Share on Facebook

Main News Page

ਆਓ ਦੀਵੇ ਬਾਲੀਏ
-
ਗੁਰਦੇਵ ਸਿੰਘ ਸੱਧੇਵਾਲੀਆ

ਪਰ ਕੇਵਲ ਦੀਵਾਲੀ ਦੀ ਰਾਤ ਹੀ ਕਿਉਂ? ਜੀਵਨ ਵਿਚ ਹਨੇਰਾ ਕੀ ਕੇਵਲ ਦੀਵਾਲੀ ਦੀ ਰਾਤ ਹੀ ਹੁੰਦਾ? ਇਕ ਰਾਤ ਬਾਹਰ ਦੀਵੇ ਬਾਲਣ ਨਾਲ ਤਾਂ ਚਾਨਣ ਨਹੀਂ ਹੋਣਾ। ਕਿ ਹੋਣਾ? ਦੀਵਾ ਬਾਲਣਾ ਕੋਈ ਮਾੜੀ ਗੱਲ ਨਹੀਂ, ਪਰ ਕੇਵਲ ਇਕ ਰਾਤ ਵਾਲੀ ਗੱਲ ਸਮਝ ਨਹੀਂ ਆਉਂਦੀ? ਹੋਰ ਹੈਰਾਨੀ ਦੀ ਗੱਲ ਕਿ ਦੀਵਾ ਬਾਲਣ ਪਿੱਛੇ ਵੀ ਹਨੇਰਾ ਹੈ। ਦੀਵੇ ਬਾਲਣ ਵਾਲੀ ਕਹਾਣੀ ਖੁਦ ਹੀ ਹਨੇਰਾ ਹੈ। ਯਾਨੀ ਦੀਵੇ ਥੱਲੇ ਹਨੇਰਾ! ਨਹੀਂ ਤਾਂ ਅਪਣੀ ਕੱਢ ਕੇ ਗਈ ਔਰਤ ਨੂੰ ਕੋਈ ਰਾਜਾ ਵਾਪਸ ਲੈ ਆਇਆ ਤਾਂ ਇਸ ਵਿਚ ਦੀਵੇ ਬਾਲਣ ਵਾਲੀ ਕੀ ਗੱਲ ਹੋਈ ਭਲਾ। ਤੁਸੀਂ ਗੱਲ ਨੂੰ ਸਮਝੋ! ਇਕ ਬੰਦੇ ਦੀ ਔਰਤ ਨੂੰ ਕੋਈ ਕੱਢ ਕੇ ਲੈ ਗਇਆ ਤੇ ਉਸ ਕੱਢੀ ਗਈ ਔਰਤ ਦੀ ਵਾਪਸੀ ਤੇ ਤਾਂ ਹਨੇਰਾ ਹੋਣਾ ਚਾਹੀਦਾ ਸੀ, ਕਿ ਮੇਰੀ ਕੱਢੀ ਗਈ ਔਰਤ ਨੂੰ ਕੋਈ ਦੇਖੇ ਨਾ ਪਰ ਇਥੇ ਦੀਪਮਾਲਾ ਕੀਤੀ ਜਾ ਰਹੀ ਹੈ, ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਇਹ ਇਕ ਸ਼ਰਮਨਾਕ ਘਟਨਾ ਸੀ। ਇਸ ਵਿਚ ਖੁਸ਼ੀ ਵਾਲੀ ਤਾਂ ਗੱਲ ਹੀ ਕੋਈ ਨਾ ਸੀ। ਕਿਸੇ ਦੀ ਔਰਤ ਕਈ ਚਿਰ ਕਿਸੇ ਪਰਾਏ ਮਰਦ ਦੇ ਰਹਿ ਆਵੇ, ਇਹ ਖੁਸ਼ੀ ਕਿਵੇਂ ਹੋਈ?

ਦੀਵਾ ਤਾਂ ਬਲਿਆ ਹੀ ਨਾ। ਦੀਵਾ ਬਲਿਆ ਹੁੰਦਾ ਤਾਂ ਚਾਨਣ ਨਾ ਹੁੰਦਾ? ਵਪਾਰੀ ਲੋਕਾਂ ਨੇ ਤਿਉਹਾਰਾਂ ਵਿਚ ਦੀ ਮਨੁੱਖ ਦੇ ਹਨੇਰੇ ਨੂੰ ਹੋਰ ਗਹਿਰਾ ਕਰ ਦਿੱਤਾ ਹੈ, ਪਰ ਹੱਥ ਵਿਚ ਉਸ ਦੇ ਦੀਵੇ ਫੜਾ ਕੇ? ਬੰਦਾ ਦੀਵੇ ਚੁੱਕੀ ਫਿਰਦਾ ਵੀ ਹਨੇਰੇ ਵਿਚ ਟੱਕਰਾਂ ਮਾਰ ਰਿਹਾ ਹੈ। ਮੜੀਆਂ ਵਿਚ ਦੀਵੇ ਚੁੱਕੀ ਫਿਰਦਾ, ਕਦੇ ਰੂੜੀਆਂ ਤੇ, ਦੁਕਾਨਾਂ ਤੇ, ਤੂੜੀ ਵਾਲੇ ਅੰਦਰ ਵੀ। ਬੂਹੇ ਖੁਲ੍ਹੇ ਕਿ ਲਕਛਮੀ ਮੁੜ ਨਾ ਜਾਵੇ। ਦੀਵਾ ਚੁੱਕੀ ਫਿਰਨ ਵਾਲਾ ਹਾਲੇ ਤੱਕ ਇਸ ਗੱਲ ਦਾ ਫੈਸਲਾ ਹੀ ਨਹੀਂ ਕਰ ਪਾਇਆ ਕਿ ਮੈਂ ਦੀਵਾ ਰਾਮ ਆਏ ਦੀ ਖੁਸ਼ੀ ਵਿਚ ਜਗਾ ਰਿਹਾ ਹਾਂ ਜਾਂ ਲਕਛਮੀ ਆਉਂਣ ਦੀ ਆਸ ਵਿਚ? ਇਨ੍ਹਾ ਦੀਵਿਆਂ ਕਈਆਂ ਦੇ ਘਰ ਤਬਾਹ ਕੀਤੇ ਹਨ। ਕੇਵਲ ਅੱਗਾਂ ਲਾ ਕੇ ਹੀ ਨਹੀਂ ਜੂਆ ਖੇਡ ਕੇ ਵੀ। ਹੱਥ ਵਿਚ ਦੀਵਾ ਤੇ ਤੁਰਿਆ ਜੂਆ ਖੇਡਣ? ਬੰਦੇ ਨੂੰ ਜਾਪਿਆ ਜਿਵੇਂ ਦੀਵਾਲੀ ਵਾਲੇ ਦਿਨ ਜੂਆ ਖੇਡਣਾ ਕੋਈ ਪੁੰਨ ਦਾ ਕੰਮ ਹੁੰਦਾ। ਤੁਸੀਂ ਦੱਸੋ ਇਹ ‘ਹਾਥ ਦੀਪ ਕੂਐ ਪਰੇ’ ਨਹੀਂ?

ਰਾਮ ਜੇਠਮਲਾਨੀ ਦਾ ਰਾਮ ਚੰਦਰ ਬਾਰੇ ਤਾਜਾ ਬਿਆਨ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਪਤਾ ਨਹੀਂ ਕਿ ਰਾਮ ਨਾਂ ਦਾ ਸਖਸ਼ ਕੋਈ ਹੋਇਆ ਵੀ ਜਾਂ ਨਹੀਂ। ਪਰ ਕਾਸ਼ ਜੇਠਮਲਾਨੀ ਇਹ ਬਿਆਨ ਦੇਣ ਤੋਂ ਪਹਿਲਾਂ ਸਾਡੇ ਬਾਬਿਆਂ ਨੂੰ ਪੁੱਛ ਲੈਂਦਾ, ਹੋਇਆ ਕਿ ਨਹੀਂ। ਠਾਕੁਰ ਸਿੰਘ ਨੂੰ ਪੁੱਛ ਲੈਂਦਾ, ਹਰੀ ਸਿੰਘ ਨੂੰ ਪੁੱਛ ਲੈਂਦਾ। ਟਕਸਾਲ ਵਾਲਿਆਂ ਨੂੰ ਹੀ ਪੁੱਛ ਲੈਂਦਾ। ਕਮਲਿਆ ਅਸੀਂ ਤਾਂ ਹਨੂੰਮਾਨ ਦੇ ਕਛਹਿਰੇ ਵੀ ਖੋਹ ਲਿਆਂਦੇ ਤੂੰ ਕਹੀ ਜਾਂਨਾ ਰਾਮ ਪਤਾ ਨਹੀਂ ਹੋਇਆ ਵੀ ਕਿ ਨਹੀਂ? ਜਿੰਨਾ ਦਾ ਸੀ ਉਹ ਤਾਂ ਕਹਿੰਦੇ ਪਤਾ ਨਹੀਂ ਹੋਇਆ ਵੀ ਕਿ ਨਹੀਂ ਪਰ ਇਧਰ ਸਾਡੇ ‘ਮਹਾਂਪੁਰਖਾਂ’ ਦਾ ਸਾਰਾ ਜੋਰ ਉਸ ਨੂੰ ਭਗਵਾਨ ਬਣਾਉਣ ਉਪਰ ਲੱਗਾ ਰਿਹਾ। ਰਾੜੇ ਵਾਲਾ ਤਾਂ ਇੰਝ ਜਾਪਦਾ ਸੀ, ਜਿਵੇਂ ਹਨੂੰਮਾਨ ਦਾ ਦੂਜਾ ਅਵਤਾਰ ਹੁੰਦਾ ਹੈ। ਫਰਕ ਇਨਾ ਸੀ ਕਿ ਉਹ ਹਿੱਕ ਪਾੜ ਕੇ ਰਾਮ ਜੀ ਦੇ ਦਰਸ਼ਨ ਨਹੀਂ ਕਰਵਾ ਸਕਿਆ। ਕਈ ਟਕਸਾਲ ਵਾਲੇ ਕੋਈ ਉਦੋਂ ਅਗਲੇ ਅਵਤਾਰ ਹੋਣੇ, ਨਹੀਂ ਤਾਂ ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਕਛਹਿਰਾ ਹੰਨੂਮਾਨ ਦਾ ਸੀ। ਅਖੇ ਟਕਸਾਲ ਬਾਬਾ ਦੀਪ ਸਿੰਘ ਦੀ ਹੈ, ਪਰ ਕਛਹਿਰਾ ਹੰਨੂਮਾਨ ਦਾ? ਇਦੋਂ ਵੱਡਾ ਹਨੇਰਾ ਹੋਰ ਕੀ ਹੋਵੇਗਾ?

ਅਸੀਂ ਦੀਵੇ ਬਾਲ ਬਾਲ ਭਵੇਂ ਸਰਦਲਾਂ ਕਾਲੀਆਂ ਕਰ ਲਈਏ, ਪਰ ਸਾਡੇ ਜੀਵਨ ਦਾ ਚਾਨਣ ਇਨ੍ਹਾਂ ਹਨੇਰਿਆਂ ਨੇ ਖੋਹ ਲਿਆ ਹੈ। ਆਹ ਹੁਣੇ ਜਿਹੇ ਵੇਂਈ ਨਦੀ ਸਾਫ ਕਰਨ ਦੇ ਬਹਾਨੇ ਸਿੱਖਾਂ ਨੂੰ ਭਗਵਾਂ-ਕਰਨ ਵਾਲਾ ਸੀਚੇਵਾਲ ਹੁਣ ‘ਗੰਗਾ ਮਈਆ’ ਵਲ ਹੋ ਤੁਰਿਆ ਹੈ। ਦਰਅਸਲ ਉਸ ਦੇ ਅੰਦਰ ਗੰਗਾ ਤਾਂ ਪਹਿਲਾਂ ਹੀ ਸਮਾਧੀ ਲੀਨ ਸੀ, ਵੇਂਈ-ਨਦੀ ਵਾਲਾ ਅਡੰਬਰ ਤਾਂ ਉਸ ਸਿੱਖਾਂ ਨੂੰ ਗੰਗਾ ਵਿਚ ਡੋਬਣ ਲਈ ਰਚਿਆ ਸੀ। ਤੇ ਹੁਣ ਉਸ ਨੇ ਇਸ਼ਾਰਾ ਵੀ ਕਰ ਦਿੱਤਾ ਕਿ ਹੁਣ ‘ਸਿੱਖ ਸੰਗਤਾਂ’ ਗੰਗਾ ਦੀ ਸਫਾਈ ਵੀ ਕਰਨਗੀਆਂ? ਯਾਨੀ ਪੰਡੀਆ ਗੋਤੇ ਦੇ ਦੇ ਮਾਰੇਗਾ ਸਿੱਖ ਕੌਮ ਨੂੰ ਗੰਗਾ ਵਿਚ?

ਕਦੇ ਤੁਹਾਨੂੰ ਇੰਝ ਨਹੀਂ ਜਾਪਦਾ ਕਿ ਡੂੰਘਾ ਹਾਉਕਾ ਤੁਹਾਡੀ ਹਿੱਕ ਪਾੜ ਦਏਗਾ ਕਿ ਗੁਰੂ ਬਾਜਾਂ ਵਾਲਿਆਂ ਇਹ ਕੌਮ ਤੇਰੀ ਤੋਰ ਕਿਧਰ ਦਿੱਤੀ ਇਨ੍ਹਾਂ ਲੂੰਗੀਆਂ ਵਾਲਿਆਂ? ਬੋਦੀਆਂ ਰੱਖ ਕੇ ਆਉਂਦੇ, ਤਾਂ ਅਸੀਂ ਲੜ ਵੀ ਲੈਂਦੇ ਪਰ ਹੁਣ ਤਾਂ ਇਹ ਸਾਨੂੰ ਆਪਸ ਵਿਚ ਲੜਾ ਲੜਾ ਮਾਰ ਦੇਣਗੇ!!

ਮੇਰਾ ਮਿੱਤਰ ਇਕ ਕਹਿਣ ਲਗਾ ਕਿ ਚਲੋ ਜੀ ਦੀਵਾਲੀ ਵਿਚ ਮਾੜਾ ਕੀ ਏ, ਬਹਾਨੇ ਨਾਲ ਬੰਦਾ ਘੜੀ ਪਲ ਖੁਸ਼ ਹੋ ਲੈਂਦਾ। ਜਿੰਦਗੀ ਦਾ ਅਕੇਵਾਂ ਦੂਰ ਕਰ ਲੈਂਦਾ। ਖਾਣ-ਪੀਣ ਹੋ ਲੈਂਦਾ। ਬੱਚੇ ਪਟਾਕੇ-ਛਟਾਕੇ ਚਲਾ ਕੇ ਖੁਸ਼ ਹੋ ਲੈਂਦੇ। ਬੀਬੀਆਂ ਲਿਸ਼ਕ-ਪੁਸ਼ਕ ਲੈਦੀਆਂ।

ਪਰ ਇਨ੍ਹਾਂ ਸਾਰੀਆਂ ਗੱਲਾਂ ਦਾ ਕਿਸੇ ਇਕ ਖਾਸ ਦਿਨ ਨਾਲ ਕੀ ਸਬੰਧ? ਅਸੀਂ ਰੋਜ ਖੁਸ਼ ਕਿਉਂ ਨਹੀਂ ਰਹਿੰਦੇ? ਸਾਨੂੰ ਅਕੇਵਾ ਕਿਉਂ ਜਾਪਦਾ ਜੀਵਨ? ਅਸੀਂ ਰੋਜ ਵੀ ਖਾਂਦੇ-ਪੀਂਦੇ ਹਾਂ! ਬੱਚੇ ਪਟਾਕਿਆਂ ਨਾਲ ਹੀ ਕਿਉਂ ਖੁਸ਼ ਹੁੰਦੇ ਹਨ? ਬੀਬੀਆਂ ਰੋਜ ਹੀ ਲਿਸ਼ਕੀਆਂ-ਪੁਸ਼ਕੀਆਂ ਕਿਉਂ ਨਹੀਂ? ਦਰਅਸਲ ਜਿੰਦਗੀ ਦਾ ਰੋਜਾਨਾ ਖੇੜਾ ਖੋ ਬੈਠਾ ਮਨੁੱਖ ਤੇ ਹੁਣ ਖੁਸ਼ ਹੋਣ ਦੇ ਬਹਾਨੇ ਲੱਭਦਾ ਹੈ। ਮੈਨੂੰ ਖੁਸ਼ ਹੋਣ ਲਈ, ਖੇੜੇ ਵਿਚ ਰਹਿਣ ਲਈ ਕਿਸੇ ਬਹਾਨੇ ਦੀ ਲੋੜ ਕਿਉਂ ਹੈ? ਕਿਉਂਕਿ ਮੇਰੇ ਅੰਦਰਲਾ ਦੀਵਾ ਬੁਝ ਚੁੱਕਾ ਹੋਇਆ। ਜੀਵਨ ਵਿਚ ਕੋਈ ਰਸ ਨਹੀਂ ਰਿਹਾ, ਤੇਲ ਮੁੱਕ ਚੁੱਕਾ ਹੋਇਆ, ਵੱਟੀ ਸੜ ਗਈ ਹੋਈ। ਇਸ ਸਭ ਕੁਝ ਵਿਚੋਂ ਦੀਵਾ ਕਿਥੋਂ ਜਗ ਪਊ। ਮੇਰੀ ਜੀਵਨ ਸ਼ੈਲੀ ਜਿਵੇਂ ਦੀ ਮੈਂ ਕਰ ਲਈ ਹੈ, ਉਸ ਵਿਚੋਂ ਨਿੱਤ ਦੀਆਂ ਖੁਸ਼ੀਆਂ, ਨਿੱਤ ਦੇ ਖੇੜੇ, ਨਿੱਤ ਦੀਆਂ ਮੁਹੱਬਤਾਂ ਦਮ ਤੋੜ ਚੁੱਕੀਆਂ ਹਨ ਇਸੇ ਲਈ ਮੈਂ ਖੁਸ਼ ਰਹਿਣ ਲਈ ਹੁਣ ਬਾਹਰ ਦੇ ਬਹਾਨੇ ਲਭ ਰਿਹਾ ਹਾਂ ਤੇ ਚਾਨਣ ਲਈ ਬਾਹਰ ਦੇ ਦੀਵੇ। ਗੁਰਬਾਣੀ ਕਿਉਂ ਵਾਰ ਵਾਰ ਮੈਨੂੰ ਅੰਦਰ ਦੀਵਾ ਬਾਲਣ ਲਈ ਕਹਿ ਰਹੀ ਹੈ, ਤਾਂ ਕਿ ਮੇਰਾ ਸਦੀਵੀ ਖੇੜਾ, ਸਦੀਵੀ ਖੁਸ਼ੀ ਬਚ ਰਹੇ ਤੇ ਇਸ ਨੂੰ ਬਚਾਉਂਣ ਲਈ ਕਿਸੇ ਬਹਾਨੇ ਦੀ ਨਹੀਂ ਬਲਕਿ ਅੰਦਰ ਦੀਵਾ ਬਾਲਣ ਦੀ ਲੋੜ ਹੈ! ਕਿ ਨਹੀਂ ਲੋੜ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top