Share on Facebook

Main News Page

ਊੜਾ ਅਤੇ ਜੂੜਾ
- ਗੁਰਦੇਵ ਸਿੰਘ ਸੱਧੇਵਾਲੀਆ

ਮੇਰੇ ਬੇਸਮਿੰਟ ਵਾਲਾ ਗੁਆਂਢੀ ਪਿੱਛਲੇ ਸਾਲ ਸਮੇਤ ਪ੍ਰਵਾਰ ਪੰਜਾਬ ਜਾ ਰਿਹਾ ਸੀ। ਜਿਸ ਦਿਨ ਤੁਰਨਾ ਸੀ ਸਮ੍ਹਾਨ ਜਿਆਦਾ ਹੋਣ ਕਾਰਨ ਉਸ ਨੂੰ ਮੈਂ ਵੈਨ ‘ਤੇ ਛੱਡ ਕੇ ਆਉਂਣਾ ਸੀ। ਤੁਰਨ ਤੋਂ ਕੁੱਝ ਚਿਰ ਪਹਿਲਾਂ ਉਹ ਦਗੜ-ਦਗੜ ਕਰਦਾ ਜਦ ਬਾਹਰ ਨੂੰ ਦੌੜਨ ਲੱਗਾ, ਤਾਂ ਮੈਂ ਉਸ ਨੂੰ ਕਿਹਾ ਸਮਾਂ ਹੋਣ ਵਾਲਾ ਤੂੰ ਕਿਧਰ ਚਲਿਆਂ?

ਵੀਰ ਜੀ ਮੈਂ ਵਾਲ ਕਟਾਉਂਣ ਚਲਾ।

ਤੂੰ ਪਿੱਛਲੇ ਹਫਤੇ ਵੀ ਦੌੜਿਆ ਜਾ ਰਿਹਾ ਸੀ, ਕਿ ਮੈਂ ਵਾਲ ਕਟਾਉਂਣ ਚਲਾ ਇਹ ਰੋਜ ਰੋਜ ਦੀ ‘ਚਲਾ-ਚਲਾ’ ਤੂੰ ਨਿਬੇੜ ਕਿਉਂ ਨਹੀਂ ਦਿੰਦਾ।

ਉਹ ਕਿਵੇਂ?

ਸਿਰ ਤੇ ਦਸਤਾਰ ਸਜਾ ਲੈ ਇਹ ਨਿੱਤ ਦਾ ਮੁੰਨਣ-ਮੁਨਾਉਂਣ ਮੁੱਕਦਾ ਹੋ ਜੇ।

ਲੈ ਵੀਰ ਜੀ ਮੈਂ ਕਿਹੜਾ ਗ੍ਰੰਥੀ ਭਾਈ ਜਾਂ ਰਾਗੀ ਲੱਗਣਾ??

ਬਾਬਾ ਅਮਰੀਕ ਦੱਸ ਰਿਹਾ ਸੀ ਕਿ ਉਹ ਕਿਤੇ ਲ੍ਹੋਡ ਲੈ ਕੇ ਗਿਆ ਉਥੇ ਦਾ ‘ਸ਼ਿਪਰ’ ਪੰਜਾਬੀ ਮੁੰਡਾ ਸੀ। ਵੈਨ ਕਿਸੇ ਹੋਰ ‘ਡੌਕ’ ਤੇ ਲਾਉਂਣੀ ਸੀ ਤਾਂ ਉਹ ਮੁੰਡਾ ਕਹਿਣ ਲੱਗਾ ਕਿ ‘ਉਏ ਗਿਆਨੀ ਇਧਰ ਲਾ’!
ਵੈਨ ਤਾਂ ਕੀ ਲਾਉਂਣੀ ਸੀ ਉਹ ਮੁੰਡੇ ਨੂੰ ਪੈ ਨਿਕਲਿਆ।

ਤੇਰੀ ਜੁਅਰਤ ਕਿਵੇਂ ਹੋਈ ਗਿਆਨੀ ਨਾਲ ਉਏ ਕਹਿਣ ਦੀ? ਸਿਰ ਤੇ ਦਸਤਾਰ ਵਾਲਾ ਸਿੱਖ ਉਏ ਗਿਆਨੀ ਹੁੰਦਾ? ਤੇਰਾ ਬਾਪ ਜਾਂ ਦਾਦਾ ਉਏ ਗਿਆਨੀ ਸੀ?

ਮੁੰਡੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਗਲਤੀ ਕੀ ਕੀਤੀ। ਉਸ ਨੂੰ ਲੱਗਦਾ ਸੀ ਜਿਵੇਂ ਉਏ ਗਿਆਨੀ ਉਸ ਨੇ ਕਿਸੇ ‘ਰੁਟੀਨ’ ਵਿਚ ਹੀ ਕਿਹਾ ਹੈ, ਯਾਨੀ ਪੱਗਾਂ ਦਸਤਾਰਾਂ ਵਾਲੇ ਉਏ ਗਿਆਨੀ ਹੀ ਹੁੰਦੇ ਹਨ।

ਊੜਾ ਅਤੇ ਜੂੜਾ ਲਫਜ ਮੈਂ ਭਾਈ ਪੰਥਪ੍ਰੀਤ ਸਿੰਘ ਕੋਲੋਂ ਲਏ ਹਨ। ਉਨ੍ਹਾਂ ਅਪਣੇ ਪ੍ਰਚਾਰ ਵਿਚ ਊੜੇ ਅਤੇ ਜੂੜੇ ਉਪਰ ਬਹੁਤ ਜੋਰ ਲਾਇਆ। ਊੜਾਂ ਮੱਤਲਬ ਪੰਜਾਬੀ ਬੋਲੀ ਅਤੇ ਜੂੜਾ ਸਿੱਖੀ ਸਰੂਪ। ਜੂੜਾ ਗਿਆ ਬਾਣਾ ਗਿਆ, ਊੜਾ ਗਿਆ ਤਾਂ ਬਾਣੀ ਗਈ! ਖਾਲਸਈ ਜਲੌ ਦੀਆਂ ਇਹ ਦੋਵੇਂ ਨੀਹਾਂ ਹਨ। ਜਿਵੇਂ ਹਿੰਦੂ ਮੂਰਤੀ ਅਤੇ ਜਾਤ ਉਪਰ ਖੜਾ ਹੈ, ਉਵੇਂ ਖਾਲਸਈ ਜਲੌ ਊੜੇ ਅਤੇ ਜੂੜੇ ਉਪਰ ਖੜੋਤਾ ਹੈ।

ਤੇ ਤੁਸੀਂ ਹੈਰਾਨ ਨਾ ਹੋਣਾ ਕਿ ਇਨ੍ਹਾਂ ਦੋਵਾਂ ਚੀਜਾਂ ਦਾ ਅੱਜ ਪੁੱਜ ਕੇ ਜੇ ਕੋਈ ਵੈਰੀ ਹੈ, ਤਾਂ ਉਹ ਹੈ ‘ਬਾਲੀਵੁੱਡ’ ਤੇ ਰਹਿੰਦੀ ਕਸਰ ਪੰਜਾਬ ਦੇ ਨਕਚਲੀਆਂ ਕਰ ਦਿੱਤੀ ਯਾਨੀ ‘ਪਾਲੀਵੁੱਡ?? ਸਿੱਖਾਂ ਦਾ ਕਿਹੜਾ ਘਰ ਹੈ ਜਿਥੇ ‘ਬਾਲੀਵੁੱਡ’ ਦੀਆਂ ਧੁੰਮਾਂ ਨਹੀਂ ਸਮੇਤ ਪ੍ਰਚਾਰਕਾਂ ਦੇ!! ਤੁਸੀਂ ਸੋਚ ਕੇ ਤਾਂ ਵੇਖੋ ਜਦ ਬਾਪ ਅਪਣੀ ਜਵਾਨ ਬੇਟੀ ਜਾਂ ਬੇਟੇ ਸਾਹਵੇਂ ਬਾਲੀ ਜਾਂ ਪਾਲੀਵੁੱਡ ਦੀਆਂ ਅੱਧ ਨੰਗੀਆਂ ਨਚਾਰਾਂ ਵੇਖਦਾ ਹੈ, ਤਾਂ ਬੇਟੀ ਜਾਂ ਬੇਟਾ ਬਾਪ ਕੋਲੋਂ ਕੀ ਸੁਨੇਹਾ ਲੈ ਰਿਹਾ ਹੈ! ਅੰਗੇਰਜੀ ਫਿਲਮ ਦਾ ਸੈਕਸੀ ਸੀਨ ਵੀ ਇਨਾ ਲੱਚਰ ਨਹੀਂ ਹੁੰਦਾ ਜਿੰਨਾ ਬਾਲੀਵੁੱਡ ਦਾ ਅਧਨੰਗਾ ਢਿੱਡ। ਤੇ ਵਿਚ ਕੀ ਹੈ ਸਿਵਾਏ ਕੁੜੀਆਂ ਮਗਰ ਦੌੜਨ ਦੇ? ਕੁਝ ਹੈ?

ਮੇਰੇ ਅਗਾਂਹ ਮਿੱਤਰ ਦਾ ਮਿੱਤਰ ਹੈ। ਉਸ ਦੀ ਜਵਾਨ ਕੁੜੀ ਇਸ ਗੱਲੇ ਅੜ ਗਈ ਕਿ ਉਸ ਨੇ ਸਾਬਤ-ਸੂਰਤ ਮੁੰਡੇ ਨਾਲ ਵਿਆਹ ਨਹੀਂ ਕਰਵਾਉਂਣਾ। ਉਸ ਨੂੰ ਸਾਬਤ-ਸੂਰਤ ਮੁੰਡਾ ਹੀ ਚੰਗਾ ਲੱਗਣੋਂ ਹੱਟ ਗਿਆ! ਕਿਉਂ? ਬਾਲੀਵੁੱਡ ਦੇ ਨਾਚੇ ਸਾਡੇ ਬੱਚੇ-ਬੱਚਿਆਂ ਦੇ ਸਿਰ ਚੜ੍ਹਕੇ ਬੋਲਦੇ ਹਨ। ਉਨ੍ਹਾਂ ਨੇ ਅਪਣੇ ਹੀਰੋ ਇਨ੍ਹਾਂ ਨਚਾਰਾਂ ਨੂੰ ਮੰਨ ਲਿਆ ਹੈ।

ਇੱਕ ਵਾਰ ਦੀ ਗੱਲ ਹੈ ਮੇਰਾ ਵੱਡਾ ਬੇਟਾ ਸਕੂਲੋਂ ਆ ਕੇ ਮੈਨੂੰ ਕਹਿੰਦਾ ਪਾਪਾ ਇਹ ਅਮਤਾਬੱਚਨ ਅਤੇ ਸ਼ਾਹਰੁਖ ਖਾਨ ਕੌਣ ਹੈ? ਮੈਂ ਉਸ ਨੂੰ ਕਿਹਾ ਕਿ ਤੂੰ ਕਿਉਂ ਪੁੱਛ ਰਿਹਾ ਹੈ? ਉਹ ਕਹਿੰਦਾ ਸਕੂਲੇ ਮੇਰੇ ‘ਫਰੈਂਡ’ ਅੱਜ ਇਸ ਗੱਲੇ ਬਹਿਸ ਕਰ ਰਹੇ ਸਨ ਕਿ ਅਮਤਾਬਚਨ ਵੱਡਾ ਹੀਰੋ ਹੈ ਦੂਜਾ ਕਹਿ ਰਿਹਾ ਸੀ ਸ਼ਾਹਰੁਖ ਖਾਨ।

ਅਮਤਾਬਚਨ ਪੁੱਤਰ ਉਹ ਹੈ, ਜਿਸ ਦੇ ਇੱਕ ਬਿਆਨ ਨੇ ਕਈ ਹਜਾਰਾਂ ਸਿੱਖਾਂ ਦੀਆਂ ਜਾਨਾਂ ਲਈਆਂ ਸਨ ਯਾਨੀ ਨਿਰਦੋਸ਼ੇ ਸਿੱਖਾਂ ਦਾ ਕਾਤਲ! ਤੇ ਸ਼ਾਹਰੁੱਖ ਖਾਨ ਉਹ ਨਚਾਰ ਹੈ ਜਿਹੜਾ ਕੈਮਰੇ ਅਗੇ ਖੜ ਕੇ ਖੁਸਰਿਆਂ ਵਾਂਗ ਡਾਂਸ ਕਰਦਾ ਹੈ ਯਾਨੀ ਬਾਂਦਰ ਟਪੂਸੀ!

ਇਸ ਦਾ ਮੱਤਲਬ ਪਾਪਾ ਇਹ ਚੰਗੇ ਲੋਕ ਨਹੀਂ?

ਪਰ ਪੁੱਤਰ ਤੂੰ ਹੀ ਦੱਸ ਕਿ ਔਰਤਾਂ ਵਾਂਗ ਕੈਮਰੇ ਅਗੇ ਨੱਚਣ ਵਾਲਾ ਕਿੰਨਾ ਕੁ ਚੰਗਾ ਹੋ ਸਕਦਾ? ਹੋ ਸਕਦਾ?

ਇਸ ਗੱਲ ਨੂੰ ਕਈ ਚਿਰ ਹੋ ਗਿਆ। ਹੁਣ ਉਹ ਹਾਈ ਸਕੂਲ ਜਾਣ ਲੱਗ ਪਿਆ। ਇਹ ਲੇਖ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅਪਣੇ ਦੋਹਾਂ ਬੇਟਿਆਂ ਨੂੰ ਤਜਰਬੇ ਵਜੋਂ ਪੁੱਛਿਆ ਕਿ ਤੁਹਾਨੂੰ ਪਤੈ ਅਮਤਾਬਚਨ ਕੌਣ ਹੈ। ਬੇਟਾ ਮੇਰਾ ਫੱਟ ਬੋਲ ਪਿਆ ਕਿ ਪਾਪਾ ਉਹੀ ਸਿੱਖਾਂ ਦਾ ਕਾਤਲ ਨਾ ਤੇ ਦੂਜਾ ਬਾਂਦਰ ਟਪੂਸੀ?

ਸਾਡੇ ਬੱਚਿਆਂ ਨੂੰ ਜੇ ਇਹ ਪਤਾ ਕਿ ਸ਼ਾਹਰੁਖ ਜਾਂ ਅਮਤਾ ਜਾਂ ਹੋਰ ਨਾਚੇ ਕੌਣ ਹਨ ਪਰ ਇਹ ਨਹੀਂ ਪਤਾ ਕਿ ਹਰੀ ਸਿੰਘ ਨਲੂਆ, ਅਟਾਰੀ, ਜੱਸਾ ਸਿੰਘ, ਭਾਈ ਮਨੀ ਸਿੰਘ ਕੌਣ ਹਨ ਤਾਂ ਸਮਝ ਲਓ ਉਸ ਮਾਂ-ਬਾਪ ਨੇ ਧਰਤੀ ਉਪਰ ਭਾਰ ਹੀ ਤਾਂ ਪਾਇਆ ਬੱਚੇ ਜੰਮ ਕੇ। ਤੇ ਉਹ ਮਨੁੱਖ ਦੁਖੀ ਹੀ ਹੋਵੇਗਾ ਇਸ ਧਰਤੀ ਪੁਰ ਅਤੇ ਹੋਵੇਗਾ ਵੀ ਅਪਣੀ ਉਲਾਦ ਹੱਥੋਂ। ਕਿਉਂਕਿ ਉਸ ਨੇ ਅਪਣੀ ਜ਼ਿਹਨੀ ਆਯਾਸ਼ੀ ਖਾਤਰ ‘ਇੰਟਰਟੇਨਮਿੰਟ’ ਦੇ ਨਾ ‘ਤੇ ਨਚਾਰਾਂ ਨੂੰ ਅਪਣੇ ਘਰ ਦੀਆਂ ਦਹਿਲੀਜਾਂ ਟੱਪਣ ਦੀ ਇਜਾਜ਼ਤ ਦੇ ਕੇ ਅਪਣੇ ਬੱਚਿਆਂ ਨੂੰ ਚੰਗੇ ਸੰਸਕਾਰਾਂ ਤੋਂ ਵਾਝਿਆਂ ਕਰ ਕੇ ਉਨ੍ਹਾਂ ਨਾਲ ਧਰੋਹ ਕਮਾਇਆ ਹੈ।

ਇਥੇ ਮੈਨੂੰ ਪੰਥਪ੍ਰੀਤ ਦੀ ਗੱਲ ਅਪੀਲ ਕੀਤੀ ਕਿ ਗੈਰਤਮੰਦ ਪੰਜਾਬ ਦੇ ਜਿਹੜੇ ਹੱਥ ਜਾਲਮਾਂ ਦੀਆਂ ਸੰਘੀਆਂ ਲਈ ਉੱਠਦੇ ਸਨ, ਉਹੀ ਹੱਥ ਹੁਣ ਗਾਉਣ ਵਾਲੀਆਂ ਨਾਲ ਬਾਂਦਰ ਟਪੂਸੀਆਂ ਮਾਰਨ ਲਈ ਉੱਠਦੇ ਹਨ, ਤਾਂ ਤੁਸੀਂ ਦੱਸੋ ਊੜਾ ਅਤੇ ਜੂੜਾ ਕਿਵੇਂ ਬੱਚ ਰਹੇਗਾ। ਬੱਚ ਰਹੇਗਾ?

ਅੱਜ ਜੇ ਪੰਜਾਬ ਦੇ ਪਿੰਡਾਂ ਵਿਚ ਵੀ ਹਿੰਦੀ ਆ ਰਹੀ ਹੈ, ਅਤੇ ਅੱਜ ਜੇ ਦਸਤਾਰ ਵਾਲਾ ਸਿੱਖ ਸਾਡੀਆਂ ਹੀ ਨਸਲਾਂ ਨੂੰ ਉਏ ਗਿਆਨੀ ਜਾਪ ਰਿਹਾ ਹੈ, ਤਾਂ ਇਹ ਸਾਰੇ ਗੁਰਦੁਆਰਿਆਂ ਲਈ, ਸਾਰੇ ਪ੍ਰਚਾਰਕਾਂ ਲਈ, ਸਾਰੀਆਂ ਸੰਸਥਾਵਾਂ ਲਈ ਸ਼ਰਮ ਦੀ ਗੱਲ ਵੀ ਹੈ ਅਤੇ ਵੰਗਾਰ ਵੀ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top