Share on Facebook

Main News Page

.....ਵਿਣ ਦੰਤਾਂ ਜਗ ਖਾਇਆ
-
ਗੁਰਦੇਵ ਸਿੰਘ ਸੱਧੇਵਾਲੀਆ

ਖਾਣ ਲਈ ਦੰਦ ਤਾਂ ਚਾਹੀਦੇ ਹੀ ਹੈ ਨਾ, ਪਰ ਮਾਇਆ ਅਜਿਹੀ ਮੋਹਣੀ ਹੈ ਬਿਨਾ ਦੰਦਾਂ ਤੋਂ ਹੀ ਜੱਗ ਨੂੰ ਖਾ ਰਹੀ ਹੈ। ਅੱਜ ਦੇ ਜੁੱਗ ਦਾ ਮਟੀਰੀਅਲ ਵਰਲਡ ਯਾਨੀ ਪਦਾਰਥਵਾਦੀ ਜੁੱਗ ਕੀ ਹੈ। ਮਾਇਆ! ਬਿਨਾ ਦੰਦਾਂ ਤੋਂ ਖਾਧੇ ਜਾ ਰਹੇ ਹਨ ਮਨੁੱਖ। ਕੱਚੇ ਖਾ ਗਈ ਬੰਦਿਆਂ ਨੂੰ ਮਾਇਆ। ਮਨੁੱਖ ਖਾਧਾ ਹੀ ਤਾਂ ਜਾਂਦਾ ਹੈ, ਜਦ ਉਸ ਵਿਚੋਂ ਮਨੁੱਖਤਾ ਮਰ ਜਾਏ। ਮਨੁੱਖ ਦੀ ਮਿੱਟੀ ਦਾ ਨਾਂ ਮਨੁੱਖ ਥੋੜੈ। ਉਹ ਤਾਂ ਹਰੇਕ ਪੱਸ਼ੂ-ਪੰਛੀ ਦੇ ਵੀ ਹੈ। ਬੰਦੇ ਨਾਲੋਂ ਕਿਤੇ ਜਿਆਦਾ। ਇੱਕ ਹਾਥੀ ਨੂੰ ਕਈ ਬੰਦਿਆਂ ਦੀ ਮਿੱਟੀ ਲੱਗ ਜਾਂਦੀ ਹੈ। ਨਖਿੱਧ ਜਿਹੇ ਸਮਝੇ ਜਾਂਦੇ ਗੱਧੇ ਦੇ ਵੀ ਬੰਦੇ ਨਾਲੋਂ ਮਿੱਟੀ ਜਿਆਦਾ ਹੈ। ਪਰ ਬੰਦਾ ਕਿਉਂ ਬੰਦਾ ਹੈ, ਕਿਉਂਕਿ ਉਸ ਵਿਚ ਬੰਦਾ ਵੱਸਦਾ ਹੈ। ਜੇ ਬੰਦੇ ਵਿਚੋਂ ਬੰਦਾ ਮਰ ਜਾਏ ਤਾਂ ਗੁਰਬਾਣੀ ਉਸ ਨੂੰ ਕੂਕਰਹੇ, ਸੂਕਰਹੇ, ਗਰਧਬੇ ਤੇ ਪਤਾ ਨਹੀਂ ਕੀ ਕੀ ਕਹਿੰਦੀ ਹੈ। ਕਿਉਂਕਿ ਗੁਰਬਾਣੀ ਕੁਵਿੰਟਲ ਸਾਰੀ ਮਿੱਟੀ ਚੁੱਕੀ ਫਿਰਦੇ ਨੂੰ ਬੰਦਾ ਮੰਨਦੀ ਹੀ ਨਹੀਂ। ਕਿ ਮੰਨਦੀ?

ਬੰਦਾ ਖਾਧਾ ਜਾਂਦਾ ਹੈ, ਜਦ ਉਸ ਵਿਚ ਪੰਜੇ ਭਾਰੂ ਹੋ ਜਾਣ। ਪੰਜੇ? ਬੰਦਾ ਤਾਂ ਇੱਕ ਨਾਲ ਹੀ ਖਾ ਹੋ ਜਾਂਦਾ, ਪੰਜ ਤਾਂ ਬੰਦੇ ਦੇ ਪੱਲੇ ਹੀ ਕੱਖ ਨਹੀਂ ਛੱਡਦੇ। ਕੋਈ ਇੱਕ ਵੀ ਬੰਦੇ ਉਪਰ ਭਾਰੂ ਹੋ ਜਾਏ ਤਾਂ ਬੰਦੇ ਵਿਚਲਾ ਬੰਦਾ ਗਿਆ ਸਮਝੋ। ਕਿਸਦੀ ਗੱਲ ਕਰੋਂਗੋਂ ਕਾਮ ਦੀ, ਕ੍ਰੋਧ ਦੀ, ਹੰਕਾਰ, ਲੋਭ ਜਾਂ ਮੋਹ ਦੀ?

ਮੇਰੀ ਪਤਨੀ ਦੀ ਮਾਸੀ ਇੰਗਲੈਂਡ ਵਿਚ ਹੈ। ਉਸ ਨੇ ਸਾਰੀ ਉਮਰ ਕੰਮ ਕਰਕੇ ਕਈ ਸਟੋਰ ਖੜੇ ਕੀਤੇ। ਕੈਸ਼ ਪੈਸਾ ਸੀ, ਪੰਜਾਬ ਵਿਚ ਕਾਫੀ ਜਾਇਦਾਦ ਖਰੀਦੀ। ਕਈ ਕੋਠੀਆਂ ਲਈਆਂ ਕਈ ਅਡੰਬਰ ਕੀਤੇ, ਪਰ ਉਸ ਦੇ ਇੱਕੋ ਇੱਕ ਮੁੰਡੇ ਹਿੰਦੂਆਂ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਮਾਸੀ ਸਿੱਖ ਸੰਸਕਾਰਾਂ ਵਾਲੀ ਔਰਤ ਸੀ, ਪਰ ਬੀੜੀਆਂ ਫੂਕਣੇ ਕੁੜਮ ਜਦ ਮਿਲਣ ਲਈ ਮੁੰਡੇ ਨੇ ਮਜਬੂਰ ਕਰ ਦਿੱਤੇ, ਤਾਂ ਮਾਸੀ ਗਮ ਨਾਲ ਅਜਿਹੀ ਬਿਮਾਰ ਪਈ ਕਿ ਹੁਣ ਤੱਕ ਨਹੀਂ ਉੱਠੀ। ਮੁੰਡੇ ਨੇ ਅਗਾਂਹ ਅਪਣੇ ਮੁੰਡੇ ਦਾ ਨਾਮ ਪਤਾ ਕੀ ਰੱਖਿਆ? ਅਮਨ ਚੰਦਰ ਚੱਠਾ!! ਖਾਧੀ ਗਈ ਕਿ ਨਾ? ਉਹ ਕੀ ਉਸ ਦੀਆਂ ਅਗਲੀਆਂ ਨਸਲਾਂ ਵੀ ਖਾ ਹੋ ਗਈਆਂ।ਇੰਨੀ ਜੁਅਰਤ ਵੀ ਨਾ ਕਰ ਸਕੀ ਕਿ ਜੇ ਮੁੰਡਾ ਬੰਦਾ ਨਹੀਂ ਬਣਿਆ, ਤਾਂ ਸਾਰੀ ਉਮਰ ਇੱਕਠੀ ਕੀਤੀ ਮਿੱਟੀ ਕਿਸੇ ਚੰਗੇ ਥਾਂ ਲਿੱਪ ਜਾਵਾਂ, ਸ਼ਾਇਦ ਕਿਸੇ ਗਰੀਬ ਦੀ ਕੁੱਲੀ ਬਣ ਜਾਵੇ। ਪਰ ਖਾਧੇ ਬੰਦੇ ਵਿੱਚ ਜੁਅਰਤ ਕਿਥੋਂ?

ਪੰਜਾਬ ਵਲ ਦੇਖੋ ਨਾ। ਪਦਾਰਥ ਸਭ ਕੁਝ ਖਾ ਗਿਆ ਪੰਜਾਬ ਦਾ। ਬਿਨਾ ਦੰਦਾਂ ਤੋਂ ਮਾਇਆ ਨੇ ਪੰਜਾਬ ਨੂੰ ਹੜੱਪ ਲਿਆ। ਉਸ ਦੀ ਗੈਰਤ, ਅਣਖ, ਸਵੈਮਾਨ ਸਭ ਖਾ ਹੋ ਗਿਆ। ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ ਹੇਠ ਪੰਜਾਬ ਦੀ ਲਾਸ਼ ਤੜਫਦੀ ਦਮ ਤੋੜ ਰਹੀ ਹੈ। ਖਗੂੰਰਾ ਮਾਰਨ ਵਾਲੇ ਦਾ ਗਾਟਾ ਲਾਹ ਦੇਣ ਵਾਲੇ ਪੰਜਾਬ ਦੀ ਧੀ, ਉਸ ਦੇ ਸਾਹਵੇਂ ਭਈਆ ਦੌੜਾ ਕੇ ਲੈ ਜਾਂਦਾ, ਉਸ ਦੀ ਅੱਣਖ ਨੂੰ ਕੋਈ ਹੁਲਾਰਾ ਨਹੀਂ ਆਉਂਦਾ। ਉਹ ਸਗੋਂ ਬੇਸ਼ਰਮਾਂ ਵਾਂਗ ਕਹਿੰਦਾ,

ਓ ਜੀ ਅੱਜ ਦੇ ਬੱਚੇ ਸਿਆਣੇ ਨੇ ਉਨ੍ਹਾਂ ਨੂੰ ਅਪਣਾ ਬੁਰਾ ਭਲਾ ਸਭ ਪਤੈ ਨਾਲੇ ਕਿਸੇ ਘਰ ਤਾਂ ਜਾਣਾ ਹੀ ਸੀ ਨਾ!

ਬਾਬਾ ਜੀ ਅਪਣੇ ਨੂੰ ਜੇ ਪੰਜਾਬ ਨੇ ਸੁਣਿਆ ਹੁੰਦਾ ਤਾਂ ਪੰਜਾਬ ਕਦੇ ਨਾ ਖਾਧਾ ਜਾਂਦਾ। ਪਰ ਮੈਂ ਇਨਾ ਪਦਾਰਥਵਾਦੀ ਹੋ ਗਿਆ, ਕਿ ਜਿਸ ਬਾਬਾ ਜੀ ਨੇ ਮੈਨੂੰ ਇਸ ਬਿਨਾ ਦੰਦਾਂ ਵਾਲੀ ਤੋਂ ਬਚਾਉਣਾ ਸੀ, ਮੈਂ ਉਸ ਨਾਲ ਵਪਾਰ ਕਰਨ ਲੱਗ ਪਿਆ। ਆਹ ਵਪਾਰ ਦੀ ਹੁਣ ਤਾਜੀ ਖ਼ਬਰ ਹੈ ਕਿ ਦੁੱਖ-ਭੰਜਨੀ ਬੇਰੀ ਦੇ ਪਾਠ ਦੀ ਵੇਟਿੰਗ-ਲਿਸਟ 2017 ਤੱਕ ਹੈ। ਬੇਰੀ ਤਾਂ ਬੇਰੀ ਹੈ, ਕਿਉਂ ਨਹੀਂ ਅਸੀਂ ਸਾਰੇ ਅਪਣੇ ਵਿਹੜਿਆਂ ਵਿਚ ਬੇਰੀਆਂ ਹੀ ਲਾ ਲੈਂਦੇ ਤਾਂ ਕਿ ਦੁੱਖੀ ਹੋਵੇ ਹੀ ਕੋਈ ਨਾ। ਜੀਹਨਾਂ ਬੇਰੀਆਂ ਹੇਠ ਪਾਠ ਕਰਾਏ ਕੀ ਉਹ ਸਾਰੇ ਸੁੱਖੀ ਹੀ ਨੇ? ਤੇ ਬੇਰੀ ਹੇਠ ਰੋਜ ਪਾਠ ਕਰਨ ਵਾਲੇ ਖੁਦ? ਰੋਜ ਬੇਰੀ ਹੇਠ ਰਹਿਣ ਵਾਲੇ? ਇਹ ਖਾਧਿਆਂ ਗਿਆਂ ਮਨੁੱਖਾਂ ਦੀ ਨਿਸ਼ਾਨੀ ਹੈ। ਨਹੀਂ ਤਾਂ ਗੁਰਬਾਣੀ ਜੇ ਮੈਂ ਸੁਣੀ ਹੁੰਦੀ, ਉਸ ਦਾ ਸੱਚ ਅਮਲ ਵਿਚ ਲਿਆਂਦਾ ਹੁੰਦਾ, ਤਾਂ ਮੈਂ ਖਾਧਾ ਨਾ ਜਾਂਦਾ ਅਤੇ ਬੇਰੀਆਂ ਤੋਂ ਆਸਾਂ ਨਾ ਲਾਈ ਬੈਠਾ ਹੁੰਦਾ।

ਪਦਾਰਥਵਾਦੀ ਜੁੱਗ ਦੀ ਦੇਣ ਹੈ ਕਿ ਪੰਜਾਬ ਦਾ ਵੱਡਾ ਜਿੰਮੀਦਾਰ ਬਣੀਏ ਨਾਲ ਰਲ ਗਿਆ ਹੋਇਆ ਉਹ ਛੋਟੇ ਨੂੰ ਖਾ ਰਿਹੈ। ਪੰਜ-ਸੱਤ ਕੀਲੇ ਵਾਲਾ ਛੋਟਾ ਜਿੰਮੀਦਾਰਾ ਖਤਮ ਹੋ ਰਿਹੈ। ਛੋਟੇ ਜਿੰਮੀਦਾਰੇ ਕੋਲੇ ਚਾਹੇ ਪੰਜ ਕੀਲੇ ਹੀ ਸਨ, ਉਹ ਰੋਟੀਓਂ ਨਹੀਂ ਸੀ ਭੁੱਖਾ ਮਰਦਾ, ਪਰ ਮਾਇਆ ਦੀ ਚਕਾਚੌਂਧ ਨੇ ਉਸ ਨੂੰ ਪੈਰੋਂ ਕੱਢ ਦਿੱਤਾ। ਉਸ ਪਦਾਰਥਵਾਦੀ ਦੁਨੀਆਂ ਦਾ ਹਾਣੀ ਹੋਣ ਲਈ ਅੱਡੀਆਂ ਚੁੱਕ-ਚੁੱਕ ਫਾਹੇ ਲਏ, ਪਰ ਅਖੀਰ ਆਪ ਹੀ ਉਸ ਨੂੰ ਫਾਹਾ ਲੈਣਾ ਪੈ ਗਿਆ।

ਪਿਛੱਲਿਓਂ ਪਿੱਛਲੇ ਸਾਲ ਦੀ ਗੱਲ ਹੈ। ਪਤਨੀ ਮੇਰੀ ਵਲੋਂ ਉਸ ਦੇ ਸੱਕਿਆਂ ਵਿਚੋਂ ਮੁੰਡੇ ਇੱਕ ਵਿਆਹ ਕਰਵਾਇਆ। ਤਿੰਨ ਲੱਖ ਦੀ ਤਾਂ ਕੇਵਲ ਡੈਕੋਰੇਸ਼ਨ ਹੀ ਸੀ। ਉਹ ਤਿੰਨ ਲੱਖ ਦੀ 'ਸਸਤੀ' ਤਾਂ ਸੀ, ਕਿਉਂਕਿ ਉਸ ਨੂੰ ਕਰੀ ਕਰਾਈ ਮਿਲ ਗਈ ਸੀ। ਉਸ ਤੋਂ ਇੱਕ ਦਿਨ ਜਿਹੜਾ ਪਹਿਲਾਂ ਵਿਆਹ ਹੋਇਆ ਸੀ, ਉਨ੍ਹਾਂ ਨੂੰ ਉਹੀ ਡੈਕੋਰੇਸ਼ਨ 7 ਲੱਖ ਵਿਚ ਪਈ ਸੀ। ਗੁਰਦਾਸ ਮਾਨ ਦਾ ਲੱਖਾਂ ਵੱਖਰਾ। ਹਵੇਲੀ ਯਾਨੀ ਪੈਲਸ ਦਾ ਲੱਖਾਂ ਵੱਖਰਾ। ਹਾਲੇ ਸ਼ਰਾਬ, ਖਾਣਾ-ਪੀਣਾ ਸ਼ਾਮਲ ਨਹੀਂ। 50 ਤੋਂ 70 ਲੱਖ ਨੂੰ ਵਿਆਹ ਪਿਆ। ਉਸ ਵਿਆਹ ਵਿਚ ਮੈਂ ਵੀ ਸ਼ਾਮਲ ਸੀ। ਯੱਖ ਠੰਡ। ਪਾਰਟੀ ਰਾਤ ਦੀ! ਕਿਉਂ? ਤਾਂ ਕਿ ਲੋਕ ਰਾਤ ਨੂੰ ਲੱਗੀਆਂ ਸਾਡੀਆਂ ਲਾਇਟਾਂ ਦੇਖ ਸਕਣ? ਘੋੜੀ ਮੁੰਡੇ ਜਲੰਧਰੋਂ ਲਿਆਂਦੀ। ਕੋਟ-ਪਿੰਟ ਦਿੱਲੀਓਂ। ਕੰਮ ਕੋਈ ਉਹ ਕਰਦਾ ਨਹੀਂ ਸੀ।

ਮੈਂ ਮੁੰਡੇ ਦੇ ਪਿਓ ਨੂੰ ਪੁੱਛਿਆ, ਪੈਲੀ ਦੇ ਨੰਬਰਾਂ ਤੇ ਕਰਜਾ ਚੁੱਕ ਕੇ ਇਹ ਅਡੰਬਰ ਕੇਹਾ?

ਹੀਹੀ ਭਾਅਜੀ! ਮੁੰਡਾ ਕਹਿੰਦਾ ਸੀ ਜੇ ਮੇਰੀ ਮਰਜੀ ਨਾ ਚਲੀ ਤਾਂ ਮੈਂ ਵਿਆਹ ਹੀ ਨਹੀਂ ਕਰਾਉਣਾ!

ਨਾ ਕਰਾਉਂਦਾ! ਠਾਠ ਵਾਲਿਆਂ ਦੇ ਭੇਜ ਦਿੰਦਾ, ਉਥੇ ਬਥੇਰੇ ਛੱੜੇ-ਛਾਂੜ ਵਿਹੰਗਮਾਂ ਦੇ ਨਾਂ ਤੇ ਤੁਰੇ ਫਿਰਦੇ ਵਿਹਲੜ, ਵਿੱਚੇ ਇਹ ਲਗਾ ਫਿਰਦਾ, ਲੋਕਾਂ ਦੀਆਂ ਬੁੱਢੀਆਂ ਮਗਰ। ਨਹੀਂ?

ਉਸ ਤੋਂ ਵੀ ਪਹਿਲਾਂ ਮੇਰੇ ਸਾਲੇ ਦਾ ਵਿਆਹ ਉਸੇ ਪੈਲਿਸ ਵਿਚ ਸੀ। ਸਾਢੂੰ ਮੇਰਾ ਅਮਰੀਕਾ ਤੋਂ ਗਿਆ ਸੀ। ਉਸ ਕਿਤੇ ਪੈਸੇ ਸੁੱਟੇ ਗਾਉਂਣ ਵਾਲੀਆਂ ਤੋਂ। ਉਸ ਦੇ ਸੌ ਦੇ ਹਜਾਰਾਂ ਬਣ ਜਾਣੇ ਸਨ, ਪਰ ਉਸ ਦੀ ਰੀਸੇ ਇੰਡੀਆਂ ਵਾਲੇ ਸਾਢੂੰ ਰੀਸ ਨਾਲ ਹੀ ਫਾਹਾ ਲਿਆ। ਸਵੇਰੇ ਘਰ ਵਾਲੀ ਪੈਸੇ ਮੰਗੇ, ਪਰ ਪਤਾ ਲੱਗਾ ਕਿ ਉਹ ਤਾਂ ਰਾਤ ਨੱਚਣ ਵਾਲੀਆਂ ਦੇ ਪੈਰਾਂ ਵਿਚ ਸੁੱਟ ਆਇਆ ਸੀ। ਮੈਨੂੰ ਸਗੋਂ ਕਹਿੰਦਾ ਭਾਅਜੀ ਤੂੰ ਵੀ ਸਗਨ ਕਰ ਦੇਹ, ਤੈਨੂੰ ਦੇਖ ਆਵਾਜ਼ਾਂ ਪੈ ਰਹੀਆਂ। ਅਮਰੀਕਾ ਵਾਲੇ ਨੂੰ ਮੈਂ ਕਿਹਾ, ਕਿ ਨੱਚਣ ਵਾਲੀਆਂ ਤੇ ਪੈਸਾ ਜੂ ਬਰਬਾਦ ਕਰ ਰਿਹੈਂ, ਕੋਈ ਪਿੰਡ ਵਿਚ ਚੱਜ ਦਾ ਕੰਮ ਕਰ ਜਾਹ, ਲੋਕ ਤੈਂਨੂੰ ਮਰੇ ਨੂੰ ਵੀ ਯਾਦ ਕਰਨ। ਪਰ ਖਾਧਾ ਜਾ ਚੁੱਕਾ ਮਨੁੱਖ ਚੰਗਾ ਸੋਚ ਵੀ ਕਿਵੇਂ ਸਕਦਾ।

ਮਾਇਆ ਕੀ ਹੈ? ਮਾਇਆ ਇਕੱਲਾ ਪੈਸੇ ਦਾ ਨਾਂ ਹੀ ਨਹੀਂ। ਧੀਆਂ-ਪੁੱਤਰ, ਅਹੁਦੇ, ਪ੍ਰਧਾਨਗੀਆਂ, ਮੈਂਬਰੀਆਂ ਸਭ ਮਾਇਆ ਹੀ ਤਾਂ ਹੈ। ਮੋਹਣੀ ਹੈ ਨਾ। ਸਭ ਕੁਝ ਕਿੰਨਾ ਮੋਹਣਾ ਹੈ। ਗੁਰਦੁਆਰੇ ਦੀ ਪ੍ਰਧਾਨਗੀ ਕੀ ਮੈਂਬਰੀ ਹੀ ਕਿੰਨੀ ਮੋਹਣੀ ਹੈ। ਛੱਡਦਾ ਕੋਈ? ਦੇਖੋ ਕਿਵੇਂ ਖਾਧਾ ਇਸ ਸਿੱਖਾਂ ਦੇ ਆਖੇ ਜਾਂਦੇ ਧਾਰਮਿਕ ਲੋਕਾਂ ਨੂੰ। ਹਰੇਕ ਗੁਰਦੁਆਰਾ ਕੋਰਟ ਵਿਚ ਹੈ। ਸੇਵਾ ਲਈ? ਸੇਵਾ ਤਾਂ ਮੁਫਤ ਮਿਲਦੀ। ਭਾਂਡੇ ਮਾਂਜਣ ਲਈ, ਝਾੜੂ ਦੇਣ ਲਈ ਕੀ ਕੋਰਟ ਵਿਚ ਜਾਣਾ ਪੈਂਦਾ? ਦਰਅਸਲ ਮਨੁੱਖ ਖਾਧਾ ਜਾ ਚੁੱਕਾ ਹੈ। ਐਵੇਂ ਲਾਸ਼ ਜਿਹੀ ਹੀ ਤੁਰੀ ਫਿਰਦੀ ਗਾਤਰਾ ਪਾ ਕੇ, ਕਿ ਬੜਾ ਦਰਸ਼ਨੀ ਸਿੱਖ ਹੈ ਪਰ ਬਿਨਾ ਦੰਦਾਂ ਤੋਂ ਖਾਧਾ ਹੋਇਆ।

ਅੱਜ ਦਾ ਬਹੁਤਾ ਸਿੱਖ ਧਾਰਮਿਕ ਪੱਖੋਂ ਵੀ ਸਮਾਜਿਕ ਅਤੇ ਰਾਜਨੀਤਕ ਪੱਖੋਂ ਵੀ ਖਾਧਾ ਜਾ ਚੁੱਕਾ ਹੈ। ਸਮਾਜਿਕ ਵਾਲੇ ਪਾਸਿਓਂ ਆਹ ਗਾਉਂਣ ਵਾਲੇ ਨਚਾਰ ਇਸ ਨੂੰ ਗਿਰਝਾਂ ਵਾਂਗ ਪੈ ਗਏ। ਧਰਮ ਵਾਲਾ ਪਿੜ ਬਾਬਿਆਂ ਦੇ ਚਿਮਟਿਆਂ ਨੇ ਖਾ ਲਿਆ ਅਤੇ ਰਾਜਨੀਤਕ ਵਲ ਬਾਦਲਕੇ ਵਾਡੀਆਂ ਪਾਈ ਤੁਰੇ ਆ ਰਹੇ ਹਨ। ਸਿੱਖ ਦਾ ਇੱਕੋ-ਇੱਕ ਆਸਰਾ ਸ੍ਰੀ ਗੁਰੂੁ ਗ੍ਰੰਥ ਸਹਿਬ ਹੀ ਸੀ, ਜਿਸ ਇਸ ਨੂੰ ਖਾਧੇ ਜਾਣ ਤੋਂ ਬਚਾਉਣਾ ਸੀ, ਪਰ ਉਸ ਦੇ ਤਾਂ ਇਹ ਨੇੜੇ ਵੀ ਨਹੀਂ ਜਾਂਦਾ, ਕਿ ਕਿਤੇ ਕੋਈ ਅਕਲ ਨਾ ਆ ਜਾਏ, ਤਾਂ ਦੱਸੋ ਬਿਨਾ ਦੰਦਾਂ ਤੋਂ ਖਾ ਜਾਣ ਵਾਲੀ ਮਾਇਆ ਤੋਂ ਇਸ ਨੂੰ ਬਚਾਊ ਕੌਣ? ਕੋਈ ਬਚਾਊ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top