Share on Facebook

Main News Page

ਭੇਡਾਂ ਦਾ ਵਾੜਾ
-
ਗੁਰਦੇਵ ਸਿੰਘ ਸੱਧੇਵਾਲੀਆ

ਕਹਿੰਦੇ ਇਕ ਬਘਿਆੜ ਸੀ, ਉਸ ਨੂੰ ਤੁਰਦੇ ਫਿਰਦਿਆਂ ਕਿਧਰੇ ਭੇਡ ਦੀ ਖੱਲ ਲੱਭ ਪਈ। ਉਸ ਕੀ ਕੀਤਾ ਕਿ ਭੇਡ ਦੀ ਖੱਲ ਪਾ ਕੇ ਉਹ ਭੇਡਾਂ ਵਿਚ ਜਾ ਕੇ ਰਲ ਗਿਆ। ਸਕੀਮ ਉਸ ਦੀ ਇਹ ਸੀ ਕਿ ਰਾਤ ਨੂੰ ਜਦ ਸਭ ਨੂੰ ਵਾੜੇ ਵਿਚ ਵਾੜ ਕੇ ਮਾਲਕ ਚਲਾ ਜਾਵੇਗਾ, ਤਾਂ ਕਿਸੇ ਮੋਟੀ-ਤਗੜੀ ਭੇਡ ਦਾ ‘ਡਿਨਰ’ ਕਰਾਂਗਾ। ਹਨੇਰਾ ਹੋ ਗਿਆ ਸੀ। ਮਾਲਕ ਸਭ ਭੇਡਾਂ ਵਾੜੇ ਵਿਚ ਵਾੜ ਘਰੇ ਚਲਾ ਗਿਆ। ਘਰ ਜਾਂਦਿਆਂ ਨੂੰ ਕਿਤੇ ਨਿਆਣਿਆਂ ਦਾ ਫੁੱਫੜ ਆਇਆ ਬੈਠਾ ਸੀ। ਫੁੱਫੜ ਲਈ ਕੁੱਕੜ ਤਾਂ ਚਾਹੀਦਾ ਹੀ ਏ ਨਾ, ਪਰ ਚਲੋ ਕੁੱਕੜ ਨਹੀਂ ਤਾਂ ਭੇਡ ਹੀ ਸਹੀ। ਮਾਲਕ ਨੇ ਮੁੰਡੇ ਆਵਦੇ ਨੂੰ ਭੇਜਿਆ ਕਿ ਜਾਹ ਫੁੱਫੜ ਲਈ ਇੱਕ ‘ਮੋਟੀ-ਤਗੜੀ’ ਭੇਡ ਝਟਕਾ ਲਿਆ ਤੇਰਾ ਫੁੱਫੜ ਕੀ ਯਾਦ ਕਰੂ।

ਹੋਣਾ ਕੀ ਸੀ! ਮੋਟਾ-ਤਗੜਾ ਤਾਂ ਬਗਿਆੜ ਹੀ ਸੀ! ਉਸ ਬਥੇਰੇ ਵਾਸਤੇ ਪਾਏ ਕਿ ਮੈਂ ਭੇਡ ਨਹੀਂ, ਪਰ ਹੁਣ ਕੌਣ ਸੁਣਦਾ ਤੇ ਆਖਰ ਉਨਹੀਂ ਖਾਧੀ ਪੀਤੀ ਵਿਚ ਬਗਿਆੜ ਦਾ ਹੀ ਤੁੜਕਾ ਲਾ ਕੱਢਿਆ।

ਬਾਬਾ ਫੌਜਾ ਸਿੰਘ ਨੂੰ ਇਹ ਕਹਾਣੀ ਤੋਂ ਸਿੱਖਾਂ ਦੀ ਗੱਲ ਯਾਦ ਆ ਜਾਂਦੀ ਹੈ। ਉਹ ਬਗਿਆੜ ਤਾਂ ਨਹੀਂ, ਪਰ ਕਹਿੰਦੇ ਅਸੀਂ ਸ਼ੇਰ ਹੁੰਨੇ ਆਂ ਸ਼ੇਰ! ਪਰ ਸ਼ੇਰ ਜੀ ਹੁਰੀਂ ਤੁਰੇ ਭੇਡਾਂ ਦੇ ਵਾੜਿਆਂ ਵਿੱਚ ਫਿਰਦੇ ਹਨ, ਤਾਂ ਅਗਲਿਆਂ ਝਟਕਾਉਂਣਾ ਤਾਂ ਹੈ ਹੀ। ਨਹੀਂ?

ਮਿਆਂਕਦੇ ਭੇਡਾਂ ਵਾਂਗ ਹਨ। ਭੇਡਾਂ ਦੇ ਵਾੜਿਆਂ ਵਿਚ ਰਹਿ ਰਹਿ ਭੇਡਾਂ ਵਾਲੀਆਂ ਹੀ ਹਰਕਤਾਂ ਕਰਨ ਲੱਗ ਪਏ ਹਨ। ਉਹੀ ਟਿੱਕੇ, ਉਹੀ ਕਰਮ-ਕਾਂਡ, ਉਹੀ ਜੋਤਾਂ ਨਾਲ ਮੂੰਹ ਕਾਲੇ, ਉਹੀ ਨਾਰੀਅਲ, ਮੌਲੀ, ਕੁੰਭ, ਲਾਲ ਚੁੰਨੀ, ਸ਼ਰਾਧ, ਸੰਪਟ, ਟੱਲੀਆਂ, ਬੰਦ ਬੱਤੀਆਂ, ਜੂਠ-ਸੁੱਚ-ਭਿੱਟ, ਜਾਤੀ ਵਲਗਣਾ, ਮੂਰਤੀ ਪੂਜਾ! ਬਚਿਆ ਕੀ? ਸ਼ੇਰ ਹੋ ਗਿਆ ਨਾ ਭੇਡ ਦਾ ਰੂਪ? ਗੁਰੂਆਂ ਢਾਈ ਸੌ ਸਾਲ ਲਾ ਕੇ ਸ਼ੇਰ ਕੀਤਾ ਸੀ, ਪਰ ਬਗਿਆੜ ਵਾਂਗ ਲਾਲਚ ਦੀ ਦਲਦਲ ਫਸ ਮੁੜ ਭੇਡ ਬਣ ਕੇ ਰਹਿ ਗਿਆ ਹੈ।

ਬਾਬਾ ਫੌਜਾ ਸਿੰਘ ਨੂੰ ਯਾਦ ਏ। ਹਿੰਦੂਆਂ ਦੇ ਭਰੇ ਇਕੱਠ ਵਿਚ ਕਾਲੀਆਂ ਦੀ ਇਕ ਭੇਡ ਮਿਆਂਕ ਰਹੀ ਸੀ, ਕਿ ਕੌਣ ਕਹਿੰਦਾ ਹਿੰਦੂ ਤੇ ਸਿੱਖ ਦੋ ਨੇ। ਗੁਰੂ ਸਾਹਿਬ ਨੇ ਸ੍ਰੀ ਰਾਮ ਚੰਦਰ ਜੀ ਦਾ ਨਾਂ ਲੈ ਲੈ ਕੇ ਬਾਣੀ ਉਚਾਰੀ ਹੈ।

ਬਾਦਲ ਦਲ ਦਾ ਇੱਕ ਭੇਡੂ ਉਂਕਾਰ ਥਾਪਰ 02 ਮਾਰਚ 2010 ਨੂੰ ਦਿੱਲੀ ਵਿਖੇ

ਨਾਨਕਸਰੀਆਂ ਦੀ ਇਹ ਭੇਡ ਮੰਦਰ ਵਿੱਚ ਜਾ ਕੇ ਜੈ ਸੀਆ ਰਾਮ ਦਾ ਭਜਨ ਤਾੜੀਆਂ ਮਰਵਾ ਮਰਵਾ ਕਰਵਾ ਰਹੀ ਸੀ, ਯਾਨੀ ਮਿਆਂਕ ਰਹੀ ਸੀ!!

 

ਆਹ ਹੁਣੇ ਬਾਬੇ ਨੇ ਸੁਣਿਆ ਨੀਲ-ਧਾਰੀਆਂ ਦੀ ਇੱਕ ਭੇਡ ਵਿਚੇ ਵਾਹਿਗੁਰੂ, ਵਿਚੇ ਜੈ ਸੀਆ ਰਾਮ, ਤੇ ਵਿਚੇ ਰਾਧੇ-ਸ਼ਾਮ ਗਾਈ ਤੁਰੀ ਜਾ ਰਹੀ ਸੀ। ਕੁਝ ਚਿਰ ਪਹਿਲਾਂ ‘ਗੋਬਿੰਦ ਨਾਮ ਮਤ ਵੀਸਰੇ’ ਦੀ ਸੀ.ਡੀ. ਵਿੱਚ ਨਾਨਕਸਰੀਆਂ ਦੀ ਇਕ ਭੇਡ ਮੰਦਰ ਵਿਚ ਜਾ ਕੇ ਜੈ ਸੀਆ ਰਾਮ ਦਾ ਭਜਨ ਤਾੜੀਆਂ ਮਰਵਾ ਮਰਵਾ ਕਰਵਾ ਰਹੀ ਸੀ, ਯਾਨੀ ਮਿਆਂਕ ਰਹੀ ਸੀ!!

ਸ਼ੇਰ ਗੁਰੂ ਨੇ ਉਸ ਨੂੰ ਕਿਹਾ ਸੀ ਜਿਹੜਾ ‘ਭਰਮ ਭੈਅ ਤੇ ਰਹੇ ਨਿਆਰਾ’ ਤੇ ਉਹੀ ਸ਼ੇਰ ਖਾਲਸਾ ਹੈ। ਪਰ ਹੁਣ ਵਾਲੇ ਸ਼ੇਰ ਜੀ ਹੁਰੀਂ ਹਾਲੇ ਤੱਕ ਇਸੇ ਵਹਿਮ ਵਿਚੋਂ ਨਹੀਂ ਨਿਕਲੇ ਕਿ ਸ਼ੇਰਾਂ ਵਿਚ ਸ਼ਾਮਲ ਕਰਨ ਲਈ ਯਾਨੀ ਖੰਡੇ ਦੀ ਪਾਹੁਲ ਦੇਣ ਵੇਲੇ ਕਿਹੜਾ ਭਰਮ ਨਹੀਂ ਕਰਨਾ। ਹਰੇਕ ਮਨੁੱਖ ਅਪਣਾ ਬੀਜਿਆ ਵੱਡਦਾ ਤੇ ਭੋਗ ਕੇ ਇਕੱਲਾ ਹੀ ਤੁਰ ਜਾਂਦਾ ਹੈ।

ਬਾਬਾ ਫੌਜਾ ਸਿੰਘ ਨੂੰ ਯਾਦ ਏ ਇਕ ਵਾਰ ਉਸ ਦੇ ਮਿੱਤਰ ਦਾ ਅੰਮ੍ਰਿਤ ਛੱਕਣ ਨੂੰ ਦਿਲ ਕਰ ਆਇਆ, ਪਰ ਉਸ ਦੀ ਘਰਵਾਲੀ ਨਾ ਸੀ ਮੰਨ ਰਹੀ। ਉਹ ਇਕੱਲਾ ਹੀ ਜਾ ਵੜਿਆ। ਅਗੋਂ ‘ਖਾਲਸਾ ਜੀ’ ਯਾਨੀ ‘ਸ਼ੇਰ ਜੀ’ ਹੁਰੀਂ ਕਹਿੰਦੇ ਕਿ ਜਾਹ ਪਹਿਲਾਂ ਅਪਣੀ ਘਰਵਾਲੀ ਲੈ ਕੇ ਆ। ਉਸ ਬਥੇਰਾ ਕਿਹਾ, ਕਿ ਘਰਵਾਲੀ ਕਿਹੜਾ ਧੁਰੋਂ ਮੇਰੇ ਨਾਲ ਆਈ ਸੀ, ਜਾਂ ਨਾਲ ਜਾਣਾ ਜਾਂ ਪੰਜ ਪਿਆਰਿਆਂ ਵੇਲੇ ਕਿਹੜੀਆਂ ਘਰਵਾਲੀਆਂ ਨਾਲ ਆਈਆਂ ਸਨ। ਪਰ ‘ਸਿੰਘ’ ਕੀ ਹੋਏ ਜੇ ਕੋਈ ਦਲੀਲ ਉਨ੍ਹਾਂ ਅਗੇ ਕੰਮ ਕਰ ਜਾਏ ਤੇ ਆਖਰ ਉਨ੍ਹਾਂ ਉਸ ਨੂੰ ਬੂਹਿਓਂ ਬਾਹਰ ਕਰ ਦਿੱਤਾ!!

ਬੰਦਾ ਪੱਕਾ ਸੀ, ਉਸ ਹੋਰ ਕਿਤਿਓਂ ਜਾ ਪਾਹੁਲ ਲਈ ਨਹੀਂ, ਤਾਂ ਘੱਲ ਤਾ ਸੀ ਨਾ ਰਾਧਾ-ਸੁਆਮੀਆਂ ਦੇ। ਰਾਧਾ ਜਾਂ ਸੌਦੇ ਸਾਧ ਕਿਤੇ ਉਪਰੋਂ ਥੋੜੋਂ ਡਿੱਗ ਰਹੇ ਜਾਂ ਧਰਤੀ ਚੋਂ ਉੱਗ ਰਹੇ ਇੰਝ ਹੀ ਇਨ੍ਹਾਂ ਦੇ ਧੱਕੇ ਗਏ! ਜਦ ਆਮ ਬੰਦੇ ਤੋਂ ਇਨ੍ਹਾਂ ਨੂੰ ਬੋਅ ਆਉਂਦੀ ਤੇ ਪ੍ਰਸਾਦ ਬਣਾਇਆ ਵੀ ਚਿੜੀਆਂ ਅਗੇ ਪਾ ਆਉਂਦੇ ਤਾਂ ਲੋਕ ਸਿੱਖ ਕਿਉਂ ਬਣਨ? ਤੁਸੀਂ ਕਹਿੰਨੇ ਸੌਦੇ ਜਾਂ ਰਾਧੇ-ਸ਼ਾਮ ਸਿੱਖੀ ਦੇ ਦੁਸ਼ਮਣ ਨੇ? ਨਹੀਂ! ਸੌਦਿਆਂ ਦੀ ਦੁਕਾਨਾਂ ਤੇ ਤਾਂ ਇਹ ਲੋਕ ਧੱਕੇ ਮਾਰ-ਮਾਰ ਘੱਲ ਰਹੇ ਨੇ ਲੋਕਾਂ ਨੂੰ। ਇਨ੍ਹਾਂ ਦੀਆਂ ਤਾਂ ਬੁਢੀਆਂ ਹੀ ਨਹੀਂ ਬੁਲਾਉਂਦੀਆਂ ਕਿਸੇ ਨੂੰ ਜੇ ਉਸ ਕੇਸਕੀ ਨਾ ਬੰਨੀ ਹੋਵੇ ਜਾਂ ਇਨ੍ਹਾਂ ਦੇ ਜੱਥੇ ਤੋਂ ਪਾਹੁਲ ਨਾ ਲਈ ਹੋਵੇ, ਤਾਂ ਦੱਸੋ ਨਾ ਲੋਕ ਜਾਣ ਕਿਧਰ? ਇਹ ਉਹ ਸਿੰਮਲ ਰੁੱਖ ਨੇ ਜਿਸ ਹੇਠਾਂ ਨਾਂ ਛਾਂ ਤੇ ਨਾਂ ਫਲ। ਲੋਕ ਸੁਹਣਾ ਸਿੱਖੀ ਸਰੂਪ ਦੇਖ ਨੇੜੇ ਹੋਣਾ ਚਾਹੁੰਦੇ, ਇਹ ਧੱਕੇ ਮਾਰਦੇ ਨੇ ਰੋਡੇ-ਭੋਡੇ ਤੇ ਮਨਮੁੱਖ ਕਹਿਕੇ? ਤੁਸੀਂ ਕਦੇ ਇਨ੍ਹਾਂ ਨੂੰ ਹੱਥ ਮਿਲਾਉਂਦਿਆਂ ਦੇਖਿਆ? ਬਾਂਹ ਮੋੜਕੇ ਕੂਹਣੀ ਅੱਗੇ ਕਰ ਦਿੰਦੇ ਹਨ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਉਂਝ ਗੱਲ ਕਿਧਰ ਨੂੰ ਗਈ। ਇੱਕ ਬੰਦਾ ਪਤਨੀ ਨਾ ਲਿਆਉਂਣ ਤੇ ਸਿੰਘ ਨੂੰ ਪਾਹੁਲ ਤੋਂ ਬਿਨਾ ਹੀ ਮੋੜ ਦਿੰਦਾ ਹੈ, ਪਰ ਉਸੇ ਸੰਸਥਾ ਦੇ ‘ਹਰੀ ਸਿਓਂ ਰੰਧਾਵਾ’ ਕਿਸੇ ‘ਮਹਾਂਪੁਰਖ’ ਕੋਲੋਂ ਕੁੱਤੇ ਨੂੰ ਪਾਹੁਲ ਦਿਵਾ ਰਿਹਾ ਹੈ!! ਪਰ ਬਾਬੇ ਦਾ ਸਵਾਲ ਤਾਂ ਇਨਾ ਹੀ ਹੈ ਕੁੱਤੇ ਨੂੰ ਕੀ ‘ਬਾਬਾ ਜੀ’ ਨੇ ਨਾ ਪੁੱਛਿਆ, ਕਿ ਭਾਈ ਤੂੰ ਅਪਣੀ ਕੁੱਤੀ ਯਾਨੀ ਪਤਨੀ ਕਿਉਂ ਨਹੀਂ ਲੈ ਕੇ ਆਇਆ?

ਪਰ ਸਦ ਅਫਸੋਸ! ਅਕਾਲ ਤਖਤ ਤੇ ਬੈਠੀ ਕਿਸੇ ਭੀੜੀ ਲੂੰਗੀ ਵਾਲੇ ਦੀ ਬੋਦੀ ਵਿਚ ਕਦੇ ਖੁਰਕ ਨਹੀਂ ਹੋਈ, ਕਿ ਉਹ ਪੁੱਛ ਸਕੇ ਕਿ ਰੰਧਾਵਾ ਭਾਈ ਖੰਡੇ ਦੀ ਪਾਹੁਲ ਗੁਰੂ ਸਾਹਿਬ ਜੀ ਨੇ ਕੀ ਕੁੱਤਿਆਂ-ਬਿੱਲਿਆਂ ਖਾਤਰ ਤਿਆਰ ਕੀਤੀ ਸੀ? ਪਰ ਉਹ ਭੇਡ ਹੀ ਕੀ ਹੋਈ ਜੇ ਉਹ ਗਰਜ ਗਈ। ਖਾਧਾ ਗਿਆ ਨਾ ਬਗਿਆੜ ਯਾਨੀ ਸ਼ੇਰ ਭੇਡਾਂ ਦੇ ਵਾੜੇ ਵਿਚ ਜਾ ਕੇ?


ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ ਪੜ੍ਹਨ ਲਿਈ ਇਥੇ ਕਲਿੱਕ ਕਰੋ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top