Share on Facebook

Main News Page

ਗਵੱਈਏ

ਪੰਜਾਬੀ ਪਾਠਸ਼ਾਲਾ ਦੀ ਕਿਤਾਬ ਵਿਚ ਇੱਕ ਬੜੀ ਪਿਆਰੀ ਕਹਾਣੀ ਹੈ ਕਿ ਇੱਕ ਗੱਧਾ ਬੁੱਢਾ ਹੋ ਗਿਆ ਤਾਂ ਧੋਬੀ ਨੇ ਉਸ ਨੂੰ ਡੰਡੇ ਮਾਰ ਕੇ ਬਾਹਰ ਕੱਢ ਦਿੱਤਾ। ਕੁਝ ਚਿਰ ਤਾਂ ਉਸ ਇਧਰ-ਉਧਰ ਮੂੰਹ ਮਾਰ ਕੇ ਗੁਜਾਰਾ-ਵਜਾਰਾ ਕੀਤਾ ਪਰ ਕਿੰਨਾ ਕੁ ਚਿਰ। ਆਖਰ ਉਸ ਸੋਚਿਆ ਕਿ ਮੇਰਾ ਤਾਂ ਗਲਾ ਬੜਾ ਵਧੀਆ ਕਿਉੰ ਨਾ ਦਿੱਲੀ ਚਲ ਕੇ ਗਾਇਆ ਜਾਵੇ ਰੋਟੀ-ਪਾਣੀ ਜੋਗਾ ਤਾਂ ਹੋ ਹੀ ਜਾਇਆ ਕਰੇਗਾ।

ਉਸ ਕਾਲੀਆਂ ਵਾਗੂੰ ਦਿੱਲੀ ਵਲ ਮੂੰਹ ਚੁੱਕ ਲਿਆ। ਤੁਰੇ ਜਾਂਦੇ ਨੂੰ ਉਸ ਨੂੰ ਰਸਤੇ ਵਿਚ ਕੁੱਤਾ ਮਿਲ ਪਿਆ ਉਹ ਵੀ ਦੁੱਖੀ ਸੀ ਉਸ ਨੂੰ ਵੀ ਬੁੱਢੇ ਹੋਏ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਗੱਲ ਕੀ ਕਿ ਗੱਧੇ ਨੇ ਕੁੱਤੇ ਨੂੰ ਵੀ ਕਿ ਭਰਾ ਤੇਰੀ ਤਾਂ ਅਵਾਜ ਬੜੀ ਸੁਰੀਲੀ ਕਹਿ ਗਾਉਂਣ-ਵਜਾਉਂਣ ਵਿਚ ਸ਼ਾਮਲ ਕਰ ਲਿਆ।

ਅਗੇ ਗਏ ਤਾਂ ਬਿੱਲੀ ਰੋਈ ਜਾ ਰਹੀ ਸੀ। ਉਸ ਦਾ ਦੁੱਖ ਵੀ ਉਨ੍ਹਾਂ ਵਾਲਾ ਹੀ ਸੀ ਉਨ੍ਹਾਂ ਉਸ ਨੂੰ ਵੀ ਸੁਰੀਲੀ ਅਵਾਜ ਦੀ ਫੂਕ ਦੇ ਕੇ ਸ਼ਾਮਲ ਕਰ ਲਿਆ।

ਹੋਰ ਅੱਗੇ ਗਏ ਤਾਂ ਕੋਠੇ ਉਪਰ ਚੜ੍ਹਕੇ ਕੁੱਕੜ ਕਿੱਲ੍ਹ-ਕਿੱਲ੍ਹ ਬਾਗਾਂ ਦਈ ਜਾ ਰਿਹਾ ਸੀ। ਤਿੰਨਾ ਨੇ ਉਸ ਨੂੰ ਪੁੱਛਿਆ ਕਿ ਕੁੱਕੜ ਭਰਾ ਤੂੰ ਕਿਉਂ ਅੱਡੀਆਂ ਚੁੱਕ ਚੁੱਕ ਕਿਲ੍ਹਣ ਡਿਹਾਂ ਤੈਨੂੰ ਵੀ ਕਿਤੇ ਸਾਡੇ ਵਾਂਗ ਗਾਉਂਣ ਦਾ ਸ਼ੁਦਾ ਤਾਂ ਨਹੀਂ ਹੋਇਆ-ਹੋਇਆ। ਉਹ ਕਹਿਣ ਲੱਗਾ ਤੁਹਾਨੂੰ ਗਾਉਂਣ ਸੁਝਣ ਡਹੇ ਨੇ ਮੈਨੂੰ ਜਾਨ ਦੀ ਪਈ ਏ।

ਉਹ ਕਿਵੇਂ?

ਕਿਵੇਂ ਕੀ ਕੱਲ ਪਰਾਹੁਣੇ ਆ ਰਹੇ ਨੇ ਤੇ ਮੇਰਾ ਤੁੜਕਾ ਲਾਉਂਣ ਦੀਆਂ ਤਿਆਰੀਆਂ ਹੈਨ ਮੈਂ ਤਾਂ ਅਪਣਾ ਆਖਰੀ ਰੋਣਾ ਰੋਣ ਡਿਹਾਂ ਹੋਇਆਂ।

ਲੈ ਰੋਣ ਤੇਰੇ ਦੁਸ਼ਮਣ! ਇਨਾ ਵਧੀਆ ਗਲਾ ਹੋਣ ਤੇ ਤੂੰ ਫਿਕਰ ਕਿਉਂ ਕਰਦਾਂ ਚਲ ਸਾਡੇ ਨਾਲ ਦਿੱਲੀ ਚਲਕੇ ਧਮਾਲਾਂ ਪਾਵਾਂਗੇ!

ਆਖਰ ਕੁੱਕੜ ਨੂੰ ਵੀ ਤਿੰਨਾ ਦੀ ਸਲਾਹ ਪਸੰਦ ਆ ਗਈ ਤੇ ਉਹ ਵੀ ਦਿੱਲੀ ਵਲ ਨੂੰ ਨਾਲ ਤੁਰ ਪਿਆ। ਅਗੋਂ ਕਿਤਾਬ ਵਾਲੀ ਕਹਾਣੀ ਹੋਰ ਹੈ ਪਰ ਬਾਬਾ ਫੌਜਾ ਸਿੰਘ ਵਾਲੀ ਹੋਰ।

ਬਾਬਾ ਫੌਜਾ ਸਿੰਘ ਜਦ ਚੌਹਾਂ ਨੂੰ ਗਾਉਂਦਾ ਸੁਣ ਰਿਹਾ ਸੀ ਤਾਂ ਉਸ ਨੂੰ ਪੰਜਾਬ ਦੇ ਗਾਇਕਾਂ ਦੀ ਯਾਦ ਆ ਰਹੀ ਸੀ। ਗਾਉਂਣ ਉਪਰ ਜੇ ਕਿਸੇ ਬਾਬੇ ਨੂੰ ਪੁੱਛਣਾ ਹੋਵੇ ਤਾਂ ਇਹ ਕਹਿਣਾ ਗਲਤ ਨਹੀਂ ਕਿ ਪੰਜਾਬ ਦੀਆਂ ਫਿਜਾਵਾਂ ਵਿਚ ਗੱਧੇ ਹਿਣਕ ਰਹੇ ਹਨ, ਕੁੱਤੇ ਭਾਉਂਕ ਰਹੇ ਹਨ, ਬਿੱਲੀਆਂ ਰੋ ਰਹੀਆਂ ਤੇ ਕੁੱਕੜ ਬਾਗਾਂ ਦੇ ਰਹੇ ਹਨ।

ਪੰਜਾਬ ਦੀਆਂ ਖ਼ਬਰਾਂ ਸਨ ਕਿ ਪੰਜਾਬ ਦੇ ਲੱਚਰ ਗਾਇਕਾਂ ਵਿਰੁਧ ਇੱਕ ਨਵੀ ਲਹਿਰ ਉੱਠਣ-ਉੱਠਣ ਕਰ ਰਹੀ ਹੈ, ਜਿਸ ਵਿਚ ਪਹਿਲਾਂ ਦਲਜੀਤ ਦੇ ਘਰ ਮੂਹਰੇ ਸਿਆਪਾ ਕੀਤਾ ਗਿਆ ਸੀ, ਹੁਣ ਕੁਝ ਗਾਇਕਾਂ ਦੇ ਪੁਤਲੇ ਫੂਕੇ ਗਏ ਹਨ, ਜਿਸ ਲੱਚਰ ਗਾਉਂਣ ਦੇ ਨਾਲ-ਨਾਲ ‘ਅੱਖ-ਮਟੱਕੇ’ ਕਰਨ ਵਾਲੀ ‘ਮਿਸ ਪੂਜਾ’ ਦਾ ਪੁਤਲਾ ਵੀ ਸ਼ਾਮਲ ਹੈ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਇਸ ਸਾਰੇ ਕੰਜਰਖਾਨੇ ਦੇ ‘ਬਾਦਸ਼ਾਹ’ ਜਸਦੇਵ ਸਿੰਘ ਜੱਸੋਵਾਲ ਨੂੰ ਲੋਕਾਂ ਪਤਾ ਨਹੀਂ ਕਿਉ ਛੱਡ ਦਿੱਤਾ ਜਿਸ ‘ਪੰਜਾਬੀ ਸਭਿਆਚਾਰ’ ਦੇ ਨਾਂ ਹੇਠ ਪੰਜਾਬ ਦੀਆਂ ਹਵਾਵਾਂ ਨੂੰ ਅਜਿਹਾ ਪਲੀਤ ਕੀਤਾ ਕਿ ਹੁਣ ਤੱਕ ਉਸ ਵਿਚੋਂ ਲੱਚਰਤਾ ਦੀ ਗੰਦੀ ਸੜਿਆਂਦ ਆ ਰਹੀ ਹੈ।

ਖਾੜਕੂ ਲਹਿਰ ਦੀ ਸਮਾਪਤੀ ਤੋਂ ਬਾਅਦ ਜੱਸੋਵਾਲ ਦੀ ਛੱਤਰ-ਛਾਇਆ ਹੇਠ ‘ਸਭਿਆਚਾਰ’ ਦੇ ਨਾਂ ਹੇਠ ਜੋ ਗੰਦ ਪੰਜਾਬੀ ਗਾਇਕੀ ਨੇ ਪਾਇਆ ਇਨ੍ਹਾਂ ਦੀਆਂ ਕੱਬਰਾਂ ਚੋਂ ਕੱਢ ਕੇ ਇਨ੍ਹਾਂ ਦੀਆਂ ਲਾਸ਼ਾਂ ਨੂੰ ਫੂਕਿਆ ਜਾਇਆ ਕਰੇਗਾ ਜਦ ਪੰਜਾਬ ਨੂੰ ਹੋਸ਼ ਆਵੇਗੀ।

ਕੋਈ 95 ਕੁ ਦੀ ਗੱਲ ਹੈ ਬਾਬੇ ਨੇ ਸੱਸੀ ਦੇ ਹਾਸ਼ਮ ਦਾ ਅਜਿਹਾ ‘ਸਭਿਆਚਾਰ’ ਮੇਲਾ ਖੁਦ ਅੱਖੀ ਡਿੱਠਾ ਹੋਇਆ ਹੈ। ਉਸ ਵਿਚ ਗੁਰਮੀਤ ਬਾਵਾ ਨੇ ਜਦ ਮਿਰਜਾ ਚੁੱਕਿਆ ਤਾਂ ਮੰਡੀਰ ਦਾ ਹਾਲ ਦੇਖਣ ਵਾਲਾ ਸੀ। ਉਹ ਬੈਨਰ ਤੋੜ-ਤੋੜ ਬੀਬੀਆਂ ਵਾਲੇ ਪਾਸੇ ਇੰਝ ਦੌੜਨ ਲਗੇ, ਜਿਵੇਂ ਉਹ ਖੁਦ ਹੀ ਮਿਰਜੇ ਹੋਣ। ਉਨ੍ਹਾਂ ‘ਮਿਰਜਿਆਂ’ ਨੂੰ ਪੁਲੀਸ ਨੇ ਜਦ ਡਾਂਗ ਵਰ੍ਹਾਈ, ਤਾਂ ਵਾਹਣਾ ਵਿੱਚਦੀ ਦੌੜਿਆਂ ਜਾਂਦਿਆਂ ਦੀਆਂ ਉਡਦੀਆਂ ਪੱਗਾਂ ਦੇਖ ਆਮ ਬੰਦੇ ਨੂੰ ਤਾਂ ਸ਼ਰਮ ਆ ਰਹੀ ਸੀ, ਪਰ ਚਿੱਟ-ਦਾਹੜਾ ਜੱਸੋਵਾਲ ਸਟੇਜ ਤੇ ਬੈਠਾ ਮੁਸਕੜੀਆਂ ਹੱਸ ਰਿਹਾ ਸੀ। ਉਸ ਮੇਲੇ ਵਿਚ ਜਾਣ ਵਾਲੇ ਬਹੁਤੇ ਲੋਕ ਤਾਂ ਮੇਲੇ ਪਹੁੰਚ ਹੀ ਨਹੀਂ ਸਨ ਸਕੇ। ਮੇਲੇ ਦੇ ਚਾਅ ਨੇ ਉਨ੍ਹਾਂ ਨੂੰ ਪਹਿਲਾਂ ਹੀ ਇੰਨਾ ਸ਼ਰਾਬੀ ਕਰ ਦਿੱਤਾ ਸੀ, ਕਿ ਉਹ ਕਿਲੋਮੀਟਰ ਤੱਕ ਪਹਿਲਾਂ ਹੀ ਡਿੱਗ ਪਏ ਸਨ, ਅਤੇ ਉਨ੍ਹਾਂ ਡਿੱਗਿਆਂ ਹੋਇਆਂ ਨੂੰ ਕਿਸੇ ਲੀਡਰ ਦੀ ਹਿਫਾਜਤ ਲਈ ਸੜਕਾਂ ਤੇ ਖੜੀ ਕੀਤੀ ਹੋਈ ਪੁਲਿਸ, ਕੁੱਤਿਆਂ ਵਾਂਗ ਧੂਹ-ਧੂਹ ਪਿੱਛੇ ਖੇਤਾਂ-ਖਾਲਿਆਂ ਵਿਚ ਸੁੱਟ ਰਹੀ ਸੀ। ਇੱਕ ਧਾਹ ਨਿਕਲਦੀ ਸੀ ਗੁਰੂਆਂ ਦੇ ਨਾਂ ਤੇ ਵੱਸਦੇ ਪੰਜਾਬ ਦੀ, ਉਮਤ ਦੀ ਇਹ ਹਾਲਤ ਦੇਖ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ, ਕਿ ਜੱਸੋਵਾਲ ਵਰਗਾ ਕਮੀਨਾ ਬੰਦਾ ਤਾਂ ਚਲੋ ਸਰਕਾਰੀ ਟਾਊਟ ਕਿਹਾ ਜਾ ਸਕਦਾ, ਜੀਹਨੇ ਮਿੱਥ ਕੇ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਗੰਦ ਘੋਲਿਆ, ਪਰ ਉਸੇ ਜਸੋਵਾਲ ਦੀ ਗੰਦੀ ਰੂਹ ਹੁਣ ਬਾਹਰ ਦੇ ‘ਖਾਲਿਸਤਾਨੀਆਂ’ ਵਿਚ ਆਣ ਵੜੀ ਹੈ। ਉਨ੍ਹਾਂ ਦੇ ਅਣਖੀਲੇ ਪੰਜਾਬ ਵਿਚ ਹੁਣ ਬੇਸ਼ਰਮ ਚਮਕੀਲਾ ਗੂੰਜਣ ਲੱਗ ਪਿਆ ਹੈ, ਅਤੇ ਪੰਜਾਬ ਵਿਚਲੇ ਮੇਲਿਆਂ ਦਾ ਬੱਚਿਆ ਗੰਦ ਹੁਣ ਉਹ ਇਥੇ ਪਾਉਂਣ ਲੱਗ ਪਏ ਹਨ, ਇਸ ਨੂੰ ਕਹਿੰਦੇ ਹਨ ਖਾਲਿਸਤਾਨ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top