ਬਾਬਾ ਫੌਜਾ ਸਿੰਘ ‘ਵੀਕਐਂਡ’ ‘ਤੇ ਇਕ
ਗੁਰਦੁਆਰਾ ਸਾਹਿਬ ਗਿਆ। ਉਥੇ ‘ਸਿਮਰਨ’ ਹੋ ਰਿਹਾ ਸੀ। ਚੰਗਾ ਚੋਖਾ ਹਾਲ ਭਰਿਆ
ਪਿਆ ਸੀ। ਲੋਕ ਸਿਰ ਮਾਰ ਮਾਰ ‘ਸਿਮਰਨ’ ਵਿਚ ਮਸ਼ਰੂਫ ਸਨ। ਸਿਮਰਨ ਕਰਾਉਂਣ ਵਾਲੇ
ਭਾਈ ਸਾਹਬ ਹੁਰਾਂ ਦੇ ਨੇਤ੍ਰ ਮੁੰਦੇ ਹੋਏ ਸਨ। ਉਹ ਇਸ ਦੁਨੀਆਂ ਵਿਚ ਤਾਂ
ਜਾਪਦੇ ਹੀ ਨਹੀਂ ਸਨ। ਹਾਲ ਵਿਚ ਭਵੇਂ ਹਨੇਰਾ ਸੀ, ਪਰ ਫਿਰ ਵੀ ਹੱਥ ਪਸਾਰਿਆਂ
ਕੁਝ ਨਾ ਕੁਝ ਦਿੱਸਦਾ ਜਰੂਰ ਸੀ। ਜਿਸ ਤੋਂ ਭਾਈ ਸਾਹਬ ਹੁਰਾਂ ਦੇ ਦੋ ਨੇਤ੍ਰ
ਤਾਂ ਭਵੇਂ ਬੰਦ ਸਨ, ਪਰ ਸ਼ਿਵ ਜੀ ਵਾਂਗ ਤੀਜਾ ਨੇਤ੍ਰ ਜਰੂਰ ਖੁਲ੍ਹਾ ਹੋਇਆ
ਲੱਗਦਾ ਸੀ। ਇਸ ਦਾ ਅੰਦਾਜਾ ਬਾਬਾ ਫੌਜਾ ਸਿੰਘ ਨੇ ਉਦੋਂ ਲਾਇਆ ਜਦ ਕਿਸੇ
‘ਸ਼ਰਾਰਤੀ’ ਨੇ ਅਚਾਨਕ ਬੱਤੀਆਂ ਜਗਦੀਆਂ ਕਰ ਦਿੱਤੀਆਂ।
ਬੱਤੀਆਂ ਕੀ ਜਗੀਆਂ ਭਾਈ ਸਾਹਬ ਦੇ ‘ਤਿੰਨੇ
ਨੇਤ੍ਰ’ ਖੁਲ੍ਹ ਗਏ ਅਤੇ ਉਹ ਇੱਕ ਦਮ ਤਿਲਮਿਲਾ ਜਿਹੇ ਗਏ, ਜਿਵੇਂ ਕਿਸੇ ਗਲਤ
ਕੰਮ ਕਰਦੇ ਨੂੰ ਬੱਤੀ ਜਗਣ ਨਾਲ ਸੰਗ ਜਿਹੀ ਆ ਗਈ ਹੋਵੇ। ਉਨ੍ਹਾਂ ਨਾਲ ਬੈਠੇ
ਇਕ ਬੱਚੇ ਨੂੰ ਹੁਝ ਮਾਰੀ, ਉਹ ਦੌੜਿਆ ਗਿਆ ਤੇ ਬੱਤੀਆਂ ਜਗਦੀਆਂ ਕਰ ਆਇਆ,
ਭਾਈ ਸਾਹਿਬ ਹੁਰਾਂ ਫਿਰ ਅਪਣੇ ਨੇਤ੍ਰ ਮੂੰਦ ਲਏ।
ਨੇਤ੍ਰ ਮੂੰਦਣ ਤੋਂ ਬਾਬੇ ਨੂੰ ਇੱਕ ਗੱਲ
ਯਾਦ ਆਈ। ਜਦ ਧੂੰਦਾ ਇਥੇ ਟਰੰਟੋ ਵਿਖੇ ਆਇਆ ਤਾਂ ਬੱਤੀਆਂ ਤਾਂ ਜਗਣੀਆਂ ਹੀ
ਸਨ, ਪਰ ਬੰਦ ਬੱਤੀਆਂ ਲਈ ਬੜੀ ਮੁਸ਼ਕਲ ਪੇਸ਼ ਆਈ। ਕਥਾ ਸ਼ੁਰੂ ਹੋਣ ਤੋਂ ਪਹਿਲਾਂ
ਜਦ ਬੱਤੀਆਂ ਜਗ ਪਈਆਂ, ਤਾਂ ਉਹ ਸਟੇਜ ਤੋਂ ਉੱਠਣ ਤੋਂ ਪਹਿਲਾਂ ਬੜੀ ਘਬਰਾਈ
ਜਿਹੀ ਅਵਾਜ ਵਿਚ ਕਹਿਣ ਲਗੇ,
‘ਸਾਧ ਸੰਗਤ ਜੀ ਨਾਮ ਮਿਸਰਨ ਦੀ ਬੜੀ ਗਲਤ
ਵਿਆਖਿਆ ਕੀਤੀ ਜਾ ਰਹੀ ਜੇ, ਨਵੇਂ ਬਣੇ ਵਿਦਵਾਨਾਂ ਵਲੋਂ ਬਚ ਕੇ ਰਹਿਣਾ ਹਾਂਅ!
ਉਹ ਆਵਾਜ ਇੰਝ ਡਰ ਡਰ ਕੱਢ ਰਹੇ ਸਨ, ਜਿਵੇਂ ਕਲਯੁਗ ਤੋਂ ਲੁਕਾਈ ਨੂੰ ਡਰਾਉਂਣ
ਲਗੇ ‘ਬਾਬੇ’ ਕੱਢਦੇ ਹਨ, ਕਿ ਸੰਗਤ ਜੀ ਘੋਰ ਕਲਯੁਗ ਆ ਗਿਆ ਹੈ, ਬਚ ਕੇ ਰਹਿਣਾ
ਹਾਂਅ!!!
ਗੁਰੂ ਨਾਨਕ ਮਿਸ਼ਨ ਗੁਰਦੁਆਰੇ ਦੇ ਪ੍ਰਧਾਨ
ਜੋ ਬਾਬਾ ਫੌਜਾ ਸਿੰਘ ਨੂੰ ਇੱਕ ਦਿਨ ਦੱਸ ਰਿਹਾ ਸੀ, ਕਿ ਇਹ ਭਾਈ-ਸਾਹਬ ਓਸ
ਗੁਰੂ ਘਰ ਕਥਾ ਸੁਣਨ ਗਏ, ਤੇ ਜਦ ਧੂੰਦਾ ਕਥਾ ਕਰਕੇ ਹਟਿਆ ਤਾਂ ਭੋਗ ਪੈਣ ਤੇ
ਪ੍ਰਧਾਨ ਨੂੰ ਜਫੀ ਪਾ ਕੇ ਕਹਿਣ ਲਗੇ, “ਭਾਈ ਸਾਹਬ ਤੁਸੀਂ ਤਾਂ ਆਹ ਬਹੁਤ
ਉਪਕਾਰ ਕੀਤਾ, ਸਾਡੇ ਉਪਰ ਜੀਨ੍ਹਾ ਇੰਨਾ ਗੁਰਮੁੱਖਾਂ ਦੇ ਬੱਚਨ ਸਾਨੂੰ ਸੁਣਾਏ
ਹਨ। ਸਾਡੀਆਂ ਤਾਂ ਅੱਖਾਂ ਖ੍ਹੋਲ ਕੇ ਰੱਖ ਦਿੱਤੀਆਂ’। ਅਗੋਂ ਪ੍ਰਧਾਨ ਕਿਹੜਾ
ਪੱਧਰਾ ਸੀ, ਉਹ ਕਹਿਣ ਲਗਾ, ਭਾਈ ਸਾਹਬ ਤੁਸੀਂ ਅੱਖਾਂ ਖ੍ਹੋਲ ਵੀ ਲੈਂਦੇ ਹੋ?
ਯਾਨੀ ਮੈਂ ਤਾਂ ਕਦੇ ਖੁਲ੍ਹੀਆਂ ਦੇਖੀਆਂ ਨਹੀ!
ਬਾਬੇ ਫੌਜਾ ਸਿੰਘ ਨੂੰ ਤਿੰਨ ਸਾਲ ਇਨ੍ਹਾਂ
ਨਾਲ ਚਿਮਟਾ ਖੜਕਾ ਚੁੱਕੇ ਚੈਨ ਸਿੰਘ ਧਾਲੀਵਾਲ ਨੇ ਗੱਲ ਸੁਣਾਈ, ਕਿ ਉਹ ਜਦ
ਚਿਮਟੇ ਦੀਆਂ ਚੰਗੀਆਂ ਪਸਲ੍ਹੀਆਂ ਸੇਕਦਾ ਹੁੰਦਾ ਸੀ ਮੈਨੂੰ ਇਹ ‘ਪਹੁੰਚਿਆ
ਹੋਇਆ ਗੁਰਮੁੱਖ’ ਕਹਿਣ ਲਗ ਪਏ, ਪਰ ਮੈਂ ਸੋਚਣਾ ਕਿ ਮੈਂ ਤਾਂ ਕਿਤੇ ਵੀ ਨਹੀਂ
ਪਹੁੰਚਿਆ ਗੱਡੀ ਹਾਲੇ ‘ਟੇਸ਼ਨ’ ‘ਤੇ ਹੀ ਖੜੀ ਹੈ, ਪਰ ਸਵਾਦ ਬੜਾ ਆਉਂਣਾ
ਪਹੁੰਚਿਆ ਹੋਇਆ ਕਹਾ ਕੇ। ਇੰਨਾ ਵਿਚੋਂ ਇੱਕ ਬੀਬੀ ਨੇ ਉਨ੍ਹਾਂ ਦੇ ਘਰ ਵੀ
‘ਚਰਨ’ ਪੁਵਾਏ ਤੇ ਨਾਲੇ ਬੀਬਾ ਕਹਿਣ ਲਗੀ, ਕਿ ਮੈਨੂੰ ਤਾਂ ਇੰਝ ਜਾਪਦਾ, ਜਿਵੇਂ
ਤੁਸੀਂ ਪਿੱਛਲੇ ਜਨਮ ਵਿਚ ਮੇਰੇ ਪਿਤਾ ਜੀ ਸੀ, ਤੇ ਉਦੋਂ ਵੀ ਇੰਝ ਮੇਰੇ
ਕੀਰਤਨ ਨਾਲ ਚਿਮਟਾ ਖੜਕਾਉਂਦੇ ਹੁੰਦੇ ਸੋ।
ਬਾਬੇ ਫੌਜਾ ਸਿੰਘ ਦਾ ਦਿੱਲ ਤਾਂ ਕੀਤਾ,
ਕਿ ਅਗਲੀ ਕਹਾਣੀ ਵੀ ਜੋੜ ਦਏ ਕਿ ਇੱਕ ਦਿਨ ਚਿਮਟਾ ਖੜਕਾਉਂਦੇ ਤੁਸੀਂ ਉਖੜ ਗਏ
ਤੇ ਮੈਂ ਗੁੱਸੇ ਵਿਚ ਆ ਕੇ ਤੁਹਾਨੂੰ ਇਕ ਜਨਮ ਹੋਰ ਲੈਣ ਦਾ ਸਰਾਪ ਦੇ ਦਿੱਤਾ,
ਤੇ ਤੁਸੀਂ ਡਰੇ ਹੋਇਆਂ ਬੇਨਤੀ ਕੀਤੀ ਕਿ ਬੇਟਾ ਇਸ ਸਰਾਪ ਵਿਚ ਕੋਈ ਰਿਆਇਤ ਨਹੀਂ
ਹੋ ਸਕਦੀ, ਤਾਂ ਤੁਸੀਂ ਰਿਆਇਤ ਕਰਦਿਆਂ ਕਿਹਾ, ਕਿ ਪਿਤਾ ਜੀ ਜਨਮ ਤਾਂ ਲੈਣਾ
ਹੀ ਪਵੇਗਾ, ਪਰ ਹੁਣ ਤੁਹਾਡੀ ਖਾਤਰ ਮੈਂ ਵੀ ਇਕ ਜਨਮ ਹੋਰ ਲਵਾਂਗੀ, ਅਤੇ
ਕੀਰਤਨ ਕਰਾਂਗੀ ਤੇ ਤੁਸੀਂ ਫਿਰ ਮੇਰੇ ਨਾਲ ਚਿਮਟਾ ਖੜਕਾਉਂਦੇ ਹੋਏ ਮੁਕਤੀ
ਹਾਸਲ ਕਰੋਂਗੇ। ਪਰ ਪਹਿਲਾਂ ਹੀ ਵਿਦਵਾਨਾਂ ਨਾਲ ਪੰਗੇ ਪਏ ਹੋਣ ਕਰਕੇ, ਬਾਬਾ
ਫੌਜਾ ਸਿੰਘ ਕਹਿਣੋ ਝਿਝਕ ਜਿਹੇ ਗਿਆ।