Share on Facebook

Main News Page

ਲੂਣਹਰਾਮੀ
-
ਗੁਰਦੇਵ ਸਿੰਘ ਸੱਧੇਵਾਲੀਆ

ਵੈਨਕੁਵਰ ਦੀ ਗੱਲ ਹੈ ਇਕ ਵਾਰੀ ਬਾਬਾ ਫੌਜਾ ਸਿੰਘ ਨਾਲ ਨਾਨਕਸਰੀਆਂ ਦੇ ਮਰ ਚੁੱਕੇ ਮੀਹਾਂ ਸਿੰਘ ਦਾ ਇਕ ਚੇਲਾ ਬਾਬੇ ਨਾਲ ਇਸ ਗੱਲੇ ਫਸ ਪਿਆ, ਕਿ ਅਸਲੀ ਅਰਦਾਸ ਤਾਂ ਨਾਨਕਸਰ ਵਾਲੇ ਹੀ ਕਰਦੇ ਹਨ। ਦੂਜੀ ਕੋਈ ਗੱਲ ਹੀ ਨਹੀਂ ਵਿੱਚ। ਕੇਵਲ ਤੇ ਕੇਵਲ ਗੁਰੂ ਸਾਹਿਬ ਕੋਲੋਂ ਅਪਣੇ ਪਾਪਾਂ ਦਾ ਪਸ਼ਚਾਤਾਪ ਅਤੇ ਅਰਜੋਈ ਹੀ ਹੁੰਦੀ ਹੈ। ਮਨ ਨੂੰ ਸ਼ਾਤੀਂ ਆ ਜਾਂਦੀ ਕੇਰਾਂ ਸੁਣਕੇ! ਨਹੀਂ?

ਬਾਬਾ ਕਹਿਣ ਲਗਿਆ ਕਿ ਭਰਾ ਤੂੰ ਭੁੱਲ ਗਿਆਂ ਹੈਂ ਕਿ ਇਨ੍ਹਾਂ ਦੇ ਵੱਡਿਆਂ ਭ੍ਰਹਮਗਿਆਨੀਆਂ ਨਿੱਤ ਦੀ ਅਰਦਾਸ ਵਿਚੋਂ, ਸਿੱਖ ਇਤਿਹਾਸ ਤਾਂ ਜਿਵੇਂ ਛਾਂਗ ਹੀ ਦਿੱਤਾ ਹੈ, ਤਾਂ ਕਿ ਚਰਖੜੀਆਂ ਤੇ ਚੜ੍ਹਨ ਵਾਲੇ, ਆਰਿਆਂ ਹੇਠ ਚੀਰੇ ਜਾਣ ਵਾਲੇ, ਖੋਪਰੀਆਂ ਲੁਹਾਉਣ ਅਤੇ ਬੰਦ ਬੰਦ ਕਟਵਾਉਂਣ ਵਾਲੇ ਕੌਮ ਦੇ ਚੇਤਿਆਂ ਵਿਚੋਂ ਹੀ ਮਨਫੀ ਹੋ ਜਾਣ, ਤੇ ਬਾਕੀ ਜੋ ਰਹਿੰਦ-ਖੂੰਹਦ ਬਚੇ ਉਹ ਇਹ ਭ੍ਰਹਮਗਿਆਨੀ ਹੀ ਹੋਣ ਜੀਨ੍ਹਾਂ ਦੀਆਂ ਬਰਸੀਆਂ ਦੇ ਧੂੜ-ਧੜੱਕੇ ਲੋਕ ਸੁਣਦੇ ਹਨ।

ਬਾਬੇ ਉਸ ਨੂੰ ਕਿਹਾ ਕਿ ਤੂੰ ਅਰਦਾਸ ਇਨ੍ਹਾਂ ਦੀ ਕਦੇ ਗੌਰ ਨਾਲ ਸੁਣੀ ਨਹੀਂ, ਜੇ ਸੁਣੀਂ ਹੁੰਦੀ ਤਾਂ ਮੇਰੇ ਨਾਲ ਫਸਦਾ ਨਾ।
ਸੁਣੀਂ ਕਿਵੇਂ ਨਹੀਂ? ਮੈਂ ਨਿੱਤ ਸੁਣਦਾ, ਮਨ ਲੱਗਦਾ ਹੀ ਬੜਾ ਅਰਦਾਸ ਵਿਚ!!
ਕਿਵੇਂ?
ਕਿਵੇਂ ਕੀ! ਗੁਰੂ ਕੋਲੋਂ ਨਾਮ-ਦਾਨ ਮੰਗਤਾ ਬਣਕੇ ਮੰਗਿਆ ਜਾਂਦਾ ਹੈ ਉਹ ਵੀ ਝੋਲੀ ਅੱਡ ਕੇ।
ਪਰ ਤੂੰ ਕਦੇ ‘ਗੁਨਹਗਾਰ ਲੂਣ ਹਰਾਮੀ, ਪਾਹਣ ਨਾਵ ਨ ਪਾਰਗਿਰਾਮੀ’ ਵਲ ਗੌਰ ਕੀਤਾ ਜਿਹੜੀ ਪੰਗਤੀ ਤੁਹਾਡੀ ਅਰਦਾਸ ਵਿਚ ਨਿੱਤ ਪੜ੍ਹੀ ਜਾਂਦੀ?
ਇਸ ਵਿਚ ਗਲਤ ਕੀ ਏ? ਇਹ ਤਾਂ ‘ਵੱਡੇ ਬਾਬਾ ਜੀ’ ਵੇਲੇ ਤੋਂ ਪੜ੍ਹੀ ਜਾ ਰਹੀ ਹੈ। ਉਨ੍ਹਾਂ ਵੇਲੇ ਦੀ ਮਰਿਯਾਦਾ ਹੈ ਇਹ! ਇਸ ਵਿਚ ਅਪਣੇ ਆਪ ਨੂੰ ਗੁਨਹਗਾਰ ਦੱਸ ਕੇ ਗੁਰੂ ਤੋਂ ਅਪਣੇ ਪਾਪਾਂ ਦੀ ਭੁੱਲ ਬਖਸ਼ਾਉਂਣ ਦੀ ਗੱਲ ਹੈ।

ਭੋਲਿਆ ਵੀਰਾ! ਇਹ ਸ਼ਬਦ ਅਪਣੇ ਆਪ ਨਾਲ ਸਬੰਧਤ ਨਹੀਂ ਕਿ ਸਚਿਆ ਪਾਤਸ਼ਾਹ ਮੈਂ ਗੁਨਹਗਾਰ ਹਾਂ, ਲੂਣ ਹਰਾਮੀ ਹਾਂ ਮੈਨੂੰ ਬਖਸ਼ ਲੈ। ਇਹ ਤਾਂ ਮੂਰਤੀ ਪੂਜਕ ਨੂੰ ਸੰਬੋਧਨ ਹੈ, ਕਿ ਲੂਣਹਰਾਮੀਆਂ, ਗੁਨਹਗਾਰਾ ਪਾਪੀਆ ਰੱਬ ਨੂੰ ਕਿਉਂ ਪੱਥਰ ਦਾ ਗੁੰਗ-ਵੱਟਾ ਸਮਝੀਂ ਬੈਠਾ ਇਹ ਤੈਨੂੰ ਲੈ ਡੁੱਬੇਗਾ। ਪੂਰਾ ਸ਼ਬਦ ਪੜ੍ਹ ਇਸ ਵਿਚ ਮੂਰਤੀ ਪੂਜਕ ਨੂੰ ਸਾਕਤ ਵੀ ਕਿਹਾ ਹੈ। ਜੇ ਰੱਬ ਨੂੰ ਪੱਥਰ ਬਣਾਉਣ ਵਾਲਾ ਲੂਣ ਹਰਾਮੀ, ਸਾਕਤ ਅਤੇ ਗੁਨਹਗਾਰ ਹੈ, ਤਾਂ ਗੁਰੂ ਨੂੰ ਗੁੰਗ-ਵੱਟਾ ਬਣਾਉਂਣ ਵਾਲਾ ਤੇਰਾ ਸਾਧੜਾ ਕੀ ਹੋਇਆ?

ਪਰ ਉਹ ਤਾਂ ਪੱਥਰ ਪੂਜਣ ਵਾਲੇ ਦੀ ਗੱਲ ਹੋ ਰਹੀ ਗੁਰੂ ਨਾਨਕ ਪੱਥਰ ਦਾ ਥੋੜੋਂ?
ਬੱਅਸ ਇਹੀ ਗੱਲ ਤੇਰੇ ਸਾਧੜੇ ਨੂੰ ਸਮਝ ਨਾ ਆਈ ਕਿ ਗੁੰਗਾ ‘ਰੱਬ’ ਚਾਹੇ ਪੱਥਰ ਦਾ ਹੋਵੇ ਚਾਹੇ ਕਾਗਜ ਦਾ ਗੁੰਗਾ ਤਾਂ ਗੁੰਗਾ ਹੀ ਹੋਇਆ ਨਾ! ਕਿ ਨਹੀਂ?
ਪਰ ਸ੍ਰੀ ਗੁਰੂ ਗਰੰਥ ਸਾਹਿਬ ਵੀ ਤਾਂ ਕਾਗਜ ਦੇ ਹੀ ਨੇ।
ਇਕੱਲੇ ਕਾਗਜਾਂ ਦੇ ਢੇਰ ਦਾ ਗਰੰਥ ਬਣਾ ਕੇ ਮੱਥਾ ਟੇਕੀਂ, ਟੇਕ ਲਏਂਗਾ?
ਪਰ ਬਾਬਾ ਜੀ ਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਸਨ।
ਤਾਂ ਹੀ ਜੁੱਤੀਆਂ ਦਾ ‘ਸੱਚਖੰਡ’ ਬਣਾ ਕੇ ਪੂਜਾ ਹੋ ਰਹੀ?
ਉਹ ਜੁੱਤੀਆਂ ਬਾਬਾ ਜੀ ਨੇ ਥੋੜੋਂ ਰੱਖੀਆਂ ਸਨ।

ਰੱਖੀਆਂ ਦਾ ਤਾਂ ਪਤਾ ਨਹੀਂ ਪਰ ਤੇਰੇ ਸਾਧ ਦੀ ਪ੍ਰਤਖ ਦਰਸ਼ਨਾ ਵਾਲੀ ਕਹਾਣੀ ਵਿੱਕੀ ਬਹੁਤ। ਜਿਹੜੀਆਂ ਜੁੱਤੀਆਂ ਅੱਜ ਦੇ ਜੁੱਗ ਦੇ ਅਮੀਰ ਲੋਕ ਪਾਉਂਦੇ ਉਹ ਜੁੱਤੀਆਂ ਸਾਧ ਉਨ੍ਹਾਂ ਜੁੱਗਾਂ ਵਿਚ ਪਾਉਂਦਾ ਰਿਹਾ। ਉਸ ਦੀਆਂ ਜੁੱਤੀਆਂ ਉਨ੍ਹਾਂ ਕਿਰਤੀ ਤੇ ਗਰੀਬ ਲੋਕਾਂ ਦਾ ਮੂੰਹ ਚਿੜਾਉਂਦੀਆਂ ਜਿਹੜੇ ਵਿਚਾਰੇ ਬੁੱਥਿਆਂ ਵਿਚ ਦੀ ਨੰਗੇ ਪੈਰੀਂ ਦੌੜੇ ਫਿਰਦੇ ਸਨ ਤੇ ਜੁੱਤੀ ਤਾਂ ਕੀ ਟੁੱਟੇ ਛਿੱਤਰ ਵੀ ਨਾ ਥਿਆਂਉਦੇ ਸਨ ਪਰ ਪ੍ਰਚਾਰ ਫਿਰ ਵੀ ਇਹ ਕਿ ‘ਬਾਬਾ ਜੀ’ ਸਾਡੇ ਤਾਂ ਜੀ ਕੁੱਲੀ ਨੂੰ ਵੀ ਅੱਗ ਲਾ ਜਾਂਦੇ ਸਨ।

ਉਨ੍ਹਾਂ ਦੀ ਤਾਂ ਕਮਾਈ ਸੀ ਨਾਸਤਿਕਾ!!!

ਬਾਬੇ ਦੇਖਿਆ ਠੂੰਹੇ ਦੀ ਸਿਰੀ ਛੇੜਨ ਵਾਂਗ ਉਸ ਦੇ ਸਾਰੇ ਸੈਂਸਰ ਕੰਬਣ ਲੱਗ ਪਏ ਸਨ। ਜਦ ਗੱਲ ਨਾਲ ਉਸ ਦੀ ਕੋਈ ਪੇਸ਼ ਨਾ ਗਈ ਤਾਂ ਉਸ ਆਖਰੀ ਹਥਿਆਰ ਵਰਤਿਆ ਜਿਸ ਦਾ ਮੱਤਲਬ ਸੀ ਕਿ ਹੁਣ ਚੁੱਪ ਕਰ ਜਾਹ, ਨਹੀਂ ਤਾਂ ਹੁਣ ਤੂੰ ਹੈ ਨਹੀਂ ਜਾਂ ਮੈਂ।

ਬਾਬਾ ਫੌਜਾ ਸਿੰਘ ਚੁੱਪ ਕਰਕੇ ਇਹ ਸੋਚਦਾ ਹੋਇਆ ਤੁਰ ਆਇਆ ਕਿ ਦੇਖੋ ਇਨ੍ਹਾਂ ਸਾਧੜਿਆਂ ਦੀ ਕਰਾਮਾਤ ਸਾਰੀ ਕੌਮ ਹੀ ਲੂਣਹਰਾਮੀ ਕੀਤੀ ਪਈ। ਕਿਹੜਾ ਸਿੱਖ ਜਿਸਦੇ ਘਰ ਮੂਰਤੀ ਨਹੀਂ? ਤਾਂ ਫਿਰ ਕਿਹੜਾ ਲੂਣਹਰਾਮੀ ਨਹੀਂ?

ਬਾਬਾ ਫੌਜਾ ਸਿੰਘ ਹੈਰਾਨ ਸੀ ਕਿ ਨਕਲੀ ਗੁਰੂਆਂ ਦੁਆਲੇ ਡਾਗਾਂ ਚੁੱਕੀ ਫਿਰਨ ਵਾਲੇ ਸਿੱਖਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਕਿ ਉਹਨਾ ਦੇ ਖੁਦ ਦੇ ਘਰਾਂ ਵਿਚ ਜਿਹੜੇ ਨਕਲੀ ਗੁਰੂ ਟੰਗੇ ਨੇ ਉਨ੍ਹਾਂ ਨਾਲੋਂ ਮੋਹ ਕਿਵੇਂ ਤੋੜਿਆ ਜਾਵੇ। ਬਹੁਤੇ ਸਿੱਖ ਸਾਧਾਂ ਨੂੰ ਭੰਡੀ ਵੀ ਜਾਂਦੇ ਹਨ ਪਰ ਉਨ੍ਹਾਂ ਦੇ ਦਿੱਤੇ ਮੂਰਤੇ ਵੀ ਘਰਾਂ ਵਿਚ ਖੜੇ ਕੀਤੇ ਹੋਏ ਤੇ ਜੁਅਰਤ ਵੀ ਨਹੀਂ ਕਰ ਪਾ ਰਹੇ ਕਿ ਇਨ੍ਹਾਂ ਨਕਲੀ ਗੁਰੂਆਂ ਨੂੰ ਘਰਾਂ ਵਿਚੋਂ ਦਫਾ ਕੀਤਾ ਜਾਵੇ, ਕਿਉਂਕਿ ਸਿੱਖ ਦਾ ਅਸਲੀ ਗੁਰੂ ਕੇਵਲ ਤੇ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਹੈ ਨਾ ਕਿ ਕੋਈ ਮੂਰਤਾ!! ਇੰਝ ਹੀ ਹੈ ਨਾ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top