Share on Facebook

Main News Page

ਬਾਂਦਰ ਅਤੇ ਬਿੱਲੀਆਂ
- ਗੁਰਦੇਵ ਸਿੰਘ ਸੱਧੇਵਾਲੀਆ

ਤੁਸੀਂ ਕਹਾਣੀ ਸੁਣੀ ਹੋਣੀ ਕਿ ਦੋ ਬਿੱਲੀਆਂ ਰੋਟੀ ਦੇ ਟੁਕੜੇ ਤੋਂ ਲੜ ਪਈਆਂ। ਕੋਈ ਫੈਸਲਾ ਨਾ ਹੋ ਪਾਇਆ ਕਿ ਕਿਹੜਾ ਟੁੱਕੜਾ ਵੱਡਾ ਤੇ ਕਿਹੜਾ ਛੋਟਾ। ਆਖਰ ਬਾਂਦਰ ਕੋਲੇ ਗਈਆਂ ਕਿ ਭਰਾ ਸਾਡਾ ਫੈਸਲਾ ਕਰ। ਬਾਂਦਰ ਨੇ ਦੋਨੋ ਟੁੱਕੜੇ ਹੱਥ ਵਿਚ ਫੜ ਕੇ ਜੋਹੇ ਤਾਂ ਕਹਿਣ ਲੱਗਾ ਕਿ ਆਹ ਵੱਡਾ। ਉਸ ਨੂੰ ਬੁਰਕ ਮਾਰਿਆ ਕਿ ਬਰਾਬਰ ਕਰ ਕੇ ਦਿੰਨਾ ਤਾਂ ਦੂਜਾ ਵੱਡਾ ਹੋ ਗਿਆ! ਯਾਨੀ ਮੁੱਕਣ ਤੱਕ ਦੋਨੋਂ ਟੁੱਕੜੇ ਬਰਾਬਰ ਨਾ ਹੋਏ ਤੇ ਰੋਟੀ ਸਾਰੀ ਬਾਂਦਰ ਝੱਫ ਗਿਆ!

ਇਸ ਕਹਾਣੀ ਵਿਚ ਬਾਂਦਰ ਇਕ ਨਹੀਂ ਦੋ ਨੇ। ਇਕ ਬਿੱਲੀ ਨੂੰ ਇਕ ਬਾਂਦਰ ਸ਼ਹਿ ਦੇ ਰਿਹਾ ਤੇ ਦੂਜੀ ਨੂੰ ਦੂਜਾ! ਬਾਦਲ ਅਤੇ ਸਰਨੇ ਦੀ ਬਿੱਲੀਆਂ ਵਾਲੀ ਲੜਾਈ ਵਿਚ ਇਕ ਪਿੱਛੇ ਕਾਂਗਰਸ ਖੜੀ ਤੇ ਦੂਜੇ ਮਗਰ ਭਾਜਪਾ। ਦੋਨਾਂ ਬਿੱਲੀਆਂ ਨੂੰ ਕਿਉਂਕਿ ਤਾਕਤ ਚਾਹੀਦੀ ਤੇ ਤਾਕਤ ਲੈਣ ਵਾਸਤੇ ਵੀ ਤਾਕਤ ਚਾਹੀਦੀ। ਇਕ ਦੀ ਤਾਕਤ ਦਾ ਸੋਮਾ ਕਾਂਗਰਸ ਅਤੇ ਦੂਜੀ ਬਿੱਲੀ ਦਾ ਭਾਜਪਾ।

ਤੁਸੀਂ ਕਦੇ ਰਾਤ ਨੂੰ ਬਿੱਲੀਆਂ ਲੜਦੀਆਂ ਸੁਣੀਆਂ? ਕਿੰਨੀ ਬਦਸ਼ਗਨੀ ਜਿਹੀ ਅਵਾਜ ਹੁੰਦੀ ਤੇ ਉਥੇ ਹੀ ਘਿੱਚ ਘਿੱਚ ਕਰੀ ਜਾਂਦੀਆਂ ਹੁੰਦੀਆਂ ਛੇਤੀ ਦੇਣੀ ਗਲ ਨਹੀਂ ਪੈਂਦੀਆਂ। ਪਰ ਇਥੇ ਤਾਂ ਬਿੱਲੀਆਂ ਨਹੁੰਦਰੋ-ਨਹੁੰਦਰੀ ਹੋਈਆਂ ਪਈਆਂ ਸਨ। ਸਿਰ ਪਾਟੇ, ਲਹੂ ਵਗਦਾ ਫਿਰੇ, ਦਸਤਾਰਾਂ ਗਲ ਵਿਚ, ਲੀੜੇ ਪਾਟੇ! ਸ਼ਹਿ ਹੈ।ਲੜਾਈ ਹੁੰਦੀ ਹੀ ਸ਼ਹਿ ਨਾਲ ਹੈ। ਹਲਾਅ ਹਲਾਅ ਕੀਤੇ ਬਿਨਾ ਤਾਂ ਕੁੱਤੇ ਵੀ ਗਲ ਨਹੀਂ ਪੈਂਦੇ ਇਕ ਦੂਏ ਦੇ! ਪੈਂਦੇ ਨੇ?

ਸਿੱਖਾਂ ਦੇ ਗੁਰਦੁਆਰਿਆਂ ਵਿਚ ਲੜਾਈ ਕਾਹਦੀ ਹੈ? ਪੈਸੇ ਦੀ! ਯਾਨੀ ਤਾਕਤ ਦੀ! ਪੈਸਾ ਤਾਕਤ ਹੀ ਹੈ ਨਾ। ਤੇ ਤਾਕਤ ਬੰਦੇ ਨੂੰ ਕਿਉਂ ਚਾਹੀਦੀ? ਤਾਕਤ ਨਾਲ ਮਨੁੱਖ ਅਪਣੀ ਹਉਂ ਦੀ ਪੂਰਤੀ ਕਰਦਾ ਹੈ। ਕੋਈ ਤਾਂ ਉਸ ਨੂੰ ਪੁੱਛੇ, ਕੋਈ ਤਾਂ ਉਸ ਨੂੰ ਸਲੂਟ ਕਰੇ, ਕੋਈ ਤਾਂ ਉਸ ਦੀ ਜੀ ਹਜੂਰੀ ਕਰੇ! ਇਹ ਭੁੱਖ ਬੰਦੇ ਦੀ ਸਦੀਆਂ ਤੋਂ ਰਹੀ ਹੈ। ਚਲੋ ਦੱਸੋ ਸਰਨੇ ਜਾਂ ਬਾਦਲਾਂ ਨੂੰ ਕੀ ਰੋਟੀ ਦੀ ਭੁੱਖ ਹੈ? ਉਹ ਕੀ ਸੜਕ ਤੇ ਨੰਗੇ ਸੌਂਦੇ ਨੇ? ਸਿਰ ਤੇ ਕੀ ਛੱਤ ਨਹੀਂ? ਅਥਾਹ ਸਰਮਾਇਆ ਚਾਹੇ ਅੱਗ ਲਾ ਕੇ ਸੇਕ ਲੈਣ। ਪਰ ਭੁੱਖ ਕੀ ਹੈ? ਹਉਂ ਦੀ? ਮੈਂ ਮੁੱਖ ਮੰਤਰੀ, ਮੇਰਾ ਕਬਜਾ ਸ਼੍ਰਮੋਣੀ ਕਮੇਟੀ ਉਪਰ ਤੇ ਹੁਣ ਦਿੱਲੀ ਕਿਉਂ ਦੂਰ ਏ? ਦਿੱਲੀ ਗੁਰਦੁਆਰੇ ਵੀ ਮੇਰੇ ਹੋਣ? ਮੇਰੇ? ਹਾਂਅ ਮੇਰੇ! ਮੱਤ ਭੁਲੇਖੇ ਵਿਚ ਰਹਿਣਾ ਕਿ ਗੁਰਦੁਆਰੇ ਗੁਰੁੂ ਦੇ ਨੇ! ਕਿਸ ਕਿਹਾ ਤੁਹਾਨੂੰ ਕਿ ਗੁਰਦੁਆਰੇ ਗੁਰੂ ਦੇ ਨੇ? ਗੁਰਦੁਆਰੇ ਬਾਦਲਾਂ ਦੇ ਨੇ ਤੇ ਜਿਥੇ ਨਹੀਂ ਉਥੇ ਸਰਨਿਆਂ ਦੇ ਨੇ!

ਕੋਈ ਵੀ ਗੁਰਦੁਆਰਾ ਗੁਰੂ ਦਾ ਨਹੀਂ ਰਿਹਾ! ਜਿਵੇਂ ਪੰਡੀਏ ਨੇ ਰੱਬ ਨੂੰ ਧੱਕੇ ਮਾਰ ਮਾਰ ਮੰਦਰਾਂ ਵਿਚੋਂ ਕੱਢ ਦਿੱਤਾ ਸੀ ਉਵੇਂ ਸਿੱਖਾਂ ਦੇ ਚੌਧਰੀਆਂ ਨੇ ਗੁਰੂ ਧੱਕੇ ਮਾਰ ਮਾਰ ਗੁਰੁਦਆਰਿਆਂ ਵਿਚੋਂ ਕੱਢ ਛੱਡਿਆ ਹੋਇਆ। ਜਿਥੇ ਗੁਰੂ ਦੀ ਮੱਤ ਹੀ ਨਾ ਵਰਤੀਦੀ ਹੋਵੇ ਉਥੇ ਗੁਰੂ ਕਿਵੇਂ ਰਹਿ ਗਿਆ? ਰਹਿ ਗਿਆ? ਗੁਰਦੁਆਰਾ ਕਿਸੇ ਸਾਧ ਦਾ ਹੈ, ਕਿਸੇ ‘ਬ੍ਰਹਮਗਿਆਨੀ’ ਦਾ ਹੈ, ਕਿਸੇ ਧੜੇ ਦਾ ਹੈ, ਕਿਸੇ ਸੰਸਥਾ ਦਾ ਹੈ ਤੇ ਜਾਂ ਕਿਸੇ ਪ੍ਰਧਾਨ ਸਕੱਤਰ ਦਾ ਹੈ? ਤੇ ਬਹੁਤੇ ਗੁਰਦੁਆਰੇ ਅਸਿੱਧੇ ਰੂਪ ਵਿਚ ਗੁੰਡਿਆਂ ਦੇ ਹਨ? ਜਿੰਨੇ ਜਿਆਦਾ ਗੁੰਡੇ ਉਨਾ ਜਿਆਦਾ ਕਬਜਾ! ਇਥੇ ਟਰੰਟੋ ਦੀ ਗੱਲ ਹੈ। ਗਲਿੱਡਨ ਗੁਰਦੁਆਰੇ ਵਿਚ ਟਕੂਏ ਵਾਹੁਣ ਦੇ ਦੋਸ਼ ਹੇਠ ਕੇਸ ਦਾ ਸਾਹਮਣਾ ਕਰ ਰਹੇ ਟਹਿਲ ਸਿੰਘ ! ਲੜਾਈ ਤੋਂ ਕੁਝ ਚਿਰ ਪਹਿਲੇ ਕੁਝ ਸਿਆਣੇ ਸੱਜਣ ਇਸ ਗੱਲ ਲਈ ਗਏ ਕਿ ਲੜਾਈ ਵਿਚ ਕੁਝ ਨਹੀਂ ਤੁਸੀਂ ਰਲ ਕੇ ਕੋਈ ਰਾਹ ਕੱਢੋ। ਉਹ ਬਾਈ ਜੀ ਕਹਿਣ ਲਗੇ ਕਿ ਕੋਈ ਰਾਹ ਰੂਹ ਨਹੀਂ ਇਥੇ ਗੁੰਡਿਆਂ ਤੋਂ ਬਿਨਾ ਗੁਰਦੁਆਰੇ ਨਹੀਂ ਚਲਦੇ! ਤੁਹਾਨੂੰ ਕੀ ਪਤਾ! ਜਾਓ ਸਾਨੂੰ ਅਪਣੀ ਲੜਾਈ ਲੜਨ ਦਿਓ! ਤੇ ਨਤੀਜਾ?

ਡਿਕਸੀ ਗੁਰਦੁਆਰਾ ਸਾਹਬ ਦੀ ਇਸ ਗਲੇ ਮੀਟਿੰਗ ਸੀ ਕਿ ਹੁਣ ਅਗੋਂ ਲੜਾਈ ਲੜੀ ਜਾਵੇ ਜਾਂ ਨਾ? ਕਿਉਂਕਿ ਕਰੀਬਨ 23 ਲੱਖ ਡਾਲਰ ਗੁਰੁੂ ਘਰ ਦਾ ਲੱਗ ਚੁੱਕਾ ਹੋਇਆ। ਸਭ ਨੇ ਵਾਰੀ ਸਿਰ ਅਪਣੇ ਬਿਆਨ ਦਰਜ ਕੀਤੇ। ਕੋਈ 24 ਕੁ ਬੰਦੇ ਉਥੇ ਹਾਜਰ ਸਨ, ਪਰ ਸਿਵਾਏ ਸ੍ਰ ਚੈਨ ਸਿੰਘ ਧਾਲੀਵਾਲ ਤੋਂ ਬਿਨਾ ਕਿਸੇ ਨੇ ਲੜਾਈ ਬੰਦ ਕਰਨ ਦੀ ਗੱਲ ਨਹੀਂ ਕੀਤੀ। ਸਭ ਦੀ ਟੋਨ ਸੀ ਚੱਕੀ ਚਲੋ ਫੱਟੇ? ਪਰ ਤੁਸੀਂ ਸੁਣਕੇ ਹੈਰਾਨ ਹੋਵੋਂਗੇ ਕਿ ਜਦ ਵਾਰੀ “ਖਾਲਿਤਸਤਾਨ ਸਾਹਬ” ਹੋਰਾਂ ਦੀ ਆਈ, ਤਾਂ ਉਨ੍ਹਾਂ ਦੀ ‘ਸਟੇਟਮੈਂਟ’ ਸੀ ਲੜੀ ਚਲੋ, 10 ਸਾਲ ਕਿਸੇ ਨਹੀਂ ਪੁੱਛਣਾ, ਇੰਝ ਹੀ ਲੰਘ ਜਾਣੇ ਹਨ??? ਯਾਨੀ ਤੁਹਾਡੀ ਕਿਹੜਾ ਜ੍ਹੇਬ ਚੋਂ ਲਗਣੇ, 10 ਸਾਲ ਕਬਜਾ ਤਾਂ ਰਹੇਗਾ! ਨਹੀਂ? ਇਹ ਸਾਡੀ ਕੌਮੀ ਸੋਚ ਹੈ।

ਮੈਂ ਪਿੱਛੇ ਜਿਹੇ ਵੀ ਕਿਹਾ ਸੀ ਜਦ ਕਿਤੇ ਗੁਰਦੁਆਰੇ ਲੜਾਈ ਹੋਵੇ ਤਾਂ ਮੀਡੀਏ ਦੇ ਭਾਅ ਦਾ ਤਾਂ ਜਿਵੇਂ ਬਿੱਲੀ ਭਾਗੀਂ ਛਿੱਕਾ ਟੁੱਟਾ ਹੁੰਦਾ। ਇਨ੍ਹਾਂ ਦੇ ਲਲਕਾਰੇ ਤਾਂ ਫਿਰ ਦੇਖਣ ਵਾਲੇ ਹੁੰਦੇ। ਇਨੇ ਹੋਸ਼ੇ ਤੇ ਛੋਹਦੇ? (ਸਾਰੇ ਨਹੀਂ)

ਗੁਰਦੁਆਰੇ ਹੋਈ ਲੜਾਈਈਈਈ…ਚਕਵਾਂ ਮਿਉਜ਼ਿਕ! ਕ੍ਰਿਪਾਨਾਂ ਚਲੀਆਂਆਂਆਂਆਂਆਂਆਂ…ਫਿਰ ਮਿਉਜ਼ਿਕ! ਸਿਰ ਪਾਟੇ, ਦਾੜ੍ਹੀਆਂ ਪੁੱਟੀਆਂਆਂਆਂਆਂਆਂਆਂ………ਦਨ ਦਨਾ ਦਨ ਦਨ! ਉਏ ਸਾਨੂੰ ਕਹਿੰਦੇ ਮੋਨੇ-ਰੋਡੇ, ਪਰ ਇਹ ਦਾਹ੍ਹੀਆਂਆਂਆਂਆਂਆਂਆਂ……ਦਨ ਦਨ ਦਨ……ਫਿਰ ਸਾਡੀਆਂ ਵੋਟਾਂ ਕਿਉਂ ਬਣਾਉਂਦੇ.. ਸਾਡਾ ਪੈਸਾ ਕਿਉਂ ਵਰਤਦੇ…. ਮਿਉਜ਼ਿਕ!!! ਅਸੀਂ ਮੋਨੇ, ਅਸੀਂ ਟੋਨੇ ਤਾਂ ਫਿਰ…ਡਮ ਡਮ ਡਮ ਡਮ,,,,ਇਹ ਭਾਈ ਸਾਹਬ ਪਤਾ ਕੌਣ ਸਨ? ਇਹ ਸਨ ਦੇਵ ਤਾਤਲਾ ਜੀ?? ਇਨੀ ਅੱਗ ਲਾਉਂਦੇ ਅਸੀਂ? ਗੁਰਦੁਆਰਿਆਂ ਵਿਚ ਪੱਗਾਂ ਲਾਹੁਣ ਵਾਲਿਆਂ ਅਤੇ ਸਾਡੇ ਵਿਚ ਫਰਕ ਕਿਥੇ? ਅਸੀਂ ਮਾਇਕ ਤੇ ਬੈਠੇ ਪੱਗਾਂ ਉਛਾਲ ਰਹੇ ਹਾਂ, ਲਲਕਾਰੇ ਮਾਰ ਰਹੇ ਹਾਂ? ਇਹ ਕੀ ਹੈ? ਇਹ ਕੀ ਸਿਆਣੇ ਹੋਣ ਦੀ ਨਿਸ਼ਾਨੀ ਹੈ? ਉਹ ਤਾਂ ਗਲਤ ਹਨ ਹੀ, ਪਰ ਅਸੀਂ? ਤਰੀਕਾ ਦੇਖੋ ਨਾ ਸਾਡਾ? ਇਕ ਉਥੇ ਅੱਗ ਲੱਗੀ ਇਕ ਇਥੇ ਲਾਓ? ਅਸੀਂ ਅੱਗ ਹੀ ਵੇਚਣ ਵਿਚ ਵਿਸਵਾਸ਼ ਕਿਉਂ ਰੱਖਦੇ ਹਾਂ? ਇਸ ਅੱਗ ਵੇਚਣ ਨੂੰ ਅਸੀਂ ਕੀ ਬਹਾਦਰੀ ਸਮਝਦੇ? ਉਹ ਗੋਲਕਾਂ ਪਿੱਛੇ ਲੜੇ ਯਾਨੀ ਪੈਸੇ ਪਿੱਛੇ ਤੇ ਅਸੀਂ? ਅਸੀਂ ਸਮਝਦਿਆਂ ਹੋਇਆਂ ਵੀ ਲੋਕਾਈ ਨੂੰ ਅੰਨ੍ਹੇ ਖੂਹ ਵਿਚ ਨਹੀਂ ਸੁੱਟਿਆ ਜਦ ਅੰਡਿਆਂ ਵਿਚੋਂ ਲਾਟਰੀਆਂ ਵਾਲੇ ਠੱਗ ਲੋਕਾਂ ਅਗੇ ਪਰੋਸੇ?

ਗੁਰੂ ਦਾ ਸਿੱਖ ਜਿੰਨਾ ਚਿਰ ਇਨੀ ਗੱਲ ਨਹੀਂ ਸਮਝਦਾ ਕਿ ਉਸ ਦਾ ਪੈਸਾ ਕਿਸੇ ਧਰਮ ਅਰਥ ਨਹੀਂ ਸਗੋਂ ਉਸ ਦੇ ਪੈਸੇ ਨਾਲ ਕੌਮ ਵਿਚ ਅਨਰਥ ਹੋ ਰਿਹਾ ਹੈ, ਉਨਾਂ ਚਿਰ ਇਹ ਲੜਾਈਆਂ ਨਹੀਂ ਮੁੱਕਣੀਆਂ, ਇਹ ਪੱਗੋ-ਹੱਥੀ ਉਨਾਂ ਚਿਰ ਨਹੀਂ ਨਿਬੜਨੀ। ਤੁਹਾਡਾ ਪੈਸਾ ਸਾਰੇ ਪੁਆੜੇ ਦੀ ਜੜ ਹੈ। ਤੁਹਾਡੇ ਪੈਸੇ ਨਾਲ ਡੇਰਿਆਂ ਵਿੱਚ ਵੱਗ ਪਲ ਰਹੇ ਹਨ, ਤੁਹਾਡੇ ਪੈਸਿਆਂ ਨਾਲ ਹੀ ਕਾਰਸੇਵੀਆਂ ਤੁਹਾਡੀਆਂ ਇਤਿਹਾਸਕ ਥਾਵਾਂ ਤਹਿਸ-ਨਹਿਸ ਕਰ ਛੱਡੀਆਂ, ਤੁਹਾਡੇ ਪੈਸੇ ਕਾਰਨ ਹੀ ਪੁਜਾਰੀਆਂ ਦੀਆਂ ਧਾੜਾਂ ਪੈਦਾ ਹੋ ਗਈਆਂ ਤੇ ਤੁਹਾਡੇ ਪੈਸਿਆਂ ਨਾਲ ਹੀ ਵਕੀਲਾਂ ਦੇ ਕਾਲੇ ਕੋਟਾਂ ਦੀਆਂ ਜ੍ਹੇਬਾਂ ਤੂੜੀਆਂ ਜਾ ਰਹੀਆਂ ਹਨ, ਤਾਂ ਦੱਸੋ ਤੁਹਾਡਾ ਪੈਸਾ ਫਿਰ ਤੁਹਾਨੂੰ ਕਿਹੜੇ ਸਵਰਗ ਵਿਚ ਭੇਜ ਦਊ? ਭੇਜ ਦਊ?

ਗੁਰੂ ਜੀ ਨੇ ਹੀ ਕਿਹਾ ਕਿ ਅਕਲ ਤੋਂ ਬਿਨਾ ਕੀਤਾ ਦਾਨ ਤੇਰਾ ਕਿਸੇ ਅਰਥ ਨਹੀਂ। ਤੁਹਾਡੇ ਸਾਹਵੇਂ ਅਖੰਡ ਪਾਠਾਂ ਦੀਆਂ ਸੇਲਾਂ ਲੱਗੀਆਂ ਪਈਆਂ ਯਾਨੀ ਗੁਰਬਾਣੀ ਦੀਆਂ, ਯਾਨੀ ਗੁਰੂ ਦੀਆਂ? ਤੇ ਉਸ ਦਾ ਕਾਰਨ ਤੁਸੀਂ ਖੁਦ ਹੋ। ਤੁਸੀਂ ਅਖੰਡ ਪਾਠ ਦੇ ਨਾਂ ‘ਤੇ ਇਕ ਘੋਰ ਗੁਨਾਹ ਕਰਦੇ ਹੋ ਗੁਰਬਾਣੀ ਦੀ ਅਵੱਗਿਆ ਕਰਨ ਦਾ। ਸਾਦੀ ਜਿਹੀ ਸਮਝ ਆਉਂਣ ਵਾਲੀ ਗੱਲ ਹੈ, ਕਿ ਤੁਹਾਡੇ ਲਈ ਕਿਸੇ ਦਾ ਕੀਤਾ ਪਾਠ ਤੁਹਾਡੇ ਕਿਸ ਕੰਮ? ਤੁਸੀਂ ਉਸ ਨੂੰ ਸੁਣਿਆ ਹੀ ਨਹੀਂ, ਤੁਸੀਂ ਉਸ ਕੋਲੇ ਬੈਠੇ ਹੀ ਨਹੀਂ, ਤੁਹਾਡੇ ਪੱਲੇ ਹੀ ਕੁਝ ਨਹੀਂ ਪਿਆ, ਤਾਂ ਤੁਸੀਂ ਸ਼ੋਸ਼ੇਬਾਜੀ ਕਾਹਤੋਂ ਕਰਦੇ ਹੋ? ਤੁਸੀਂ ਵੀ ਰਾਮ ਨੂੰ ਖਿਲੌਨਾ ਨਹੀਂ ਜਾਨਾ, ਕਿ ਰਿਸ਼ਵਤ ਦੇ ਕੇ ਉਸ ਤੋਂ ਆਪਣੇ ਕੰਮ ਕਢਵਾਓ? ਤੁਸੀਂ ਕਦੇ ਕਿਸੇ ਨੂੰ ਕਿਹਾ ਮੇਰੇ ਲਈ ਜੌਬ ਤੂੰ ਕਰ ਆ? ਮੇਰੀ ਖਾਤਰ ਰੋਟੀ ਤੂੰ ਖਾ ਲੈ? ਮੈਨੂੰ ਨੀਂਦ ਆਈ, ਪਰ ਸੌਂ ਤੂੰ ਲੈ? ਜਿਸ ਦਿਨ ਲੜਾਈ ਦੀ ਜੜ੍ਹ ਮੇਰੀ ਸਮਝ ਆ ਗਈ, ਲੜਾਈ ਬੰਦ ਹੋ ਜਾਵੇਗੀ ਤੇ ਲੜਾਈ ਦਾ ਕਾਰਨ ਹੋਰ ਕੋਈ ਨਹੀਂ, ਖੁਦ ਮੈਂ ਆਪ ਹਾਂ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top