Share on Facebook

Main News Page

ਬੋਦੀ ਵਾਲੇ ਭਾਈ ਦੇ ਚਰਿਤਰ

ਬਾਬਾ ਫੌਜਾ ਸਿੰਘ ਟਰੰਟੋ ਦੇ 24 ਘੰਟੇ ਚਲਣ ਵਾਲੇ ਰੇਡੀਓ ਤੇ ਰਹਿਰਾਸ ਸਾਹਬ ਦਾ ਪਾਠ ਸੁਣ ਰਿਹਾ ਸੀ। ਰਾਖਸ਼ ਦਾ ਸਿਰ ਵੀ ਵੱਡ ਲਿਆ। ਰਾਮ ਕਥਾ ਦਾ ਭੋਗ ਵੀ ਪਾ ਲਿਆ। ਬਿਸ਼ਨੂੰ ਦੇ ਭਗਤੀ ਦਾ ਫਲ ਵੀ ਹੋ ਲਿਆ ਪਰ ਬਾਬਾ ਇਸ ਗੱਲੇ ਜਰੂਰ ਹੈਰਾਨ ਹੁੰਦਾ ਕਿ ' ਮੰਤਰੀ ਭੂਪ ਸੰਬਾਦੇ ਚਾਰ ਸੌ ਪਾਂਚ ਚਰਿਤਰ ਸਮਾਪਤ ਸੁਭ ਸਮਤ' ਵਾਲੀ ਕੀ ਗੱਲ ਹੋਈ ਭਲਾ। ਇਹ ਰੋਜਾਨਾ ਸਾਡੇ ਗੁਰਦੁਆਰਿਆਂ ਵਿਚ ਮੰਤਰੀ ਤੇ ਭੂਪ ਕੀ ਲੈਣ ਆਣ ਵੜਦੇ ਬਈ। ਇਹ ਰੋਜ ਕਿਹੜੇ ਚਾਰ ਸੌ ਪਾਂਚ ਚਰਿਤਰ ਦੇ ਭੋਗ ਪਾਉਂਣ ਦੀ ਗੱਲ ਹੁੰਦੀ। ਦਹਾਕਿਆਂ ਤੋਂ ਸੁਣ ਸੁਣ ਜਿਵੇਂ ਕੌਮ ਇਸ ਝੂਠ ਦੀ ਆਦੀ ਜਿਹੀ ਹੋ ਗਈ ਹੈ ਕਿ ਔਰਤਾਂ ਦੇ ਚਰਿਤਰਾਂ ਤੋਂ ਬਿਨਾ ਜਿਵੇਂ ਹੁਣ ਉਨ੍ਹਾਂ ਨੂੰ ਪਾਠ ਹੀ ਚੰਗਾ ਨਹੀਂ ਲੱਗਦਾ। ਨਵੇਂ ਨਵੇਂ ਸ਼ੋਸ਼ਿਆਂ ਦੀ ਖੋਜ ਕਰਨ ਵਾਲੇ ਰੇਡੀਓ ਵਾਲੇ ਭਾਈ ਦੇ ਸਿਰ ਵਿਚ ਪਤਾ ਨਹੀਂ ਕਿਹੋ ਜਿਹਾ ਕੀੜਾ ਸਰ-ਸਰ ਕਰਦਾ ਕਿ ਚੰਗੇ ਭਲੇ ਪਾਠ ਨੂੰ ਛੱਡ ਉਹ ਰੋਜਾਨਾ ਲੋਕਾਂ ਦੇ ਸਿਰ ਵਿਚ ਮੰਤਰੀ ਦਾ ਭੂਪ ਅਤੇ ਜਗਮਾਤਾ ਤੂਸਣ ਲਈ ਜਿਵੇਂ ਬਜ਼ਿਦ ਹੈ ਜਾਂ ਜਿਵੇਂ ਮੰਤਰੀ ਦੇ ਭੂਪ ਦੀ ਕਹਾਣੀ ਦਾ ਉਹ ਵੀ ਕਿਤੇ ਨਾ ਕਿਤੇ ਕੋਈ ਪਾਤਰ ਹੋਵੇ? ਸ਼ਾਇਦ ਮਹਿੰਦੀ ਵਾਲੇ ਹੱਥਾਂ ਦੀ ਔਰਤ ਦਾ ਪਤੀ?

ਅਸੀਂ ਇਨ੍ਹਾਂ ਚਰਤਿਰਾਂ ਬਾਰੇ ਰੋਜ ਦੱਸ ਕੇ ਕਹਿਣਾ ਕੀ ਚਾਹੁੰਦੇ। ਇਸ ਚਰਿਤਰਾਂ ਵਾਲੇ ਗਰੰਥ ਦਾ ਰੋਜ ਭੋਗ ਪਾਉਂਣਾ ਕੀ ਜਰੂਰੀ ਹੈ? ਇਸ ਵਿਚੋਂ ਸੁਨੇਹਾ ਕੀ ਦੇਣਾ ਚਾਹੁੰਦੇ ਅਸੀਂ ਲੁਕਾਈ ਨੂੰ ਕਿ ਸਾਡੇ ਕੋਲੇ ਇਹ ਬਹੁਤ ਵੱਡਾ ਖ਼ਜਾਨਾ ਹੈ ਚਰਿਤਰਾਂ ਦਾ ਤੇ ਜਿਸ ਚਰਿਤਰ ਸਿੱਖਣੇ ਉਹ ਸਾਡੇ ਕੋਲ ਆਵੇ?

ਚਰਿਤਰ ਤੋਂ ਬਾਬਾ ਫੌਜਾ ਸਿੰਘ ਨੂੰ ਇੱਕ ਕਹਾਣੀ ਯਾਦ ਆਈ। ਕਹਿੰਦੇ ਇੱਕ ਹੱਲ ਵਾਹ ਰਹੇ ਜਿੰਮੀਦਾਰ ਦੇ ਮਨ ਪਤਾ ਨਹੀਂ ਕੀ ਆਈ ਕਿ ਉਹ ਰੋਟੀ ਲੈ ਕੇ ਆਈ ਅਪਣੀ ਪਤਨੀ ਨੂੰ ਕਹਿਣ ਲਗਾ ਕਿ ਮੈਂ ਸੁਣਿਆ ਔਰਤਾਂ ਚਰਿਤਰ ਬੜੇ ਕਰ ਲੈਂਦੀਆਂ ਕਿਤੇ ਮੈਨੂੰ ਦਿਖਾ ਕਰਕੇ। ਪਤਨੀ ਹੱਸ ਕੇ ਕਹਿਣ ਲਗੀ ਕਿ ਦਿਖਾ ਤਾਂ ਦਿੰਨੀ ਪਰ ਮਹਿੰਗਾ ਪਊ। ਜਦ ਘਰਵਾਲੇ ਜ਼ਿਦ ਕੀਤੀ ਤਾਂ ਕੁਝ ਦਿਨ ਪਾ ਕੇ ਪਤਨੀ ਉਸ ਦੀ ਨੇ ਜਿਥੇ ਉਸ ਨੇ ਅਗਲੇ ਦਿਨ ਹੱਲ ਵਾਹੁੰਣਾ ਸੀ ਉਸ ਖੇਤ ਵਿਚ ਮੋਟੀਆਂ-ਤਾਜੀਆਂ ਦੋ ਮੱਛੀਆਂ ਦੱਬ ਦਿੱਤੀਆਂ।

ਅਗਲੇ ਦਿਨ ਜਦ ਉਹ ਹੱਲ ਵਾਹ ਰਿਹਾ ਸੀ ਤਾਂ ਚੰਗੀਆਂ ਮੋਟੀਆਂ ਦੋ ਮੱਛੀਆਂ ਹੱਲ ਦੇ ਫਾਲੇ ਨਾਲ ਬੁੜਕ ਕੇ ਬਾਹਰ ਆ ਗਈਆਂ। ਕਿਸਾਨ ਬੜਾ ਖੁਸ਼ ਹੋਇਆ ਕਿ ਦੇਖੋ ਕੁਦਰਤ ਦੇ ਰੰਗ ਖੇਤਾਂ ਵਿਚੋਂ ਮੱਛੀਆਂ ਨਿਕਲ ਆਈਆਂ। ਉਸ ਘਰਵਾਲੀ ਨੂੰ ਖੁਸ਼ਖਬਰੀ ਦੱਸੀ। ਉਹ ਖੁਸ਼ ਹੋ ਕੇ ਕਹਿਣ ਲਗੀ ਕਿ ਮੇਰੇ ਨਾਨਾ ਜੀ ਦੇ ਹੱਲ ਅਗੋਂ ਵੀ ਇੱਕ ਵਾਰੀ ਇੰਝ ਹੀ ਮੱਛੀਆਂ ਨਿਕਲੀਆਂ ਸਨ ਉਨ੍ਹਾਂ ਜਦ ਬਣਾ ਕੇ ਖਾਧੀਆਂ ਤਾਂ ਘਰ ਵਿਚ ਲਹਿਰਾਂ-ਬਹਿਰਾਂ ਹੋ ਗਈਆਂ। ਕਿਸਾਨ ਨੇ ਵੀ ਉਸ ਨੂੰ ਘਰ ਜਾ ਕੇ ਛੇਤੀ ਮੱਛੀਆਂ ਬਣਾਉਂਣ ਨੂੰ ਕਿਹਾ।

ਪਤਨੀ ਨੇ ਮੱਛੀਆਂ ਬਣਾ ਕੇ ਅੰਦਰ ਲੁਕਾ ਕੇ ਬਾਕੀ ਮੁੱਦਾ ਖਤਮ ਕਰ ਦਿਤਾ। ਸ਼ਾਮੀ ਪਤੀ ਜਦ ਉਸ ਦਾ ਘਰ ਆਇਆ ਤਾਂ ਕਹਿਣ ਲੱਗਾ ਕਿ ਭਾਗਵਾਨੇ ਲਿਆ ਮੱਛੀਆਂ ਖਾਈਏ। ਉਹ ਹੈਰਾਨ ਹੋ ਕੇ ਕਹਿਣ ਲਗੀ ਕਿ ਕਿਹੜੀਆਂ ਮੱਛੀਆਂ?

ਹੱਦ ਹੋ ਗਈ ਜਿਹੜੀਆਂ ਤੈਨੂੰ ਜਮੀਨ ਵਿਚੋਂ ਪੁੱਟ ਕੇ ਦਿੱਤੀਆਂ ਸਨ।

ਕਦੇ ਜਮੀਨ ਵਿਚੋਂ ਵੀ ਮੱਛੀਆਂ ਨਿਕਲਦੀਆਂ ਸੁਣੀਆਂ?

ਕਿਸਾਨ ਖਿੱਝ ਕੇ ਡਹਿ ਗਾਲੀਂ ਪਿਆ। ਉਸ ਦੇ ਅੰਦਰ ਮੱਛੀਆਂ ਬੁੜਕ ਰਹੀਆਂ ਸਨ ਜਿਹੜੀਆਂ ਉਸ ਅਪਣੇ ਹੱਥੀਂ ਉਸ ਨੂੰ ਦਿੱਤੀਆਂ ਸਨ। ਪਤਨੀ ਜਦ ਨਾ ਹੀ ਮੰਨੀ ਤਾਂ ਉਸ ਗੁੱਸੇ ਵਿਚ ਡਾਂਗ ਚੁੱਕ ਲਈ। ਆਂਢ-ਗੁਆਂਢ ਰੌਲਾ ਪੈ ਗਿਆ। ਲੋਕਾਂ ਪਤਨੀ ਨੂੰ ਛਡਾਇਆ ਅਤੇ ਪੁੱਛਿਆ ਕਿ ਮਾਜਰਾ ਕੀ ਹੈ। ਪਤੀ ਕਹੇ ਮੈਂ ਇਸ ਨੂੰ ਅਪਣੇ ਹੱਥੀਂ ਮੱਛੀਆਂ ਦਿੱਤੀਆਂ ਪਤਨੀ ਕਹੇ ਕਿ ਤੁਸੀਂ ਹੀ ਦੱਸੋ ਕਿ ਕਦੇ ਖੇਤਾਂ ਵਿਚ ਵੀ ਮੱਛੀਆਂ ਉਗਦੀਆਂ! ਦੁਹਾਈ ਰੱਬ ਦੀ ਇਸ ਤੋਂ ਬਚਾਓ ਮੈਨੂੰ ਇਹ ਪਾਗਲ ਹੋ ਗਿਆ ਹੈ।

ਗੱਲ ਸੀ ਵੀ ਸਹੀ ਕਿ ਖੇਤਾਂ ਵਿਚ ਮੱਛੀਆਂ? ਲੋਕਾਂ ਨੂੰ ਜਾਪਿਆ ਕਿ ਵਾਕਿਆ ਹੀ ਇਸ ਭਾਈ ਦੇ ਸਿਰ ਵਿਚ ਫਰਕ ਪੈ ਗਿਆ। ਇਸ ਨੂੰ ਫੌਰਨ ਹਸਪਤਾਲ ਲਿਜਾਣਾ ਚਾਹੀਦਾ। ਲੋਕਾਂ ਪਾਗਲ ਸਮਝ ਉਸ ਦੀਆਂ ਲੱਤਾਂ-ਬਾਹਾਂ ਲਈਆਂ ਬੰਨ ਤੇ ਗੱਡੇ ਤੇ ਲੱਦ ਕੇ ਜਦ ਸ਼ਹਿਰ ਤੁਰਨ ਲਗੇ ਤਾਂ ਪਤਨੀ ਕਹਿਣ ਲੱਗੀ ਦੇਖਣਾ ਚਰਿਤਰ?

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਬੋਦੀ ਵਾਲੇ ਭਾਈ ਨੇ ਸਿੱਖਾਂ ਨੂੰ ਅਜਿਹਾ ਚਰਿਤਰ ਦਿਖਾਇਆ ਕਿ ਉਹ ਖੇਤਾਂ ਵਿਚੋਂ ਹੀ ਮੱਛੀਆਂ ਲੱਭਦੇ ਫਿਰ ਰਹੇ ਹਨ। ਉਨ੍ਹਾਂ ਨੂੰ ਪਤਾ ਵੀ ਹੈ ਕਿ ਮੇਰੇ ਗੁਰੂ ਬਾਜਾਂ ਵਾਲੇ ਨੇ 'ਗੁਰੂ ਮਾਨਿਓ ਗਰੰਥ' ਕਹਿਕੇ ਗੱਲ ਸਪੱਸ਼ਟ ਕਰ ਦਿੱਤੀ ਸੀ ਪਰ ਕੁਝ ਭੋਲੇ ਭਰਾ ਕਹਿੰਦੇ ਯਾਰ ਸਾਡੇ 'ਬ੍ਰਹਮਗਿਆਨੀਆਂ' ਖੁਦ ਖੇਤਾਂ ਵਿਚੋਂ ਮੱਛੀਆਂ ਪੁੱਟ ਕੇ ਦਿੱਤੀਆਂ ਅਤੇ ਅਪਣੇ ਗਰੰਥਾਂ ਵਿਚ ਸਾਫ ਲਿਖਿਆ ਕਿ 'ਦਸਮ ਸ੍ਰੀ ਗੁਰੂ' ਦਾ ਭੋਗ ਵੀ ਸ੍ਰੀ ਗੁਰੂ ਗਰੰਥ ਸਾਹਿਬ ਵਾਂਗ ਹੀ ਪਾਉਂਣਾ ਤਾਂ ਗੱਲ ਝੂਠ ਕਿਵੇਂ ਹੋਈ?

ਗੱਲ ਉਨ੍ਹਾਂ ਦੀ ਵੀ ਸਮਝ ਆਉਂਦੀ। ਹੱਥੀਂ ਤਾਂ ਕਿਸਾਨ ਨੇ ਮੱਛੀਆਂ ਫੜਾਈਆਂ। ਸਦੀਆਂ ਤੋਂ ਤਾਂ ਸਾਰੇ ਬਿਸ਼ਨੂੰ ਦੀ ਭਗਤੀ, ਰਾਮ ਕਥਾ, ਮੰਤਰੀ ਭੂਪ, ਜਗਮਾਤਾ, ਪੁਨ ਰਾਸ਼ਸ ਕਾ ਕਾਟਾ ਸੀਸਾ, ਸੁਣਦੇ ਆ ਰਹੇ ਨੇ ਤਾਂ ਹੁਣ ਕਿਵੇਂ ਮੰਨ ਲੈਣ ਕਿ ਖੇਤਾਂ ਵਿਚੋਂ ਮੱਛੀਆਂ ਨਹੀਂ ਨਿਕਲਦੀਆਂ ਪਰ ਹੁਣ ਕੌਣ ਸਮਝਾਵੇ ਕਿ ਭਰਾਵੋ ਬੋਦੀ ਵਾਲੇ ਨੇ ਇਹ ਚਰਿਤਰ ਆਪ ਹੀ ਖੇਡਿਆ ਹੈ ਤੇ ਅਸੀਂ ਹੁਣ ਜਦ ਜ਼ਿਦ ਕਰ ਰਹੇ ਹਾਂ ਕਿ ਮੱਛੀਆਂ ਪਾਣੀ ਵਿਚ ਨਹੀਂ ਬਲਕਿ ਖੇਤਾਂ ਵਿਚ ਉੱਗਦੀਆਂ ਹਨ ਤਾਂ ਲੋਕ ਸਾਡੇ ਤੇ ਹੱਸ ਰਹੇ ਹਨ ਤੇ ਉਨ੍ਹਾਂ ਨੂੰ ਜਾਪਦਾ ਕਿ ਇਨ੍ਹਾਂ ਨੂੰ ਫੌਰਨ ਕਿਸੇ ਡਾਕਟਰ ਦੀ ਲੋੜ ਹੈ। ਕਿ ਨਹੀਂ ਲੋੜ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top