Share on Facebook

Main News Page

ਲੱਚਰਤਾ ਕੀ ਹੈ?
- ਗੁਰਦੇਵ ਸਿੰਘ ਸੱਧੇਵਾਲੀਆ

ਟਰੰਟੋ ਵਿਖੇ 12 ਮਈ ਨੂੰ ਲੱਤਰਤਾ ਦੇ ਵਿਰੁਧ ਹੋਏ ਜੋਰਦਾਰ ਵਿਖਾਵੇ ਨੇ ਹੋਰ ਤਾਂ ਪਤਾ ਨਹੀਂ ਕੀ ਕੀਤਾ ਪਰ ਲੋਕਾਂ ਵਿਚ ਇੱਕ ਨਵੀਂ ਬਹਿਸ ਜਰੂਰ ਛੇੜ ਦਿੱਤੀ ਹੈ। ਕਿਸੇ ਵੀ ਮਸਲੇ ਉਪਰ ਜਦ ਕੋਈ ਬਹਿਸ ਛਿੜਦੀ ਹੈ ਤਾਂ ਉਸ ਦਾ ਉਸਾਰੂ ਪੱਖ ਇਹ ਹੁੰਦਾ ਹੈ ਕਿ ਲੋਕ ਸੋਚਣ ਲੱਗ ਪੈਂਦੇ ਹਨ। ਜਦ ਕੋਈ ਮਸਲਾ ਸੋਚਣ ਵਲ ਵਧਣ ਲੱਗਦਾ ਹੈ ਤਾਂ ਉਸ ਦਾ ਸਿੱਟਾ ਜਰੂਰ ਕਿਤੇ ਨਾ ਕਿਤੇ ਜਾ ਕੇ ਸਾਰਥਿਕ ਨਿਕਲਦਾ ਹੈ। ਲੱਤਰਤਾ ਦੀ ਇਸ ਬਦਹਵਾਸੀ ਖਿਲਾਫ ਬੜੇ ਚਿਰਾਂ ਬਾਅਦ ਲੋਕਾਂ ਦੀ ਲੰਮੀ ਚੁੱਪ ਟੁੱਟੀ ਹੈ। ਨਹੀਂ ਤਾਂ ਕੋਈ ਗੱਲ ਲੰਮਾ ਚਿਰ ਚਲੀ ਹੀ ਜਾਵੇ ਤਾਂ ਉਹ ਲੋਕਾਂ ਲਈ ਝੂਠ ਵੀ ਸੱਚ ਹੋ ਨਿਬੜਦੀ ਹੈ। ਜਿਵੇਂ ਕਿ ਪੰਜਾਬੀ ਗਾਇਕੀ ਬਾਰੇ ਜਾਪਣ ਲੱਗ ਪਿਆ ਸੀ।

ਮੇਰੇ ਇੱਕ ਮਿੱਤਰ ਦਾ ਫੋਨ ਆਉਂਦਾ ਹੈ ਕਿ ਤੁਸੀਂ ਇਹ ‘ਉਧੜ-ਧੁੰਮੀ’ ਚੁੱਕੀ, ਪਰ ਮੈਨੂੰ ਇਹ ਤਾਂ ਦੱਸਦੇ ਜਾਓ ਕਿ ਲੱਤਰਤਾ ਹੁੰਦੀ ਕੀ ਹੈ? ਜੇ ਗਾਣੇ ਹੀ ਲੱਚਰਤਾ ਹੁੰਦੀ ਤਾਂ ਇਹ ਤਾਂ ਯਮਲੇ ਵਰਗਿਆਂ ਜਾਂ ਪੁਰਾਣੇ ਗਾਇਕਾਂ ਵੀ ਬਥੇਰਾ ਕੁਝ ਗਾਇਆ।

ਯਮਲੇ ਜਾਂ ਹੋਰ ਕਿਸੇ ਦੇ ਵੀ ਗਾਉਂਣ ਨਾਲ ਲੱਤਰਤਾ ‘ਜਸਟੀਫਾਈ’ ਨਹੀਂ ਹੁੰਦੀ। ਗਾਉਂਣਾ ਅਪਣੇ ਵਿਚ ਲੱਚਰ ਜਰੂਰ ਹੁੰਦਾ, ਪਰ ਉਸ ਵੇਲੇ ਲੱਚਰਤਾ ਦਾ ਅਖੀਰ ਹੁੰਦਾ ਜਦ ਅੱਧ-ਨੰਗੀਆਂ ਕੁੜੀਆਂ ਲੋਕਾਂ ਸਾਹਵੇਂ ਪੜਦੇ ਉਪਰ ‘ਪੜਦੇ’ ਹੀ ਪਾੜਦੀਆਂ ਜਾਦੀਆਂ ਹਨ।

ਪਰ ਇੰਝ ਤਾਂ ਗਰਮੀਆਂ ਵਿਚ ਅੱਧ ਕੱਪੜਿਆਂ ਨਾਲ ਗੋਰੀਆਂ ਵੀ ਸੜਕਾਂ ਤੇ ਤੁਰੀਆਂ ਫਿਰਦੀਆਂ ਹਨ ਇਹ ਕੀ ਹੋਇਆ?

ਮਸਲਾ ਕੇਵਲ ਕੱਪੜਿਆਂ ਦਾ ਨਹੀਂ, ਮਸਲਾ ਕਿ ਤੁਸੀਂ ਅਪਣੇ ਆਪ ਨੂੰ ਪੇਸ਼ ਕਿਵੇਂ ਕਰਦੇ ਹੋ। ਹੁਣ ਬੀਚ ਉਪਰ, ਜਿਥੇ ਅੱਧਨੰਗੀਆਂ ਬੀਬੀਆਂ ਫਿਰ ਰਹੀਆਂ ਹੁੰਦੀਆਂ ਵਿਚ ਇਨੀ ਲੱਚਰਤਾ ਨਹੀਂ ਜਾਪਦੀ ਜਿੰਨੀ ਸਾਰੇ ਤਾਂ ਨਹੀਂ ਪਰ ਬਹੁਤੇ ਸਾਡੇ ਪਾਰਕਾਂ ਵਿਚ ਬੈਠੇ ‘ਬਾਬਿਆਂ’ ਵਿਚ ਹੁੰਦੀ ਹੈ। ਅੰਗਰੇਜੀ ਫਿਲਮ ਦੇ ਸੈਕਸੀ ਸੀਨਾ ਵਿਚ ਉਨੀ ਲੱਚਰਤਾ ਨਹੀਂ ਹੁੰਦੀ ਜਿੰਨੀ ‘ਚੋਲੀ ਨੇ ਨੀਚੇ ਕਿਆ ਹੈ’ ਦੇ ਕੱਪੜਿਆਂ ਵਿੱਚ ਵੀ ਹੈ।

ਮੇਰੇ ਮਿੱਤਰ ਨੇ ਮਿਸਾਲ ਦਿੱਤੀ ਕਿ ‘ਗੀਤਾ-ਜੈਲਦਾਰ’ ਦੇ ਸਭ ਤੋਂ ਲੱਚਰ ਗਾਣੇ ਨੂੰ ਕੋਈ ਪੰਜ ਲੱਖ ਲੋਕਾਂ ਵੇਖਿਆ, ਪਰ ਉਸ ਦੇ ਸਭ ਤੋਂ ਚੰਗੇ ਗਾਣੇ ਨੂੰ ਕੇਵਲ 8-9 ਸੌ ਲੋਕਾਂ? ਤਾਂ ਦੱਸ ਗਾਉਂਣ ਵਾਲੇ ਕੀ ਕਰਨ?

ਭਰਾ, ਸੜਕ ਉਪਰ ਕੱਪੜੇ ਪਾਈ ਕੁਝ ਲੋਕ ਖੜੇ ਹਨ ਉਨ੍ਹਾਂ ਨੂੰ ਕਿਸੇ ਵੀ ਨਹੀਂ ਜਾਂ ਕਿਸੇ ਕਿਸੇ ਵੇਖਿਆ ਪਰ ਉਸੇ ਸੜਕ ਉਪਰ ਕੁਝ ਲੋਕ ਨੰਗੇ ਖੜੇ ਹਨ, ਪਰ ਉਨ੍ਹਾਂ ਨੁੰ ਦੇਖੇ ਬਿਨਾ ਰਿਹਾ ਹੀ ਕੋਈ ਨਾ! ਪਰ ਕੀ ਸਾਨੂੰ ਨੰਗੇ ਖੜ ਜਾਣਾ ਚਾਹੀਦਾ ਕਿਉਂਕਿ ਦੁਨੀਆਂ ਵੇਖਦੀ ਬਹੁਤ? ਇਨ੍ਹਾਂ ਰੂੜੀਮਾਰਾਕਾ ਗਾਇਕਾਂ ਨੇ ਪੰਜਾਬ ਦੇ ਅਣਖੀਲੇ ਸਭਿਆਚਾਰ ਨੂੰ ਸੜਕ ਤੇ ਨੰਗਿਆਂ ਖੜਾ ਕਰ ਦਿੱਤਾ ਤੇ ਆਪੇ ਹੀ ਰੌਲਾ ਪਾਈ ਜਾ ਰਹੇ ਹਨ ਕਿ ਜੀ ਲੋਕ ਵੇਖਦੇ ਬਹੁਤ ਹਨ।

ਬਹੁਤੇ ਲੋਕਾਂ ਦਾ ਵੇਖਣਾ ਇਹ ਪੈਮਾਨਾ ਨਹੀਂ ਕਿ ਝੂਠ ਸੱਚ ਹੈ।

ਅਸੀ ਚਿੰਚਤ ਹਾਂ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿਚ ਗਰਕ ਰਹੀ ਹੈ, ਪਰ ਇਨ੍ਹਾਂ ਨੂੰ ਉਕਸਾ ਕੌਣ ਰਿਹਾ ਹੈ? ਪਰਮਜੀਤ ਸਿੰਘ ਵਿਰਦੀ ਦੱਸ ਰਿਹਾ ਸੀ ਕਿ ਪਿੱਛਲੀ ਵਾਰ ਬੱਬੂ ਮਾਨ ਨੂੰ ਕਨੇਡਾ ਆਏ ਨੂੰ ਉਸ ਸਵਾਲ ਕੀਤਾ ਕਿ ਤੁਸੀਂ ਇੱਕ ਪਾਸੇ ਸਭਿਆਚਾਰ ਦਾ ਤਵਾ ਤਾਈ ਰੱਖਦੇ, ਪਰ ਦੂਜੇ ਸ਼ਰਾਬ ਤੋਂ ਹੇਠਾਂ ਤੁਹਾਡੀ ਕੋਈ ਗੱਲ ਹੀ ਨਹੀਂ ਹੁੰਦੀ ਇਹ ਸਭ ਕਿਸ ਸਭਿਆਚਾਰ ਦਾ ਹਿੱਸਾ ਹੈ? ਤਾਂ ਉਸ ਦਾ ਜਵਾਬ ਸੀ ਸ਼ਰਾਬ ਸਭਿਅਤਾ ਦਾ ਹੀ ਤਾਂ ਇੱਕ ਅੰਗ ਹੈ??? ‘ਬੋਤਲਾਂ ਦੇ ਡੱਟ ਖੁਲ੍ਹ ਗਏ ਤੇਰਾ ਜ਼ਿਕਰ ਹੋਇਆ ਮੁਟਿਆਰੇ’। ਯਾਨੀ ਸਾਡਾ ਇਖਲਾਕ ਇੰਨਾ ਹੌਲਾ ਹੋਇਆ, ਕਿ ਜ਼ਿਕਰ ਹੋਣ ਨਾਲ ਹੀ ਸਾਡੀ ਇਹ ਭੱਦੀ ਹਾਲਤ ਹੋ ਗਈ ਤਾਂ ਦੇਖ ਕੇ ਕੀ ਹੁੰਦਾ ਹੋਵੇਗਾ।

ਇਸ ਇਖਲਾਕ ਨਾਲ ਰਲਦੀ ਸ਼ਿਵ ਪੁਰਾਣ ਦੀ ਕਹਾਣੀ ਯਾਦ ਆਈ। ਕਹਿੰਦੇ ਜਦ ਸ਼ਿਵ ਜੀ-ਪਾਰਬਤੀ ਦੀਆਂ ਲਾਵਾਂ ਹੋ ਰਹੀਆਂ ਸਨ ਤਾਂ ਬ੍ਰਹਮਾ ਜੀ ਦੇ ਪਾਰਬਤੀ ਦਾ ਪੈਰ ਦੇਖ ਕੇ ਹੀ ਸਾਰੇ ‘ਸੈਂਸਰ’ ਫੇਲ ਹੋ ਗਏ। ਉਨ੍ਹਾਂ ਸੋਚਿਆ ਜਿਸ ਬੀਬੀ ਦਾ ਪੈਰ ਹੀ ਇੰਨਾ ਸੋਹਣਾ ਉਸ ਦਾ ਮੁੱਖੜਾ ਤਾਂ ਦੇਖਿਆ ਹੀ ਬਣਦਾ। ਉਹਨਾਂ ਮੰਤਰ ਪੜਦਿਆਂ ਬਲਦੀ ਵੇਦੀ ਵਿਚ ਇੱਕ ਗਿੱਲੀ ਲੱਕੜ ਪਾ ਦਿੱਤੀ। ਧੂੰਏ ਕਾਰਨ ਸ਼ਿਵ ਜੀ ਜਦ ਅੱਖਾਂ ਮਲਣ ਲੱਗ ਪਏ ਤਾਂ ਬ੍ਰਹਮਾ ਜੀ ਨੇ ਅੱਖ ਬਚਾ ਕੇ ਬੀਬੀ ਦਾ ਘੁੰਡ ਕੀ ਚੁੱਕਿਆ ਕਿ ਉਨ੍ਹਾਂ ਦੇ ਹੇਠਾਂ ਧੋਤੀ ਤੀਕ ਡੱਟ ਖੁਲ੍ਹ ਗਏ। ਇਹ ਮੈ ਨਹੀਂ ਕਹਾਣੀ ਕਹਿ ਰਹੀ।

ਪਠਾਣੀ ਬਾਨੋ ਸ੍ਰ. ਨਲੂਏ ਨੂੰ ਕਹਿੰਦੀ ਮੈਂ ਚਾਹੁੰਦੀ ਮੇਰੇ ਘਰ ਪੁੱਤਰ ਹੋਵੇ ਪਰ ਤੇਰੇ ਵਰਗਾ। ਸਰਦਾਰ ਗੱਲ ਨੂੰ ਸਮਝ ਗਿਆ। ਉਸ ਅੰਦਰੋਂ ਸ਼ਾਲ ਮੰਗਵਾਇਆ ਤੇ ਬੀਬੀ ਦੇ ਗਲ ਪਾ ਕੇ ਮੱਥਾ ਟੇਕ ਕੇ ਕਹਿਣ ਲੱਗਾ ਲੈ ਅੱਜ ਤੂੰ ਮੇਰੀ ਮਾਂ ਮੈਂ ਤੇਰਾ ਪੁੱਤਰ ਕਿਉਂਕਿ ਮੇਰੇ ਵਰਗਾ ਹੋਰ ਕਿਥੋਂ ਲੱਭੂ। ਬਾਨੋ ਸਰਦਾਰ ਦਾ ਕਿਰਦਾਰ ਵੇਖ ਕੇ ਧਾਹ ਮਾਰ ਕੇ ਰਹਿ ਗਈ!! ਇਹੋ ਜਿਹੇ ਸੂਰਮੇ ਬੰਦੇ? ਕਾਜੀ ਸਿੰਘਾ ਨੂੰ ਕੁੱਤੇ ਕਹਿੰਦਾ ਹੋਇਆ ਵੀ ਉਨ੍ਹਾਂ ਦੇ ਉੱਚੇ ਇਖਲਾਕ ਦੀ ਗੱਲ ਕਰਨੋ ਨਾ ਰਹਿ ਸਕਿਆ। ਇਹ ਸਭਿਆਚਾਰ ਹੈ ਜਿਹੜਾ ਗੁਰਾਂ ਨੇ ਪੰਜਾਬ ਨੂੰ ਦਿੱਤਾ। ਪਰ ਇਹ ਕਤੀੜ ਵਾਧੇ, ਓਸ ਉੱਚੇ-ਸੁੱਚੇ ਇਖਲਾਕ ਨੂੰ ਸੜਕਾਂ ਤੇ ਲਿਆ ਕੇ ਨੰਗਿਆਂ ਕਰ ਕੇ ਰੱਖ ਦਿੱਤਾ। ਹੁਣ ਸਮਝਦਾਰ ਸਿੱਖ ਵੀ ਉਪਰੋਂ ਜਾਪਦੇ ਸਿੱਖ ਨੂੰ ਅਪਣੇ ਘਰ ਦੀ ਦਹਿਲੀਜ ਟਪਾਉਂਣ ਲੱਗਾ ਵੀਹ ਵਾਰ ਸੋਚਦਾ। ਨਹੀਂ ਸੋਚਦਾ?

ਬੱਬੂ ਮਾਨ ਨੇ ਇੱਕ ‘ਸੱਚ’ ਜਰੂਰ ਬੋਲਿਆ ਕਿ ਬੇਅੰਤ ਸਿੰਘ (ਬੇਅੰਤੇ) ਦੀ ‘ਸ਼ਹਾਦਤ’ ਨੇ ‘ਗੀਤ-ਸੰਗੀਤ’ ਵਾਲਿਆਂ ਲਈ ਇੱਕ ਰਾਹ ਪੱਧਰਾ ਕੀਤਾ! ਯਾਨੀ ਅਸਿੱਧੇ ਰੂਪ ਵਿਚ ਉਹ ਇਹ ਦੱਸਣਾ ਚਾਹ ਰਿਹਾ ਸੀ ਪੰਜਾਬ ਦੀ ਜਵਾਨੀ ਦੇ ਆਹੂ ਲਾਹੁਣ ਤੋਂ ਬਾਅਦ ਜੋ ਗੰਦ ਪੰਜਾਬੀ ਗਾਇਕੀ ਨੇ ਪੰਜਾਬ ਵਿਚ ਪਾਇਆ ਹੈ, ਉਸ ਦਾ ਸਿਹਰਾ ਇਸ ਬੇਅੰਤੇ ਦੇ ਸਿਰ ਹੀ ਜਾਂਦਾ ਹੈ। ਹੋਇਆ ਕੀ? ਬੇਅੰਤੇ ਨੇ ਸਿੱਧੇ ਆਹੂ ਲਾਹੇ ਅਤੇ ਉਨ੍ਹਾਂ ਸਮਿਆਂ ਦੀ ਪੈਦਾਇਸ਼ ਪੰਜਾਬੀ ਗਾਇਕੀ ਅਤੇ ਬਾਬਾ ‘ਕਲਚਰ’ ਨੇ ਇਖਲਾਕੀ ਤੌਰ ਤੇ ਪੰਜਾਬ ਦੇ ਆਹੂ ਲਾਹ ਸੁੱਟੇ। ਤੇ ਨਤੀਜਾ?

ਸ਼ਰਾਬ ਵਰਗੇ ਮਾਰੂ ਨਸ਼ੇ ਨੂੰ ਅਪਣੇ ਗੀਤਾਂ ਦਾ ਹਿੱਸਾ ਬਣਾ ਕੇ ਉਸ ਨੂੰ ਕਲਚਰ ਦਾ ਹਿੱਸਾ ਕਹਿਣਾ ਬੱਬੂ ਦੀ ਬਿਮਾਰ ਮਾਨਸਿਕਤਾ ਦਾ ਦਵਾਲਾ ਹੀ ਤਾਂ ਕੱਢਦਾ ਹੈ। ਓਸ ਮਾਂ ਨੂੰ ਪੁੱਛੋ ਜਿਸ ਨੇ ਉਸ ਦਾ ਜਵਾਨ ਪੁੱਤਰ ਸ਼ਰਾਬ ਨੇ ਖਾ ਲਿਆ, ਓਸ ਪਤਨੀ ਨੂੰ, ਓਸ ਧੀ ਨੂੰ ਪੁੱਛੋ ਕਿ ਸ਼ਰਾਬ ਕੀ ਕਿਸੇ ਸਭਿਅਤਾ ਦਾ ਹਿੱਸਾ ਹੈ? ‘ਅਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ’ ਨੂੰ ਪੰਜਾਬੀ ਸਭਿਆਚਾਰ ਬਣਾ ਕੇ ਪੇਸ਼ ਕੀਤਾ ਗੁਰਦਾਸ ਮਾਨ ਨੇ। ਤੁਹਾਡੇ ਬੱਚੇ ਕੀ, ਦੁਨੀਆਂ ਸੋਚਣ ਲੱਗ ਪਈ ਕਿ ਸ਼ਰਾਬ ਤੇ ਪੰਜਾਬ ਇੱਕ ਹੀ ਨਾਂ ਨੇ, ਦੋ ਨਹੀਂ। ਤਾਂ ਅਜਿਹੇ ਸਿਰਜੇ ਅਖੌਤੀ ਸਭਿਆਚਾਰ ਵਿਚ ਤੁਸੀਂ ਅਪਣੀਆਂ ਨਸਲਾਂ ਕਿਵੇਂ ਬਚਾ ਲਓਂਗੇ?

ਤੁਹਾਡੀ ਚੜ੍ਹਦੀ ਜਵਾਨੀ ਹਿੰਸਕ ਕਿਵੇਂ ਨਹੀਂ ਹੋਵੇਗੀ, ਜਿਥੇ ਬੱਬੂਮਾਨ ਵਰਗੇ ‘ਚੱਕ ਲੌ ਗੰਡਾਸੇ ਕਬਜਾ ਲੈਣਾ’ ਵਰਗੇ ਭੜਕਾਊ ਗਾਣੇ ਗਾ ਕੇ ਹਿੰਸਾ ਨੂੰ ਉਤਸ਼ਾਹਤ ਕਰ ਕਰ ਰਹੇ ਹਨ। ਕਨੂੰਨ ਵਿਚ ਇਕ ਮੱਦ ਹੈ ਕਿ ਕਤਲ ਕਰਨ ਵਾਲੇ ਜਿੰਨਾ ਹੀ ਦੋਸ਼ੀ ਕਤਲ ਕਰਨ ਲਈ ਉਕਸਾਉਂਣ ਵਾਲਾ ਵੀ ਹੈ। ਇਨ੍ਹਾਂ ਭੜਕਾਊ ਗਾਣਿਆਂ ਕਾਰਨ ਪੰਜਾਬ ਵਿਚ ਜਿੰਨੀ ਹਿੰਸਾ ਜਾਂ ਕਤਲ ਨੌਜਵਾਨਾ ਵਲੋਂ ਇਕ ਦੂਏ ਦੇ ਹੋ ਰਹੇ ਹਨ, ਉਸ ਕਾਰਨ ਤਾਂ ਇਨ੍ਹਾਂ ਗਾਇਕਾਂ ਨੂੰ ਵੀ ਫਾਹੇ ਲਾਇਆ ਜਾਣਾ ਚਾਹੀਦਾ ਹੈ।

‘ਜੱਟ ਮੌਜਾਂ ਕਰਦਾ ਏ। ਕੋਈ ਆਵੇ ਪਾੜਾਂ ਵੱਖੀ’ ਤੇ ਜੈਜੀ ਬੀ ਸ਼ਰਾਬ ਦੀ ਬੋਤਲ ਤੋੜਦਾ ਹੈ। ਇਹ ਕੀ ਹੋ ਰਿਹੈ? ਜੈਜੀ ਕੀ ਦੱਸਣਾ ਚਾਹੁੰਦਾ? ਉਸ ਦੀ ਸ਼ਕਲ ਤੋਂ ਲੈ ਕੇ ਉਸ ਦੇ ਗਾਉਂਣ ਤੱਕ ਕੁਝ ਵੀ ਕੀ ਪੰਜਾਬੀ ਸਭਿਆਚਾਰ ਨਾਲ ਰਲਦਾ ਹੈ? ਜੈਜੀ ਅਪਣੇ ਗਾਣੇ ਵਿਚ ਗੁਆਂਢਣ ਨਾਲ ਅੱਖ-ਮਟੱਕੇ ਕਰ ਰਿਹੈ! ਜੈਜੀ ਦੇ ਗੁਆਂਢ ਉਸ ਦੀ ਕੋਈ ਚਾਚੀ, ਤਾਈ, ਭੂਆ, ਉਸ ਦੀ ਕੋਈ ਧੀ-ਭੈਣ ਸੀ ਜਾਂ ਜੈਜੀ ਦਾ ਗੁਆਂਢ ਕੰਜਰਾਂ ਦਾ ਸੀ? ਇੰਟਰਵਿਊ ਵਿਚ ਜਵਾਬ ਕੀ ਦੇ ਰਿਹੈ ਅਖੇ ਆਂਢ-ਗੁਆਂਢ ਅੱਖ-ਮਟੱਕਾ ਆਮ ਗੱਲ ਹੀ ਹੈ! ‘ਲੱਕ ਟਵੰਟੀ-ਏਟ ਕੁੜੀ ਦਾ, ਫੋਰਟੀ ਸੈਵਨ ਵੇਟ ਕੁੜੀ ਦਾ’? ਦਿਲਜੀਤ ਗਾ ਰਿਹੈ। ਪੰਜਾਬ ਵਿਚ ਗਾ ਰਿਹੈ। ਪੰਜਾਬ ਝੂਮ ਰਿਹੈ। ਸਾਰੀ ਸ਼ਰਮ ਹਯਾ ਲਾਹ ਕੇ। ਹਾਲੇ ਸ਼ੁਕਰ ਏ ਉਥੋਂ ਦੀਆਂ ਬੀਬੀਆਂ ਦੀ ਗੈਰਤ ਜਾਗ ਪਈ। ਉਹ ਇਨ੍ਹਾਂ ਦਾ ਸਿਆਪਾ ਕਰਨ ਸੜਕਾਂ ਤੇ ਨਿਕਲ ਆਈਆਂ। ਪਰ ਮਰਦ?

ਖਾੜਕੂ ਲਾਹਿਰ ਵੇਲੇ ਸਿੱਖ ਨੌਜਾਵਾਨੀ ਦੇ ਲਹੂ ਵਿਚ ਪੰਜਾਬ ਨੂੰ ਰੰਗਣ ਤੋਂ ਬਾਅਦ ਦੋ ਚੀਜਾਂ ਤੁਫਾਨ ਵਾਗੂੰ ਪੰਜਾਬ ਉਪਰ ਛਾ ਗਈਆਂ। ਇੱਕ ਸਭਿਆਚਾਰ ਮੇਲਿਆਂ ਦੇ ਨਾਂ ਹੇਠਾਂ ਗੰਦੀ ਗਾਇਕੀ ਅਤੇ ਦੂਜਾ ਬਾਬਿਆਂ ਦਾ ਚਿਮਟਾ ਕਲਚਰ! ਤੁਹਾਨੂੰ ਯਾਦ ਹੋਵੇ ਕਿ ਲੋਕਾਂ ਨੂੰ ਉਕਸਾਉਂਣ ਵਾਸਤੇ ਗਾਇਕਾਂ ਨੂੰ ਰਾਜਿਆਂ ਵਾਂਗ ਹਾਥੀਆਂ ਉਪਰ ਬੈਠਾ ਕੇ ਲਿਆਇਆ ਜਾਂਦਾ ਸੀ ਅਤੇ ਇਲਾਕੇ ਦੇ ਲੀਡਰ ਖੁਦ ਉਸ ਵਿਚ ਪਹੁੰਚ ਕੇ ਗਾਇਕਾਂ ਦੀ ਹੌਸਲਾ ਅਫਜਾਈ ਕਰਦੇ ਸਨ। ਕਿਸੇ ਕੌਮ ਦੀ ਅਣਖ, ਸਵੈਮਾਨ ਨੂੰ ਤਹਿਸ-ਨਹਿਸ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਇਹੀ ਤਰੀਕਾ ਜਿਹੜਾ ਇਨ੍ਹਾਂ ਲੁੱਤਰਿਆਂ ਰਾਹੀਂ ਉਨ੍ਹਾਂ ਵਰਤਿਆਂ।

ਭਰਾਵੋ ਹੁਣ ਗੱਲ ਤੁਰੀ ਹੈ, ਤਾਂ ਸਾਡਾ ਫਰਜ ਹੈ ਕਿ ਅਸੀਂ ਤੁਰੀਏ। ਜੋ ਕੁਝ ਇਨ੍ਹਾਂ ਸਭਿਆਚਾਰਾਂ ਦੇ ਨਾਂ ਤੇ ਗੰਦ ਪਾਇਆ ਉਹ ਸਾਰਾ ਕੂੜਾ-ਕੱਚਰਾ ਸਾਡੇ ਘਰਾਂ ਦੀਆਂ ਦਹਿਲੀਜਾਂ ਤੱਕ ਆ ਗਿਆ ਹੈ। ਇਸ ਨੂੰ ਠੱਲ ਕਿਵੇਂ ਪਾਉਂਣੀ ਹੈ ਇਸ ਲਈ 12 ਮਈ 2012 ਦੇ ਵਿਖਾਵੇ ਤੋਂ ਬਾਅਦ ਅਗਲਾ ਪੜਾਅ 19 ਮਈ 2012 ਨੂੰ ‘ਚਾਂਦਨੀ ਬੈਂਕੁਟਹਾਲ’ ਵਿਖੇ ਉਲੀਕਿਆ ਹੈ। ਸਾਨੂੰ ਸਭ ਨੂੰ ਅਪਣਾ ਫਰਜ ਸਮਝਦਿਆਂ ਹੋਇਆ ਉਸ ਵਿਚ ਸ਼ਾਮਲ ਹੋਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top