Share on Facebook

Main News Page

ਪ੍ਰਚਾਰ ਬਨਾਮ ਧੰਦਾ?
-
ਗੁਰਦੇਵ ਸਿੰਘ ਸੱਧੇਵਾਲੀਆ

ਪ੍ਰਚਾਰ ਦੇ ਖੇਤਰ ਵਿਚ ਬਾਬੇ ਅਮਰੀਕ ਦੀ ਗੱਲ ਠੀਕ ਹੈ ਕਿ ਹੁਣ ਜਿੰਨੀਆਂ ਪ੍ਰਚਾਰ ਦੀਆਂ ਧੂੜਾਂ ਅਸੀਂ ਕਦੇ ਵੀ ਨਹੀਂ ਪੁੱਟੀਆਂ। ਮਾਅਰ ਕੋਤਰੀਆਂ, ਸੰਪਟ ਪਾਠ, ਅਖੰਡ ਪਾਠ, ਕੀਰਤਨ ਦਰਬਾਰ, ਚੁਪਹਿਰੇ, ਸੁਖਮਨੀ ਸਾਹਿਬ ਸੁਸਾਇਟੀਆਂ, ਬਾਬਿਆਂ ਦੀਆਂ ਧੂੜਾ ਪੁੱਟਦੀਆਂ ਕਾਰਾਂ ਯਾਨੀ ਜਿਧਰ ਨਜਰ ਮਾਰੋ ਪ੍ਰਚਾਰ ਹੀ ਪ੍ਰਚਾਰ..? ਪਰ ਸਿੱਖ ਦੀ ਹਾਲਤ? ਹਰੇਕ ਕੱਬਰ ਤੇ ਦੀਵਾ, ਰਾਮਨੌਮੀ ਹੋਵੇ ਚਾਹੇ ਅਸ਼ਟਮੀ, ਛਨੀ ਮੰਦਰ ਹੋਵੇ ਜਾਂ ਹਨੂੰਮਾਨ ਦੇ ਛੋਲੇ, ਲਾਲਾਂ ਵਾਲੇ ਦੇ ਰੋਟ ਹੋਣ ਚਾਹੇ ਵਡਭਾਗੀਆਂ ਦੀ ਧੌਲੀ ਧਾਰ, ਰਾਧਾ ਸੁਵਾਮੀਆਂ ਦਾ ਡੇਰਾ ਹੋਵੇ ਚਾਹੇ ਸੌਦੇ ਸਾਧ ਦਾ, ਸ਼ੇਖਫੱਤੇ ਦੀ ਕਬਰ ਹੋਵੇ ਚਾਹੇ ਰੋਡੇ ਦੀ ਸ਼ਰਾਬ ਯਾਨੀ ਹਰੇਕ ਪਾਸੇ ਆਖੇ ਜਾਂਦੇ ਸਿੱਖਾਂ ਦਾ ਬੋਲਬਾਲਾ..?

ਫਿਰ ਪ੍ਰਚਾਰ ਕਿਸ ਗੱਲ ਦਾ ਹੋ ਰਿਹੈ? ਬਾਬਿਆਂ ਦੀਆਂ ਲਿਸਟਾਂ ਵਾਲੇ ਲੱਖਾਂ ਅੰਮ੍ਰਿਤਧਾਰੀ ਕਿਸ ਧਰਤੀ ਤੇ ਹਨ? ਕਿਤੇ ਠਾਕੁਰ ਸਿਓਂ ਵਾਲੀ ਤਾਂਬੇ ਦੀ ਧਰਤੀ ਤੇ ਤਾਂ ਨਹੀਂ ਚਲੇ ਗਏ? ਜਾਂ ਰੰਧਾਵੇ ਵਾਲੀ ਸੁਰੰਗ ਲੰਘ ਕੇ ਅਗਲੇ ਪਾਰ ਸਮਾਧੀਆਂ ਲਾ ਬੈਠੇ ਹਨ ਖਾਲਿਸਤਾਨ ਬਣਾਉਂਣ ਲਈ?

ਪ੍ਰਚਾਰ ਦਰਅਸਲ ਹੋ ਹੀ ਨਹੀਂ ਰਿਹਾ ਬਲਕਿ ਪ੍ਰਚਾਰ ਦੇ ਨਾਂ ਤੇ ਇੰਝ ਕਿਹਾ ਜਾ ਸਕਦਾ ਕਿ ਧੰਦੇ ਹੋ ਰਿਹਾ! ਐਨ ਪੂਰੇ ਜੋਰਾਂ ਤੇ! ਧੰਦੇਬਾਜਾਂ ਦੀ ਸੁਣ ਲਓ।

ਸਤਨਾਮ ਸਿਓਂ ਪਿੱਪਲੀ ਵਾਲਾ! ਯਾਨੀ ਨੀਲਧਾਰੀ! ਉਸ ਨੇ ਥਾਈਲੈਂਡ ਚੰਗਾ ਤਗੜਾ ਸਮਾਗਮ ਰੱਖਿਆ ਯਾਨੀ ਅਡੰਬਰ ਰੱਚਿਆ। ਇੱਕ ਤਾਂ ਉਹ ਬਿਜਨੈੱਸਮੈਨ ਬੰਦਾ ਦੂਜਾ ਬਾਬਾ! ਮੱਤਲਬ ਇਕ ਕਰੇਲਾ ਦੂਜਾ ਨੀਮ ਚੜ੍ਹਿਆ! ਪੈਸਾ ਨਚਾਉਂਦਾ ਹੈ। ਦੁਨੀਆਂ ਤਾਂ ਨੱਚਦੀ ਹੀ ਹੈ ਆਖੇ ਜਾਂਦੇ ਧਾਰਮਿਕ ਲੋਕ ਆਮ ਲੁਕਾਈ ਨਾਲੋਂ ਵੀ ਜਿਆਦਾ ਠੁਮਕਾ ਮਾਰਦੇ ਹਨ। ਉਸ ਸਮਾਗਮ ਵਿਚ ਨੱਚਣ ਲਈ ਕਈ ਲਾਸ਼ਾਂ ਜਾ ਰਹੀਆਂ ਜਾਂ ਹੁਣ ਜਾ ਚੁੱਕੀਆਂ ਹੋਣੀਆਂ, ਸਮੇਤ ਗਿਆਨੀ ਤ੍ਰਿਲੋਚਨ ਸਿਓਂ ਦੇ। ਉਸ ਲਾਸ਼ਾਂ ਦੇ ਕਾਫਲੇ ਵਿਚ ਨਾਨਕਸਰੀਆਂ ਦੇ ਸਾਧਾਂ ਤੋਂ ਬਿਨਾ ਇਕ ਅੰਮ੍ਰਤਿਸਰ ਦੇ ਹਜੂਰੀ ਜਥੇ ਤੋਂ ਇਲਾਵਾ ਨਿਰੰਜਨ ਸਿੰਘ ਜਵੱਦੀ ਵਾਲਾ ਤੇ ਜਸਬੀਰ ਸਿੰਘ ਪਾਉਂਟੇ ਵਾਲਾ ਵੀ ਸ਼ਾਮਲ।

ਸ੍ਰ. ਕ੍ਰਿਪਾਲ ਸਿੰਘ ਬਠਿੰਡਾ ਤੋਂ ਲੈ ਕੇ ਮੈਂ ਨਿਰੰਜਨ ਸਿੰਘ ਜਵੱਦੀ ਵਾਲੇ ਨੂੰ ਫੋਨ ਕੀਤਾ ਜਿਹੜਾ ਉਸ ਦਿਨ ਮਲੇਸ਼ੀਆ ਸੀ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਜਿਥੇ ਤੁਸੀਂ ਜਾ ਰਹੇ ਹੋਂ ਉਸ ਸਾਧ ਬਾਰੇ ਕੋਈ ਚੰਗੀ ਚਰਚਾ ਨਹੀਂ ਚਲ ਰਹੀ ਤੁਹਾਡਾ ਜਾਣਾ ਤੁਹਾਡੀ ਸ਼ਖਸ਼ੀਅਤ ਉਪਰ ਨਿਸ਼ਾਨੀਆ ਸਵਾਲ ਲਾਵੇਗਾ। ਉਨ੍ਹਾਂ ਪੁੱਛਿਆ ਕਿ ਉਨ੍ਹਾਂ ਕੀ ਕੀਤਾ ਹੈ। ਮੈਂ ਉਨ੍ਹਾਂ ਨੂੰ ਜੈ ਸੀਆ ਰਾਮ, ਰਾਧੇ ਰਾਧੇ ਸ਼ਾਮ ਵਾਲੀ ਕਹਾਣੀ ਦੱਸੀ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਉਹ ਕਹਿਣ ਲੱਗੇ ਕਿ ਇਸ ਵਿਚ ਗਲਤ ਕੀ ਏ? ਗੁਰਬਾਣੀ ਵਿਚ ਵੀ ਤਾਂ ਰਾਮ, ਕ੍ਰਿਸ਼ਨ ਬਾਰੇ ਲਿਖਿਆ ਹੀ ਹੋਇਆ!!!

ਜਿਸ ਬੰਦੇ ਨੂੰ ਲੱਖਾਂ ਲੋਕੀਂ ਸੁਣਦੇ ਹਨ ਉਹ ਇਸ ਗੱਲ ਤੇ ਆਇਆ ਹੀ ਨਾ ਕਿ ਰਾਮ-ਕ੍ਰਿਸ਼ਨ ਦਾ ਖਾਲਸਈ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ। ਇੱਕ ਵਾਰ ਫੋਨ ਕੱਟ ਕੇ ਪੰਗਤੀਆਂ ਯਾਦ ਆਈਆਂ ਤੋਂ ਫਿਰ ਦੁਬਾਰਾ ਆਪੇ ਫੋਨ ਕਰ ਲਿਆ ਕਿ ਰਾਮ ਰਘਵੰਸ ਕਹਾਇਓ ਦਾ ਕੀ ਜਵਾਬ ਹੈ?

ਮੈਨੂੰ ਖਿੱਝ ਆ ਗਈ ਕਿ ਤੁਹਾਡੇ ਵਰਗੇ ਮਸ਼ਹੂਰ ਰਾਗੀ ਨੂੰ ਸ਼ਰਮ ਆਉਂਣੀ ਚਾਹੀਦੀ ਕਿ ਇੱਕ ਪੰਗਤੀ ਲੈ ਕੇ ਤੇ ਬਿਨਾ ਪੂਰਾ ਮੱਤਲਬ ਸਮਝੇ ਤੁਸੀਂ ਉਲਟਾ ਮੇਰੇ ਤੋਂ ਪੁੱਛ ਰਹੇ ਹੋਂ? ਤੁਸੀਂ ਲੋਕਾਂ ਨੂੰ ਕੀ ਖਾਕ ਦੱਸੋਂਗੇ? ਅਖੀਰ ਤੇ ਕਹਿਣ ਲੱਗੇ ਕਿ ਤੁਸੀਂ ਤਾਂ ਬੜੇ ਪਹੁੰਚੇ ਹੋਏ ਲੱਗਦੇ ਹੋ!! ਜਿਸ ਦਾ ਮੱਤਲਬ ਸੀ ਕਿ ਹੁਣ ਤੂੰ ਮੇਰੇ ਗਲੋਂ ਲੱਥ। ਤੇ ਮੈਂ ਉਨ੍ਹਾਂ ਨੂੰ ਕਿਹਾ ਭਾਈ ਸਾਹਬ ਤੁਹਾਡਾ ਇਸ਼ਾਰਾ ਮੈਂ ਸਮਝ ਗਿਆ ਹਾਂ ਤੇ ਮੈਂ ਸਚਮੁਚ ਤੁਹਾਡੇ ਗਲੋਂ ਲੱਥਣ ਲੱਗਾ ਹਾਂ ਪਰ ਮੈਨੂੰ ਸੱਦ ਅਫਸੋਸ ਰਹੇਗਾ ਕਿ ਜਿਸ ਬੰਦੇ ਨੇ ਗੁਰਬਾਣੀ ਨੂੰ ਵੇਚ ਵੇਚ ਅਪਣੇ ਮਹੱਲ ਖੜੇ ਕੀਤੇ, ਐਸ਼ਾਂ ਕੀਤੀਆਂ, ਜਹਾਜਾਂ ਤੇ ਝੂਟੇ ਲਏ ਉਸ ਗੁਰਬਾਣੀ ਦਾ ਸਾਡੇ ਪ੍ਰਚਾਰਕ ਨੂੰ ੳ ਅ ਵੀ ਨਾ ਆਵੇ? ਇਹ ਪ੍ਰਚਾਰ ਹੈ!!

ਜਸਬੀਰ ਸਿੰਘ ਪਾਉਂਟੇ ਵਾਲੇ ਨੂੰ ਵੀ ਜਦ ਇਹੀ ਕਿਹਾ ਤਾਂ ਉਸ ਮੈਨੂੰ ਭਾਈ ਗੁਰਦਾਸ ਜੀ ਦੀ ਕ੍ਰਿਸ਼ਨ ਸੁਦਾਮੇ ਵਾਲੀ ਵਾਰ ਵਿਚੋਂ ਇੱਕ ਪੰਗਤੀ ਕੱਢ ਕੇ ਸੁਣਾ ਦਿੱਤੀ..? ਯਾਨੀ ਉਸ ਵੀ ਨੀਲਧਾਰੀਏ ਦੇ ਰਾਧੇ ਰਾਧੇ ਸ਼ਾਮ ਨੂੰ ਜਸਟੀਫਾਈ ਕਰ ਦਿੱਤਾ!

ਇਹ ਤੁਹਾਡੀ ਕੌਮ ਦੇ ਮਹਾਨ ਕੀਰਤਨੀਏ ਹਨ!!! ਜਸਬੀਰ ਸਿੰਘ ਆਪੇ ਹੀ ਕਹਿਣ ਲੱਗਾ ਕਿ ਮੈਂ ਭਰਾ ਦੋ ਗਲਤੀਆਂ ਕੀਤੀਆਂ। ਕਾਹਨਾ ਢੇਸੀਆਂ ਵਾਲੀ ਅਤੇ ਬਾਦਲ ਕੀ ਮਾਈ ਵਾਲੀ ਤੇ ਲੋਕ ਮੇਰਾ ਖਹਿੜਾ ਨਹੀਂ ਛੱਡਦੇ, ਮੈਂ ਗਲਤੀ ਮੰਨ ਲਈ ਫਿਰ ਵੀ..? ਤੇ ਮੈਂ ਕਿਹਾ ਭਾਈ ਸਾਹਬ ਜੇ ਤੁਸੀਂ ਸਮਝਦੇ ਕਿ ਦੋ ਗਲਤੀਆਂ ਕੀਤੀਆਂ ਤਾਂ ਆਹ ਤੀਜੀ ਕਾਹਤੋਂ ਕਰਨ ਚਲੇ ਹੋ?

ਪਰ ਲਭ ਦੀਆਂ ਲਹਿਰਾਂ ਬੰਦੇ ਨੂੰ ਗੋਤੇ ਦੇ ਦੇ ਡੋਬਦੀਆਂ ਹਨ! ਨਹੀਂ?

ਸ੍ਰੀ ਨਗਰ ਸਮੇਤ ਰੰਗੀਲੇ ਇਨ੍ਹਾਂ ਪੰਜ-ਸੱਤ ਰਾਗੀਆਂ ਬਾਰੇ ਮਸ਼ਹੂਰ ਹੈ, ਕਿ ਇਹ ਲੋਕ ਇੱਕ ਸਾਲ ਨੋਟ ਬਾਲਕੇ ਚੁੱਲਾ ਬਾਲਣਾ ਚਾਹੁਣ, ਤਾਂ ਬਿਨਾ ਬਾਲਣ ਤੋਂ ਨੋਟਾਂ ਨਾਲ ਹੀ ਰੋਟੀਆਂ ਪਕਾ ਸਕਦੇ ਹਨ!! ਪਰ ਫਿਰ ਵੀ ਸ਼ਾਂਤੀ ਨਹੀਂ?

ਚਲੋ ਦੂਜਾ ਪੱਖ ਵੀ ਦੇਖਣਾ ਬਣਦਾ ਹੈ। ਹਨੇਰੀ ਦੁਨੀਆਂ ਵਿਚ ਕਿਤੇ ਜੁਗਨੂੰ ਵੀ ਜਲ ਰਹੇ ਹਨ।

ਭਾਈ ਪੰਥਪ੍ਰੀਤ ਸਿੰਘ ਟੋਰੰਟੋ ਹੀ ਹਨ। ਉਨ੍ਹਾਂ ਸ੍ਰੀ ਗੁਰੂ ਵਿਚੋਂ ਮਿਸਾਲਾਂ ਦੇ ਦੇ ਸਾਬਤ ਕੀਤਾ ਕਿ ਰਾਮ-ਕ੍ਰਿਸ਼ਨ ਜਾਂ ਬ੍ਰਹਮੇ ਬਿਸ਼ਨਾ ਨਾਲ ਸਿੱਖ ਦਾ ਕੋਈ ਸਬੰਧ ਨਹੀਂ ਬਲਿਕ ਵਾਰ ਵਾਰ ੴ ਸਾਬਤ ਇਹੀ ਕਰਦਾ ਕਿ ਕਿਸੇ ਦੂਜੇ ਨੂੰ ਸਿੱਖ ਨੇ ਨਹੀਂ ਮੰਨਣਾ। ਲਾਲਾਂ ਵਾਲਾ, ਵਡਭਾਗੀਆ, ਸ਼ਨੀ, ਪੰਡਤਾਂ, ਜੋਤਸ਼ੀਆਂ ਜਾਂ ਹੋਰ ਦੇਵੀ ਦੇਵਤਿਆਂ ਨੂੰ ਪੰਥਪ੍ਰੀਤ ਇੰਝ ਵਾਹਣੀ ਪਾਉਂਦਾ ਜਿਵੇਂ ਢੱਡਰੀਆਂ ਵਾਲਾ ਮਿਰਜੇ ਨੂੰ!!

ਸ੍ਰ. ਬਚਿੱਤਰ ਸਿੰਘ ਦੇ ਘਰੇ ਮੈਂ ਪੰਥਪ੍ਰੀਤ ਸਿੰਘ ਹੁਰਾਂ ਨੂੰ ਪੁੱਛਿਆ ਕਿ ਲਾਲਾ ਵਾਲੇ, ਵਡਭਾਗੀਏ, ਸੌਦੇ ਸਾਧ ਜਾਂ ਹੋਰ ਭੂਤਾਂ ਪ੍ਰੇਤਾਂ ਦੇ ਖੱਖਰ ਨੂੰ ਤੁਸੀਂ ਸਿੱਧਾ ਛੇੜਦੇ ਕੋਈ ਮੁਸ਼ਕਲ? ਉਹ ਕਹਿਣ ਲੱਗੇ ਕਿ ਪਹਿਲਾਂ ਤਾਂ ਕਹੀਦਾ ਭਾਈ ਆਓ ਆਪਾਂ ਬੈਠ ਕੇ ਦਲੀਲ ਨਾਲ ਗੱਲ ਕਰਦੇ ਹਾਂ ਤੁਹਾਡੀ ਚੰਗੀ ਲੱਗੀ ਮੈਂ ਮੰਨ ਲਉ ਮੇਰੀ ਠੀਕ ਲੱਗੀ ਤਾਂ ਤੁਸੀਂ। ਪਰ ਜੇ ਫਿਰ ਵੀ ਕੋਈ ਆਖੇ ਨਾ ਲੱਗੇ ਤਾਂ ਫਿਰ ਡਾਂਡੇ-ਮੀਂਡੇ ਹੋ ਪਈਦਾ!

ਡਾਂਡੇ-ਮੀਂਡੇ ਤੋਂ ਮੱਤਲਬ?

ਮੱਤਲਬ ਕਿ ਭਾਈ 8 ਇੰਚ ਤਾਂ ਗੁਰੂ ਦੀ ਬਖਸ਼ੀ ਪੱਕੀ ਹੈ। ਇੱਕ ਲਾਇਸੰਸੀ ਉੱਡਣਾ ਸੱਪ ਤੇ ਦੁਨਾਲੀ ਸੱਪਣੀ। ਦੱਸ ਕਿਥੇ ਆਵਾਂ? ਨਾਲੇ ਇਕੱਲਾ ਆਵਾਂਗਾ!

ਕੋਈ ਆਇਆ ਹਾਲੇ ਤੱਕ?

ਆਉਂਣਾ ਕੀਹਨੇ?

ਮੈਨੂੰ ਪਤੈ ਕਿ ਭਾਈ ਪੰਥਪ੍ਰੀਤ ਸਿੰਘ ਨੂੰ ਲਫਾਫੇ ਦੇਣ ਵਾਲੇ ਬਹੁਤ ਸਨ ਪਰ ਉਸ ਨਹੀਂ ਲਏ। ਉਸ ਨੂੰ ਕੀ ਪੈਸਾ ਚਾਹੀਦਾ ਨਹੀਂ? ਪਰ ਉਹ ਕਹਿੰਦਾ ਮੇਰੇ ਕੋਲੇ ਗੁਜਾਰੇ ਗੋਚਰਾ ਹੈ ਨਾ। ਉਹ ਕਿਰਤੀ ਬੰਦਾ। ਅਪਣਾ ਉਸ ਦਾ ਕਲੀਨਕ ਹੈ। ਪਿੱਛੋਂ ਉਨ੍ਹਾਂ ਦੀ ਪਤਨੀ ਚਲਾਉਂਦੀ ਹੈ। ਉਸ ਦੀ ਰੋਟੀ ਦਾ ਜੁਗਾੜ ਵਾਜੇ ਤੇ ਪਈ ਮਾਇਆ ਨਹੀਂ, ਲਫਾਫੇ ਨਹੀਂ ਬਲਕਿ ਉਸ ਦੀ ਅਪਣੀ ਕਿਰਤ ਹੈ। ਇਹੀ ਕਾਰਨ ਉਸ ਦੀਆਂ ਸਿੱਧੀਆਂ ਮਾਰਨ ਦਾ।

ਮੈਨੂੰ ਯਾਦ ਏ ਉਹ ਡਿਕਸੀ ਕਥਾ ਕਰਦੇ ਕਹਿ ਰਹੇ ਸਨ ਕਿ ਇਥੇ ਕੋਈ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਉਰੇ ਪਰੇ ਦੀ ਗੱਲ ਕਰਦਾ ਪ੍ਰਬੰਧਕ ਦਾ ਫਰਜ ਹੈ ਉਸ ਨੂੰ ਇਥੋਂ ਗੈਟ-ਆਉਟ ਕਰੇ! ਬਿਲਕੁੱਲ ਨਹੀਂ ਬੋਲਣ ਦੇਣਾ ਬਣਦਾ ਗੁਰੂ ਦੀ ਹਜੂਰੀ ਵਿਚ ਉਸ ਬੰਦੇ ਨੂੰ ਜਿਹੜਾ ਸ੍ਰੀ ਗੁਰੁ ਜੀ ਵਿਚਾਰਧਾਰਾ ਦੇ ਉਲਟ ਗੱਲ ਕਰਦਾ ਹੈ। ਗੌਲਫ ਗਏ ਤਾਂ ਉਥੇ ਬਾਕੀ ਸਾਰੀ ਭੀੜ ਲੰਗਰ ਵਿਚ ਤੇ ਦੋ-ਚਾਰ ਮਾਈ ਭਾਈ ਹਾਲ ਵਿਚ। ਹੋਣਾ ਕੀ ਸੀ ਵਾਜਾ ਬੰਦ! ਤਬਲੇ ਮੂਧੇ!

ਮੈਂ ਇਥੇ ਕੰਧਾਂ ਨੂੰ ਸੁਣਾਉਂਣ ਆਇਆਂ? ਸਭ ਉਪਰ ਆ ਜਾਓ ਨਹੀਂ ਤਾਂ ਮੈਂ ਚਲਿਆ!

ਪ੍ਰਚਾਰਕ ਵਿੱਚ ਜੁਅਰਤ ਤਾਂ ਹੋਵੇ।

ਜਾਂ ਮਾਇਆ ਦੇ ਮਾਮਲੇ ਅਤੇ ਜੁਅਰਤ ਦੇ ਮਾਮਲੇ ਵਿਚ ਹਨ, ਸ੍ਰ. ਇੰਦਰ ਸਿੰਘ ਘੱਗਾ। ਮੈਨੂੰ ਯਾਦ ਏ ਜਦ ਉਨ੍ਹਾਂ ਦੇ ਸੱਟਾਂ ਵੱਜੀਆਂ, ਉਧਰ ਉਨ੍ਹਾਂ ਦੀ ਪਤਨੀ ਬਿਮਾਰ ਸੀ। ਇਥੋਂ ਕਈਆਂ ਬੰਦਿਆਂ ਪੈਸਾ ਦੇਣ ਦੀ ਗੱਲ ਕੀਤੀ, ਪਰ ਉਸ ਬੰਦੇ ਬਿੱਲਕੁਲ ਸਿਰ ਮਾਰ ਦਿੱਤਾ, ਕਿ ਤੁਸੀਂ ਮੈਨੂੰ ਲੋਭੀ ਬਣਾ ਕੇ ਮਾਰਨਾ? ਜੁਅਰਤ? ਕਹਿਣ ਦੀ ਲੋੜ ਨਹੀਂ। ਇਥੇ ਟਰੰਟੋ ਦੀਆਂ ਹਵਾਵਾਂ ਵਿਚ ਜਦ ਅੱਗ ਲੱਗੀ ਪਈ ਸੀ, ਤਾਂ ਉਸ ਕਦੇ ਨਹੀਂ ਕਿਹਾ ਮੈਂ ਉਥੇ ਨਹੀਂ ਜਾਣਾ ਗੰਡਾਸਿਆਂ ਵਾਲੇ ਹੋਣਗੇ!! 30-30 40-40 ਗੰਡਾਸਿਆਂ ਕ੍ਰਿਪਾਨਾਂ ਤੇ ਛਵੀਆਂ ਵਾਲਿਆਂ ਮੂਹਰੇ ਬੈਠ ਉਸ ਗੱਲਾਂ ਕੀਤੀਆਂ। ਕੋਈ ਮੰਨੇ ਚਾਹੇ ਨਾ ਪਰ ਉਸ ਬੰਦੇ ਨੇ ਟਰੰਟੋ ਦੀਆਂ ਫਿਜਾਵਾਂ ਵਿਚ ਉਨ੍ਹਾਂ ਲੋਕਾਂ ਨੂੰ ਬੋਲਣ ਗੋਚਰੇ ਕਰ ਦਿੱਤਾ ਜੀਹਨਾਂ ਨੂੰ ਗੰਡਾਸਿਆਂ ਵਾਲੇ ਖਗੂੰਰਾ ਮਾਰ ਕੇ ਹੀ ਡਰਾ ਲੈਂਦੇ ਸਨ।

ਪ੍ਰਚਾਰਕ ਵਿੱਚ ਜੁਅਰਤ ਹੋਵੇ, ਪ੍ਰਚਾਰਕ ਲਾਲਚੀ ਨਾ ਹੋਵੇ, ਪ੍ਰਚਾਰਕ ਨੂੰ ਪਤਾ ਹੋਵੇ, ਕਿ ਜਿਸ ਗੁਰਬਾਣੀ ਦੀ ਮੈਂ ਗੱਲ ਕਰ ਰਿਹਾਂ ਉਸ ਬਾਰੇ ਮੈਨੂੰ ਕੁਝ ਸੋਝੀ ਤਾਂ ਹੋਵੇ ਨਹੀਂ ਤਾਂ ਜਵੱਦੀ, ਰੰਗੀਲੇ, ਪਾਉਂਟੇ, ਜਗਾਧਰੀ ਵਾਂਗ ਪ੍ਰਚਾਰ ਕੇਵਲ ਧੰਦਾ ਬਣ ਕੇ ਰਹਿ ਜਾਵੇਗਾ ਜਿਵੇਂ ਕਿ ਬਣ ਗਿਆ ਹੈ! ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top