Share on Facebook

Main News Page

ਸਾਡੀ ਲੜਾਈ ਕਾਹਦੀ?

ਸ਼ਿਵ-ਪੁਰਾਣ ਦੀ ਕਹਾਣੀ ਹੈ ਕਿ ਸ਼ਿਵ ਜੀ ਦੇ ਫੇਰੇ ਹੋ ਰਹੇ ਸਨ, ਬ੍ਰਹਮਾ ਜੀ ਕਰਵਾ ਰਹੇ ਸਨ। ਅਚਾਨਕ ਬ੍ਰਹਮਾ ਜੀ ਦਾ ਧਿਆਨ ਪਾਰਬਤੀ ਦੇ ਪੈਰ ਤੇ ਪਿਆ, ਤਾਂ ਬ੍ਰਹਮਾ ਜੀ ਦਾ ਧੀਰਜ ਟੁਟ ਗਿਆ। ਉਨ੍ਹਾਂ ਦਾ ਦਿੱਲ ਕੀਤਾ ਕਿ ਇੰਨੇ ਸੁਹਣੇ ਪੈਰ ਵਾਲੀ ਬੀਬੀ ਦਾ ਮੁੱਖੜਾ ਤਾਂ ਵੇਖਣਾ ਹੀ ਬਣਦਾ ਹੈ। ਉਨ੍ਹਾਂ ਪਾਠ ਕਰਦਿਆਂ ਵੇਦੀ ਵਿਚ ਗਿੱਲੀ ਲੱਕੜ ਪਾ ਦਿੱਤੀ, ਜਿਸ ਕਾਰਨ ਧੂੰਆਂ ਹੋ ਗਿਆ। ਸ਼ਿਵ ਜੀ ਅੱਖਾਂ ਮਲਣ ਲੱਗ ਪਏ, ਬ੍ਰਹਮਾ ਜੀ ਨੇ ਘੁੰਡ ਚੁੱਕ ਕੇ ਪਾਰਬਤੀ ਦਾ ਮੁੱਖ ਕੀ ਵੇਖਿਆ ਕਿ ਉਨ੍ਹਾਂ ਦੇ ਸਾਰੇ ‘ਸੈਂਸਰ’ ‘ਡਿਲੀਟ’ ਹੋ ਗਏ, ਯਾਨੀ ਉਨ੍ਹਾਂ ਦੇ ਅਪਣੇ ਆਪੇ ਤੇ ਕੋਈ ਵੱਸ ਨਾ ਰਿਹਾ ਤੇ ਕਹਾਣੀ ਮੁਤਾਬਕ ਉਨ੍ਹਾਂ ਦਾ ਵੀਰਜ ਪਾਤ ਹੋ ਗਿਆ!! ਸ਼ਿਵ ਜੀ ਨੇ ਅੰਤਰ ਧਿਆਨ ਦੇਖਿਆ, ਤਾਂ ਉਨ੍ਹਾਂ ਨੂੰ ਚੜ੍ਹ ਲਾਲੀਆਂ ਗਈਆਂ। ਹੋਣਾ ਕੀ ਸੀ ਉਹ ਬਲਦੀ ਲੱਕੜ ਦਾ ਚੌਅ ਲੈ ਕੇ ਪਿੱਛੇ-ਪਿੱਛੇ ਅਤੇ ਬ੍ਰਹਮਾ ਜੀ ਅੱਗੇ-ਅੱਗੇ।

ਇਹ ਕਹਾਣੀ ਇੱਕ ਵਾਰ ਮੈਂ ਪੰਜਾਬ ਗਾਰਡੀਅਨ ਵਿੱਚ ਲਿਖੀ ਤਾਂ ਇਕ ਹਿੰਦੂ ਭਰਾ ਦਾ ਫੋਨ ਆਇਆ ਕਿ ਮੈਂ ਉਨ੍ਹਾਂ ਦੇ ਦੇਵਤਿਆਂ ਦਾ ਮਖੌਲ ਉਡਾਇਆ ਹੈ। ਮੈਂ ਉਸ ਕੋਲੋਂ ਖਿਮਾ ਮੰਗਦਿਆਂ ਦੱਸਿਆ, ਕਿ ਮੇਰੇ ਵੀਰ ਮੇਰਾ ਕੋਈ ਇਰਾਦਾ ਨਹੀਂ ਕਿ ਕਿਸੇ ਦਾ ਮਖੌਲ ਉਡਾਵਾਂ, ਪਰ ਭਰਾ ਤੂੰ ਅਪਣੇ ਜਿਸ ਬ੍ਰਾਹਮਣ ਦਾ ਢਿੱਡ ਭਰ-ਭਰ ਪਾਟਣਾ ਕੀਤੀ ਰੱਖਿਆ, ਉਸ ਨੂੰ ਪੁੱਛ ਕਿ ਜੇ ਇਹ ਮੇਰੇ ਭਗਵਾਨ ਸਨ, ਤਾਂ ਤੂੰ ਉਨ੍ਹਾਂ ਨਾਲ ਇਹ ਕਹਾਣੀਆਂ ਜੋੜ-ਜੋੜ ਉਨ੍ਹਾਂ ਦਾ ਮਖੌਲ ਕਿਉਂ ਬਣਾਇਆ। ਕਿਸੇ ਔਰਤ ਦਾ ਪੈਰ ਦੇਖ ਕੇ ‘ਬੈਟਰੀ’ ਫੇਲ ਹੋ ਜਾਣੀ, ਇਹ ਕਿੰਨੀ ਕੁ ਵਡਿਆਈ ਵਾਲੀ ਗੱਲ ਹੈ, ਜਿਹੜੀ ਉਸ ਉਚਾਰਨ ਕੀਤੀ। ਉਸ ਨੂੰ ਕੋਈ ਜਵਾਬ ਨਾ ਆਇਆ, ਪਰ ਉਸ ਦੀ ਗੱਲ ਤੋਂ ਜਾਪਦਾ ਸੀ ਜਿਵੇਂ ਉਹ ਬੇਬਸ ਜਿਹਾ ਹੋਵੇ, ਕਿਉਂਕਿ ਇਹ ਉਸ ਦੇ ਆਪਣੇ ਗ੍ਰੰਥਾਂ ਵਿਚ ਸੀ, ਜਿਸ ਦੀ ਉਹ ਪੂਜਾ ਕਰਦਾ ਆ ਰਿਹਾ ਹੈ।

ਹੁਣ ਮੈਂ ਪੰਜਾਹ ਸਾਲ ਅਗੇ ਜਾਂਦਾ ਹਾਂ। ਮੈਂ ਮਰ ਚੁੱਕਾ ਹੋਇਆਂ। ਕੋਈ ਹਿੰਦੂ ਅਨੂਪ ਕੌਰ ਵਾਲੀ ਕਹਾਣੀ ਮਸਾਲੇ ਲਾ-ਲਾ ਲਿੱਖਦਾ ਹੈ। ਮੇਰਾ ਬੇਟਾ ਉਸ ਨੂੰ ਪੁੱਛਦਾ ਹੈ, ਕਿ ਤੂੰ ਮੇਰੇ ਗੁਰੂ ਬਾਰੇ ਊਲ-ਜਲੂਲ ਲਿਖਿਆ ਹੈ। ਉਸ ਦਾ ਜਵਾਬ ਵੀ ਮੇਰੇ ਵਾਲਾ ਹੁੰਦਾ, ਕਿ ਭਰਾ ਮੇਰਾ ਊਲ-ਜਲੂਲ ਲਿਖਣ ਦਾ ਕੋਈ ਇਰਾਦਾ ਨਹੀਂ ਸੀ, ਤੇਰੇ ਅਪਣੇ ਹੀ ਗ੍ਰੰਥ ਵਿੱਚ ਲਿਖਿਆ ਹੋਇਆ ਮੈਂ ਕੋਲੋਂ ਤਾਂ ਕੁਝ ਵੀ ਨਹੀਂ ਲਿਖਿਅ, ਤੇ ਮੈਂ ਆਪਣੇ ਬੇਟੇ ਨੂੰ ਹਰਾਸ ਹੋਇਆ ਦੇਖ ਰਿਹਾ ਹਾਂ, ਜਿਹੜਾ ਉਸ ਨੂੰ ਕੁੱਝ ਨਹੀਂ ਕਰ ਸਕਦਾ, ਕਿਉਂਕਿ ਇਹ ਮੇਰੇ ਤੇ ਮੜੇ ਗਏ ਗ੍ਰੰਥਾਂ ਵਿੱਚ ਹੀ ਤਾਂ ਲਿਖਿਆ ਹੈ।

ਪਿੰਡੋਂ ਮੇਰਾ ਚਾਚਾ ਹੈ, ਮੇਰਾ ਹਾਣੀ ਹੈ ਮੇਰਾ ਬੱਚਪਨ ਦਾ ਦੋਸਤ ਵੀ ਹੈ। ਛੋਟਾ ਮੁੰਡਾ ਉਸ ਦਾ ਅੱਥਰਾ ਨਿਕਲ ਆਇਆ। ਪਿੰਡ ਵਿਚ ਹੀ ਉਸ ਕੋਈ ‘ਗੜਬੜ’ ਕਰ ਦਿੱਤੀ। ਜਿਸ ਘਰ ਵਿਚ ਕੀਤੀ ਉਨ੍ਹਾਂ ਬਾਹਰੋਂ ਬੂਹਾ ਬੰਦ ਕਰ, ਅੰਦਰ ਤਾੜ ਲਿਆ ਪਰ ਉਹ ਤਗੜਾ ਅਤੇ ਹੁਸ਼ਿਆਰ ਸੀ, ਉਹ ਪਿੱਛਲੀ ਕੰਧ ਟੱਪ ਕੇ ਨਿਕਲ ਗਿਆ। ਚਲੋ ਕੁੱਟ ਤੋਂ ਤਾਂ ਬੱਚ ਗਿਆ, ਪਰ ਪਿੰਡ ਵਿੱਚ ਇਹ ਕੋਈ ਚੰਗੀ ਗੱਲ ਨਹੀਂ ਸੀ। ਕਰਤੂਤ ਮੁੰਡੇ ਦੀ, ਪਰ ਕਈ ਚਿਰ ਚਾਚਾ ਬਾਹਰ ਨਹੀਂ ਨਿਕਲਿਆ ਮਾਰਿਆ ਸ਼ਰਮ ਦਾ।

ਉਨ੍ਹੀਂ ਦਿਨੀਂ ਹੀ ਪ੍ਰੋ. ਦਰਸ਼ਨ ਸਿੰਘ ਨੂੰ ‘ਛੇਕੇ’ ਜਾਣ ਵਾਲੀ ਖ਼ਬਰ ਕਾਫੀ ਗਰਮ ਸੀ। ਪ੍ਰੋ. ਸਾਹਿਬ ਦਾ ਜੂਨ 84 ਵੇਲੇ ਖੁੱਲ੍ਹ ਕੇ ਜੁਅਰਤ ਨਾਲ ਬੋਲਣ ਕਾਰਨ, ਅੰਮ੍ਰਿਤਸਰ ਦੇ ਪਿੰਡਾਂ ਵਿੱਚ ਵੀ ਕਾਫੀ ਅਦਬ ਸੀ। ਉਹ ਹੈਰਾਨ ਸਨ, ਕਿ ਪ੍ਰੋ. ਸਾਹਿਬ ਵਰਗੇ ਵਿਦਵਾਨ ਬੰਦੇ ਕੀ ਗਲਤੀ ਕੀਤੀ। ਚਾਚਾ ਮੈਨੂੰ ਪੁੱਛਦਾ ਹੈ। ਮੈਂ ਉਸ ਨੂੰ ‘ਦਸਮ-ਗ੍ਰੰਥ’ ਦੀ ਕਹਾਣੀ ਬਾਰੇ ਦੱਸਿਆ, ਤਾਂ ਉਹ ਕਹਿਣ ਲੱਗਾ ਕਿ ਇਹ ‘ਦਸਮ ਗ੍ਰੰਥ’ ਕੀ ਹੈ? ਮੈਂ ਉਸ ਨੂੰ ਚਤਰ ਸਿੰਘ ਜੀਵਨ ਸਿੰਘ ਦਿਆਂ ਅਰਥਾਂ ਸਮੇਤ ‘ਦਸਮ ਗ੍ਰੰਥ’ ਲਿਆ ਦਿੱਤਾ। ਉਸ ਨੂੰ ਬਿਨਾ ਕੁੱਝ ਦੱਸੇ ਮੈਂ ਅਨੂਪ ਕੌਰ ਵਾਲੀ ਕਹਾਣੀ ਪੜਾਈ, ਤਾਂ ਮੈਨੂੰ ਕਹਿਣ ਲੱਗਾ ਭਰਾ ਅਜਿਹੀ ਕਹਾਣੀ ਕਾਰਨ, ਤਾਂ ਮੈਂ ਕਈ ਚਿਰ ਘਰੋਂ ਨਹੀਂ ਨਿਕਲਿਆ, ਚਾਹੇ ਕੀਤੀ ਮੁੰਡੇ ਮੇਰੇ, ਪਰ ਸ਼ਰਮ ਮੈਨੂੰ ਆ ਰਹੀ ਸੀ। ਇੱਕ ਮੁੰਡੇ ਦੇ ਕੰਧ ਟੱਪਣ ਕਾਰਨ ਮੈਨੂੰ ਇੰਨੀ ਨਮੋਸ਼ੀ ਹੋ ਰਹੀ ਹੈ, ਪਰ ਜੇ ਕੋਈ ਮੇਰੇ ਗੁਰੂ ਉਪਰ ਅਜਿਹਾ ਇਲਜਾਮ ਲਾਵੇ, ਤਾਂ ਯਾਰ ਮਰਨ ਨਹੀਂ ਹੋ ਜਾਂਦਾ ਬੰਦੇ ਦਾ ਪਰ ਇਹ ਤਾਂ..........

ਭਗਵਤ ਪੁਰਾਣ ਦੀ ਕਥਾ ਹੈ, ਗੋਪੀਆਂ ਦਰਿਆ ਵਿੱਚ ਨਹਾ ਰਹੀਆਂ ਸਨ, ਕ੍ਰਿਸ਼ਨ ਜੀ ਨੇ ਸ਼ਰਾਰਤ ਨਾਲ ਉਨ੍ਹਾਂ ਦੇ ਕੱਪੜੇ ਚੋਰੀ ਕਰ ਲਏ। ਉਹ ਮਾਰੀਆਂ ਸ਼ਰਮ ਦੀਆਂ ਬਾਹਰ ਨਾ ਆਈਆਂ। ਕ੍ਰਿਸ਼ਨ ਜੀ ਉਨ੍ਹਾਂ ਵਲ ਦੇਖ ਖੁਸ਼ ਹੋ ਰਹੇ ਹਨ, ਉਹ ਕੱਪੜੇ ਮੰਗ ਰਹੀਆਂ ਹਨ, ਪਰ ਕ੍ਰਿਸ਼ਨ ਜੀ ਇੱਕ ਸ਼ਰਤ ਉਪਰ ਕੱਪੜੇ ਦੇਣ ਲਈ ਤਿਆਰ ਹੋਏ, ਕਿ ਪਹਿਲਾਂ ਉਹ ਦੋਵੇਂ ਹੱਥ ਜੋੜ ਕੇ ਉਨ੍ਹਾਂ ਨੂੰ ਨਮਸ਼ਕਾਰ ਕਰਨ.??? ਤੁਸੀਂ ਜਾਣਦੇ ਕਿਉਂ?

ਦੋ ਔਰਤਾਂ ਸਨ। ਉਨ੍ਹਾਂ ਦਾ ਦਿੱਲ ਸ਼ਰਾਰਤ ਜਿਹੀ ਕਰਨ ਨੂੰ ਕੀਤਾ। ਦੋਹਾਂ ਸ਼ਰਤ ਲਾ ਲਈ। ਸ਼ਰਤ ਕੀ ਸੀ ਕਿ ਮੈਂ ਨਾਲਾ ਖਸਮ ਕੋਲੋਂ ਖੁਲ੍ਹਵਾਂਵਗੀ, ਪਰ ਭੋਗ ਮਿੱਤਰ ਨਾਲ ਕਰਾਂਗੀ। ਤੇ ਸ਼ਰਤ ਲਾਉਂਣ ਵਾਲੀ ਕਹਿੰਦੇ ਬੜੀ ਸੌਖਿਆਂ ਸ਼ਰਤ ਜਿੱਤ ਗਈ! ਕਿਵੇਂ? ਹੱਥਾਂ ਨੂੰ ਮਹਿੰਦੀ ਲਾ ਕੇ..!

ਇਹ ਕਹਾਣੀਆਂ ਮੇਰੇ ਬਜ਼ੁਰਗਾਂ ਵੀ ਪੜਨੀਆਂ, ਮੇਰੀਆਂ ਮਾਤਾਵਾਂ, ਭੈਣਾਂ ਅਤੇ ਬੇਟੀਆਂ ਵੀ। ਇਹ ਮੈਂ ਬੜੇ ਸੰਕੋਚਵੇਂ ਲਫਜਾਂ ਵਿਚ ਹਾਲੇ ਕਹੀਆਂ, ਪਰ ਜਿਹੜੇ ‘ਧਾਰਮਿਕ’ ਗ੍ਰੰਥਾਂ ਵਿੱਚ ਵਿਚੋਂ ਇਹ ਲਈਆਂ ਗਈਆਂ, ਉਨ੍ਹਾਂ ਦੇ ‘ਧਾਰਮਿਕ ਰਹਿਬਰਾਂ’ ਦੇ ਜਿਗਰੇ ਦੀ ਕੀ ਦਾਦ ਨਹੀਂ ਦੇਣੀ ਬਣਦੀ?

ਭਾਵੁਕ ਹੋ ਕੇ, ਗੰਡਾਸੇ ਚੁੱਕਣ ਵਾਲੇ ਭਰਾ ਇੱਕ ਵਾਰ ਤਾਂ ਯਾਰ ਠੰਡੇ ਸਿਰ ਸੋਚਣ। ਮੈਂ ਫਿਰ ਦੁਹਰਾ ਦਿਆਂ, ਕਿ ਕੁੱਝ ਇੱਕ ਬੇਈਮਾਨਾਂ ਨੂੰ ਛੱਡ, ਬਾਕੀ ਭਰਾ ਭਾਵੁਕਤਾ ਤਹਿਤ, ਇੱਕ ਦੂਜੇ ਦਾ ਸਿਰ ਪਾੜਨ ਲਈ ਗੰਡਾਸੇ ਚੁੱਕੀ ਫਿਰ ਰਹੇ ਹਨ, ਨਹੀਂ ਤਾਂ ਮੇਰੇ ਬਾਜਾਂ ਵਾਲੇ ਗੁਰੂ ਦੀ ਨਿਗਾਹ ਇੰਨੀ ਨੀਵੀਂ ਨਹੀਂ ਸੀ, ਕਿ ਖਾਲਸੇ ਨੂੰ ਇਖਲਾਕ ਸਿਖਾਉਂਣ ਲਈ, ਉਨ੍ਹਾਂ ਨੂੰ ਅਜਿਹੀਆਂ ਕਾਮ ਨਾਲ ਲਬਾ-ਲਬ ਕਹਾਣੀਆਂ ਦਾ ਆਸਰਾ ਲੈਣਾ ਪੈਂਦਾ।

ਕਹਿੰਦੇ ਚੂਹਾ ਬਿੱਲੀ ਤੋਂ ਡਰਦਾ, ਬਿੱਲੀ ਕੁੱਤੇ ਤੋਂ, ਕੁੱਤਾ ਬੰਦੇ ਤੋਂ, ਬੰਦਾ ਔਰਤ ਤੋਂ ਤੇ ਔਰਤ ਫਿਰ ਚੂਹੇ ਤੋਂ। ਪਤਾ ਨਹੀਂ ਕਿੰਨੀ ਕੁ ਸਚਾਈ ਹੈ, ਪਰ ਇਕ ‘ਸਰਕਲ’ ਜਿਹਾ ਚਲਦਾ ਹੈ। ‘ਦਸਮ ਗ੍ਰੰਥ’ ਦੇ ਹੱਕ ਵਾਲੇ ਵੀ, ਅਤੇ ਵਿਰੋਧ ਵਾਲੇ ਵੀ ਭਲੀ-ਭਾਂਤ ਜਾਣਦੇ ਹਨ, ਕਿ ਪੰਜਾਮੀਆਂ ਵਾਲੇ ਮੱਕੜ ਦੇ, ਮੱਕੜ ਬਾਦਲ ਦਾ, ਅਤੇ ਬਾਦਲ ਅਗਾਂਹ ਆਰ.ਆਰ.ਐਸ. ਦਾ ਜਰਖਰੀਦ ਹੈ, ਜਿਹੜੀ ਚਾਨਣ ਦੀ ਲੋਅ ਤੋਂ ਤਿਲਮਿਲਾ ਜਾਂਦੀ ਹੈ। ਪੰਡੀਆ ਭਲੀ-ਭਾਂਤ ਜਾਣਦਾ, ਕਿ ਹਿੰਦੋਤਸਾਨ ਵਿਚ ਜੇ ਕਿਸੇ ਹਨੇਰੇ ਨੂੰ ਤਾਰ-ਤਾਰ ਕੀਤਾ, ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਅੱਜ ਤੋਂ ਨਹੀਂ, ਪੰਡੀਏ ਦਾ ਸ਼ੁਰੂ ਤੋਂ ਸ਼ਬਦ ਨਾਲ ਵੈਰ ਰਿਹਾ ਹੈ। ਕਦੇ ਉਹ ਅਕਬਰ ਦੇ ਲੂਤੀਆਂ ਲਾਉਂਦਾ ਰਿਹਾ, ਕਦੇ ਜਹਾਂਗੀਰ ਦੇ ਅਤੇ ਕਦੇ ਔਰੰਗਜ਼ੇਬ ਦੇ। ਪਰ ਅੱਜ ਜਦ ਰਾਜ ਹੀ ਉਸ ਦਾ ਹੈ, ਤਾਂ ਉਹ ਕਿਵੇਂ ਹਜ਼ਮ ਕਰ ਲਏਗਾ, ਇਸ ਸੱਚ ਨੂੰ। ਕਰ ਲਏਗਾ???

ਇਸ ‘ਐਂਗਲ’ ਤੋਂ ਜਦ ਅਸੀਂ ਸਾਰੇ ਸੋਚਣਾ ਸ਼ੁਰੂ ਕਰ ਦੇਵਾਂਗੇ, ਤਾਂ ਸਾਡੀ ਆਪਸੀ ਲੜਾਈ ਰਹੇਗੀ ਹੀ ਕੋਈ ਨਹੀਂ। ਕਿ ਰਹੇਗੀ???

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top