ਮੇਰੇ ਇੱਕ ਮਿੱਤਰ ਦਾ ਫੋਨ ਆਉਂਦਾ ਹੈ,
ਕਿ ਭਰਾ ਤੂੰ ਸਿੱਖੀ ਵਿਚ ਆਈਆਂ ਬਿਮਾਰੀਆਂ ਬਹੁਤ ਦੱਸਦਾਂ ਪਰ ਇਲਾਜ ਕੀ ਏ?
ਬੱਚੇ ਵਿਆਹੇ ਗਏ? ਮੈਂ ਉਸ ਨੂੰ ਪੁੱਛਿਆ।
ਹਾਂ ਵਿਆਹੇ ਗਏ।
ਤੇ ਹੁਣ ਤੂੰ ਕੀ ਕਰਦਾਂ?
ਉਹੀ ਪੁਰਾਣਾ ਧੰਦਾ! ਟੈਕਸੀ!
ਬੱਸ ਫਿਰ ਮੇਰੀ ਕੌਮ ਲਈ ਸਭ ਤੋਂ ਵੱਡੀ ਬਿਮਾਰੀ ਵੀ ਤੇਰੇ ਵਰਗੇ ਹੀ ਨੇ ਤੇ ਇਲਾਜ ਵੀ!
ਇਹ ਕੀ ਗੱਲ ਹੋਈ ਭਲਾ?
ਗੱਲ ਇਹ ਹੋਈ ਕਿ ਘਰ-ਬਾਰ ਨਿਆਣਿਆਂ ਸਾਂਭ ਲਿਆ ਹੈ, ਤੂੰ ਹੁਣ ਝੱਖ ਕਾਹਦੀ ਮਾਰ ਰਿਹਾਂ? ਕੀ
ਤੂੰ ਟੈਕਸੀ ਨਾਲ ਲਾਵਾਂ ਲਈਆਂ ਕਿ ਮਰਨ ਤੱਕ ਇਸ ਨਾਲ ਨਿਭਣਾ ਹੈ?
ਓ ਭਰਾ ਨਿਆਣੇ ਜੇ ਘਰ ਸਾਂਭਣ ਜੋਗੇ ਹੁੰਦੇ ਤਾਂ ਗੱਲ ਈ ਕੀ ਸੀ!
ਉਸ ਦੀ ਗੱਲ ਸੁਣਕੇ ਮੈਨੂੰ ਉਹ ਕਹਾਣੀ ਯਾਦ ਆ ਰਹੀ ਸੀ, ਜਿਹੜੀ ਕੇਵਲ
ਕਹਾਣੀ ਹੈ ਕਿ ਗੁਰੂ ਨਾਨਕ ਸਾਹਿਬ ਇੱਕ ਬੁੱਢੇ ਨੂੰ ਮੁਕਤ ਕਰਨਾ ਚਾਹੁੰਦੇ ਸਨ, ਪਰ ਉਹ ਕਦੇ
ਢੱਗਾ ਬਣਕੇ ਵਗ ਰਿਹਾ ਹੁੰਦਾ, ਕਦੇ ਕੁੱਤਾ ਬਣਕੇ ਘਰ ਦੀ ਰਾਖੀ ਕਰਦਾ ਭਉਂਕ ਰਿਹਾ ਹੁੰਦਾ, ਪਰ
ਘਰ ਹਾਲੇ ਵੀ ਨਹੀਂ ਛੱਡਣਾ ਚਾਹੁੰਦਾ ਕਿ ਨਿਆਣੇ ਉਸ ਦੇ ਘਰ ਸਾਂਭਣ ਜੋਗੇ ਨਹੀਂ ਹੋਏ।
ਇਕ ਬੰਦੇ ਨੂੰ ਮੈਂ ਜਾਣਦਾ ਹਾਂ। ਭਲਾ ਆਦਮੀ ਹੈ। ਸਿੱਖ ਮਸਲਿਆਂ ਉਪਰ
ਉਸਦੀ ਪਕੜ ਵੀ ਹੈ ਅਤੇ ਪੀੜਾ ਵੀ ਪਰ ਉਸ ਦਾ ਦੁਖਾਂਤ ਕੀ ਹੈ। ਉਸ ਦੇ ਬੱਚੇ ਵਿਆਹੇ ਹੀ ਨਹੀਂ
ਬਲਕਿ ਚੰਗੀਆਂ ਤਗੜੀਆਂ ‘ਜੌਬਾਂ’ ਤੇ ਲੱਗ ਗਏ ਹੋਏ ਹਨ। ਲੱਤਾਂ ਉਹ ਚੌੜੀਆਂ ਕਰਕੇ ਤੁਰਦਾ ਹੈ,
ਯਾਨੀ ਉਮਰ ਦੇ ਹਿਸਾਬ ਦੇਹੀ ਦੀ ਬੱਸ ਜਿਹੀ ਹੋਈ ਪਈ। ਟਰੱਕ ਦੇ ਲੰਮੇ ਗੇੜੇ ਛੱਡਦੇ ਕੀ ਦੇਹੀ
ਦਾ ਪਰ ਉਹ ਹਾਲੇ ਵੀ ਉਂਝ ਹੀ ਲੰਮੇ ਗੇੜੇ ਲਾਈ ਜਾਂਦਾ ਹੈ, ਉਸ ਨੂੰ ਵੀ ਸ਼ਾਇਦ ਹਾਲੇ ਭੁਲੇਖਾ
ਹੋਵੇ ਕਿ ਮੇਰੇ ‘ਨਿਆਣੇ’ ਘਰ ਸਾਂਭਣ ਗੋਚਰੇ ਨਹੀਂ ਹੋਏ।
ਸਾਡੀ ਮੁਸ਼ਕਲ ਹੀ ਇਹ ਹੈ ਕਿ ਅਸੀਂ ਘਰ ਨਾਲ ਇਸ ਕਦਰ ਜੁੜ ਜਾਂਦੇ ਹਾਂ ਕਿ
ਜਿੰਨਾ ਚਿਰ ਨਿਆਣੇ ਲੱਤਾਂ ਮਾਰ-ਮਾਰ ਨਹੀਂ ਕੱਢਦੇ ਉਨਾ ਚਿਰ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ
ਇਹ ਥਾਂ ਖਾਲੀ ਕਰਨਾ ‘ਮੰਗਦੇ’ ਹਨ।
ਮੈਂ
ਦੇਖਦਾ ਹਾਂ, ਇਹ ਮਿਸਾਲ ਹੈ,
ਟਾਈਗਰ ਜਥਾ ਵਾਲੇ ਭਰਾ ਨੇ, ਖਾਸ ਕਰਕੇ ਪ੍ਰਭਦੀਪ ਸਿੰਘ ਵਰਗੇ।
ਰਿਟਾਇਰ ਤਾਂ ਕੀ ਹਾਲੇ ਨਿਆਣੇ ਉਸ ਦੇ ਛੋਟੇ ਹੀ ਹੋਣੇ ਪਰ ਉਹ ਤੁਰ ਪਿਆ। ਇਹੀ ਪ੍ਰਚਾਰ ਹੈ। ਇਸ
ਦਾ ਹੀ ਨਾਮ ਪ੍ਰਚਾਰ ਹੈ। ਤੁਸੀਂ ਅਸੀਂ ਕਿਉਂ ਸੋਚਦੇ ਕਿ ਪ੍ਰਚਾਰ ਕਿਸੇ ਖਾਸ ਤਰ੍ਹਾਂ
ਦੇ ਪੁਜਾਰੀਆਂ ਦੀ ਅਜਾਰੇਦਾਰੀ ਹੈ। ਤੇ ਅਸੀਂ ਆਸ ਵੀ ਕਿਉਂ ਰੱਖਦੇਂ ਕਿ ਉਹ ਸਾਡਾ ਪ੍ਰਚਾਰ ਕਰਨ।
‘ਰੋਟੀਆਂ ਕਾਰਨ ਪੂਰੇ ਤਾਲ’ ਨੂੰ ਪ੍ਰਚਾਰ ਨਹੀਂ ਕਿਹਾ ਜਾ ਸਕਦਾ। ਕਿ ਜਾ ਸਕਦਾ?
ਮੇਰੀ ਮੁਸ਼ਕਲ ਕੀ ਏ? ਮੇਰੀ ਮੁਸ਼ਕਲ ਇਹ ਕਿ ਮੈਂ ਮੁਕਤ ਨਹੀਂ ਹੋਣਾ
ਚਾਹੁੰਦਾ। ਤੁਸੀਂ ਦੱਸੋ, ਜਦ ਤੁਸੀਂ ਨਿਆਣੇ ਅਪਣੇ ਪੜ੍ਹਾ ਕੇ ਵਿਆਹ ਕੇ ਘਰੋ-ਘਰੀ ਤੁਰਦੇ ਕਰ
ਦਿੱਤੇ, ਹੁਣ ਤੁਸੀਂ ਕਹਾਤੋਂ ਲੱਤਾਂ ਪਸਾਰੀ ਬੈਠੇ ਹੋ। ਕਿਉਂ ਨਹੀਂ ਤੁਸੀਂ ਥਾਂ ਖਾਲੀ ਕਰਦੇ।
ਜਿਸ ਦਿਨ ਕੌਮ ਮੇਰੀ ਨੂੰ ਇਨੀ ਗੱਲ ਸਮਝ ਆ ਗਈ, ਕਿ ਮੇਰੇ ਨਿਆਣੇ ‘ਸੈੱਟ’ ਹਨ, ਹੁਣ ਰਹਿੰਦੀ
ਉਮਰ ਮੈਂ ਕੌਮ ਦੇ ਬਾਕੀ ਨਿਆਣਿਆਂ ਲੇਖੇ ਲਾ ਦਿਆਂ, ਤਾਂ ਹੋ ਸਕਦਾ ਕੁਝ ਮੋੜਾ ਪੈ ਜਾਏ। ਜਿਹੜੇ
ਲੋਕ ਸਭ ਕੁਝ ਤੋਂ ਵਿਹਲੇ ਹੋ ਕੇ ਹਾਲੇ ਵੀ ਢੱਗਿਆਂ ਵਾਂਗ ਵਗੀ ਜਾ ਰਹੇ ਹਨ, ਸੱਚ ਜਾਣਿਓ ਕੋਈ
ਸਿੱਖੀ-ਸੁੱਖੀ ਨਾਲ ਉਨ੍ਹਾਂ ਦਾ ਲੈਣਾ-ਦੇਣਾ ਨਹੀਂ, ਐਵੇਂ ਅਸੀਂ ਝੱਖ ਮਾਰਨ ਤੋਂ ਸਿਵਾਏ ਕੁਝ
ਨਹੀਂ ਕਰ ਰਹੇ, ਜਾਂ ਐਵੇਂ ਸਵਾਦ ਜਿਹਾ ਲੈ ਰਹੇ ਹਾਂ।
ਚਲੋ ਜੇ ਹੋਰ ਨਹੀਂ ਤਾਂ ਰੀਟਾਇਰ ਹੋ ਚੁੱਕੇ ਭਰਾ ਘੱਟੋ ਘੱਟ ਦੋ-ਚਾਰ
ਮਹੀਨੇ ਹੀ ਅਪਣੇ ਪਿੰਡ ਲਾ ਆਇਆ ਕਰਨ। ਅਪਣੇ ਪਿੰਡ ਹੀ ਕੋਈ ਗੱਲ ਚਲਦੀ ਕਰ ਦੇਣ। ਗੱਲ ਤੁਰੇ
ਤਾਂ ਸਹੀਂ। ਇੱਕ ਭਰਾ ਕਹਿੰਦਾ ਕਿ ਲੋਕ ਉਥੇ ਸੁਣਦੇ ਕਿਥੇ ਹਨ। ਗੱਲ ਕਰਨ ਵਾਲੇ ਦਾ ਲੋਕ ਮੌਜੂ
ਬਣਾਉਂਦੇ ਹਨ ਕਿ ਆ ਗਿਆ ਵੱਡਾ ਗਿਆਨੀ। ਕੱਲ ਇਥੋਂ ਹੀ ਧੱਕੇ ਖਾਂਦਾ ਗਿਆ, ਹੁਣ ਸਿਖਿਆ ਦੇਣ
ਤੁਰ ਪਿਆ। ਮੈਂ ਉਸ ਨੂੰ ਦੱਸਿਆ ਕਿ ਭਰਾ ਗੁਰੂ ਨਾਨਕ ਨੂੰ ਯਾਦ ਕਰ ਜਦ ਉਹ ਪ੍ਰਚਾਰ ਫੇਰੀਆਂ ਤੇ
ਨਿਕਲੇ ਹੋਣਗੇ। ਕਿੰਨੀ ਮਾੜੀ ਹਾਲਤ ਸੀ ਲੋਕਾਂ ਦੀ। ਤੇ ਗੁਰੂ ਸਾਹਿਬ ਨੂੰ ਵੀ ਜਾਦਿਆਂ ਹੀ ਤਾਂ
ਸਿਰੋਪੇ ਨਹੀਂ ਸਨ ਦੇਣ ਲੱਗ ਪਏ ਲੋਕ। ਭੂਤਨਾ-ਬੇਤਾਲਾ ਤੇ ਪਤਾ ਨਹੀਂ ਕੀ ਕੀ ਅਖਾਉਂਣਾ ਪਿਆ
ਸੀ। ਅਸੀਂ ਉਨ੍ਹਾਂ ਨਾਲੋਂ ਤਾਂ ਵੱਡੇ ਨਹੀਂ ਕਿ ਸਾਨੂੰ ਕੋਈ ਕਹੇ ਹੀ ਕੁਝ ਨਾ।
ਪੰਜਾਬ ਡੁੱਬ ਰਿਹਾ ਹੈ। ਅਸੀਂ ਦੇਖ ਰਹੇ ਹਾਂ। ਸਾਡੀ ਜੜ੍ਹ
ਸੁੱਕ ਰਹੀ ਹੈ। ਬਾਹਰ ਫੈਲਰੇ ਪੱਤੇ ਭਰਾਵੋ ਆਪੇ ਹੀ ਸੁੱਕ ਜਾਣੇ ਹਨ। ਬਾਹਰ ਦਿੱਸਦੀ ਹਰਿਆਲੀ
ਦਾ ਕਾਰਨ ਜੜ੍ਹ ਹਾਲੇ ਹਰੀ ਹੈ। ਇਸ ਨੂੰ ਸੁੱਕਣੋ ਕਿਸੇ ਬਾਹਰੋਂ ਨਹੀਂ ਬਚਾਉਂਣਾ। ਪ੍ਰਚਾਰ ਅੱਜ
ਸਮੇਂ ਦਾ ਸਭ ਤੋਂ ਕਾਰਗਰ ਹਥਿਆਰ ਹੈ। ਲੜਨ ਦੀ ਲੋੜ ਨਹੀਂ। ਤੁਸੀਂ ਵੱਡੀ ਲਕੀਰ ਖਿੱਚ ਦਿਓ।
ਜਿਹੜੀਆਂ ਗੱਲਾਂ ਨਾਲ ਤੁਸੀਂ ਕਮਲਾ ਰਹੇ ਹੋ, ਉਨ੍ਹਾਂ ਦਾ ਤਾਂ ਬੇਸ ਹੀ ਕੋਈ ਨਹੀਂ, ਤੁਹਾਡੇ
ਕੋਲੇ ਤਾਂ ਗੁਰੂ ਨਾਨਕ ਦਾ ਵੱਡਾ ਸੱਚ ਹੈ, ਪਰ ਇਸ ਨੂੰ ਪੇਸ਼ ਕਰਨਾ ਆ ਜਾਵੇ ਦੁਨੀਆਂ ਬਦਲ ਸਕਦੀ
ਹੈ। ਪਰ ਪੁਜਾਰੀਆਂ ਦੇ ਸਿਰ ਤੇ ਨਹੀਂ, ਆਪ ਉਠੋ ਆਪ।