Share on Facebook

Main News Page

ਅਵਾਰਾ-ਕੁੱਤੇ
-
ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੌਜਾ ਸਿੰਘ ਰੇਡੀਓ ਖਬਰਸਾਰ ਸੁਣ ਰਿਹਾ ਸੀ। ਉਥੇ ਗੱਲ ਚਲ ਰਹੀ ਸੀ ਪੰਜਾਬ ਵਿਚ ਵਧ ਰਹੇ ਆਵਾਰਾ ਕੁੱਤਿਆਂ ਦੀ। ਪੰਜਾਬ ਦੇ ਪਿੰਡਾ ਵਿਚ ਆਵਾਰਾ ਕੁੱਤਿਆਂ ਦੀ ਬਹੁਤਾਤ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਅਵਾਰਾ ਕੁੱਤਿਆਂ ਕਈ ਲੋਕਾਂ ਨੂੰ ਵੱਡਿਆ ਜੀਨ੍ਹਾਂ ਮੁੜ ਹੋਰ ਕਈਆਂ ਨੂੰ ਵੱਡਿਆ। ਅਜਿਹੀਆਂ ਦੋ-ਤਿੰਨ ਘਟਨਾਵਾਂ ਬਾਬੇ ਦੇ ਪਿੰਡ ਵੀ ਹੋਈਆਂ। ਅਵਾਰਾ ਕੁੱਤੇ ਲੋਕਾਂ ਨੂੰ ਵੱਡ ਰਹੇ ਹਨ। ਆਵਾਰਾ ਕੁੱਤੇ ਹਰਕਾਏ ਹੋ ਕੇ ਲੋਕਾਂ ਨੂੰ ਵੀ ਹਰਕਾਏ ਕਰ ਰਹੇ ਹਨ। ਲੋਕ ਅਪਣੇ ਬੱਚਿਆਂ ਨੂੰ ਇੱਕਲੇ-ਕਾਰੇ ਬਾਹਰ ਕੱਢਣ ਤੋਂ ਡਰਦੇ ਹਨ ਕਿਉਂਕਿ ਅਵਾਰਾ ਕੁੱਤਿਆਂ ਕਈਆਂ ਬੱਚਿਆਂ ਨੂੰ ਖਾ ਲਿਆ ਹੈ।

ਬਾਬੇ ਦੇ ਪਿੰਡ ਜਦ ਇੱਕ ਭਾਈ ਨੂੰ ਕੁੱਤੇ ਨੇ ਵੱਡਿਆ ਤਾਂ ਬਾਬਾ ਕਹਿਣ ਲੱਗਿਆ ਕਿ ਇਨ੍ਹਾਂ ਨੂੰ ਮਾਰ ਕਿਉਂ ਨਹੀਂ ਦਿੰਦੇ ਤਾਂ ਜਵਾਬ ਦੇਣ ਵਾਲਾ ਕਹਿਣ ਲੱਗਾ ਕਿ ਕੁੱਤਾ ਮਾਰਨਾ ਸਰਕਾਰੀ ਜੁਰਮ ਹੈ। ਉਂਝ ਕਨੂੰਨ ਬਣਾਉਂਣ ਵਾਲਿਆਂ ਦੇ ਨੱਕ ਹੇਠ ਬੰਦੇ ਮਰ ਜਾਣ ਕੋਈ ਪ੍ਰਵਾਹ ਨਹੀਂ ਪਰ ਕੁੱਤਿਆਂ ਅਤੇ ਅਵਾਰਾ ਗਊਆਂ ਲਈ ਕਨੂੰਨ ਸਖਤ ਹਨ।

ਰੇਡੀਓ ਉਪਰ ਜਦ ਅਵਾਰਾ ਕੁੱਤਿਆਂ ਦੀ ਗੱਲ ਚਲ ਰਹੀ ਸੀ ਤਾਂ ਹੋਸਟ ਦੇ ਨਾਲ ਬੈਠੀ ਬੀਬੀ ਕਹਿਣ ਲੱਗੀ ਕਿ ਆਵਾਰਾ ਕੁੱਤੇ ਤਾਂ ਚਲੋ ਵੱਡਦੇ ਹੀ ਹਨ ਪਰ ਅਵਾਰਾ ਬੰਦਿਆਂ ਦੀ ਜੇ ਗੱਲ ਕਰੀਏ? ਹੋਸਟ ਕਹਿਣ ਲੱਗਾ ਬੀਬਾ ਅਵਾਰਾ ਬੰਦਿਆਂ ਦੀ ਰਹਿਣ ਹੀ ਦੇਹ ਗੱਲ ਬੜੀ ਦੂਰ ਚਲੇ ਜਾਣੀ। ਗੱਲ ਸੱਚਮੁਚ ਬੜੀ ਦੂਰ ਚਲੇ ਜਾਣੀ ਸੀ। ਕਿਉਂਕਿ ਹਾਲੇ ਆਵਾਰਾ ਕੁੱਤਿਆਂ ਤੋਂ ਲੋਕ ਅੰਦਰੀਂ ਵੜ ਬੱਚ ਜਾਣਗੇ ਪਰ ਅਵਾਰਾ ਬੰਦੇ ਤਾਂ ਅੰਦਰਾਂ ਤੋਂ ਧੂਹ ਲੈਂਦੇ ਹਨ?

ਚਲੋ ਬਾਕੀ ਦੁਨੀਆਂ ਦੀ ਛੱਡੋ ਉਹ ਤਾਂ ਕਿਹਾ ਜਾ ਸਕਦਾ ਕਿ ਅਗਿਆਨਤਾ ਕਾਰਨ ਇੱਕ-ਦੂਏ ਨੂੰ ਵੱਡ ਰਹੇ ਹਨ ਪਰ ਬਾਬਾ ਸੋਚਦਾ ਸੀ ਧਾਰਮਿਕ ਅਸਥਾਨਾ ਤੇ ਬੈਠੇ?

ਬਾਬੇ ਨੂੰ ਯਾਦ ਕੇ ਇੱਕ ਵਾਰ ਬਾਬਾ ਇੱਕ ਗੁਰਦੁਆਰੇ ਬੈਠਾ ਸੀ। ਉਥੇ ਇੱਕ ਪ੍ਰਬੰਧਕ ਕੋਲੇ ਇੱਕ ਜੋੜਾ ਆਇਆ ਕਿ ਸਾਡਾ ਵਿਆਹ ਬੁੱਕ ਕੀਤਾ ਜਾਵੇ। ਜੋੜਾ ਇਧਰ ਬਾਹਰ ਦਾ ਪੜਿਆ ਹੋਣ ਕਾਰਨ ਸਿੱਧਾ ਹੀ ਸੀ ਯਾਨੀ ਵਲ ਵਿੰਗ ਕੋਈ ਨਾ ਸੀ। ਗੁਰੂ ਘਰ ਦੇ ਭੈਅ ਨੂੰ ਮੁੱਖ ਰੱਖਦਿਆਂ ਮੁੰਡੇ ਨੇ ਬੜੀ ਮਸੂਮਤਾ ਜਿਹੀ ਨਾਲ ਕਿਹਾ ਕਿ ਜੀ ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਪਹਿਲਾਂ ਫਰੈਂਡ ਸਾਂ ਇਸ ਲਈ ਇਹ ਕੁੜੀ ਮੇਰੇ ਤੋਂ ਪ੍ਰੈਗਨੈਟ ਹੋ ਗਈ ਹੈ ਕੋਈ ਪਾਪ ਤਾਂ ਨਾ ਲੱਗੂ?

ਉਸ ਦੇ ਕਹਿਣ ਦੀ ਦੇਰ ਸੀ ਕਿ ਪ੍ਰਬੰਧਕ ਬਊ ਕਰਕੇ ਉਸ ਨੂੰ ਪਿਆ,

ਇਹ ਪ੍ਰੈਗਨੈਂਟ Pregnant ਤੇਰੀ ਹੀ ਕੀਤੀ ਜਾਂ

ਬਾਬਾ ਫੌਜਾ ਸਿੰਘ ਦਾ ਹੈਰਾਨੀ ਨਾਲ ਮੂੰਹ ਅੱਡਿਆ ਗਿਆ। ਇਹ ਅਵਾਰਾ ਹੀ ਨਹੀਂ ਹਰਕਾਏ ਵੀ ਨੇ? ਉਹ ਵੀ ਗੁਰਦੁਆਰਿਆਂ ਵਿੱਚ? ਇਨ੍ਹਾਂ ਨੂੰ ਕਿਸੇ ਦੀ ਧੀ-ਭੈਣ ਦੀ ਕੋਈ ਸ਼ਰਮ ਹੀ ਨਹੀਂ?

ਬਾਬਾ ਸੋਚ ਰਿਹਾ ਸੀ ਕਿ ਆਵਾਰਾ ਜਾਂ ਹਰਕਾਇਆ ਹੋਇਆ ਕੁੱਤਾ ਤਾਂ ਚਲੋ ਕੁਝ ਇੱਕ ਨੂੰ ਵੱਡੇਗਾ ਪਰ ਬੰਦਾ? ਬੰਦਾ ਜਦ ਹਰਕਾਇਆ ਹੁੰਦਾ ਤਾਂ ਦੁਨੀਆਂ ਉਪਰ ਹਨੇਰੀਆਂ ਲਿਆ ਦਿੰਦਾ। ਹਰਕਾਇਆਂ ਬੰਦਿਆਂ ਦਾ ਧਰਤੀ ਉਪਰਲਾ ਹੁਣ ਤੱਕ ਦਾ ਇਤਿਹਾਸ ਇਹੀ ਤਾਂ ਦੱਸਦਾ। ਪਿੱਛਲੇ ਛੱਡੋ ਹੁਣ ਦੀ ਕਰੋ! ਹਰਕਾਏ ਹੋਏ ਬੁਸ਼ ਨੇ ਪਹਿਲਾਂ ਅਫਿਗਾਨਸਤਾਨ ਤਬਾਹ ਕੀਤਾ ਬੰਬ ਮਾਰ ਮਾਰ ਫਿਰ ਇਰਾਕ ਅਤੇ ਹੁਣ ਉਬਾਮਾ ਵੀ ਹਰਕਾਇਆ ਹੋਣ ਨੂੰ ਫਿਰਦਾ ਇਰਾਨ ਉਪਰ? 1984 ਵਿਚ ਪਹਿਲਾਂ ਇੰਦਰਾਂ ਹਰਕਾਈ ਹੋਈ ਫਿਰ ਉਸ ਦਾ ਮੁੰਡਾ ਤੇ ਕੀ ਹੋਇਆ? ਮਾਂ-ਪੁੱਤਾਂ ਨੇ ਮਨੁੱਖਤਾ ਦੀਆਂ ਲੀਰਾਂ ਕਰ ਮਾਰੀਆਂ।ਨਹੀਂ?

ਬੰਦੇ ਦੇ ਅੰਦਰ ਪਤਾ ਨਹੀਂ ਕਿੰਨੇ ਅਵਾਰਾ ਕੁੱਤੇ ਹਨ ਜਿਹੜੇ ਮਨੁੱਖਤਾ ਨੂੰ ਵੱਡਦੇ ਹਨ, ਲਹੂ ਲੁਹਾਨ ਕਰਦੇ ਹਨ, ਸੜਕਾਂ ਤੇ ਆਉਂਣ ਲਈ ਮਜਬੂਰ ਕਰਦੇ ਹਨ, ਧਰਤੀ ਨੂੰ ਉਜਾੜਦੇ ਹਨ, ਇਸ ਉਪਰ ਜ਼ਹਿਰੀਲੀਆਂ ਗੈਸਾਂ ਦਾ ਪ੍ਰਦੂਸ਼ਣ ਪੈਦਾ ਕਰਕੇ ਲੋਕਾਈ ਨੂੰ ਬਿਮਾਰੀਆਂ ਨਾਲ ਘੁੱਲਣ ਲਈ ਛੱਡਦੇ ਹਨ। ਗੁਰਬਾਣੀ ਨੇ ਲੋਭੀ ਬੰਦੇ ਦੀ ਹਰਕਾਏ ਕੁੱਤੇ ਨਾਲ ਤੁਲਣਾ ਇਸੇ ਲਈ ਕੀਤੀ ਕਿ ਜਿਹੜਾ ਲੋਭ ਵਿਚ ਹਰਕਾਇਆ ਹੋ ਜਾਂਦਾ ਹੈ ਉਹ ਵੱਡਣ ਲੱਗਾ ਵੇਖਦਾ ਹੀ ਨਹੀਂ ਕਿ ਇਹ ਮੇਰਾ ਕੋਈ ਅਪਣਾ ਵੀ ਹੋ ਸਕਦਾ। ਉਹ ਬਾਪ ਨੂੰ ਵੀ ਕਤਲ ਕਰ ਦਿੰਦਾ, ਅਪਣੀ ਪਤਨੀ ਨੂੰ ਵੀ ਵੱਡ ਦਿੰਦਾ, ਤੇਲ ਪਾ ਕੇ ਫੂਕ ਦਿੰਦਾ ਕਿ ਦਾਜ ਨਹੀਂ ਸੀ ਲੈ ਕੇ ਆਈ।

ਦੂਰ ਕੀ ਜਾਣਾ ਅਪਣੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਦੇ ਪ੍ਰਧਾਨ ਮੱਕੜ ਵਲ ਨਿਗਾਹ ਮਾਰੋ। ਉਸ ਦੀ ਫੋਨ ਉਪਰ ਕੀਤੀ ਬਊ-ਬਊ ਸਭ ਨੇ ਸੁਣੀ ਤਾਂ ਦੁਨੀਆਂ ਹੈਰਾਨ ਰਹਿ ਗਈ ਕਿ ਇਸ ਹਰਾਕਏ ਹੋਏ ਬੰਦੇ ਲਈ ਕੋਈ ਡਾਕਟਰ ਨਹੀਂ ਟੀਕਾ ਲਾਉਂਣ ਵਾਲਾ? ਇਹ ਸ਼ਰੇਆਲ ਗਾਲ੍ਹਾਂ ਕੱਢਕੇ ਕਿਹੜੀ ਸੇਵਾ ਕਰ ਰਿਹੈ?

ਬਾਦਲਕੇ ਪਿਉ-ਪੁੱਤ ਹਰਕਾਏ ਹੋਏ ਪਏ ਹਨ। ਅਪਣੀ ਕੌਮ ਉਪਰ ਭਉਂਕ ਰਹੇ ਅਤੇ ਅਪਣਿਆਂ ਨੂੰ ਹੀ ਵੱਡ ਰਹੇ ਹਨ ਪਰ ਲੂੰਗੀਆਂ ਅੱਗੇ ਪੂਛਾਂ ਮਾਰ ਰਹੇ ਹਨ। ਤੇ ਅਗਾਂਹ ਉਨ੍ਹਾਂ ਦੇ ਕਤੂਰੇ? ਮਹਿਤੇ-ਚਾਵਲੇ? ਤੇ ਅਗਾਂਹ ਉਨ੍ਹਾਂ ਦੇ ਹੋਰ ਲੋਭ ਨੇ ਹਰਕਾਏ ਕੀਤੇ ਹੋਏ ਰਾਗੀ ਸ੍ਰੀ ਨਗਰ, ਰੰਗੀਲੇ, ਪਾਉਂਟੇ ਵਾਲੇ? ਕਥਾਵਾਚਕ ਪਿੰਦਰਪਾਲ? ਉਹ ਗੁਰੂ ਜੱਸ ਕਰਨ ਵਾਸਤੇ ਮਿਲੀਆਂ ਸਟੇਜਾਂ ਤੇ ਬਾਦਲਕੀ ਹੀ ਚਊਂ-ਚਊਂ ਕਰੀ ਜਾ ਰਹੇ ਹਨ।

ਬਾਬਾ ਫੌਜਾ ਸਿੰਘ ਸੋਚਦਾ ਸੀ ਕਿ ਹੋਸਟ ਠੀਕ ਕਹਿ ਰਿਹਾ ਸੀ ਕਿ ਹਰਕਾਏ ਹੋਏ ਬੰਦਿਆਂ ਦੀ ਗੱਲ ਤੁਰ ਪਈ ਤਾਂ ਬਹੁਤ ਦੂਰ ਚਲੇ ਜਾਵੇਗੀ। ਇਨੀ ਦੂਰ ਕਿ ਹਰਕਾਏ ਹੋਏ ਲੋਕ ਕਦੇ ਵੀ ਕਿਸੇ ਨੂੰ ਵੀ ਵੱਡ ਲੈਣਗੇ। ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top