Share on Facebook

Main News Page

ਪੰਜਾਬੀ ਮਾਂ ਬੋਲੀ ਅਤੇ ਇਸ ਦੇ ਸੇਵਾਦਾਰ...?
- ਗੁਰਦੇਵ ਸਿੰਘ ਸੱਧੇਵਾਲੀਆ

ਤੁਸੀਂ ਇਹ ਕਹਾਣੀ ਸੁਣੀ ਹੋਵੇਗੀ ਕਿ ਇੱਕ ਵਾਰ ਇੱਕ ਹੰਸ ਤੇ ਹੰਸਣੀ ਜਾ ਰਹੇ ਸਨ। ਪਿੰਡ ਉਜਾੜ ਪਿਆ ਸੀ। ਹੰਸਣੀ ਨੇ ਪਿੰਡ ਬਾਰੇ ਜਦ ਸਵਾਲ ਕੀਤਾ ਤਾਂ ਹੰਸ ਇੱਕ ਉੱਲੂ ਵਲ ਵੇਖ ਕੇ ਕਹਿਣ ਲਗਾ ਇਨ੍ਹਾਂ ਦੀ ਮੇਹਰਬਾਨੀ ਕਾਰਨ ਪਿੰਡ ਉਜਾੜ ਹੋਇਆ ਹੈ।

ਆਖਰ ਉੱਲੂ ਹੰਸ ਦੀ ਹੰਸਣੀ ਖੋਹ ਲੈਂਦਾ ਹੈ, ਗੱਲ ਪਿੰਡ ਦੇ ਸਰਪੰਚ ਕੋਲੇ ਜਾਂਦੀ ਹੈ। ਸਰਪੰਚ ਫੈਸਲਾ ਉੱਲੂ ਦੇ ਹੱਕ ਵਿਚ ਕਰਦਾ ਹੈ। ਹੰਸਣੀ ਖੁਹਾ ਕੇ ਝੂਰੀ ਜਾਂਦੇ ਹੰਸ ਨੂੰ, ਉੱਲੂ ਆਵਾਜ਼ ਮਾਰ ਕੇ ਕਹਿੰਦਾ ਹੈ, ਕਿ ਭਰਾ ਆਹ ਲੈ ਅਪਣੀ ਹੰਸਣੀ ਮੈਂ ਤਾਂ ਤੈਨੂੰ ਇਹੀ ਦੱਸਣਾ ਸੀ ਕਿ ਇਹ ਉਜਾੜਾਂ ਸਾਡੇ ਕਾਰਨ ਨਹੀਂ, ਇਨ੍ਹਾਂ ਪੰਚਾਂ ਕਾਰਨ ਹਨ ਜਿਹੜੇ ਗਲਤ ਫੈਸਲੇ ਲੈਂਦੇ ਹਨ।

ਗੀਤਾ ਜ਼ੈਲਦਾਰ ਅਤੇ ਹੋਰ ਨਚਾਰ ਟਰੰਟੋ ਦੀ ਧਰਤੀ ਨੂੰ ‘ਭਾਗ’ ਲਾ ਰਹੇ ਹਨ। ਪੰਜਾਬ ਵਿਚ ਇਨ੍ਹਾਂ ਦੇ ਸਿਆਪੇ ਹੋਣ ਲਗ ਪਏ ਹਨ। ਇਥੇ ਵੀ ਹੋਣ ਦੀਆਂ ਤਿਆਰੀਆਂ ਹਨ। ਮੈਂ ਪਹਿਲਾਂ ਵੀ ਲਿੱਖਿਆ ਸੀ, ਕਿ ਪੰਜਾਬ ਦੇ ਗਾਇਕਾਂ ਬਾਰੇ ਜੇ ਕੋਈ ਟਿੱਪਣੀ ਕਰਨੀ ਹੋਵੇ ਤਾਂ ਇਹ ਗਲਤ ਨਹੀਂ ਕਿ ਪੰਜਾਬ ਦੀਆਂ ਫਿਜਾਵਾਂ ਵਿਚ ਕੁੱਤੇ ਭਉਂਕ ਰਹੇ ਹਨ, ਬਿੱਲੀਆਂ ਰੋ ਰਹੀਆਂ ਹਨ, ਗੱਧੇ ਹਿਣਕ ਰਹੇ ਅਤੇ ਕੁੱਕੜ ਬਾਗਾਂ ਦੇ ਰਹੇ ਹਨ।

ਪੰਜਾਬੀ ਬੋਲੀ ਦੇ ਪਿੜ ਵਿਚ ਦਿੱਸ ਰਹੀ ਉਜਾੜ ਕੇਵਲ ਇਨ੍ਹਾਂ ਗਾਉਂਣ ਵਾਲੇ ਉੱਲੂਆਂ ਕਾਰਨ ਹੀ ਨਹੀਂ ਬਲਕਿ ਮੀਡੀਏ ਦੇ ‘ਸਰਪੰਚ’ ਇਸ ਲੱਚਰਤਾ ਨੂੰ ਗਰਮ ਪਕੌੜਿਆਂ ਵਾਂਗ ਲੁਕਾਈ ਅੱਗੇ ਪਰੋਸ ਕੇ ਅਪਣੀ ਮਾਂ ਬੋਲੀ ਨੂੰ ਹੋਰ ਗੰਦੀ ਅਤੇ ਪਲੀਤ ਕਰ ਰਹੇ ਹਨ। ਚੰਦ ਟੱਕਿਆਂ ਦੀ ਖਾਤਰ?

ਸੀਟੀ ਮਾਰ ਕੇ ਬੁਲਾਉਂਣੋ ਹੱਟ ਜਾਹ’ ‘ਵੇਲਾ ਰਾਤ ਦਾ ਹੋਵੇ ਤੂੰ ਮੇਰੀ ਬੁੱਕਲ ਵਿਚ ਹੋਵੇਂ’ ‘ਚਿੱਟੇ ਸੂਟ ਨੂੰ ਦਾਗ ਲੱਗ ਗਿਆ’ ਤੇ ਪਤਾ ਨਹੀਂ ਕੀ ਕੀ ਬਕਵਾਸ ਮਾਰੀ ਇਸ ਪੰਜਾਬ ਮਾਂ ਬੋਲੀ ਦੀ ‘ਸੇਵਾ’ ਕਰਨ ਵਾਲੇ ਗੀਤਾ ਜੈਲਦਾਰ ਵਰਗਿਆਂ! ਉਸ ਦਾ ਪ੍ਰਮੋਟਰ ਕੌਣ ਹੈ? ‘ਵਤਨੋਂ ਦੂਰ’ ਵਾਲਾ ਸੁੱਖੀ ਨਿੱਝਰ? ਸੁੱਖੀ ਜੋ ਮਰਜੀ ਗੰਦ ਪਾਵੇ ਸਾਨੂੰ ਕੋਈ ਲੈਣਾ-ਦੇਣਾ ਨਹੀਂ, ਪਰ ਦੁੱਖ ਉਦੋਂ ਹੁੰਦਾ, ਜਦ ਅਜਿਹੇ ਲੋਕਾਂ ਨੂੰ ਗੁਰੂ ਘਰਾਂ ਦੇ ਚੌਧਰੀ ਅਪਣੀਆਂ ਮੂਰਤੀਆਂ ਟੀ.ਵੀ. ਤੇ ਦਿਖਾਉਂਣ ਖਾਤਰ ਗੁਰੂ ਦੀਆਂ ਗੋਲਕਾਂ ਵਿਚੋਂ ਖੁਲ੍ਹੇ ਗੱਫੇ ਦਿੰਦੇ ਹਨ।

ਮੈਂ ਫਿਰ ਕਹਿੰਨਾ ਭਰਾਵੋ ਉੱਲੂ ਠੀਕ ਕਹਿੰਦਾ ਸੀ ਕਿ ਉਜਾੜ ਸਾਡੇ ਕਰਕੇ ਨਹੀਂ ਬਲਕਿ ਇਨ੍ਹਾਂ ‘ਸਰਪੰਚਾ’ ਕਰਕੇ ਹੈ, ਜਿਹੜੇ ਮਾਖਿਓ ਮਿੱਠੀ ਪੰਜਾਬੀ ਮਾਂ ਨੂੰ ਪਲੀਤ ਕਰਨ ਵਾਲਿਆਂ ਨੂੰ ਸ਼ਹਿ ਦੇ ਰਹੇ ਹਨ। ਪੰਜਾਬੀ ਮਰ ਰਹੀ ਹੈ। ਪਰ ਇਹ ਬੇਹਯਾ ਲੋਕ ਅਪਣੀ ਸਹਿਕਦੀ ਇਸ ਮਾਂ ਦਾ ਹੋਰ ਗਲਾ ਘੁੱਟ ਰਹੇ ਹਨ। ਲੋਕਾਂ ਨੂੰ ਇੰਝ ਲੱਗਣ ਲੱਗ ਪਿਆ ਜਿਵੇਂ ਇਹ ਭਾਸ਼ਾ ਕੇਵਲ ਤੇ ਕੇਵਲ ਲੜਨ-ਝਗੜਨ, ਲਲਕਾਰੇ ਮਾਰਨ, ਸ਼ਰਾਬਾਂ ਪੀ ਕੇ ਬੱਕਰੇ ਬੁਲਾਉਂਣ ਜਾਂ ਗਾਲੀ-ਗਲੌਚ ਕਰਨ ਲਈ ਹੀ ਰਹਿ ਗਈ ਹੋਵੇ। ਜਿਪਸੀਆਂ, ਬੰਦੂਕਾਂ, ਸਪਾਰੀਆਂ, ਕੁੜੀਆਂ ਕੱਢ ਕੇ ਲਿਜਾਣੀਆਂ ਵਰਗੀ ਇਸ ਬੇਹਯਾਈ ਨੂੰ ਸੂਰਮਗਤੀ ਦਾ ਨਾਂ ਦੇਣਾ ਕੀ ਵਡਿਆਈ ਹੈ?

ਤੁਸੀਂ ਅੱਜ ਚੁੱਪ ਹੋ। ਚੁੱਪ ਰਹੋ। ਪਰ ਯਾਦ ਰੱਖਿਓ ਜਿਹੜੀ ਗੰਦਗੀ ਇਹ ਪੰਜਾਬੀ ਸਭਿਆਚਾਰ ਦੇ ਮਾਣਮੱਤੇ ਇਤਿਹਾਸ ਵਿਚ ਘੋਲ ਰਹੇ ਨੇ, ਇਹ ਸੜਿਆਂਦ ਤੁਹਾਡੇ ਘਰਾਂ ਤੱਕ ਅਵੱਸ਼ ਪਹੁੰਚੇਗੀ। ਜਿਹੜਾ ਸਭਿਆਚਾਰ ਇਹ ਸਾਰੇ ਰਲ ਕੇ ਸਿਰਜ ਰਹੇ ਨੇ ਇਸ ਵਿਚੋਂ ਤੁਸੀਂ ਅਪਣਿਆਂ ਬੱਚਿਆਂ ਨੂੰ ਰੋਕ ਨਹੀਂ ਪਾਵੋਂਗੇ ਕਿ ਉਹ ਨਸ਼ਿਆਂ ਦੀਆਂ ਦਲਦਲਾਂ ਵਿਚ ਧੱਸ ਕੇ ਦਮ ਤੋੜ ਜਾਣ। ਬਾਹਰ ਹਵਾ ਤੱਤੀ ਹੋਵੇ ਤਾਂ ਬੰਦਾ ਅਪਣੇ ਘਰ ਆ ਕੇ ਕੋਈ ਰਾਹਤ ਪਾ ਲੈਂਦਾ ਹੈ, ਪਰ ਇਥੇ ਤਾਂ ਘਰ ਵਿਚ ਵੀ ਅੱਗ ਲੱਗੀ ਪਈ ਤੁਹਾਡੀਆਂ ਨਸਲਾਂ ਜਾਣਗੀਆਂ ਕਿਧਰ?

ਤੁਹਾਡੇ ਧਾਰਮਿਕ ਚੌਧਰੀ ਚੁੱਪ ਹਨ। ਹਰੇਕ ਸਾਲ ਉਨ੍ਹਾਂ ਦੇ ਸਾਹਵੇਂ ਇਹ ਗੰਦ ਪੈਂਦਾ ਹੈ, ਪਰ ਉਹ ਚੁੱਪ ਤਮਾਸ਼ਾ ਦੇਖ ਰਹੇ ਹਨ। ਕਿਉਂ? ਉਨ੍ਹਾਂ ਨੂੰ ਪਤੈ ਟੱਲੀਆਂ ਖੜਕਾਉਂਣ ਵਿਚ, ਲੋਕਾਂ ਨੂੰ ਮੁੰਡੇ ਦੇਣ ਵਿੱਚ, ਬੱਤੀਆਂ ਬੰਦ ਕਰਕੇ ਢੋਲਕੀਆਂ ਕੁੱਟਣ ਵਿਚ ਫਾਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ। ਬੋਲਣ ਨਾਲ ਉਨ੍ਹਾਂ ਦੀਆਂ ਖੁਦ ਦੀਆਂ ਲੋਕਾਂ ਲੀਰਾਂ ਉਧੇੜ ਹੋ ਜਾਣੀਆਂ। ਇਨ੍ਹਾਂ ਦਾ ਇੱਕ ਚੁੱਪ ਸਮਝੌਤਾ ਹੈ। ‘ਤੂੰ ਮੇਰੀ ਢੱਕੀ ਰਹਿਣ ਦੇਹ ਮੈਂ ਤੇਰੀ ਨਹੀਂ ਉਬਲਣ ਦਿੰਦਾ’।

ਕਹਿੰਦੇ ਸਹੇ ਨੂੰ ਕਿਸੇ ਪੁੱਛਿਆ ਮਾਸ ਖਾਣਾ? ਉਹ ਕਹਿਣ ਲਗਾ ਭਰਾ ਅਪਣਾ ਬਚ ਜਾਏ ਬੜਾ। ਅਸੀਂ ‘ਸੇਵਾ’ ਕਹਿੰਨੇ ਮੈਂ ਕਹਿੰਨਾ ਇਨਾਂ ਨਚਾਰਾਂ ਦੀ ਭੀੜ ਤੋਂ ਮੇਰੀ ਮਾਂ ਬੋਲੀ ਉਂਝ ਹੀ ਬੱਚ ਜਾਵੇ ਤਾਂ ਲੱਖ ਵੱਟਿਆ। ਇਨਾ ਦੀ ‘ਸੇਵਾ’ ਤੋਂ ਜੇ ਤੌਬਾ ਨਾ ਹੋਈ ਤਾਂ ਰੋਜਾਨਾ ਮਰ ਰਹੀਆਂ ਭਾਸ਼ਾਵਾਂ ਵਿਚ ਕਿਸੇ ਦਿਨ ਤੁਹਾਡੀ ਇਸ ਮਾਂ ਬੋਲੀ ਦਾ ਨਾਂ ਵੀ ਹੋਵੇਗਾ ਜਿਸ ਨੂੰ ਤੁਸੀਂ ਪੰਜਾਬੀ ਕਹਿੰਦੇ ਹੋ।

ਨੋਟ: ਗੀਤਾ ਜ਼ੈਲਦਾਰ ਵਰਗੇ ਅਸ਼ਲੀਲ ਗਾਇਕਾਂ ਦਾ ਕੱਲ ਯਾਨੀ 13 ਮਈ 2012 ਨੂੰ ‘ਪਾਵਰੇਡ ਸੈਂਟਰ’ ਬਰੈਂਪਟਨ, ਕੈਨੇਡਾ ਵਿਖੇ ਠੀਕ 11 ਵਜੇ ਸਿਆਪਾ (ਰੋਸ ਵਿਖਾਵਾ) ਹੋਣ ਜਾ ਰਿਹਾ ਹੈ। ਸਾਰੇ ਭਾਈਚਾਰੇ ਨੂੰ ਅਪੀਲ ਹੈ ਕਿ ਹੁੰਮ-ਹੁੰਮਾ ਕੇ ਉਥੇ ਪਹੁੰਚ ਕੇ, ਗੀਤਾ ਜੈਲਦਾਰਾਂ ਵਰਗੇ ਨਚਾਰਾਂ ਅਤੇ ਇਨ੍ਹਾਂ ਦੇ ਪ੍ਰਮੋਟਰਾਂ ਨੂੰ ਅਹਿਸਾਸ ਕਰਾਈਏ, ਕਿ ਬਹੁਤ ‘ਸੇਵਾ’ ਕਰ ਲਈ ਤੁਸਾਂ ਪੰਜਾਬੀ ਦੀ ਹੁਣ ਇਸ ਉਪਰ ਰਹਿਮ ਕਰੋ ਤਾਂ ਕਿ ਭਵਿੱਖ ਵਿਚ ਮਰਨ ਵਾਲੀਆਂ ਵਾਲੀਆਂ ਹੋਰਾਂ ਬੋਲੀਆਂ ਵਿਚ ਸਾਡੀ ਪੰਜਾਬੀ ਮਾਂ ਬੋਲੀ ਦਾ ਨਾਂ ਆਇਦ ਹੋਣੋ ਬੱਚ ਜਾਏ। ਇਹ ਪ੍ਰੋਗਰਾਮ ਸਾਰੇ ਪੰਜਾਬੀ ਮਾਂ ਦੇ ਹਮਦਰਦ ਭਰਾਵਾਂ ਵਲੋਂ ਸਾਂਝੇ ਤੌਰ ਤੇ ਉਲੀਕਿਆ ਗਿਆ ਹੈ ਸਭ ਨੂੰ ਖੁਲ੍ਹਾ ਸੱਦਾ ਹੈ।

ਇਸ ਬਾਰੇ ਜਾਂ ਥਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਤਾਂ ਗੁਰਮੁੱਖ ਸਿੰਘ ਬਾਠ ਨੂੰ ਫੋਨ ਕਰ ਸਕਦੇ ਹੋ।  647-968-7400


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top