਗਲ ਕਰਦਾ ਸੀ ਪਰ ਉਸ ਦੀ ਆਪ ਦੀ ਖੁਦ ਦੀ ਲੂੰਗੀ ਹੇਠੋਂ ਅਥਾਹ ਧਨ ਤੇ ਜਾਇਦਾਦ ਨਿਕਲੀ।

ਕਹਿੰਦੇ ਜਦ ਗਜਨਵੀ ਹਿੰਦੋਸਤਾਨ ਨੂੰ ਲੁੱਟਣ ਆਇਆ, ਤਾਂ ਕੁਵਿੰਟਲਾਂ ਦੇ ਹਿਸਾਬ ਸੋਨਾ-ਚਾਂਦੀ ਉਹ ਹਿੰਦੂ ਮੰਦਰਾਂ ਵਿਚੋਂ ਲੁੱਟ ਕੇ ਲੈ ਗਿਆ।

ਲੌਂਗੋਵਾਲੀਆ ਸਾਧ ਛੜਾ-ਛਾਂਟ ਸੀ ਪਰ ਉਸ ਦੇ ਖਾਤਿਆਂ ਵਿਚੋਂ ਲੱਖਾਂ ਰੁਪਏ ਨਿਕਲੇ।

ਕਾਰਸੇਵੀਆਂ ਦਾ ਰੁਸਿਆ ਸਾਧ ਅਮਰੀਕ ਸਿਓਂ ਜਦ ਅਪਣੇ 'ਬਾਬੇ' ਨੂੰ ਛੱਡ ਕੇ ਦੌੜਿਆ ਤਾਂ ਉਸ ਕੋਲੇ ਵੀ ਕ੍ਰੋੜਾਂ ਸਨ।

ਦਇਆ ਸਿੰਘ ਸੁਰਸਿੰਘੀਏ ਸਾਧ ਨੇ ਮੁੰਡੇ ਦੇ ਵਿਆਹ ਤੇ ਕ੍ਰੋੜਾਂ ਖਰਚੇ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਇਹ ਸਾਰੇ ਉਹ ਲੋਕ ਹਨ ਸਮੇਤ ਗੱਪੀ ਠਾਕਰ ਸਿਓ ਦੇ ਜਿਹੜੇ ਮਾਇਆ ਨੂੰ ਨਾਗਣੀ, ਸੱਪਣੀ, ਡੰਗ ਮਾਰਨੀ ਕਹਿ ਕੇ ਥੂ-ਥੂ ਕਰਦੇ ਹਨ ਪਰ ਉਸੇ ਸੱਪਣੀ ਨੂੰ ਕੀਲ ਕੇ ਜਦ ਅਪਣੀ ਪਟਾਰੀ ਵਿਚ ਪਾਉਂਦੇ ਹਨ ਤਾਂ ਮਿੱਠੀ ਲੱਗਦੀ ਹੈ। ਪਰ ਕਦੇ ਕਦੇ ਇਹ ਸੱਪਣੀ ਇਨ੍ਹਾਂ ਦੀ ਪਟਾਰੀ ਵਿਚੋਂ ਨਿਕਲ ਕੇ ਜਦ ਬਾਹਰ ਫੁੰਕਾਰਾ ਮਾਰਦੀ ਹੈ ਤਾਂ ਅਖਬਾਰਾਂ ਦੀ ਖ਼ਬਰ ਬਣ ਜਾਂਦੀ ਹੈ।

ਬਾਬੇ ਦਾ ਮਿੱਤਰ ਇਕ ਪੁੱਛਦਾ ਹੈ ਕਿ ਯਾਰ ਇਹ ਪੈਸਾ ਇਨਾ ਬਣਾ ਕਿਵੇਂ ਲੈਂਦੇ ਹਨ?

ਗੱਪਾਂ ਮਾਰ ਕੇ!

ਗੱਪਾਂ ਮਾਰ ਕੇ? ਉਹ ਕਿਵੇਂ?

ਲੈ ਸੁਣ ਫਿਰ!

'ਸਾਧ ਸੰਗਤ ਜੀ ਇਕ ਵਾਰ ਅਸੀਂ ਮਹਾਂਪੁਰਖਾਂ ਦੇ ਸਿਰ ਤੇਲ ਦੀ ਮਾਲਸ਼ ਕਰ ਰਹੇ ਸਾਂ ਉਨ੍ਹਾਂ ਦੇ ਸਿਰ ਵਿਚ ਪੋਲਾ ਥਾਂ ਦੇਖ ਅਸੀਂ ਪੁੱਛਿਆ ਕਿ ਬਾਬਾ ਜੀ ਇਹ ਕੀ ਏ।ਮਹਾਂਪੁਰਖ ਕਹਿਣ ਲਗੇ ਭਾਈ ਇਹ ਦਸਮਾ-ਦਵਾਰ ਹੈ!

ਇਹ ਕਿਵੇਂ ਖੁਲ੍ਹਦਾ?

ਬੱਸ ਤੇਲ ਮਲੀ ਚਲ ਸਾਡੇ ਤੇਰਾ ਵੀ ਖੁਲ੍ਹ ਜਾਵੇਗਾ!

ਤੇ ਸਾਧ ਸੰਗਤ ਜੀ ਉਦੋਂ ਤੋਂ ਦਾਸ ਦੇ ਵੀ ਸਿਰ ਵਿਚ ਟੋਆ ਜਿਹਾ ਪੈਣ ਲੱਗ ਪਿਆ ਹੈ??

ਬਾਬਾ ਫੌਜਾ ਸਿੰਘ ਦਾ ਮਿੱਤਰ ਕਹਿਣ ਲਗਾ ਕਿ ਬਾਬਾ ਇਹ ਟੋਆ ਜਿਹਾ ਤਾਂ ਮੇਰੇ ਜੰਮਦੇ ਨਿਆਣੇ ਦੇ ਵੀ ਪੈਂਦਾ ਸੀ। ਇਹ ਕੀ ਗੱਲ ਹੋਈ?

ਗੱਲ ਕੀ ਤੈਨੂੰ ਗੱਪ ਨਹੀ ਸੀ ਮਾਰਨੀ ਆਉਂਦੀ ਨਹੀ ਤਾਂ ਤੇਰੇ ਮੁੰਡੇ ਦੇ ਤਾਂ ਜੰਮਦਿਆਂ ਹੀ ਦਸਮਾ-ਦਵਾਰ ਖੁਲ੍ਹਿਆ ਪਿਆ ਸੀ!! ਚਲ ਇਕ ਹੋਰ ਸੁਣ!

ਸਾਧ ਸੰਗਤ ਜੀ ਇੱਕ ਵਾਰ ਇੱਕ ਸਿੰਘ ਮਹਾਂਪੁਰਖਾਂ ਦੇ ਚਰਨ ਘੁੱਟ ਰਿਹਾ ਸੀ। ਮਹਾਂਪੁਰਖ ਚਰਨਾ ਨੂੰ ਇਧਰ-ਉਧਰ ਮਾਰ ਰਹੇ ਸਨ। ਸਿੰਘ ਨੇ ਪੁੱਛਿਆ ਬਾਬਾ ਜੀ ਕੋਈ ਤਕਲੀਫ ਤਾਂ ਨਹੀ? ਮਹਾਂਪੁਰਖ ਕਹਿਣ ਲਗੇ ਦਰਅਸਲ ਇੰਦਰ, ਬ੍ਰਹਮਾ ਵਿਸ਼ਨੂੰ ਦੇਵਤੇ ਆਦਿ ਸਾਡੇ ਚਰਨਾ ਨੂੰ ਛੋਹਣੋ ਨਹੀ ਹਟਦੇ। ਕਾਰਨ? ਕਾਰਨ ਕਿ ਕੋਈ ਸਿੰਘ ਸਾਡੇ ਚਰਨਾ ਦਾ ਜਾਪ ਕਰ ਰਿਹਾ ਹੈ ਯਾਨੀ 'ਚਰਨ ਜਾਪ? ਇਸ ਲਈ ਦੇਵਤੇ ਆ ਕੇ ਚਰਨ ਨਹੀ ਛੱਡ ਰਹੇ!

ਬਾਬਾ ਇਹ ਗੱਲ ਕਿਧਰ ਨੂੰ ਗਈ? ਮਿੱਤਰ ਕਹਿਣ ਲਗਾ।

ਜੇ ਗੱਲ ਕਿਸੇ ਪਾਸੇ ਜਾਂਦੀ ਹੁੰਦੀ ਠਾਕੁਰ ਸਿਓਂ ਦੇ ਗਾਗਰ ਵਰਗੇ ਢਿੱਡ ਵਿਚ ਇੰਨਾ ਪੈਸਾ ਕਿਵੇਂ ਸਮਾਉਂਦਾ। 20-20 ਫੁੱਟੇ ਸ਼ਹੀਦਾਂ ਦੀ ਕਰਾਮਾਤ ਦੇਖ ਲੈ। ਲੱਖਾਂ ਯੂਰੋ ਭਾਈ ਬਥੂਹੀ ਦੀ ਜ੍ਹੇਬ ਵਿਚ ਹੀ ਤੁੰਨੀ ਫਿਰਦਾ। ਤੈਂ ਲੱਖਾਂ ਯੂਰੋ ਕਦੇ ਸਾਰੀ ਉਮਰ ਟਰੱਕ ਚਲਾ ਕੇ ਨਹੀ ਦੇਖਣੇ।

ਦੇਣ ਵਾਲਿਆਂ ਦੇ ਵੀ ਵਾਰੇ ਵਾਰੇ ਜਾਈਏ। ਕਹਾਵਤ ਸੀ ਕਿ ਰੱਬ ਛੱਤ ਪਾੜ ਕੇ ਦਿੰਦਾ ਪਰ ਇਥੇ ਹੋਰ ਹੈ ਕਿ ਲੋਕ ਗੱਪੀਆਂ ਨੂੰ ਜ੍ਹੇਬਾਂ ਪਾੜ-ਪਾੜ ਦਿੰਦੇ।

ਇੱਕ ਦਿਨ ਇਹੀ ਭਾਈ ਜੀ 'ਕਥਾ' ਕਰ ਰਹੇ ਸਨ। ਕਹਿਣ ਲੱਗੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਜਦ ਅਪਣੇ ਸਾਰੇ 'ਕਾਰਜ' ਸਪੂੰਰਨ ਕਰ ਲਏ ਤਾਂ ਉਨ੍ਹਾਂ ਸੁਰਜੂ ਨਦੀ ਵਿਚ ਆਤਮ-ਸਮਾਧ ਲੈ ਲਈ। ਜਦ ਲਛਮਣ, ਭਰਤ, ਨੂੰ ਪਤਾ ਚਲਿਆ ਤਾਂ ਉਹ ਮਗਰੇ ਦੌੜੇ ਅਤੇ ਉਨ੍ਹਾਂ ਵੀ ਨਦੀ ਵਿਚ ਛਾਲ ਮਾਰ ਦਿੱਤੀ!!

ਇਹ ਸੁਣਕੇ ਜੋਸ਼ ਵਿਚ ਆਏ ਇਕ ਸਿੰਘ ਜੀ ਨੇ ਜੈਕਾਰਾ ਛੱਡ ਦਿੱਤਾ! ਬਾਬਾ ਫੌਜਾ ਸਿੰਘ ਦਾ ਹਾਸਾ ਨਿਕਲ ਗਿਆ ਕਿ ਵਾਹ ਮੇਰੀਏ ਕੌਮੇ! ਦੱਸ ਨਦੀ ਵਿਚ ਛਾਲ ਮਾਰਕੇ ਆਤਮ ਹੱਤਿਆ ਕਰਨੀ ਕਿਧਰਲੀ ਬਹਾਦਰੀ ਹੈ ਕਿ ਸਿੰਘ ਜੀ ਇੰਨੇ ਜਾਹੋ-ਜਲਾਲ ਵਿਚ ਆ ਗਏ ਨੇ। ਪਰ ਉਸ ਦਾ ਵਿਚਾਰੇ ਦਾ ਕੀ ਕਸੂਰ ਜਦ ਮੁਹਾਣੇ ਡੋਬਣ ਤੁਰ ਪਏ ਨੇ। ਇਸ ਨੂੰ ਭੜੂਏ ਨੂੰ ਕੋਈ ਪੁੱਛੇ ਕਿ ਆਤਮ ਹੱਤਿਆ ਕਰਨ ਵਾਲਾ ਜੇ ਭਗਵਾਨ ਹੈ ਤਾਂ ਗੀਦੀ ਕਿਸ ਨੂੰ ਕਹੋਂਗੇ।

ਇਕ ਵਾਰ ਦੀ ਗੱਲ ਹੈ ਬਾਬਾ ਫੌਜਾ ਸਿੰਘ ਟਕਸਾਲ ਦੇ ਬਹੁਤ ਪੁਰਾਣੇ ਵਿਦਿਆਰਥੀ 'ਚੱਕੀ ਵਾਲੇ ਬਾਬਾ ਜੀ' ਕੋਲੇ ਚਲਾ ਗਿਆ। ਦਰਅਸਲ ਉਸ ਦਾ ਡੇਰਾ ਯਾਨੀ ਘਰ ਬਾਬੇ ਦੀ ਸਾਲੀ ਦੇ ਘਰ ਦੇ ਬਿੱਲਕੁਲ ਸਾਹਵੇਂ ਹੀ ਸੀ। ਉਸ ਨੇ ਬਾਬੇ ਦੀ ਚੰਗੀ ਆਓ-ਭਗਤ ਕੀਤੀ ਤੇ ਅਪਣੀ ਵਲੋਂ ਇਕ ਬੜਾ ਕੀਮਤੀ ਖਜਾਨਾ ਯਾਨੀ ਉਸ ਦਾ ਅਪਣਾ ਲਿਖਿਆ ਹੋਇਆ ਗਰੰਥ ਬਾਬੇ ਨੂੰ ਪੜਨ ਲਈ ਦਿੱਤਾ।

ਉਸ ਵਿਚ ਗੁਰਬਾਣੀ ਪੋਥੀਆਂ ਨੂੰ ਪੰਗੂੜੇ ਵਿਚ ਰੱਖ ਝੂਟੇ ਦੇਣ ਵਾਲੀਆਂ ਯੱਬਲੀਆਂ ਜੇ ਛੱਡ ਵੀ ਦਈਏ ਤਾਂ ਇੱਕ ਗੱਲ ਬੜੀ ਅਜੀਬ ਉਸ ਵਿਚ ਬਾਬੇ ਨੇ ਪੜੀ। ਵਿਸ਼ਾ ਸੀ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ। ਮਿਸਾਲ ਉਸ ਦੀ ਤੋਂ ਵਾਰੇ ਜਾਈਏ। ਅਖੇ ਜਦ ਭਗਵਾਨ ਸ੍ਰੀ ਰਾਮ ਚੰਦਰ ਜੀ ਬਨਵਾਸ ਨੂੰ ਤੁਰ ਗਏ ਤਾਂ ਭਰਤ ਜੀ ਨੂੰ ਬਾਅਦ ਪਤਾ ਚਲਿਆ ਤਾਂ ਉਨ੍ਹਾਂ ਮਗਰ ਜਾ ਕੇ ਸ੍ਰੀ ਰਾਮ ਜੀ ਦੀਆਂ ਖੜਾਵਾਂ ਲੈ ਆਦੀਆਂ ਅਤੇ ਉਨ੍ਹਾਂ ਦੇ ਮੁੜਨ ਤੱਕ ਖੜਾਵਾਂ ਨੂੰ ਤਖਤ ਪੁਰ ਰੱਖ ਰਾਜ ਕੀਤਾ। ਸੋ ਸਾਧ ਸੰਗਤ ਜੀ ਜਿਵੇਂ ਭਰਤ ਜੀ ਨੇ ਸ੍ਰੀ ਰਾਮ ਜੀ ਦੀਆਂ ਖੜਾਵਾਂ ਦਾ ਸਤਿਕਾਰ ਕੀਤਾ ਸਾਨੂੰ ਉਵੇਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਸਤਕਾਰ ਕਰਨਾ ਚਾਹੀਦਾ???????

ਬਾਬੇ ਫੌਜਾ ਸਿੰਘ ਨੇ ਮਿਲ ਕੇ ਉਸ ਨੂੰ ਪੁੱਛਿਆ ਕਿ ਰਾਮ ਚੰਦਰ ਦੀਆਂ ਜੁੱਤੀਆਂ ਕੀ ਸ੍ਰੀ ਗੁਰੂ ਜੀ ਦੇ ਬਰਾਬਰ ਹੋ ਗਈਆਂ? ਇਹ ਤੁਲਨਾ ਕਿਵੇਂ ਹੋਈ!

ਜਵਾਬ ਸੀ ਕਿ ਗੁਰਮੁੱਖਾ ਤੈਨੂੰ ਪਤੈ ਸ੍ਰੀ ਰਾਮ ਜੀ ਬ੍ਰਹਮਚਾਰੀ ਸਨ ਉਨ੍ਹਾਂ ਸਾਰੀ ਉਮਰ ਇਸਤਰੀ ਵਲ ਨਹੀ ਦੇਖਿਆ?

ਬਾਬਾ ਉਸ ਦੀ ਅਕਲ ਤੇ ਹੈਰਾਨ ਸੀ। ਪਰ ਬਾਬਾ ਕਹਿਣ ਲੱਗਿਆ ਕਿ 'ਬਾਬਾ ਜੀ' ਬ੍ਰਹਮਚਾਰੀ ਤਾਂ ਤੁਸੀਂ ਵੀ ਹੋ ਵਿਆਹ ਤੁਸੀਂ ਵੀ ਨਹੀ ਕਰਾਇਆ। ਤਾਂ ਤੁਹਾਨੂੰ ਵੀ ਨਾ ਭਗਵਾਨ ਮੰਨ ਲਿਆ ਜਾਵੇ? ਤੇ ਤੁਹਾਡੀਆਂ ਖੜਾਵਾਂ?

ਉਹ ਸਿਰੇ ਦਾ ਪੰਖਡੀ ਸੀ। ਜਦ ਉਸ ਨੂੰ ਜਵਾਬ ਨਾ ਆਉਂਦਾ ਤਾਂ ਉਹ ਦੋਵੇਂ ਕੰਨਾ ਤੇ ਹੱਥ ਧਰਕੇ ਬੋਲਣ ਲੱਗਦ ਜਾਂਦਾ। ਸਾਰੇ ਆਖੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਦਿਆਂ ਅਗਲੇ ਨੂੰ ਗੱਲ ਭੁੱਲ ਜਾਂਦੀ।

ਘਰ ਉਸ ਨੂੰ ਵੀ ਲੋਕਾਂ ਫਰੀ ਕਰ ਕੇ ਦਿੱਤਾ ਹੋਇਆ ਸੀ। ਯਾਨੀ ਗੱਪਾਂ ਮਾਰੋ ਬੁੱਲੇ ਲੁੱਟੋ, ਮੌਜਾਂ ਕਰੋ ਕਿਹੜਾ ਕਿਸੇ ਪੁੱਛਣਾ ਸਗੋਂ ਜੈਕਾਰੇ ਛੱਡਣ ਵਾਲੇ ਵਾਧੂ। ਨਹੀ?

ਪਰ ਏਅਰਪੋਰਟ ਤੇ ਲੱਖਾਂ ਯੂਰੋ ਸਮੇਤ ਫੜੇ ਗਏ ਠਾਕੁਰ ਜੀ ਦਾ ਕੀ ਬਣਿਆ ਬਈ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top