Share on Facebook

Main News Page

ਮੌਨਵਰਤ

ਬਗਿਆੜ ਅਤੇ ਲੂੰਬੜ ਮਾਸੀ-ਭੂਆ ਦੇ ਪੁੱਤ-ਭਰਾ ਜਿਹੇ ਵਰਗੇ ਹੀ ਹਨ। ਇਨ੍ਹਾਂ ਦੀ ਨਸਲ ਦੂਰੋਂ-ਨੇੜਿਓ ਰਲਦੀ ਹੈ। ਕਹਿੰਦੇ ਨੇ ਕਿਤੇ ਖੇਡਦੇ-ਖੇਡਦੇ ਦੋਵੇਂ ਲੜ ਪਏ ਬਗਿਆੜ ਤਗੜਾ ਸੀ ਉਸ ਲੂੰਬੜ ਦੇ ਚੰਗਾ ਘਸੁੰਨ ਫੇਰਿਆ। ਲੂੰਬੜ ਪਰ ਚਲਾਕ ਸੀ ਉਸ ਅੰਦਰ ਖਹੁ ਰੱਖੀ।

ਕਈ ਚਿਰ ਬਾਅਦ ਕਿਤੇ ਫਿਰ ਦੋਵੇਂ ਜੰਗਲ ਵਿਚ ਮਿਲੇ। ਲੂੰਬੜ ਬੜੀ ਅਧੀਨਗੀ ਨਾਲ ਪੇਸ਼ ਆਇਆ। ਹਾਲ-ਹਵਾਲ ਤੋਂ ਬਾਅਦ ਬਗਿਆੜ ਪੁੱਛਣ ਲੱਗਾ ਕਿ ਖਾਣ-ਪੀਣ ਕਿਵੇਂ ਚਲ ਰਿਹੈ। ਲੂੰਬੜ ਕਹਿਣ ਲੱਗਾ ਕਿ ਖਾਣ-ਪੀਣ ਵਲੋਂ ਵੈਸੇ ਤਾਂ ਰਿਸੈਸ਼ਨ ਹੀ ਹੈ ਪਰ ਮੈਨੂੰ ਕੋਈ ਚਿੰਤਾ ਨਹੀਂ।

ਉਹ ਕਿਵੇਂ?

ਕਿਵੇਂ ਕੀ ਮੈਂ ਹੁਣ ਸੰਨਿਆਸ ਲੈ ਲਿਆ ਹੈ ਕੋਈ ਲੋੜ ਹੀ ਨਹੀਂ ਸ਼ਿਕਾਰ ਮਗਰ ਦੌੜਨ ਦੀ ਪੱਕੀਆਂ-ਪਕਾਈਆਂ ਆਉਂਦੀਆਂ।

ਪਰ ਯਾਰ ਮੈਂ ਕਈ ਦਿਨਾ ਦਾ ਭੁੱਖਾਂ ਮੈਂਨੂੰ ਵੀ ਕੋਈ ਉਪਾ ਦੱਸ ਸੰਨਿਆਸੀ ਹੋਣ ਦਾ!

ਸੰਨਿਆਸੀ ਹੋਣ ਨੂੰ ਕੀ ਆ। ਆਹ ਸਿਰ ਗੰਜਾ ਕਰਨਾ ਸੰਨਿਆਸੀ ਹੋ ਜਾਈਦਾ।

ਪਰ ਸਿਰ ਕਿਵੇਂ ਗੰਜਾ ਕਰਾਂ?

ਇਹ ਕਿਹੜਾ ਔਖਾ ਸਿਰ ਵਿਚ ਗਰਮ ਪਾਣੀ ਪਾਇਆਂ ਵਾਲ ਲੱਥ ਜਾਂਦੇ ਲਿਆ ਮੈਂ ਲਾਹ ਦਿੰਨਾ।

ਲੂੰਬੜ ਨੇ ਉਬਲਦਾ-ਉਬਲਦਾ ਗੜਕਦਾ ਪਾਣੀ ਜਦ ਬਗਿਆੜ ਦੇ ਸਿਰ ਵਿਚ ਪਾਇਆ ਤਾਂ ਉਸ ਦੀਆਂ ਨਿਕਲ ਚੀਕਾਂ ਗਈਆਂ।

ਇਹ ਕਹਾਣੀ ਪੜਕੇ ਮੈਨੂੰ ਜਾਪਿਆ ਕਿ ਮਾੜੇ ਬੰਦੇ ਦੇ ਬਦਲਾ ਲੈਣ ਦੇ ਤਰੀਕੇ ਬੜੇ ਭਿਆਨਕ ਹੁੰਦੇ। ਉਹ ਹੱਥੀਂ ਤਾਂ ਕੁਝ ਕਰ ਨਹੀਂ ਸਕਦਾ ਹੁੰਦਾ ਉਹ ਸਿਰ ਨਾਲ ਮਾਰਦਾ ਹੈ।

ਹੁਣ ਲੂੰਬੜ ਦਾ ਨਵਾਂ ਸ਼ੋਸ਼ਾ ਹੈ। ਮੌਨਵਰਤ ਅਖੰਡ ਪਾਠ? ਇੱਕ ਭਰਾ ਦੀ ਟਿੱਪਣੀ ਸੀ ਕਿ ਹੁਣ ਮੌਨਵਰਤ ਕੀਰਤਨ ਵੀ ਰੱਖ ਦੇਣਾ ਚਾਹੀਦਾ ਹੈ। ਉਂਝ ਦੇਖਿਆ ਜਾਵੇ ਤਾਂ ਜਿਹੜਾ ਇਹ ਕੀਰਤਨ ਕਰਦੇ ਹਨ ਉਹ ਮੌਨਵਰਤ ਹੀ ਤਾਂ ਹੈ। ਮੌਨਵਰਤ ਵਿਚ ਫਾਇਦੇ ਬੜੇ ਨੇ ਨੁਕਸਾਨ ਕੋਈ ਨਹੀਂ। ਦੱਸੋ ਕੀ ਨੁਕਸਾਨ ਹੈ? ਬਾਬਾ ਠਾਕੁਰ ਸਿੰਘ ਮੌਨਵਰਤੀ ਹੋਣ ਕਾਰਨ ਹੀ 22 ਸਾਲ ਝੂਠ ਬੋਲਕੇ ਵੀ ਬ੍ਰਹਮਗਿਆਨੀ ਦਾ ਖਿਤਾਬ ਹਾਸਲ ਕਰ ਗਿਆ। ਭੋਰਿਆਂ ਜਾਂ ਸੱਚਖੰਡਾਂ ਵਾਲੇ ਮੌਨਵਰਤੀ ਹੀ ਤਾਂ ਸਨ ਤੇ ਅੱਜ ਉਨ੍ਹਾਂ ਦੀਆਂ ਬਰਸੀਆਂ ਦੇ ਧੂੜ-ਧੜੱਕੇ ਕੰਨ ਪਾੜ ਰਹੇ ਹਨ ਲੁਕਾਈ ਦੇ।

ਜਿੰਨਾ ਨੁਕਸਾਨ ਬੋਲਣ ਵਿਚ ਹੈ ਕਿਸੇ ਗੱਲ ਵਿਚ ਨਹੀਂ। ਬਾਬਾ ਜੀ ਅਪਣੇ ਨਾ ਬੋਲਦੇ ਤਾਂ ਬਾਬਰ ਨੂੰ ਕੀ ਤਕਲੀਫ ਸੀ, ਜਹਾਂਗੀਰ ਨੂੰ, ਅਰੰਗੇ ਨੂੰ। ਜੋ ਕੁਝ ਹੋਇਆ ਬੋਲਣ ਕਰਕੇ ਹੀ ਹੋਇਆ ਅਤੇ ਇਹ ਹੁਣ ਵਾਲੇ ਵੀ ਅਤੇ ਇਨ੍ਹਾਂ ਦੇ ਮਰ ਚੁੱਕੇ ਵੀ ਸਭ ਮੌਨਵਰਤੀ ਸਨ ਤਾਂ ਹੀ ਉਨ੍ਹਾਂ ਦੇ ਨਾ ਡੇਰੇ ਤੇ ਨਾ ਪਿੰਡੇ ਤੇ ਕੋਈ ਖਰੋਚ ਆਈ।

ਬਾਬਾ ਜਰਨੈਲ ਸਿੰਘ ਬੋਲਿਆ। ਅਗਲਿਆਂ ਤੋਪਾਂ ਡਾਹ ਕੇ ਉਡਾ ਦਿੱਤਾ। ਇਹ ਪੱਕੀ ਨਿਸ਼ਾਨੀ ਹੈ ਬੋਲੇ ਹੋਏ ਬੰਦੇ ਦੀ ਕਿ ਵਕਤ ਦੀ ਹਕੂਮਤ ਉਸ ਨੂੰ ਬਖਸ਼ੇਗੀ ਨਹੀਂ। ਧੁੰਮਾ ਉਸੇ ਟਕਸਾਲ ਦਾ ਹੈ ਹੁਣ ਕਿਉਂ ਨਹੀਂ ਮਹਿਤੇ-ਚੌਂਕ ਨੂੰ ਘੇਰੇ ਪੈਂਦੇ। ਠਾਕਰ ਸਿੰਘ ਵੇਲੇ ਕਿਉਂ ਨਹੀਂ ਪਏ ਬਲਕਿ ਖੂੰਖਾਰ ਭੇੜੀਆ ਕੇ.ਪੀ. ਗਿੱਲ ਸਗੋਂ ਲਾਚੀਆਂ ਵਾਲਾ ਦੁੱਧ ਛੱਕਣ ਰਿਹਾ। ਨਹੀਂ ਆਉਂਦਾ ਰਿਹਾ?

ਇਹ ਜੋ ਕਰ ਰਹੇ ਨੇ ਅਪਣੀ ਉਕਾਤ ਦੇ ਹਿਸਾਬ ਠੀਕ ਕਰ ਰਹੇ ਨੇ। ਇਸ਼ਿਤਿਹਾਰ ਵਿਚ ਦਿੱਸਦੀਆਂ ਮੂਰਤਾਂ ਸਭ ਕਰਬਸਾਨ ਦਾ ਮਾਲ ਹੀ ਤਾਂ ਹੈ। ਤੇ ਕਬਰਸਤਾਨ ਵਿਚ ਮੌਨਵਰਤ ਹੀ ਤਾਂ ਹੁੰਦਾ ਹੈ। ਤੁਸੀਂ ਅੱਜ ਦੇ ਜੁੱਗ ਵਿਚ ਉਸ ਬੰਦੇ ਨੂੰ ਮੂਰਖ ਜਾਂ ਵਹਿਮੀ ਕਹਿੰਦੇ ਹੋ ਜਿਹੜਾ ਤੁਹਾਨੂੰ ਆ ਕੇ ਕਹਵੇ ਕਿ ਕਬਰਸਤਾਨ ਵਿਚੋਂ ਅਵਾਜਾਂ ਆ ਰਹੀਆਂ ਹਨ!

ਪਰ ਅੱਜ ਕਿੰਨੀ ਲੁਕਾਈ ਹੈ ਜਿਸ ਨੂੰ ਕਬਰਸਤਾਨ ਵਿਚੋਂ ਸੱਚਮੁਚ ਅਵਾਜਾਂ ਆ ਰਹੀਆਂ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਹ ਪਹੁੰਚੇ ਹੋਏ ਲੋਕ ਨੇ, ਇਨ੍ਹਾਂ ਦੀ ਬੜੀ ਕਮਾਈ ਹੈ, ਇਹ ਨਾ ਹੁੰਦੇ ਤਾਂ ਸਿੱਖੀ ਗਈ ਸੀ, ਬੜਾ ਜਪ-ਤਪ ਹੋ ਰਿਹੈ ਤਾਂ ਹੀ ਧਰਤੀ ਬਚੀ ਹੋਈ ਹੈ ਨਹੀਂ ਤਾਂ ਡੋਲ ਜਾਣੀ ਸੀ ਤੇ ਅਜਿਹੇ ਮੌਨਵਰਤੀ ਜਪ-ਤਪ ਨੂੰ ਕਰਾਉਂਣ ਵਾਲੀਆਂ ਹਨ ਇਹ ਲਾਸ਼ਾਂ ਜੀਨ੍ਹਾਂ ਦੀਆਂ ਮੂਰਤਾਂ ਤੁਸੀਂ ਦੇਖ ਰਹੇ ਹੋ। ਪਰ ਲੋਕਾਂ ਦਾ ਕਸੂਰ ਕੀ। ਉਨ੍ਹਾਂ ਵਿਚ ਓਪਰੀ ਹਵਾ ਆਉਂਣ ਵਾਂਗ ਇਨ੍ਹਾਂ ਦੀ ਹਵਾ ਆ ਰਹੀ ਹੈ ਤੇ ਉਹ ਵਿਚਾਰੇ ਇਨ੍ਹਾਂ ਦੇ ਚਿਮਟਿਆਂ ਅਗੇ ਹੀ ਸਿਰ ਮਾਰੀ ਜਾ ਰਹੇ ਹਨ। ਇਸ ਪਾਗਲਾਂ ਵਾਗੂੰ ਸਿਰ ਮਾਰਨ ਨੂੰ ਭੋਲੀ ਲੁਕਾਈ ਗੁਰਮੁੱਖਾਂ ਦਾ ਖਿਤਾਬ ਦਈ ਜਾ ਰਹੀ ਹੈ। ਜਿੰਨਾ ਜਿਆਦਾ ਸਿਰ ਘੁੰਮੇ ਉਨਾ ਵੱਡਾ ਗੁਰਮੁੱਖ? ਤਰਮਾਲੇ ਵਾਲੇ ਕੀ ਕੀਤਾ? ਲੋਕਾਂ ਲੱਤਾਂ ਚੁੱਕ-ਚੁੱਕ ਸਿਰ ਮਾਰੇ। ਨਹੀਂ ਮਾਰੇ?

ਮੌਨਵਰਤ ਅੱਜ ਦੇ ਜੁੱਗ ਦਾ ਸਭ ਤੋਂ ਕਾਰਗਰ ਹਥਿਆਰ ਹੈ ਜਿਹੜਾ ਇਹ ਵਰਤ ਰਹੇ ਹਨ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਨ੍ਹਾਂ ਮੇਰੇ ਗੁਰੂ ਨੂੰ ਵੀ ਮੌਨਵਰਤੀ ਕਰਕੇ ਰੱਖ ਦਿੱਤਾ ਜਿਹੜਾ ਵਾਰ ਵਾਰ ਕਹਿੰਦਾ,

ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ

ਇਹ ਪਰ ਕਿਹੜਾ ਅੱਜ ਤੋਂ ਹੋ ਰਿਹੈ ਇਨ੍ਹਾਂ ਦੇ ਵਡੇਰਿਆਂ ਵੀ ਗੁਰੂ ਨੂੰ ਮੌਨੀ ਹੀ ਕਰ ਛੱਡਿਆ। ਉਪਰ ਰਜਾਈਆਂ-ਕੰਬਲ ਹੀ ਇੰਨੇ ਦੇ ਦਿੱਤੇ ਕਿ ਬਾਬਾ ਜੀ ਦੀ ਅਵਾਜ ਬਾਹਰ ਹੀ ਨਾ ਨਿਕਲੇ। ਇਨ੍ਹਾਂ ਦੀਆਂ ਰੇਸ਼ਮੀ ਰਜਾਈਆਂ ਦੇਖ ਲੋਕ ਇਨ੍ਹਾਂ ਤੇ ਰੀਜ ਪਏ ਕਿ ਬੜੀ ਸੇਵਾ ਹੋ ਰਹੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਰ ਉਨ੍ਹਾਂ ਭੋਲਿਆਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਤਾਂ ਮੌਨਵਰਤ ਕਰ ਰਹੇ ਨੇ ਗੁਰੂ ਜੀ ਦਾ ਕਿ ਕਿਤੇ ਬੋਲ ਨਾ ਪਵੇ!

ਅੰਮ੍ਰਿਤਸਰ ਮੇਰੀ ਮਾਸੀ ਦੇ ਪੁੱਤਰ ਦੇ ਘਰ ਦੇ ਬਿਲਕੁਲ ਗੁਆਂਢ ਹੈ ਕੌਲਾਂ-ਭਗਤ ਇਕਬਾਲ ਸਿੰਘ ਦਾ ਡੇਰਾ। ਇੱਕ ਦਿਨ ਅਸੀਂ ਸਵੇਰੇ-ਸਵੇਰ ਟੀ.ਵੀ. ਅਗੇ ਬੈਠੇ ਹੋਏ ਸਾਂ ਤਾਂ ਇਕਬਾਲ ਸਿੰਘ ਦੀਆਂ ਯੱਬਲੀਆਂ ਆ ਰਹੀਆਂ ਸਨ। ਵਿਸ਼ਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸੀ ਕਿ ਸ੍ਰੀ ਗੁਰੂ ਜੀ ਨੂੰ ਘਰ ਕਿਵੇਂ ਰੱਖੀਦਾ ਹੈ। ਕੰਬਲ-ਰਜਾਈਆਂ-ਏਅਕੰਡੀਸ਼ਨਾ ਤੋਂ ਇਲਾਵਾ ਤਿੰਨ ਟਾਇਮ ਪ੍ਰਸ਼ਾਦੇ ਦਾ ਭੋਗ, ਦੋ ਟਾਇਮ ਚਾਹ ਦਾ ਭੋਗ, ਜਿੰਨੀ ਵਾਰ ਸ੍ਰੀ ਗੁਰੂ ਕੋਲੇ ਜਾਣਾ ਇਸ਼ਨਾਨ ਕਰਕੇ ਜਾਣਾ ਆਦਿ। ਉਸ ਇੰਨੀਆਂ ਯੱਬਲੀਆਂ ਛੱਡੀਆਂ ਕਿ ਬੰਦਾ ਸ੍ਰੀ ਗੁਰੂ ਜੀ ਨੂੰ ਘਰ ਰੱਖਣ ਬਾਰੇ ਸੋਚ ਵੀ ਨਹੀਂ ਸਕਦਾ।ਇਹੀ ਕਾਰਨ ਸੀ ਕਿ ਮੇਰੀ ਮਾਸੀ ਦਾ ਪੁੱਤਰ ਘਰ ਵਿਚ ਕਮਰਾ ਖਾਲੀ ਅਤੇ ਇੱਛਾ ਹੋਣ ਦੇ ਬਾਵਜੂਦ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰੇ ਨਾ ਕਰ ਸਕਿਆ।

ਲੋਕਾਈ ਜਿੰਨੀ ਵਧ ਤੋਂ ਵਧ ਮੌਨਵਰਤੀ ਰੱਖੀ ਜਾ ਸਕਦੀ ਹੋਵੇ ਰੱਖੋ। ਬ੍ਰਾਹਮਣ ਤਾਂ ਹੀ ਤੇ ਬੋਲਣ ਵਾਲੇ ਦੀਆਂ ਜੁਬਾਨਾ ਵੱਡ ਦਿੰਦਾ ਸੀ। ਸਾਡੇ ਵਾਲੀ ਮੰਡੀਰ ਦਾ ਸੁਧਰਿਆ ਹੋਇਆ ਤਰੀਕਾ ਹੈ ਬ੍ਰਹਾਮਣ ਵਾਲਾ ਪਰ ਪਿੱਛੇ ਭਾਵਨਾ ਇੱਕੋ ਹੈ ਕਿ ਲੋਕਾਂ ਨੂੰ ਮੌਨਰਵਤੀ ਕਰੋ, ਲੁੱਟੋ ਤੇ ਮੌਜਾਂ ਕਰੋ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top