Share on Facebook

Main News Page

ਗ੍ਰੰਥੀ ਅਤੇ ਗਿਆਨੀ
- ਗੁਰਦੇਵ ਸਿੰਘ ਸੱਧੇਵਾਲੀਆ

ਗ੍ਰੰਥੀ, ਜੇ ਗਿਆਨੀ ਯਾਨੀ ਗਿਆਨਵਾਨ ਨਹੀਂ, ਤਾਂ ਸਮਝੋ ਹਰੀ ਖੇਤੀ ਦੁਆਲਿਓਂ ਵਾੜ ਚੁੱਕ ਦਿੱਤੀ ਤੇ ਉਥੇ ਹਰੇਕ ਪਸ਼ੂ ਲੰਘ ਆਵੇਗਾ ਤੇ ਖੇਤੀ ਦਾ ਜੋ ਹਾਲ? ਉਹ ਅਸੀਂ ਸਭ ਦੇਖ ਰਹੇ ਹਾਂ। ਜਾਂ ਉਹ ਘਰ, ਜਿਸ ਦੇ ਕੋਈ ਜਿੰਦਰਾ ਨਹੀਂ ਤੇ ਦਰਵਾਜਾ ਭਿੜਿਆ ਹੋਇਆ ਨਹੀਂ, ਤਾਂ ਹਰੇਕ ਲੁਟੇਰਾ ਤਾਂ ਕੀ ਆਮ ਆਦਮੀ ਦਾ ਵੀ ਦਿਲ ਲਲਚਾ ਜਾਵੇਗਾ, ਕਿ ਬੂਹਾ ਖੁੱਲ੍ਹਾ ਚਲੋ ਕੁੱਝ ਦੇਖ ਚਲਦੇ ਹਾਂ। ਅਸੀਂ ਸਭ ਦੇਖ ਰਹੇ ਹਾਂ, ਕਿ ਸਾਡੇ ਘਰ ਹਰੇਕ ਲੰਘ ਰਿਹਾ ਹੈ, ਚੋਰ ਹੋਵੇ ਚਾਹੇ ਲੁਟੇਰਾ। ਇਥੋਂ ਤੱਕ ਕਿ ਭਾਜਪਾ ਜਾਂ ਆਰ.ਐਸ.ਐਸ ਸਾਨੂੰ ਸਾਡਾ ਇਤਿਹਾਸ ਪੜਾ ਰਹੀ ਹੈ, ਕਿ ਚੰਦੂ ਕੀ ਸੀ ਤੇ ਕੀ ਨਹੀਂ, ਇਹ ਵੀ ਕਿ ਗੁਰਬਾਣੀ ਅਤੇ ਦਸਰਥ ਦਾ ਰਾਮ ਦੋ ਨਹੀਂ ਇਕੋ ਸਨ, ਉਹ ਵੀ ਸਾਡੇ ਗ੍ਰੰਥੀਆਂ ਦੇ ਸਟੇਜ ਤੇ ਬੈਠਿਆਂ ਹੋਇਆਂ ਦੇ ਸਾਹਵੇਂ!

ਪਾਣੀ ਕਰਕੇ ਦੇਣਾ ਸਾਰੇ ਨਹੀਂ ਤਾਂ ਬਹੁਤੇ ਭਾਈਆਂ ਦਾ ਧੰਦਾ ਹੈ। ਫੂਕਾਂ ਮਾਰਨੀਆਂ, ਟੇਵਾ ਦੇਣਾ, ਸ਼ਬਦ ਕਰਕੇ ਦੇਣਾ, ਫਾਂਡਾ ਕਰਨਾ ਆਦਿ ਇਹ ਉਨ੍ਹਾਂ ਦਾ ਸਾਇਡ ਬਿਜਨੈੱਸ ਹੈ! ਪੰਡਤ ਦੇ ਮੰਤ੍ਰ ਕਰਕੇ ਦੇਣ ਵਾਂਗ ਭਾਈ ਜੀ ਹੁਰੀਂ ਵੀ ਲਾਲਚ ਕਾਰਨ ਇਸ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਹਨ ਯਾਨੀ ਪੱਗਾਂ-ਗਾਤਰਿਆਂ ਵਾਲੇ ਪੰਡੀਏ?

ਸਾਡੇ ਇਥੇ ਟਰੰਟੋ ਦੇ ਹੀ ਇਕ ਲੋਕਲ ਗੁਰਦੁਆਰੇ ਇਕ ਭਾਈ ਦਾਤੀ ਫੇਰ ਕੇ ਲੋਕਾਂ ਦਾ ਇਲਾਜ ਕਰਿਆ ਕਰਦਾ ਸੀ। ਮੈਨੂੰ ਕਿਸੇ ਮਿੱਤਰ ਨੇ ਦੱਸਿਆ ਤਾਂ ਮੈਂ ਅਪਣੇ ਗੁਆਂਢੀ ਦੇ ਮੁੰਡੇ ਨੂੰ ਲੈ ਕੇ ਉਸ ਦਾ ਇਲਾਜ ਕਰਾਉਂਣ ਬਹਾਨੇ ਉਸ ਅਗੇ ਜਾ ਬੈਠਿਆ। ਉਹ ਸੱਚੀਂ ਅੰਦਰੋਂ ਕਰਾਮਾਤੀ ਦਾਤੀ ਕੱਢ ਲਿਆਇਆ। ਦਾਤੀ ਉਸ ਦੇ ਦੁਆਲੇ ਘੁਮਾ ਕੇ ਫੂਕਾਂ ਮਾਰੀਆਂ ਤੇ ਚਲੋ ਹੋ ਗਿਆ ਇਲਾਜ? ਸ਼ਾਮੀਂ ਉਸ ਨਾਲ ਜਦ ਅਸੀਂ ਗੱਲ ਕਰਨ ਗਏ ਕਿ ਭਾਈ ਜੀ ਇਹ ਪਖੰਡ ਗੁਰੁੂ ਘਰ ਸੋਭਦਾ ਨਹੀਂ, ਤਾਂ ਲਾਗੇ ਬੈਠਾ ਗੁਰਦੁਆਰੇ ਦਾ ਪ੍ਰਧਾਨ ਸਾਡੇ ਨਾਲ ਲੜ ਪਿਆ! ਅਖੇ ਇੰਝ ਹੋ ਕਿਉਂ ਨਹੀਂ ਸਕਦਾ? ਗੁਰੁੂ ਸਾਹਿਬ ਸਮਰਥ ਸਨ ਉਨ੍ਹਾਂ ਜੇ ਦਾਤੀ ਨੂੰ ਵਰ ਦਿੱਤਾ ਤਾਂ ਕੁਝ ਵੀ ਹੋ ਸਕਦਾ। ਚਲੋ ਉਥੇ ਚੰਗਾ ਰੌਣਕ-ਮੇਲਾ ਲੱਗਿਆ। ਪ੍ਰਧਾਨ ਐਂ ਸਿਰੇ ਤੇ ਹੀ ਸੀ ਕਿ ਉਹ ਸਾਨੂੰ ਧੱਕੇ ਮਾਰ ਕੇ ਗੁਰਦੁਆਰੇ ਵਿਚੋਂ ਕੱਢਦਾ, ਪਰ ਇਕ ਹੋਰ ਮੌਕੇ ਤੇ ਆਏ ਦੋਵਾਂ ਧਿਰਾਂ ਦੇ ਸਾਂਝੇ ਬੰਦੇ ਨੇ ਦੋਵਾਂ ਧਿਰਾਂ ਨੂੰ ਠੰਡਿਆਂ ਕਰਕੇ ਸਾਨੂੰ ਤੋਰ ਦਿੱਤਾ।

ਕੋਈ ਪ੍ਰਚਾਰਕ, ਕੋਈ ਕਥਾਕਾਰ, ਕੋਈ ਕੀਰਤਨੀਆਂ ਕੁਝ ਪ੍ਰਚਾਰ ਨਹੀਂ ਕਰ ਸਕਦਾ, ਜੇ ਤੁਹਾਡੇ ਗੁਰਦੁਆਰੇ ਦਾ ਗ੍ਰੰਥੀ ਸਿੰਘ ਪਹਿਰੇਦਾਰ ਨਹੀਂ। ਪ੍ਰਚਾਰਕ ਕੀ ਕਰੂ ਜਦ ਗ੍ਰੰਥੀ ਨੇ ਸਹਿਜੇ ਜਿਹੇ ਮਗਰੋਂ ਕਹਿ ਦੇਣਾ, ਸੰਗਤ ਜੀ ਇਹ ਨਿਸ਼ਰਧਕ ਲੋਕ ਹਨ, ਅੱਖਰ ਗਿਆਨੀ? ਇਨੀ ਗੱਲ ਨਾਲ ਹੀ ਉਸ ਸਭ ਕੁਝ ਦੀ ਜਾਨ ਕੱਢ ਕੇ ਰੱਖ ਦੇਣੀ।

ਇਥੇ ਡਿਕਸੀ ਗੁਰਦੁਆਰਾ ਸਾਹਿਬ ਦੀ ਗੱਲ ਹੈ। ਪ੍ਰੋ. ਧੂੰਦਾ ਆਇਆ। ਵਧੀਆ ਪ੍ਰਚਾਰ ਤੇ ਗੱਲਾਂ ਹੋਈਆਂ। ਉਹ ਹਾਲੇ ਉੱਠ ਕੇ ਹੀ ਗਿਆ ਕਿ ਉਥੇ ਦੇ ਗ੍ਰੰਥੀ ਨੇ ਮਗਰੇ ਕ੍ਰਿਪਾ ਕਰੀ ਹਮ ਜਗਮਾਤਾ ਕਹਿ ਕੇ ਉਸ ਦੀ ਸਾਰੀ ਕਥਾ ਦਾ ਭੋਗ ਪਾ ਦਿੱਤਾ। ਕਮੇਟੀ ਰੂਮ ਵਿਚ ਪ੍ਰਬੰਧਕ ਬੜੇ ਮਾਣ ਨਾਲ ਅਪਣੇ ਗੁਰਦੁਆਰੇ ਦੀ ਮਰਿਯਾਦਾ ਦੱਸ ਰਹੇ ਸਨ, ਪਰ ਲਾਗੇ ਬੈਠੇ ਸ੍ਰ. ਚੈਨ ਸਿੰਘ ਧਾਲੀਵਾਲ ਕਹਿਣ ਲਗੇ ਧੂੰਦਾ ਸਾਹਿਬ ਇਨ੍ਹਾਂ ਭਰਾਵਾਂ ਨੂੰ ਇਹ ਤਾਂ ਪੁੱਛਦੇ ਜਾਓ ਕਿ ਕਥਾ ਕਰਉਂਣ ਦਾ ਕੀ ਫਾਇਦਾ ਹੋਇਆ, ਆਹ ਮਗਰੇ ਤੁਹਾਡਾ ਭਾਈ ਜੀ ਸੁਹਾਗਾ ਫੇਰੀ ਜਾ ਰਿਹਾ? ਪ੍ਰਧਾਨ ਲੜ ਪਿਆ ਕਿ ਉਸ ਇਹ ਗੱਲ ਕਿਉਂ ਕੀਤੀ? ਇਹ ਲੜ ਹੀ ਤਾਂ ਸਕਦੇ!

ਉਸ ਘਰ ਨੂੰ ਲੁੱਟਣੋਂ ਕੋਈ ਨਹੀਂ ਬਚਾ ਸਕਦਾ, ਜਿਸ ਦਾ ਪਹਿਰੇਦਾਰ ਨਾ ਸੁਚੇਤ ਹੋਵੇ। ਤੁਸੀਂ ਅਪਣੇ ਘਰ ਵਿਚ ਅਲਾਰਮ ਸਿਸਟਮ ਕਿਉਂ ਲਵਾਉਂਦੇ ਹੋ। ਤਾਂ ਕਿ ਤੁਹਾਡਾ ਘਰ ਲੁਟੇਰਿਆਂ ਤੋਂ ਬਚਿਆ ਰਹੇ, ਪਰ ਚੋਰ ਆਉਂਣ ਤੇ ਜੇ ਤੁਹਾਡਾ ਅਲਾਰਮ ਬੋਲੇ ਹੀ ਨਾ? ਪਰ ਯਕੀਨਨ ਮੇਰੀ ਕੌਮ ਦੇ ਅੱਜ ਦੇ ਬਹੁਤੇ ਗ੍ਰੰਥੀਆਂ ਭਾਈਆਂ ਨਾਲੋਂ 100-50 ਡਾਲਰ ਦਾ ਅਲਾਰਮ ਵੀ ਚੰਗਾ ਹੈ, ਜਿਹੜਾ ਘੱਟੋ ਘੱਟ ਟੀਂ.ਟੀਂ ਤਾਂ ਕਰਨ ਲੱਗ ਜਾਂਦਾ ਹੈ ਨਾ। ਪਰ ਇਸ ਅਲਾਰਮ ਦੀਆਂ ਤਾਂ ਤਾਰਾਂ ਹੀ ਖਿੱਚ ਛੱਡਦਾ ਗੁਰਦੁਆਰੇ ਦਾ ਪ੍ਰਧਾਨ। ਅਸੀਂ ਇਹ ਅਲਾਰਮ ਗੁਰਦੁਆਰਿਆਂ ਵਿਚ ਐਵੇਂ ਟੰਗੇ ਹੋਏ ਹਨ ਕਿ ਅਲਾਰਮ ਹਨ, ਪਰ ਇਹ ਵਜਦੇ ਵੁਜਦੇ ਕੋਈ ਨਹੀਂ। ਕਿ ਵਜਦੇ?

ਜਿਸ ਬੰਦੇ ਨੇ ਪਹਿਰਾ ਤਾਂ ਇਹ ਦੇਣਾ ਸੀ ਕਿ ਕੌਮ ਮੇਰੀ ਜਾਗਦੀ ਰਹੇ, ਉਹ ਬੰਦਾ ਪਹਿਰਾ ਇਹ ਦੇ ਰਿਹਾ ਕਿ ਮੌਕੇ ਦੀ ਪ੍ਰਧਾਨ ਦੀ ਕੁਰਸੀ ਕਿਵੇਂ ਸਲਾਮਤ ਰਹੇ। ਉਹ ਬੀ.ਬੀ.ਸੀ. ਲੰਡਨ ਵਾਂਗ ਸ਼ਾਮ ਨੂੰ ਸਾਰੀ ਖਬਰ ਪ੍ਰਧਾਨ ਨੂੰ ਜੇ ਨਹੀਂ ਦਿੰਦਾ ਕਿ ਇਥੇ ਕੌਣ ਆਇਆ, ਕੌਣ ਗਿਆ, ਕਿਸ ਦਾ ਫੋਨ ਆਇਆ ਤਾਂ ਉਹ ਗ੍ਰੰਥੀ ਹੀ ਕਾਹਦਾ ਹੋਇਆ। ਉਸ ਨੂੰ ਵੀ ਪਤਾ ਕਿ ਚਾਹ ਪਿਆ ਕੇ ਤੇ ਦੋ ਚਾਰ ਦੀਆਂ ਚੁਗਲੀਆਂ ਨਾਲ ਜੇ ਪ੍ਰਧਾਨ ਖੁਸ਼ ਹੁੰਦਾ ਤਾਂ ਕਿਹੜੀ ਕੌਮ, ਕਿਹੜੀ ਵਿਚਾਰਧਾਰਾ, ਕਿਹੜਾ ਗੁਰੂ ਗਰੰਥ ਸਹਿਬ? ਅਗੋਂ ਪ੍ਰਧਬੰਕ ਵੀ ਗ੍ਰੰਥੀ ਦੀ ਕਮਜ਼ੋਰੀ ਜਾਣਦਾ ਤੇ ਉਹ ਉਸ ਨੂੰ ਨੌਕਰ ਤੋਂ ਵੱਧ ਕੁਝ ਨਹੀਂ ਸਮਝਦਾ। ਕਿ ਸਮਝਦਾ? ਮੈਨੂੰ ਪਤੈ ਕਈਆਂ ਗੁਰਦੁਆਰਿਆਂ ਦੇ ਗ੍ਰੰਥੀਆਂ ਨੂੰ ਚੌਧਰੀਆਂ ਦੇ ਰਿਸ਼ਤੇਦਾਰ ਅਪਣੇ ਘਰ ਮੂਵ ਕਰਨ ਲਈ ਤੇ ਕਈ ਅਪਣੇ ਘਰਾਂ ਦਾ ਰੰਗ-ਰੋਗਨ ਕਰਨ ਲਈ ਖੜਦੇ ਹਨ। ਕਈ ਗੱਡੀਆਂ ਸ਼ੈਪੂ ਕਰਾਂਉਦੇ ਅਤੇ ਕਈ ਅਪਣੇ ਪੱਟਾਂ ਦੀਆਂ ਮਾਲਸ਼ ਕਰਵਾਉਂਦੇ ਹਨ। ਉਨ੍ਹਾਂ ਨੂੰ ਪਤੈ ਇਹ ਡੈੱਡ ਅਲਾਰਮ (Dead Alarm) ਹਨ ਇਨ੍ਹਾ ਕਿਹੜਾ ਖੜਕਨਾ! ਨਹੀਂ?

ਕੁਝ ਗੁਰਦੁਆਰਾ ਸਿਸਟਮ ਨੇ ਅਤੇ ਕੁੱਝ ਖੁਦ ਗ੍ਰੰਥੀ ਸਿੰਘ ਦੇ ਅਪਣੇ ਲਾਲਚ ਨੇ ਚੋਰਾਂ ਲਈ ਦਰਵਾਜੇ ਚੌਪਟ ਖੋਲ੍ਹ ਦਿੱਤੇ ਹੋਏ ਹਨ। ਕੋਈ ਕੀ ਬੋਲ ਰਿਹਾ, ਕੀ ਕਹਿ ਰਿਹਾ, ਬੋਲਣ ਵਾਲਾ ਕੌਣ ਹੈ, ਕਿਸੇ ਨੂੰ ਕੋਈ ਮੱਲਤਬ ਨਹੀਂ। ਪ੍ਰਬੰਧਕ ਨੂੰ ਤਾਂ ਹੋਣਾ ਹੀ ਕੀ, ਗ੍ਰੰਥੀ ਨੂੰ ਵੀ ਨਹੀਂ। ਉਸ ਵਿਚੋਂ ਜੁਅਰਤ ਨਾਂ ਦੀ ਗੱਲ ਦਮ ਤੋੜ ਚੁੱਕੀ ਹੈ। ਬਹੁਤੇ ਤਾਂ ਉਝ ਹੀ ਹੱਥ ਸਿਧੇ ਕਰਕੇ ਇਧਰੋਂ ਉਧਰੋਂ ਚਾਰ ਅੱਖਰ ਸਿੱਖ ਕੇ, ਗ੍ਰੰਥੀ ਭਾਈ ਲੱਗ ਜਾਂਦੇ ਹਨ, ਉਨ੍ਹਾਂ ਸਾਹਵੇਂ ਤਾਂ ਭਾਵੇਂ ਕੋਈ ਰਮਾਇਣ ਪੜਕੇ ਚਲਾ ਜਾਵੇ ਉਨ੍ਹਾਂ ਉਸ ਨੂੰ ਵੀ ਮਹਾਂਪਰੁਖ ਕਹਿ ਦੇਣਾ ਹੈ! ਨਹੀਂ?

ਗਿਆਨੀ ਮੋਹਰ ਸਿੰਘ ਹੁਰਾਂ ਗੱਲ ਸੁਣਾਈ, ਕਿ ਥਾਲੀਲੈਂਡ ਵਿਖੇ ਗਿਆਨੀ ਅਰਜਨ ਸਿੰਘ 28 ਸਾਲ ਤੋਂ ਉਪਰ ਰਹੇ। ਪਰ ਜਿੰਨਾ ਚਿਰ ਉਹ ਜਿਉਂਦੇ ਰਹੇ ਉਨ੍ਹਾ ਕਿਸੇ ਸਿੱਖ ਬੱਚੇ-ਬੱਚੀ ਦਾ ਡਾਇਵੋਰਸ ਨਹੀਂ ਹੋਣ ਦਿੱਤਾ। ਗਿਆਨੀ ਮਾਨ ਸਿੰਘ ਝੌਰ ਹੋਰਾਂ ਵੀ ਅਪਣੀ ਕਥਾ ਵਿਚ ਉਨ੍ਹਾਂ ਦੇ ਕ੍ਰੈਕਟਰ ਦਾ ਜ਼ਿਕਰ ਕਰਦਿਆਂ ਕਿਹਾ ਸੀ, ਇਕ ਉਹ ਗ੍ਰੰਥੀ ਸਨ ਜਿਸ ਕੋਲੇ ਕਿਸੇ ਸਮੇ ਵੀ ਨੌਜਵਾਨ ਬੱਚੀਆਂ ਕੀਰਤਨ ਜਾਂ ਸੰਥਿਆ ਕਰਦੀਆਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਸੀ ਹੁੰਦਾ। ਤੇ ਕਿਸੇ ਪ੍ਰਧਾਨ-ਸਕੱਤਰ ਦੀ ਕਦੇ ਜੁਅਰਤ ਵੀ ਨਾ ਹੋਈ ਸੀ ਕਿ ਉਨ੍ਹਾਂ ਦੇ ਕੰਮਾ ਵਿਚ ਦਖਲ ਦੇ ਜਾਣ।

ਸਾਡੇ ਛੋਟੇ ਹੁੰਦਿਆਂ ਸਾਡੇ ਪਿੰਡ ਦਾ ਗ੍ਰੰਥੀ ਬਾਬਾ ਹਰਾ ਸਿੰਘ ਹੁੰਦਾ ਸੀ। ਉਹ ਗਜਾ ਕਰਨ ਗਿਆ ਕੇਵਲ ਰੋਟੀਆਂ ਮੰਗ ਕੇ ਹੀ ਨਹੀਂ ਸੀ ਮੁੜ ਆਉਂਦਾ, ਬਲਕਿ ਉਹ ਹਰੇਕ ਘਰ ਘਰ ਜਾ ਕੇ ਪ੍ਰੇਰਨਾ ਕਰਦਾ ਹੁੰਦਾ ਸੀ, ਕਿ ਤੁਹਾਡੇ ਬੱਚੇ ਨੇ ਕੇਸ ਕਿਉਂ ਨਹੀਂ ਰੱਖੇ, ਤੁਸੀਂ ਹਾਲੇ ਖੰਡੇ ਦੀ ਪਾਹੁਲ ਕਿਉਂ ਨਹੀਂ ਲਈ, ਤੁਹਾਡਾ ਬੰਦਾ ਕੀ ਸ਼ਰਾਬ ਪੀਂਦਾ ਹੈ? ਉਸ ਨੂੰ ਸ਼ਾਮੀ ਗੁਰਦੁਆਰੇ ਲੈ ਕੇ ਆਉਣਾ ਆਪਾਂ ਗੁਰੂ ਜੀ ਅਗੇ ਉਸ ਲਈ ਅਰਦਾਸ ਕਰਾਂਗੇ। ਤੇ ਜਦ ਉਹ ਮਰਿਆ ਸ਼ਹਿਰੋਂ ਉਸ ਦੀ ਦੇਹ ਆਉਂਣੀ ਸੀ ਤਾਂ ਸਾਰਾ ਪਿੰਡ ਫਿਰਨੀ ਤੇ ਬੈਠਿਆ ਹੋਇਆ ਸੀ ਉਸ ਦੇ ਸਤਿਕਾਰ ਲਈ।

ਹਾਂਗਕਾਂਗ ਦੀ ਗੱਲ ਹੈ। ਕੋਈ 82 ਕੁ ਤੋਂ ਪਹਿਲਾਂ ਦੀ। ਉਥੇ ਗਿਆਨੀ ਅੰਮ੍ਰਿਤਪਾਲ ਸਿੰਘ ਗ੍ਰੰਥੀ ਹੁੰਦੇ ਸਨ, ਜੀਹਨਾਂ ਨੂੰ ਹੁਣ ਵੀ ਕਦੇ ਪੜਨ ਦਾ ਮੌਕਾ ਮਿਲਦਾ ਹੈ, ਚੰਗੇ ਉਸਾਰੂ ਕੰਮੈਟਸ ਹੁੰਦੇ ਹਨ ਉਨ੍ਹਾਂ ਦੇ। ਸਨ ਸਖਤ, ਪਰ ਉਹ ਉਨ੍ਹਾਂ ਸਮਿਆਂ ਵਿਚ ਆਹ ਗੱਲਾਂ ਕਰਿਆ ਕਰਦੇ ਸਨ, ਜਿਹੜੀਆਂ ਸਾਨੂੰ ਸਭ ਨੂੰ ਹੁਣ ਜਾ ਕੇ ਸਮਝ ਆਈਆਂ, ਯਾਨੀ 84 ਦੇ ਅਟੈਕ ਤੋਂ ਵੀ ਪਹਿਲਾਂ! ਉਹ ਸਟੇਜ ਤੇ ਖੁਲ੍ਹੇਆਮ ਬੋਲਿਆ ਕਰਦੇ ਸਨ, ਕਿ ਪੁਜਾਰੀ ਬ੍ਰਾਹਮਣ ਸੱਪ ਹੈ, ਸਿੱਖੋ ਇਸ ਦੇ ਡੰਗ ਤੋਂ ਬੱਚ ਜਾਓ। ਉਥੇ ਸਿੰਧੀ ਕਾਫੀ ਹਨ ਤੇ ਹਨ ਵੀ ਅਮੀਰ। ਉਨ੍ਹਾਂ ਦਾ ਸ਼ਿਕਵਾ ਹੁੰਦਾ ਸੀ, ਕਿ ਭਾਈ ਤੁਹਾਡਾ ਸਾਡੇ ਧਰਮ ਖਿਲਾਫ ਬੋਲਦਾ, ਪਰ ਗਿਆਨੀ ਜੀ ਦਰਅਸਲ ਹਿੰਦੂਆਂ ਜਾਂ ਕਿਸੇ ਦੇ ਧਰਮ ਖਿਲਾਫ ਨਹੀਂ, ਬਲਕਿ ਬ੍ਰਾਹਮਣ ਦੀ ਅਜਾਰੇਦਾਰੀ ਨੂੰ ਚੈਲਿੰਜ ਸਨ, ਤੇ ਇਸ ਗੱਲ ਬਾਰੇ ਚਿੰਚਤ ਸਨ, ਕਿ ਬਿਪਰ ਮੇਰੀ ਕੌਮ ਨੂੰ ਖਾ ਜਾਏਗਾ। ਬੇਸ਼ਕ ਉਨ੍ਹਾਂ ਨੂੰ ਇਹ ਗੱਲਾਂ ਕਰਨ ਦੀ ਕੀਮਤ ਤਾਰਨੀ ਪਈ ਤੇ ਉਨ੍ਹਾਂ ਨੂੰ ੳਥੋਂ ਕੱਢ ਦਿੱਤਾ ਗਿਆ, ਪਰ ਉਨ੍ਹਾਂ ਅਪਣੇ ਫਰਜ ਦੀ ਪਹਿਰੇਦਾਰੀ ਠੋਕ ਕੇ ਕੀਤੀ।

ਤੇ ਯਕੀਨਨ, ਸਭ ਗੁਰਦੁਆਰਿਆਂ ਵਿਚ ਅਜਿਹੇ ਗਿਆਨੀ ਅਤੇ ਜੁਅਰਤ ਵਾਲੇ ਗ੍ਰੰਥੀ ਸਿੰਘ ਹੋਣ ਲੱਗ ਜਾਣ, ਤਾਂ ਸਾਡੀ ਵਾੜ ਵਿਚੋਂ ਕੋਈ ਬਾਬਾ, ਵੱਛਾ-ਵਹਿੜਕਾ ਵਾੜ ਨਹੀਂ ਟੱਪ ਸਕੇਗਾ, ਤੇ ਇਹ ਗੁਰੂ ਸਾਹਿਬਾਨਾਂ ਦੀ ਸਿੱਖ ਨੂੰ ਬਖਸ਼ੀ ਖੁਬਸੂਰਤ ਤੇ ਹਰੀ ਭਰੀ ਖੇਤੀ ਉਝੜਨੋ ਬੱਚ ਜਾਏਗੀ! ਸਭ ਗੁਰਦੁਆਰਿਆਂ ਨੂੰ ਅਪਣੇ ਇਹ ਅਲਾਰਮ ਦੇਖਣੇ ਬਣਦੇ ਹਨ, ਕਿ ਚੋਰ ਆਉਂਣ ਤੇ ਇਹ ਖੜਕਦੇ ਵੀ ਹਨ ਜਾਂ ਇਨ੍ਹਾਂ ਨੂੰ ਚੋਰ ਦੀ ਪਛਾਣ ਵੀ ਹੈ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top