Share on Facebook

Main News Page

ਆਲੋਚਕ ਅਤੇ ਆਲੋਚਨਾ
- ਗੁਰਦੇਵ ਸਿੰਘ ਸੱਧੇਵਾਲੀਆ

ਦੁਨੀਆਂ ਉਪਰ ਜੇ ਮੌਤ ਨਾ ਹੁੰਦੀ ਜਿੰਦਗੀ ਦੀ ਕੀ ਕੀਮਤ ਸੀ। ਇਵੇਂ ਹੀ ਰਾਤ, ਝੂਠ, ਹਨੇਰਾ ਆਦਿ। ਇਵੇਂ ਸਿਫਤ ਅਤੇ ਆਲੋਚਨਾ। ਜਿਹੜਾ ਬੰਦਾ ਅਪਣੀ ਆਲੋਚਨਾ ਬਰਦਾਸ਼ਤ ਨਹੀਂ ਕਰ ਸਕਦਾ ਉਹ ਅਗੇ ਨਹੀਂ ਵਧ ਸਕਦਾ। ਸਿਫਤ ਤਾਂ ਸਾਰੇ ਸੁਣ ਕੇ ਖੁਸ਼ ਹੁੰਦੇ ਪਰ ਆਲੋਚਨਾ ਤੋਂ ਦੌੜਨ ਵਾਲੇ ਕਮਜੋਰ।

ਖਹਿ ਮਰਦੇ ਬਾਹਮਣ ਮਉਲਾਣੇ ਤੋਂ ਬਾਅਦ ਮੇਰੇ ਇਥੇ ਟਰੰਟੋ ਦੇ ਹੀ ਇਕ ਚੰਗੇ ਮਿੱਤਰ ਦਾ ਫੋਨ ਆਇਆ, ਉਹ ਇਸ ਤੋਂ ਖਫਾ ਸੀ। ਉਸ ਨੂੰ ਜਾਪਦਾ ਸੀ ਕਿ ਭਾਈ ਰਣਧੀਰ ਸਿੰਘ ਨੂੰ ਚੰਗਾ ਕਹਿਕੇ, ਉਸ ਨਾ ਬਖਸ਼ਣ ਜੋਗ ਗੁਨਾਹ ਕੀਤਾ ਹੈ? ਮੈਨੂੰ ਜਾਪਿਆ ਅਸੀਂ ਗਰੀਬ ਹਾਂ, ਬੇਹੱਦ ਗਰੀਬ।

ਕਾਜ਼ੀ ਨੂਰ ਮੁਹੰਮਦ ਦੀ ਅਸੀਂ ਮਿਸਾਲ ਦਿੰਦੇ ਹਾਂ, ਸਾਡੇ ਨਾਲੋਂ ਤਾਂ ਉਹ ਹੀ ਚੰਗਾ ਸੀ। ਸਿੰਘਾਂ ਨੂੰ ਨਫਰਤ ਕਰਨ ਦੇ ਬਾਵਜੂਦ ਵੀ, ਉਹ ਉਨ੍ਹਾਂ ਦੇ ਗੁਣਾ ਦੀ ਸਿਫਤ ਕਰਨੋ ਨਾ ਰਹਿ ਸਕਿਆ, ਬੇਸ਼ਕ ਖ਼ਾਲਸਾ ਉਸ ਸਮੇਂ ਉਸ ਨੂੰ ਇਸਲਾਮ ਦਾ ਦੁਸ਼ਮਣ ਹੀ ਕਿਉਂ ਨਾ ਜਾਪਦਾ ਸੀ। ਪਰ ਸਾਡੇ ਵਿੱਚ ਇਨੀ ਘਿਰਣਾ?

ਆਲੋਚਨਾ ਲੇਖਕ ਲਈ ਸੀਸ਼ਾ ਹੁੰਦੀ। ਗੱਲ ਕਰਨ ਦਾ ਸਵਾਦ ਹੀ ਉਦੋਂ ਆਉਂਦਾ ਹੈ, ਜਦ ਸਾਹਵੇਂ ਤੁਹਾਡਾ ਅਲੋਚਕ ਹੋਵੇ, ਤੇ ਅਲੋਚਕ ਵੀ ਤੁਹਾਡਾ ਅਪਣਾ! ਤੇ ਸ਼ੁਕਰ ਏ ਮੇਰੇ ਅਲੋਚਕ ਹੁਣ ਬਹੁਤ ਹਨ, ਅਗੇ ਤਾਂ ਇਕ ਪਾਸੇ ਸਨ ਹੁਣ ਦੋਵੇਂ। ਕਿੰਨਾ ਖੁਸ਼ਕਿਸਮਤ ਹਾਂ ਮੈਂ। ਮੇਰੀਆਂ ਲਿਖਤਾਂ ਉਪਰ ਭਰਾ ਮੇਰੇ ਕਿੰਨਾ ਸਮਾਂ ਲਾਉਂਦੇ ਹਨ ਤੇ ਇਨ੍ਹਾਂ ਅਲੋਚਕਾਂ ਕਾਰਨ ਮੈਨੂੰ ਫਾਇਦਾ ਇਹ ਹੋਵੇਗਾ, ਕਿ ਮੈਂ ਵੀ ਸੋਚ ਸਮਝ ਕੇ ਲਿਖਾਂ। ਵਾਕਿਆ ਹੀ ਮੇਰੇ ਭਰਾਵਾਂ ਮੇਰੇ ਉਪਰ ਉਪਕਾਰ ਹੀ ਕਰ ਰਹੇ ਹਨ ਤੇ ਮੈਨੂੰ ਚਾਹੀਦਾ ਕਿ ਮੈਂ ਅਪਣੇ ਅਲੋਚਕਾਂ ਦਾ ਧੰਨਵਾਦ ਕਰਾਂ।

ਮੈਂ ਕਦੇ ਦਾਅਵਾ ਨਹੀਂ ਕਰਦਾ ਕਿ ਮੇਰਾ ਕਿਹਾ ਸਭ ਸੱਤ ਹੀ ਹੁੰਦਾ ਹੈ। ਮੇਰੀਆਂ ਲਿਖਤਾਂ ਕੋਈ ਵਿਦਵਾਨੀ ਲਿਖਤਾਂ ਨਹੀਂ ਕਿਉਂਕਿ ਮੈਂ ਵਿਦਵਾਨ ਹਾਂ ਹੀ ਨਹੀਂ। ਸ੍ਰ. ਇੰਦਰਜੀਤ ਸਿੰਘ ਹੋਰਾਂ ਜੋ ਕਿਹਾ ਚਲੋ ਸਿਧਾ ਤਾਂ ਕਿਹਾ ਇਹ ਉਨ੍ਹਾਂ ਦਾ ਵੱਡਪਣਾ ਹੈ, ਕਿਉਂਕਿ ਲੁੱਕ ਕੇ ਵਾਰ ਕਰਨਾ ਜਾਂ ਕਿਸੇ ਤੋਂ ਕਰਾਉਂਣਾ ਬੁਜਦਿੱਲੀ ਹੈ। ਪਰ ਸ੍ਰ. ਜੀ ਮੈਂ ਕਦੇ ਵੀ ਅਪਣੇ ਆਪ ਨੂੰ ਇਨਾ ਮਹਾਨ ਨਹੀਂ ਸਮਝਦਾ, ਕਿ ਮੈਂ ਕਿਸੇ ਕੈਟਾਗਿਰੀ ਵਿਚ ਆਉਂਦਾ ਹੀ ਨਾ ਹੋਵਾਂ।

ਡੇਰੇ ਮੇਰੀ ਕੌਮ ਲਈ ਦੀਰਘ ਰੋਗ ਹਨ ਤੇ ਇਨ੍ਹਾਂ ਦੇ ਵੱਡੇ ਬ੍ਰਹਮਗਿਆਨੀ ਉਸ ਦਾ ਵੱਡਾ ਕਾਰਨ ਹਨ, ਪਰ ਉਨ੍ਹਾਂ ਪ੍ਰਤੀ ਤੁਹਾਡੀ ਕੀਤੀ ਆਲੋਚਨਾ ਦੀ ਜਾਨ ਨਿਕਲ ਜਾਂਦੀ ਹੈ, ਜਦ ਤੁਸੀਂ ਉਨ੍ਹਾਂ ਦਾ ਪੁੱਠਾ-ਸਿੱਧਾ ਨਾਂ ਲੈ ਉਨ੍ਹਾਂ ਨੂੰ ਸੰਬੋਧਨ ਹੁੰਦੇ ਹੋ। ਤੁਹਾਡੀ ਗੱਲ ਸੁਣਨੀ ਹੀ ਕਿਸੇ ਨਹੀਂ, ਤੁਸੀਂ ਉਨ੍ਹਾਂ ਦੀਆਂ ਜੜ੍ਹਾਂ ਕਿੱਥੋਂ ਉਖਾੜ ਲਵੋਂਗੇ। ਸਿੱਖ ਵਿੱਚ ਇਨਾ ਹੌਸਲਾ ਵੀ ਤਾਂ ਹੋਣਾ ਚਾਹੀਦਾ, ਕਿ ਉਹ ਅਪਣੇ ਦੁਸ਼ਮਣ ਦੇ ਵੀ ਕੀਤੇ ਕਿਸੇ ਚੰਗੇ ਨੂੰ ਅਪਣੇ ਦਿਲ ਵਿਚ ਥਾਂ ਦੇਵੇ, ਪਰ ਇਥੇ ਗੱਡੀ ਦੋਹਾਂ ਪਾਸਿਆਂ ਤੋਂ ਵੰਨ-ਵੇਅ ਹੀ ਚਲਦੀ ਹੈ। ਯਾਨੀ ਦੋਵੇ ਪਾਸੀਂ ਅਜਿਹੇ ਬੁਰਛਾਗਰਦ ਹਨ, ਜਿਹੜੇ ਕੌਮ ਨੂੰ ਆਪਸ ਵਿਚ ਹੀ ਲਹੂ-ਲੁਹਾਨ ਕਰਕੇ ਦਮ ਲੈਣਗੇ।

ਲਾਲ ਸਿਓਂ, ਤੇਜਾ ਸਿਓਂ, ਧਿਆਨ ਸਿਓਂ, ਤਾਰਾ ਸਿਓਂ, ਬਲਦੇਵ ਸਿਓਂ, ਬਾਦਲਾਂ-ਟੌਹਰਿਆਂ ਆਦਿ ਨੂੰ ਜੇ ਅਸੀਂ ਟਾਊਟ ਜਾਂ ਗੱਧੇ ਲੀਡਰ ਕਹਿੰਦੇ ਹਾਂ, ਤਾਂ ਗੱਲ ਸਮਝ ਆਉਂਦੀ, ਪਰ ਭਾਈ ਰਣਧੀਰ ਸਿੰਘ, ਬਾਬਾ ਗੁਰਬਚਨ ਸਿੰਘ, ਬਾਬਾ ਨੰਦ ਸਿੰਘ ਆਦਿ ਨੂੰ, ਅਸੀਂ ਜੇ ਇਨ੍ਹਾਂ ਲਫਜਾਂ ਨਾਲ ਹੀ ਸੰਬੋਧਨ ਹੋ ਕੇ ਲੋਕਾਂ ਵਿਚ ਜਾਵਾਂਗੇ, ਤਾਂ ਨਤੀਜੇ ਹੋਰ ਨਿਕਲਨਗੇ।

ਮੈਂ ਤਾਂ ਕਿਸ ਦਾ ਵਿਚਾਰਾ ਹਾਂ, ਇਹ ਤਾਂ ਇੰਨੇ ਮਹਾਨ ਹਨ ਕਿ ਹੁਣ ਤੱਕ ਕਿਸਨੂੰ ਵੀ ਨਹੀਂ ਬਖਸ਼ਿਆ। ਪਰ ਅਲੋਚਕ ਭਰਾਵਾਂ ਦਾ ਦੁਬਾਰਾ ਧੰਨਵਾਦ। ਮੈਨੂੰ ਆਸ ਹੈ, ਮੇਰੀਆਂ ਲਿਖਤਾਂ ਉਪਰ ਉਹ ਹੋਰ ਸਮਾਂ ਦੇਣ ਦਾ ਉਪਕਾਰ ਕਰਕੇ, ਕੌਮੀ ਸੇਵਾ ਕਰਨ ਦਾ ਮਾਣ ਹਾਸਲ ਕਰਨਗੇ ਅਤੇ ਬਾਕੀ ਰਹਿੰਦੀਆਂ ਗੱਲਾਂ ਵੀ ਉਹ ਇਸ ਵਾਰੀ ਲੈ ਕੇ ਆਉਂਣਗੇ, ਤਾਂ ਕਿ ਮੈਨੂੰ ਚੰਗਾ ਸੋਚਣ ਅਤੇ ਲਿਖਣ ਦੀ ਜਾਚ ਆ ਸਕੇ। ਨਾਲੇ ਚਲੋ ਮੇਰੀ ਆਲੋਚਨਾ ਬਹਾਨੇ ਦੋ ਤਿੰਨ ਹੋਰ ਵਿਦਵਾਨ ਤਾਂ ਪੈਦਾ ਹੋ ਗਏ, ਮਾੜਾ ਕੀ ਹੈ?

ਇਕ ਛੋਟੀ ਜਿਹੀ ਬੜੀ ਪਿਆਰੀ ਕਹਾਣੀ ਹੈ। ਇਕ ਫਕੀਰ ਅਪਣੇ ਚੇਲਿਆਂ ਨੂੰ ਕਹਿੰਦਾ, ਕਿ ਮੈਨੂੰ ਕੋਈ ਹਰਾ ਨਹੀਂ ਸਕਦਾ। ਚੇਲੇ ਕਹਿਣ ਲੱਗੇ ਇਸ ਦਾ ਰਾਜ? ਤਾਂ ਫਕੀਰ ਕਹਿਣ ਲੱਗਾ ਕਿ ਰਾਜ ਇਹ ਹੈ, ਕਿ ਮੈਂ ਜਿੱਤਣਾ ਹੀ ਨਹੀਂ ਚਾਹੁੰਦਾ! ਸੋ ਭਰਾਵੋ ਮੈਂ ਕੋਈ ਕਹਾਣੀ ਵਾਲਾ ਫਕੀਰ ਭਵੇਂ ਨਹੀਂ, ਪਰ ਮੈਂ ਜਿੱਤਣਾ ਨਹੀਂ ਚਾਹੁੰਦਾ। ਬਹਿਸਾਂ ਵਿਚ ਉਹ ਲੋਕ ਅਪਣਾ ਵਕਤ ਜਾਇਆ ਕਰਦੇ ਹਨ ਜਿਹੜੇ ਜਿੱਤਣਾ ਚਾਹੁੰਦੇ ਹੋਣ। ਮੇਰੇ ਕੋਲੇ ਜਵਾਬ ਦੇਣ ਦਾ ਜਾਂ ਬਹਿਸ ਦਾ ਸਮਾਂ ਹੀ ਨਹੀਂ। ਮੈਂ ਕੀ ਹਾਂ, ਕੀ ਨਹੀਂ, ਮੈਨੂੰ ਖੁਦ ਨੂੰ ਦੱਸਣ ਦੀ ਕੀ ਲੋੜ ਹੈ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top