Share on Facebook

Main News Page

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ
-
ਗੁਰਦੇਵ ਸਿੰਘ ਸੱਧੇਵਾਲੀਆ

ਉਂਝ ਇਸ ਗੁਰੂ ਬਚਨ ਦੀ ਵਿਆਖਿਆ ਦੀ ਲੋੜ ਨਹੀਂ ਇਹ ਅਪਣੇ ਆਪ ਵਿਚ ਹੀ ਇਨਾ ਸਪੱਸ਼ਟ ਹੈ, ਕਿ ਗੁਰੂ ਕਾ ਸਿੱਖ ਇਸ ਨੂੰ ਫਿਰ ਵੀ ਨਾ ਸਮਝੇ ਤਾਂ ਜਾਂ ਉਹ ਮਚਲਾ ਹੈ, ਜਾਂ ਸਿਰ ਦੇ ਸਾਰੇ ਦਰਵਾਜੇ ਉਸ ਬੰਦ ਕਰ ਲਏ ਨੇ। ਖਸਮ ਇਕ ਹੁੰਦਾ, ਬਾਪ ਇੱਕ ਹੁੰਦਾ, ਗੁਰੂ ਇਕ ਹੁੰਦਾ। ਇੰਝ ਹੀ ਹੁੰਦਾ ਨਾ? ਕੋਈ ਔਰਤ ਕਹੇ ਮੇਰੇ ਦੋ ਖਸਮ? ਕੀ ਕਹੋਂਗੇ? ਕੋਈ ਬੇਟਾ ਕਹੇ ਮੇਰੇ ਦੋ ਬਾਪ! ਕੀ ਅਰਥ ਨਿਕਲਿਆ? ਕੋਈ ਕਹੇ ਮੇਰੇ ਦੋ ਗੁਰੂ? ਕਿਥੇ ਗਈ ਗੱਲ! ਪਰ ਮੇਰੇ ਗੁਰੂ ਦਾ ਆਖਿਆ ਜਾਂਦਾ ਸਿੱਖ ਕਿੰਨਾ ਭੋਲਾ ਜਾਂ ਮੂਰਖ ਹੈ, ਉਹ ਦੋ ਖਸਮ, ਦੋ ਬਾਪ ਤੇ ਦੋ ਹੀ ਗੁਰੂ ਮੰਨੀ ਤੁਰਿਆ ਜਾ ਰਿਹਾ ਹੈ।

ਤੁਸੀਂ ਉਹ ਪ੍ਰਚਲਤ ਕਹਾਣੀ ਸੁਣੀ ਹੈ ਨਾ, ਇੱਕ ਕਿਸੇ ਦਾ ਲੇਲਾ ਖੋਹਣ ਲਈ ਠੱਗਾਂ ਨੇ ਧੱਕੇ ਨਾਲ ਹੀ ਲੇਲੇ ਦਾ ਕੁੱਤਾ ਬਣਾ ਕੇ ਰੱਖ ਦਿੱਤਾ। ਚਲਾਕ ਸਿਹੇ ਨੇ ਸ਼ੇਰ ਖੂਹ ਵਿਚ ਲਿਆ ਸੁੱਟਿਆ ਸੀ। ਬਹਾਦਰ ਹੋਣਾ ਹੋਰ ਗੱਲ ਤੇ ਸਿਆਣੇ ਹੋਣਾਂ ਹੋਰ। ਬਹਾਦਰ ਕੌਮ 85% ਸਿਰ ਦੇ ਕੇ ਗੁਲਾਮ ਹੋ ਗਈ, ਤੇ ਪੰਡੀਆ ਬਿਨਾ ਚੀਚੀ ਨੂੰ ਲਹੂ ਲਵਾਏ ਰਾਜ ਲੈ ਗਿਆ।

ਸਾਡੀ ਮੁਸ਼ਕਲ ਇਹ ਹੈ ਕਿ ਅਸੀਂ ਕਈ ਵਾਰ ਕਿਸੇ ਗੱਲ ਨੂੰ ਮੁੱਛ ਦਾ ਸਵਾਲ ਬਣਾ ਲੈਂਦੇ ਹਾਂ। ‘ਦਸਮ ਗਰੰਥ’ ਵਾਲੀ ਕਹਾਣੀ ਜੇ ਕਈ ਭਰਾਵਾਂ ਨੂੰ ਸਮਝ ਆਉਂਦੀ ਵੀ ਹੈ, ਤਾਂ ਉਹ ਮੰਨਣ ਲਈ ਤਿਆਰ ਇਸ ਲਈ ਨਹੀਂ ਕਿ ਗੱਲ ਉਨ੍ਹਾਂ ਦੇ ਸਮਝ ਨਹੀਂ ਆਉਂਦੀ, ਬਲਕਿ ਇਸ ਲਈ ਕਿ ਇਸ ਗੱਲ ਨੂੰ ਪ੍ਰੋ. ਦਰਸ਼ਨ ਸਿੰਘ ਕਰ ਰਿਹਾ ਹੈ, ਧੂੰਦਾ ਜਾਂ ਕਾਲਾ ਅਫਗਾਨਾ ਕਰ ਰਿਹਾ ਹੈ? ਬਣ ਗਿਆ ਮੁੱਛ ਦਾ ਸਵਾਲ। ਇਹੀ ਗੱਲ ਜੇ ਕਿਤੇ ਠਾਕੁਰ ਸਿੰਘ, ਰੰਧਾਵੇ ਵਾਲਾ ਜਾਂ ਪਿੰਦਰਪਾਲ ਹੀ ਕਰਦਾ, ਤਾਂ ਹੋ ਸਕਦਾ ਵਿਰੋਧਤਾ ਘੱਟ ਹੁੰਦੀ, ਪਰ ਉਨਹੀਂ ਕਰਨੀ ਹੀ ਨਹੀਂ ਕਿਉਂਕਿ ਉਨ੍ਹਾਂ ਦੇ ਆਗਾਂਹ ‘ਬ੍ਰਹਮਗਿਆਨੀਆਂ’ ਦੀ ਮੁੱਛ ਦਾ ਸਵਾਲ ਹੈ!!

ਇਕ ਔਰਤ ਜੇ ਦੋ ਖਸਮ ਰੱਖੀ ਫਿਰੇ ਤਾਂ ਸਮਾਜ ਵਿਚ ਉਸ ਦੀ ਕੋਈ ਇੱਜਤ ਨਹੀਂ ਹੁੰਦੀ। ਕਿ ਹੁੰਦੀ? ਤੇ ਤੁਸੀਂ ਸੋਚੋ ਉਹ ਕਿਸ ਤਰ੍ਹਾਂ ਦੀਆਂ ਔਰਤਾਂ ਹੋਣਗੀਆਂ ਜਿਹੜਆਂ ਕਿੰਨਾ ਆਪਾ ਵਿਰੋਧੀ ਖਸਮ ਪਾਲੀ ਫਿਰਦੀਆਂ। ਕਿਥੇ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਕਿਥੇ ਆਖਿਆ ਜਾਂਦਾ ਸ੍ਰੀ ਦਸਮ ਗਰੰਥ ਸਾਹਿਬ ਕਿ ਸ੍ਰੀ ਗੁਰੂ ਦਸਮ ਗਰੰਥ ਸਾਹਿਬ?

ਇਕ ਖਸਮ ਤਾਂ ਦੱਸ ਰਿਹਾ ਕਿ ਚੰਗਾ ਮਨੁੱਖ ਹੋਣ ਲਈ ਸੱਚਾ ਅਚਾਰ ਹੋਣਾ ਜਰੂਰੀ ਹੈ, ਚੰਗਾ ਮਨੁੱਖ ਬਣਨ ਲਈ ਚੰਗੇ ਆਚਰਨ ਦੀ ਲੋੜ ਹੈ, ਪਰ ਦੂਜਾ ਨਸ਼ੇ ਖਾ ਕੇ ਮੰਜੇ ਤੋੜਨ ਦੀ ਗੱਲ ਕਰਕੇ ਮਨੁੱਖ ਨੂੰ ਆਚਰਨ ਤੋਂ ਡੇਗ ਰਿਹਾ ਹੈ!!। ਇੱਕ ਖਸਮ ਤਾਂ ਔਰਤ ਨੂੰ ਸੁੱਚਜੀ ਹੋਣ ਲਈ ਇਕ ਦੀ ਬਣੀ ਰਹਿਣ ਦੀ ਸਿੱਖਿਆ ਦਿੰਦਾ ਤੇ ਦੂਜਾ ਖਸਮ ਤੋਂ ਮਹਿੰਦੀ ਲਵਾ ਯਾਰ ਨਾਲ ਖੇਹ ਖਾਣ ਦੀ ਸ਼ਰਤ ਜਿੱਤਣੀ ਦੱਸ ਰਿਹੈ। ਕੁਝ ਤਾਂ ਮੇਲ ਹੋਵੇ! ਅਖੇ ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ?

ਜੇ ਮੇਰਾ ਸ੍ਰੀ ਗੁਰੂ ਗਰੰਥ ਸਹਿਬ ਨਾਲ ਯਾਨੀ ਇਕ ਖਸਮ ਨਾਲ ਨਹੀਂ ਸਰਿਆ, ਤਾਂ ਭਰਾਵੋ ਫਿਰ ਵਿਗੜ ਚੁੱਕੀ ਔਰਤ ਦਾ ਦੂਜੇ ਨਾਲ ਵੀ ਨਹੀਂ ਸਰਨਾ। ਉਹ ਹੁਣ ਤੀਜਾ ਬਣਾਉਂਣ ਜਾ ਰਹੀ ਹੈ, ਜਿਸ ਨੂੰ ਸਰਬਲੋਹ ਗਰੰਥ ਕਹਿੰਦੇ ਹਨ। ਹਾਲੇ ਕੋਈ ਚੌਥਾ ਵੀ ਹੋਣਾ ਜਿਸ ਨੂੰ ‘ਬਾਬੇ’ ‘ਗੁਹਝ ਗਰੰਥ’ ਕਹਿੰਦੇ ਹਨ। ਔਰਤ ਇਕ ਵਾਰ ਬਦਚਲਣ ਹੋ ਜਾਏ, ਫਿਰ ਖਸਮਾਂ ਦੀ ਗਿਣਤੀ ਕਿਥੇ ਰਹੀ। ਇਕਾ ਬਾਣੀ ਦਾ ਧਾਰਨੀ, ਇਕ ਖਸਮ ਦਾ ਯਾਨੀ ਇਕ ਗੁਰੂ ਦਾ ਸਿੱਖ ਓਸ ਬਦਚਲਣ ਔਰਤ ਵਾਂਗ ਹੋ ਗਿਆ ਹੈ, ਜਿਸ ਨੂੰ ਇੱਕ ਖਸਮ ਉਪਰ ਵਿਸਵਾਸ਼ ਨਾ ਰਹੇ। ਬਦਲਚਣ ਔਰਤ ਦੇ ਗਿਰੇ ਹੋਏ ਇਖਲਾਕ ਉਪਰ ਕੋਈ ਕਿਉਂ ਯਕੀਨ ਕਰੇ। ਕਰੂ ਕੋਈ?

ਇਤਿਹਾਸ ਹੈ ਕਿ ਸਿੱਖ ਦੀ ਗਵਾਹੀ ਉਪਰ ਬੰਦਾ ਫਾਸੀਂ ਦੇ ਤਖਤੇ ਤੋਂ ਲਾਹ ਲਿਆ ਜਾਂਦਾ ਸੀ। ਸਿੱਖ ਦਾ ਕੱਟੜ ਦੁਸ਼ਮਣ ਕਾਜੀ ਨੂਰ-ਮੁਹੰਮਦ ਵਰਗਾ ਵੀ ਕਹਿ ਉੱਠਿਆ ਕਿ ਲੋਕੋ ਜੇ ਇਖਲਾਕ ਸਿੱਖਣਾ ਤਾਂ ਇਨ੍ਹਾਂ ਕੋਲੋਂ ਸਿੱਖੋ। ਕਿਉਂ? ਕਿਉਂਕਿ ਸਿੱਖ ਕੋਲੇ ਇਹ ਉੱਚਾ ਇਖਲਾਕ ਉਸ ਨੂੰ ਮਿਲਿਆ ਸੀ ਇਕ ਗੁਰੂ ਕੋਲੋਂ। ਯਾਨੀ ਇਕ ਖਸਮ ਕੋਲੋਂ। ਯਾਨੀ ਇਕ ਬਾਪ ਕੋਲੋਂ।

ਮੇਰੇ ਵਾਲੇ ਪੰਡੀਏ ਜਿੰਨਾ ਦੀ ਰੀਸ ਕਰ ਰਹੇ ਹਨ, ਉਨ੍ਹਾਂ ਦੀ ਤਾਂ ਗਿਣਤੀ ਹੀ ਕੋਈ ਨਹੀਂ। ਤੇਤੀ ਕ੍ਰੋੜ!! ਜਿਸ ਮੁੰਡੇ ਦੀ ਮਾਂ ਦੇ ਤੇਰੀ ਕ੍ਰੋੜ ਖਸਮ ਹੋਣ ਉਸ ਦੀ ਉਲਾਦ ਦਾ ਕੀ ਹਾਲ ਹੋਵੇਗਾ। ਤੇ ਹਾਲ ਹੋਇਆ ਦੇਖਿਆ ਨਹੀਂ? ਕੇਵਲ 500 ਲੁਟੇਰੇ ਲੈ ਕੇ ਗਜਨਵੀ ਧਨ ਵੀ ਲੈ ਗਿਆ ਤੇ ਸੁਹਣੀਆਂ ਕੁੜੀਆਂ ਵੀ। ਤੇ ਸਿੱਖ?

ਇਸ ਗੱਲ ਨੂੰ ਇੰਝ ਨਾ ਲੈਣਾ ਕਿ ‘ਦਸਮ ਗਰੰਥ’ ਨੂੰ ਮੰਨਣ ਵਾਲੇ ਸਾਰੇ ਮਾੜੇ, ਤੇ ਨਾ ਮੰਨਣ ਵਾਲੇ ਸਾਰੇ ਚੰਗੇ। ਕਮਜੋਰੀਆਂ-ਚੰਗਿਆਈਆਂ ਦੋਹਾਂ ਵਿਚ ਹੀ ਹਨ। ਇਸ ਦੇ ਬਾਵਜੂਦ ਵੀ ਪਰ ਅਸੀਂ ਦੋਵੇ ਧਿਰਾਂ ਇਕ ਬਾਪ ਦੇ ਬੇਟੇ ਹਾਂ, ਇਕ ਪਿਓ ਦੇ ਪੁੱਤਰ! ਲੜਾਈ ਕਾਹਦੀ? ਲੜਾਈ ਇਨੀ ਕਿ ਯਾਰ ਆਹ ਦੂਜਾ ਬਾਪ ਵਿਚ ਕਿਥੋਂ ਆ ਗਿਆ ਬਈ?

ਪਰ ਬਾਬਾ ਜਰਨੈਲ ਸਿੰਘ ਨੂੰ ਨਾ ਪਤਾ ਲੱਗਾ ਕਿ ਬਾਪ ਇੱਕ ਹੀ ਹੁੰਦਾ? ਉਨ੍ਹਾਂ ਇਸ ਦੀ ਕਥਾ ਕਿਵੇਂ ਕਰ ਦਿੱਤੀ? ਵਾਹਵਾ ਚਿਰ ਹੋ ਗਿਆ ਮੇਰਾ ਇੱਕ ਮਿੱਤਰ, ਜਿਹੜਾ ਹੁਣ ਨਹੀਂ, ਇਸ ਵਿਸ਼ੇ ਤੇ ਮੇਰੇ ਨਾਲ ਜਿਵੇਂ ਲੜ ਜਿਹਾ ਹੀ ਪਿਆ।

ਪਰ ਵੀਰ ਮੇਰੇ, ਬਾਬਾ ਜਰਨੈਲ ਸਿੰਘ ਦਾ ਸੱਚ ਆਖਰੀ ਸੱਚ ਨਹੀਂ ਸੀ। ਨਾ ਬਾਬੇ ਨੇ ਕਦੇ ਦਾਅਵਾ ਹੀ ਕੀਤਾ ਸੀ। ਜੇ ਕਿਤੇ ਕੀਤਾ ਤਾਂ ਦੱਸ? ਆਖਰੀ ਸੱਚ ਤਾਂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਹੈ। ਕੀ ਨਹੀਂ?

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top