Share on Facebook

Main News Page

ਦੇਰ ਤਾਂ ਹੋ ਹੀ ਗਈ ਹੈ !!!
-
ਗੁਰਦੇਵ ਸਿੰਘ ਸੱਧੇਵਾਲੀਆ

ਪਹਿਲੀ ਖਬਰ ਹੈ ਧਰਮ ਸਿਓਂ ਨਿਹੰਗ ਦਾ ਮਾਮਲਾ ਲੂੰਗੀਆਂ ਵਾਲੇ ਜਥੇਦਾਰਾਂ ਅਗੇ ਪਾ ਦਿੱਤਾ ਹੈ। ਉਨ੍ਹਾਂ ਨੂੰ ਹੁਣ ਪਤਾ ਚਲਿਆ ਹੈ ਕਿ ਉਸ ਖਿਲਾਫ ਕੇਸ ਅਦਾਲਤ ਵਿਚ ਚਲ ਰਿਹਾ ਹੈ। ਚਲੋ ਮੁੱਕੀ ਗੱਲ !

ਦੂਜੀ ਖ਼ਬਰ ਹੈ ਤਮਾਕੂ ਦੇ ਗੁਟਕੇ ਉਪਰ ਗੁਰੂ ਨਾਨਕ ਸਾਹਿਬ ਜੀ ਦੀ ਅਖੌਤੀ ਮੂਰਤੀ ਲਾਉਣ ਵਾਲੀ ਫਰਮ ਦੇ ਮਾਲਕ ਨਰਾਇਣ ਕੇਸਰ ਵਾਇਯਣੀ ਨੂੰ ਲੂੰਗੀ ਵਾਲੇ ਭਾਈਆਂ ਮਾਫ ਕਰ ਦਿੱਤਾ ਹੈ। ਅਗੇ ਤੋਂ ਉਸ ਨੂੰ ਤਾੜਨਾ ਕੀਤੀ ਗਈ ਹੈ ਕਿ ਭਵਿੱਖ ਵਿਚ ਅਜਿਹੀ ਗਲਤੀ ਨਾ ਹੋਵੇ।

ਵੈਸੇ ਤੁਹਾਨੂੰ ਇਨ੍ਹਾਂ ਮੂੰਹੋਂ ਤਾੜਨਾ ਲਫਜ ਸੁਣ ਕੇ ਹਾਸਾ ਨਹੀਂ ਆਉਂਦਾ ? ਕੋਈ ਔਕਾਤ ਤਾਂ ਹੋਵੇ ਬੰਦੇ ਦੀ, ਕਿ ਉਹ ਕਿਸੇ ਨੂੰ ਤਾੜ ਸਕੇ। ਪਰ ਚਲੋ ਕਿਹੜਾ ਕਿਸੇ ਪੁੱਛਣਾ ਅਖਬਾਰੀ ਬਿਆਨ ਹੀ ਹੈ। ਕੰਪਨੀ ਵਾਲੇ ਅਪਣੀ ਮਸ਼ਹੂਰੀ ਕਰਾਉਂਣੀ ਸੀ ਕਰਾ ਲਈ ਨਾਲੇ ਦੇਖ ਲਿਆ ਕਿੰਨੇ ਕੁ ਪਾਣੀ ਵਿਚ ਨੇ ਇਹ ਕੌਮ ਦੇ ਸਿਪਾਹ-ਸਲਾਰ। ਮੇਰਾ ਇੱਕ ਮਿੱਤਰ ਇਹ ਖ਼ਬਰ ਪੜ੍ਹਕੇ ਕਹਿੰਦਾ, ਆਹ ਤਿੰਨ-ਤਿੰਨ ਫੁੱਟੀਆਂ ਪੂਛਾਂ ਚ ਲੈਣ ਨੂੰ ਰੱਖੀਆਂ ਨੇ ?

ਤੀਜੀ ਖਬਰ ਸੀ ਰਾਧਾ-ਸੁਵਾਮੀਆਂ ਵਲੋਂ ਗੁਰਦੁਆਰਾ ਢਾਹੇ ਜਾਣ ਦੀ। ਲੂੰਗੀ ਭਾਈਆਂ ਦੀ ਦਲੇਰੀ ਦੇਖੋ ਕਿ ਉਨ੍ਹਾਂ ਮੱਕੜ ਨੂੰ ਕਿਹਾ, ਯਾਨੀ ਹੁਕਮ ਕੀਤਾ ਕਿ ਉਸ ਕੇਸ ਦੀ ਪੰਜ ਦਿਨਾ ਵਿਚ ਜਾਂਚ ਕਰਵਾਈ ਜਾਵੇ!!

ਜਾਂਚ ? ਮੱਕੜ ਨੂੰ ਹੁਕਮ ? ਕਾਰਵਾਈ ? ਤੁਸੀਂ ਹੱਸੋਂਗੇ ਨਹੀਂ ਤਾਂ ਕੀ ਏ !

ਸਕੰਦਰਜੀਤ ਸਿੰਘ ਇਕ ਕਹਾਣੀ ਸੁਣਾ ਰਿਹਾ ਸੀ ਕਿ ਇੱਕ ਵਾਰ ਉਹ ਅਪਣੇ ਵੈਹੜੇ ਨੂੰ ਸ਼ਹਿਰ ਮੰਡੀ ਲੈ ਕੇ ਗਏ ਪਰ ਉਹ ਮੋਟਰਾਂ-ਗੱਡੀਆਂ ਦੇ ਖੜਕੇ ਤੋਂ ਡਰਦਾ ਬੜਾ ਸੀ। ਉਨ੍ਹਾਂ ਸੋਚਿਆ ਕਿ ਡਰ ਕੇ ਕਿਤੇ ਵਾਹੋ-ਦਾਹੀ ਨਾ ਹੋ ਪਵੇ, ਉਨ੍ਹੀ ਅਪਣੇ ਬਲਦ ਨਾਲ ਉਸ ਨੂੰ ਬੰਨ ਦਿੱਤਾ ਕਿ ਚਲੋ ਬਲਦ ਨੂੰ ਧੂਹ ਕੇ ਤਾਂ ਲਿਜਾਣੋ ਰਿਹਾ। ਪਰ ਉਥੇ ਖੇਡ ਉਲਟੀ ਹੀ ਹੋ ਨਿਬੜੀ, ਜਿਸ ਵੈਹੜੇ ਕਾਰਨ ਬਲਦ ਨੂੰ ਲੈ ਕੇ ਗਏ ਸੀ ਉਹ ਚੰਗਾ-ਭਲਾ ਪਰ ਜਿਸ ਨਾਲ ਬੰਨਿਆ ਸੀ ਉਸ ਪਾ ਰਾੜ ਦਿੱਤੇ ਯਾਨੀ ਉਲਟਾ ਬਲਦ ਵੈਹੜੇ ਨੂੰ ਧੂਈ ਫਿਰੇ !!!

ਸਿੱਖ ਕੌਮ ਨੂੰ ਜਾਪਦਾ ਸੀ ਕਿ ਜਥੇਦਾਰ ਸਿਆਣੇ ਹੁੰਦੇ ਨੇ ਇਹ ਕੌਮ ਦੇ ਮਸਲਿਆਂ ਨੂੰ ਖੁਦ ਨਿਪਟਣਾ ਜਾਣਦੇ, ਪਰ ਇਹ ਢੱਗੇ ਉਲਟਾ ਪੂਰੀ ਕੌਮ ਨੂੰ ਧੂਹੀ ਫਿਰ ਰਹੇ ਹਨ। ਕੋਈ ਮਸਲਾ ਹੁੰਦਾ ਹੈ ਤਾਂ ਲੋਕ ਇਨ੍ਹਾਂ ਵਲ ਵਿਹੰਦੇ ਹਨ, ਕਿ ਸਾਡੇ ਜਥੇਦਾਰ ਕੋਈ ਅਗਵਾਈ ਦੇਣਗੇ, ਪਰ ਇਹ ਅਗੋਂ ਬਾਦਲਾਂ-ਮੱਕੜਾਂ ਅਗੇ ਜਾ ਕੇ ਗੋਹਾ ਕਰ ਆਉਂਦੇ ਹਨ, ਤੇ ਲੋਕਾਂ ਨੂੰ ਕਹਿ ਦਿੰਦੇ ਹਨ ਕਿ ਜਾਂਚ ਚਲ ਰਹੀ ਹੈ, ਰਿਪੋਟ ਆਈ ਤੇ ਸਖਤ ਕਾਰਵਾਈ ਕੀਤੀ ਜਾਵੇਗੀ, ਮਾਫ ਨਹੀਂ ਕੀਤਾ ਜਾਵੇਗਾ। ਸੜਕਾਂ ਉਪਰ ਆਏ ਲੋਕ ਨਿਰਾਸ਼ ਹੋ ਕੇ ਘਰੀਂ ਮੁੜ ਜਾਂਦੇ ਹਨ।

ਪਰ ਬਦਕਿਸਮਤੀ ਦੇਖੋ ਮੇਰੀ ਕੌਮ ਦੀ, ਕਿ ਉਹ ਅਕਾਲ ਤਖਤ ਦੇ ਨਾਂ ਤੇ ਇਨ੍ਹਾਂ ਢੱਗਿਆਂ ਨਾਲ ਨੂੜੀ ਇਸ ਕਦਰ ਗਈ ਹੈ, ਕਿ ਲੋਕਾਂ ਦੇ ਮਨਾ ਵਿਚੋਂ ਇਨ੍ਹਾਂ ਦੀਆਂ ਪੀਡੀਆਂ ਗੰਡਾਂ ਖ੍ਹੋਲਣੀਆਂ ਮੁਸ਼ਕਲ ਹੋਈਆਂ ਪਈਆਂ।

ਤੁਹਾਨੂੰ ਲੱਗਦਾ ਕਿ ਰਾਧਾ-ਸੁਵਾਮੀ ਵਲ ਇਹ ਮਰੀਆਂ ਲਾਸ਼ਾਂ ਉਂਗਲ ਵੀ ਕਰ ਜਾਣਗੀਆਂ ਜਿਹੜੇ ਇਨ੍ਹਾਂ ਦੇ ਬਾਸ ਦੇ ਬਾਸ ਦੇ ਵੀ ਅਗਾਂਹ ਚਹੇਤੇ ਹਨ ?

ਪੂਰੀ ਸਰਕਸ ਚਲ ਰਹੀ ਹੈ, ਤੇ ਉਸ ਵਿਚ ਇਹ ਭੀੜੀਆਂ ਲੂੰਗੀਆਂ ਵਾਲੇ ਜੋਕਰ ਖੜੇ ਕਰ ਛੱਡੇ ਹਨ। ਇਹ ਜਦ ਵੀ ਕੋਈ ਪਾਰਟ ਅਦਾ ਕਰਦੇ ਹਨ, ਸਿਵਾਏ ਦੁਨੀਆਂ ਦੀ ਹਾਸੋ-ਹੀਣੀ ਤੋਂ ਕੁਝ ਨਹੀਂ ਲੱਭਦਾ। ਜੋਕਰ ਹੋਇਆ ਹੀ ਕੀ ਜੇ ਉਸ ਕੋਈ ਅਜਿਹੀ ਗੱਲ ਨਾ ਕੀਤੀ ਜਿਸ ਤੋਂ ਦੁਨੀਆਂ ਹੱਸੀ ਨਾ। ਰਾਜਨੀਤੀ ਵਿਚ ਵੀ ਉਨ੍ਹੀ ਸਿੱਖਾਂ ਨੂੰ ਜਲੀਲ ਕਰਨ ਲਈ ਸਿੱਧੂ ਵਰਗੇ ਜੋਕਰ ਰੱਖੇ ਹੋਏ ਹਨ। ਤੁਸੀਂ ਹੈਰਾਨ ਹੋਵੋਂਗੇ ਕਿ ਉਨ੍ਹਾਂ ਦੀ ਰੀਸੇ ਇਧਰ ਬਾਹਰ ਕਨੇਡਾ ਵਾਲਿਆਂ ਵੀ ਪਾਰਲੀਮਿੰਟ ਵਿਚ ਜੋਕਰ ਹਾਇਰ ਕੀਤੇ ਹੋਏ ਹਨ। ਉਹ ਅਖਬਾਰਾਂ ਪੜ੍ਹਕੇ ਜਾਂ ਸਉਂ ਕੇ ਹੀ ਆ ਜਾਂਦੇ ਸਨ। ਕੁਝ ਹਾਲੇ ਵੀ ਹਨ। ਭੋਲੇ ਲੋਕ ਇਸੇ ਗੱਲੇ ਹੀ ਖੁਸ਼ ਸਨ ਕਿ ਦੇਖੋ ਜੀ ਪੱਗ ਵਾਲਾ ਐਮ.ਪੀ. ਹੈ ਸਾਡਾ। ਵੈਸਾਖੀ ਤੇ ਅਖੰਡ-ਪਾਠ ਕਰਾਉਂਦਾ ਹੈ!! ਤੇ ਚਲੋ ਬੱਸ ?? ਇਦਾਂ ਦਾ ਜੋਕਰ ਇੱਕ ਹਿੰਦੋਸਤਾਨ ਵਿਚ ਵੀ ਬਾਦਲਾਂ ਭੇਜਿਆ ਪਾਰਲੀਮੈਂਟ ਵਿਚ। ਸੰਤ ਅਜੀਤ ਸਿੰਘ ਪ੍ਰੀਵਾਰ ਵਿਛੋੜੇ ਵਾਲਾ। ਉਹ ਮਾਂ ਦਾ ਪੁੱਤ ਬਕਾਇਦਾ ਜੁੱਤੀ ਲਾਹ ਕੇ ਸਾਉਂਦਾ ਰਿਹਾ ਪਾਰਲੀਮੈਂਟ ਵਿਚ!!! ਟੌਹਰ ਨਾਲ ??

ਕਹਿੰਦੇ ਨੇ ਇੱਕ ਥਾਂ ਭਾਸ਼ਨ ਮੁਕਾਬਲੇ ਹੋ ਰਹੇ ਸਨ। ਬੜੇ ਵੱਡੇ ਵੱਡੇ ਭਾਸ਼ਨ ਚਲ ਰਹੇ ਸਨ। ਅਖੀਰ ਤੇ ਇੱਕ ਬੰਦੇ ਦੀ ਵਾਰੀ ਸੀ। ਉਸ ਨੂੰ ਕਹਿਣ ਲੱਗੇ ਕਿ ਤੇਰੇ ਲਈ ਭਰਾ ਕੇਵਲ ਦੋ ਮਿੰਟ ਬਚੇ ਹਨ ਕਹਿ ਲੈ ਜੋ ਕਹਿਣਾ। ਉਹ ਕਹਿੰਦਾ ਦੋ ਮਿੰਟ ਤਾਂ ਬਹੁਤ ਜਿਆਦਾ ਹਨ। ਦੋ ਕੀ ਇੱਕ ਮਿੰਟ ਵੀ ਜਿਆਦਾ ਹੈ। ਉਹ ਉਠਿਆ, ਮਾਇਕ ਤੇ ਗਿਆ ਤਾਂ ਲੰਮੀ ਪੀੜਾ ਵਿਚੋਂ ਹਾਉਕਾ ਲੈ ਕੇ ਅਤੇ ਦੋਵੇਂ ਬਾਹਾਂ ਖੜੀਆਂ ਕਰਕੇ ਕਹਿਣ ਲੱਗਾ ਭਰਾਵੋ! ਜਾਗ ਜਾਓ! ਲੁੱਟੇ ਜਾਓਂਗੇ! ਬੱਸ ! ਮੈਂ ਇਨਾ ਹੀ ਕਹਿਣਾ ਸੀ। ਉਸ ਦੇ ਧੁਰ ਅੰਦਰੋਂ ਨਿਕਲੇ ਇਨ੍ਹਾਂ ਦੋ ਬੋਲਾਂ ਨੇ ਸਾਰੇ ਮੁਕਾਬਲੇ ਫਿਹਲ ਕਰ ਦਿੱਤੇ ਅਤੇ ਸੁਣਨ ਆਈ ਨੂੰ ਭੀੜ ਨੂੰ ਧੁਰ ਅੰਦਰੋਂ ਤੱਕ ਹਿਲਾ ਕੇ ਰੱਖ ਦਿੱਤਾ ਉਸ।

ਲਫਜ ਤਾਂ ਦੋ ਹੀ ਕਹਿਣ ਵਾਲੇ ਨੇ ਕਿ ਭਰਾਵੋ ਜਾਗ ਜਾਵੋ ਨਹੀਂ ਤਾਂ ਦੇਰ ਤਾਂ ਹੋ ਹੀ ਗਈ ਹੈ! ਕਿ ਹਾਲੇ ਨਹੀਂ ਹੋਈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top