Share on Facebook

Main News Page

ਊਟ-ਪਟਾਂਗ
-
ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੌਜਾ ਸਿੰਘ ਦਾ ਇਕ ਮਿੱਤਰ ਬਾਬੇ ਨੂੰ ਇਕ ਕਹਿਣ ਲਗਿਆ ਕਿ ਬਾਬਾ ਦੇਖ ਲੈ ਦੁਨੀਆਂ ਬੰਦੇ ਨੂੰ ਕਿਸੇ ਪਾਸੇ ਵੀ ਟਿਕਣ ਨਹੀਂ ਦਿੰਦੀ। ਤੁਸੀਂ ਜੋ ਮਰਜੀ ਕਰੀ ਜਾਓ ਦੁਨੀਆਂ ਨੇ ਕੋਈ ਨੁਕਸ ਕੱਢ ਹੀ ਮਾਰਨਾ ਹੈ। ਨਹੀਂ?

ਗੱਲ ਤਾਂ ਭਰਾ ਤੇਰੀ ਠੀਕ ਪਰ ਕਹਾਣੀ ਕੀ ਹੈ?

ਕਹਾਣੀ ਉਸ ਦੀ ਕਿਸੇ ਰਿਸਤੇਦਾਰ ਨਾਲ ਸੀ ਕਾਫੀ ਲੰਮੀ ਚੌੜੀ ਅਤੇ ਦੁਖਦਾਈ ਸੀ। ਬਾਬਾ ਉਸ ਨੂੰ ਕਹਿਣ ਲੱਗਾ ਕਿ ਭਰਾ ਦੁਨੀਆਂ ਕੋਈ ਨਹੀਂ ਜਿੱਤ ਸਕਦਾ। ਜਿਧਰ ਦੀ ਮਰਜੀ ਕੰਨ ਫੜੀ ਜਾਓ ਇਸ ਫਿਰ ਵੀ ਨੁਕਸ ਕੱਢ ਦੇਣਾ ਹੈ। ਕਹੇਂ ਤਾਂ ਤੈਨੂੰ ਮੈਂ ਵੀ ਇਕ ਕਹਾਣੀ ਸੁਣਾਵਾਂ?

ਚਲ ਤੂੰ ਸੁਣਾ ਲੈ ਸ਼ਾਇਦ ਮੇਰੀ ਕਹਾਣੀ ਦੀ ਪੀੜ ਮੱਠੀ ਪੈ ਜਾਏ।

ਬਾਬਾ ਫੌਜਾ ਸਿੰਘ ਕਹਿਣ ਲੱਗਾ ਕਿ ਇੱਕ ਵਾਰੀ ਸ਼ਿਵ ਜੀ ਅਤੇ ਪਾਰਬਤੀ ਊਠ ਤੇ ਚੜ੍ਹੇ ਜਾ ਰਹੇ ਸਨ, ਤਾਂ ਰਾਹ ਵਿਚ ਤੁਰੇ ਜਾਂਦੇ ਬੰਦੇ ਕਹਿੰਦੇ ਕਿ ਯਾਰ ਆਹ ਤਾਂ ਧੱਕਾ ਹੈ। ਊਠ ਨੇ ਦੇਖ ਕਿਵੇਂ ਜੁਬਾਨ ਕੱਢੀ ਤੇ ਇਹ ਕਿਵੇਂ ਮੀਆਂ-ਬੀਵੀ ਰਾਠ ਬਣੇ ਚੜ੍ਹੇ ਜਾ ਰਹੇ ਹਨ। ਸ਼ਿਵ ਜੀ ਊਠ ਤੋਂ ਉਤਰ ਖੜੋਤੇ ਕਿ ਚਲੋ ਨਾਲ ਨਾਲ ਤੁਰ ਚਲਦੇ ਹਾਂ। ਅਗੇ ਹੋਰ ਜਾ ਰਹੇ ਸਨ ਉਹ ਕਹਿੰਦੇ, ਹੇ ਖਾਂ! ਰੰਨ ਦਾ ਮੁਰੀਦ! ਆਪ ਕਿਵੇਂ ਮੂੰਹ ਅੱਡੀ ਜਾਂਦਾ ਤੇ ਉਸ ਨੂੰ ਲੱਗਦੀ ਨੂੰ ਉਪਰ ਬੈਠਾਇਆ!!

ਪਾਰਬਤੀ ਵੀ ਹੇਠਾਂ ਉਤਰ ਖੜੋਤੀ ਤੇ ਹੁਣ ਊਠ ਖਾਲੀ ਜਾ ਰਿਹਾ ਸੀ ਤੇ ਉਹ ਦੋਵੇਂ ਨਾਲ ਨਾਲ ਤੁਰ ਰਹੇ ਸਨ। ਅਗਿਓਂ ਹੋਰ ਮਿਲੇ। ਦਿਮਾਗ ਖਰਾਬ ਦੋਹਾਂ ਦਾ! ਊਠ ਨੂੰ ਲਗਦੇ ਨੂੰ ਖਾਲੀ ਰੱਖਿਆ ਆਪ ਜੁਬਾਨਾ ਕੱਢੀਆਂ ਪਈਆਂ ਅਕਲ ਦੇ ਖਾਲੀ!!

ਬਾਬਾ ਫੌਜਾ ਸਿੰਘ ਦੀ ਗੱਲ ਸੁਣਕੇ ਉਸ ਦਾ ਮਿੱਤਰ ਕਹਿਣ ਲਗਿਆ ਬਾਬਾ ਗੱਲ ਤਾਂ ਤੇਰੀ ਠੀਕ ਹੈ ਪਰ ਦੁਨੀਆਂ ਇੰਝ ਦੀ ਹੀ ਕਿਉਂ ਹੈ?

ਜੇ ਦੁਨੀਆਂ ਇੰਝ ਦੀ ਨਾ ਹੁੰਦੀ ਤਾਂ ਠੱਗਾਂ ਨੂੰ ਸੰਤ ਕਿਸ ਮੰਨਣਾ ਸੀ। ਕੱਟ-ਪੇਸਟ ਨੂੰ ਵਿਦਵਾਨ ਕਿਸ ਕਹਿਣਾ ਸੀ। ਕਹਿਣਾ ਸੀ ਕਿਸੇ?

ਬਾਬਾ ਗੱਲ ਸਮਝ ਜਿਹੀ ਨਹੀਂ ਆਈ।

ਸਮਝਣ ਨੂੰ ਕੀ ਏ ਤੂੰ ਦੱਸ ਸੰਤ ਬਣਨਾ ਜਾਂ ਵਿਦਵਾਨ?

ਦੋਵੇਂ ਦੱਸ ਦੇਹ ਜਿਹੜਾ ਸੌਖਾ ਜਾਪੂ ਬਣਜਾਂਗੇ।

ਸੰਤ ਬਣਨ ਲਈ ਪਰ ਰਾੜ ਬੜਾ ਪਾਉਂਣਾ ਪੈਣਾ। ਉਂਝ ਜੇ ਗਲ ਦੀ ਗਰਾਰੀ ਘੁੰਮਦੀ ਤਾਂ ਦੋ ਕੁ ਸੁਰਾਂ ਬਹੁਤ ਨੇ ਬਾਕੀ ਸੁਰਾ-ਬੇਸੁਰਾ ਤਾਂ ਪਿੱਛਲਿਆਂ ਚਿਮਟਿਆਂ ਦੇ ਰੌਲੇ ਵਿਚ ਹੀ ਕੱਜ ਹੋ ਜਾਣਾ ਹੈ। ਰਾੜੇ ਵਾਲੇ ਦਾ ਭਲਾ ਹੋਵੇ, ਉਹ ਮੰਡੀਰ ਨੂੰ ‘ਸੰਤ’ ਬਣਨਾ ਸਿਖਾ ਗਿਆ ਚਿਮਟਾ ਵਾਹ ਕੇ!! ਨਹੀਂ?

ਪਰ ਬਾਬਾ ਸੰਤਾਂ ਦੇ ਤਾਂ ਲੋਕ ਪੁੜੇ ਕੁੱਟਣ ਤੁਰ ਪਏ ਨੇ ‘ਸੰਤ’ ਰਹਿਣ ਹੀ ਦੇਹ, ਤੂੰ ਦੱਸ ਵਿਦਵਾਨ ਕਿਵੇਂ ਬਣੀਦਾ ਤੇ ਮਗਰ ਡਾਕਰਟ ਲਿਖਣ ਲਈ ਕੀ ਕਰਨਾ ਪੈਣਾ?

ਨਾਂ ਤੂੰ ਬਣਨਾ ਵਿਦਵਾਨ?

ਲੈ ਬਾਬਾ ਜੇ ਸੌਖਾ, ਤਾਂ ਜੋਰ ਲਾਉਂਣ ਨਾਲੋਂ ਇਹੀ ਠੀਕ ਨਹੀਂ?

ਇੱਕ ਕੰਮ ਕਰ ਫਿਰ ਕਿ ਕਿਸੇ ਵੱਡੀ ਲਾਇਬ੍ਰੇਰੀ ਜਾਹ। ਪਿੱਛਲੇ 10-12-15 ਸਾਲਾਂ ਦੀਆਂ ਅਖ਼ਬਾਰਾਂ ਦੀ ਕੱਤਰਾਂ ਕੱਟ ਲਿਆ ਉਨ੍ਹਾਂ ਨੂੰ ‘ਕੱਟ-ਪੇਸਟ’ ਕਰਕੇ ਇੱਕ ਕਿਤਾਬ ਛਪਵਾ ਲੈ। ਪੁਰਾਣੇ ਬਜ਼ੁਰਗਾਂ, ਗਿਆਨੀ ਗਰਜਾ ਸਿੰਘ ਵਰਗਿਆਂ ਦੀਆਂ ਭੱਟ ਵਹੀਆਂ ਤੇ ਕੀਤੀਆਂ ਅਣਛਪੀਆਂ ਖੋਜਾਂ ਉਪਰ, ਅਪਣੀ ਮੋਹਰ ਲਾ ਕੇ ਪਬਲਿਸ਼ਰ ਨੂੰ ਭੇਜ ਦੇਹ ਮਾਰਕਿਟ ਜੰਮ ਗਈ ਤਾਂ ਕਿਹੜਾ ਕਿਸੇ ਪੁੱਛਣਾ।

ਪੁੱਛਣਾ ਕਿਉਂ ਨਹੀਂ ਬਾਬਾ?

ਜੇ ਲੋਕ ਪੜ੍ਹਨਗੇ ਤਾਂ ਪੁੱਛਣਗੇ। ਇਸ ਕੌਮ ਵਿਚ ਤਾਂ ਵਿਦਵਾਨ ਜਾਂ ਸੰਤ ਬਣਨਾ ਤਾਂ ਸੌਖਾ ਹੀ ਬੜਾ। ਢੋਲਕੀਆਂ ਦਾ ਸਿਰ ਪਾੜੋ ਤੇ ਸੰਤ! ਕੱਟ-ਪੇਸਟ ਕਰੋ ਤੇ ਵਿਦਵਾਨ!

ਕੁਝ ਚਿਰਾਂ ਬਾਅਦ ਬਾਬਾ ਫੌਜਾ ਸਿੰਘ ਅਪਣੇ ਓਸ ਮਿੱਤਰ ਨੂੰ ਉਸ ਦੇ ਘਰ ਜਦ ਮਿਲਣ ਗਿਆ, ਤਾਂ ਇੰਝ ਜਾਪਦਾ ਸੀ ਜਿਵੇਂ ਘਰ ਨਹੀਂ ਅਖਬਾਰਾਂ ਦੀ ‘ਪ੍ਰਟਿੰਗ-ਪ੍ਰੈਸ’ ਹੁੰਦੀ ਹੈ। ਜਿਧਰ ਦੇਖੋ ਅਖਬਾਰਾਂ ਹੀ ਅਖਬਾਰਾਂ। ਯਾਨੀ ਅਖਬਾਰ-ਖਾਨਾ ਜਿਆਦਾ, ਤੇ ਘਰ ਘੱਟ ਜਾਪ ਰਿਹਾ ਸੀ। ਬਾਬੇ ਨੇ ਜਦ ਮਿੱਤਰ ਨੂੰ ਆਵਾਜ਼ ਮਾਰੀ, ਤਾਂ ਉਹ ਅਖਬਾਰਾਂ ਦੇ ਢੇਰ ਹੇਠੋਂ ਬਾਬੇ ਨੂੰ ਲੰਘ ਆਉਂਣ ਦਾ ਸੱਦਾ ਦੇ ਰਿਹਾ ਸੀ। ਬਾਬੇ ਸੋਚਿਆ ਚਲੋ ਵਿਦਵਾਨ ਬਣਨ ਦੇ ਚੱਕਰ ਵਿਚ ਰਿਸ਼ਤੇਦਾਰਾਂ ਦੀ ‘ਊਟ-ਪਟਾਂਗ’ ਤੋਂ ਤਾਂ ਬਚਿਆ। ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top