Share on Facebook

Main News Page

ਜਨਮ + ਵਧਾਈ ?
-
ਗੁਰਦੇਵ ਸਿੰਘ ਸੱਧੇਵਾਲੀਆ

ਦੋ ਕੁ ਬੀਬੀਆਂ ਹਨ ਜਿਹੜੀਆਂ ਮੇਰੀ ਪਤਨੀ ਨਾਲ ਕੰਮ ਕਰਦੀਆਂ ਹਨ। ਨੇੜੇ ਹੀ ਰਹਿੰਦੀਆਂ ਹੋਣ ਕਾਰਨ ਅਤੇ ਉਨ੍ਹਾਂ ਕੋਲੇ ਗੱਡੀ ਨਾ ਹੋਣ ਕਾਰਨ ਉਨ੍ਹਾਂ ਨੂੰ ਮੇਰੀ ਪਤਨੀ ਚੁੱਕਦੀ ਹੈ। ਕਦੇ ਜਦ ਗੱਡੀ ਚਾਹੀਦੀ ਹੋਵੇ ਤਾਂ ਸਾਰੀਆਂ ਬੀਬੀਆਂ ਨੂੰ ਮੈਂ ਛੱਡਦਾ ਹਾਂ। 11 ਅਕਤੂਬਰ ਦਿਨ ਵੀਰਵਾਰ ਜਦ ਉਨ੍ਹਾਂ ਨੂੰ ਮੈ ਛੱਡਣ ਜਾ ਰਿਹਾ ਸੀ, ਤਾਂ ਇਕ ਬੀਬੀ ਕਹਿਣ ਲੱਗੀ ਭਾਅਜੀ ਵਧਾਈ?

ਕਾਹਦੀ ਵਧਾਈ ?

ਤੁਹਾਨੂੰ ਨਹੀਂ ਪਤੈ ਅੱਜ ਅਮਿਤਾਬ ਬੱਚਨ ਦਾ ਜਨਮ ਦਿਨ ਹੈ!!

ਇਹ ਅਮਿਤਾਬ ਬਚਨ ਕਿਸ ਸ਼ੈਅ ਦਾ ਨਾਂ ਹੈ ਬਈ? ਮੈ ਅਨਜਾਣ ਬਣਦਿਆਂ ਕਿਹਾ।

ਲੈ ਭਾਅਜੀ ਇਨਾ ਵੱਡਾ ਸੁਪਰ-ਸਟਾਰ ਹੈ, ਤੁਹਾਨੂੰ ਪਤਾ ਹੀ ਨਹੀਂ? ਉਸ ਨੂੰ ਜਾਪਿਆ ਕਿ ਇਹ ਭਾਈ ਬੜੇ ਕਿਸੇ ਪਿੱਛਲੇ ਜਿਹੇ ਜੁੱਗ ਦਾ ਬੰਦਾ ਜਾਪਦਾ, ਜਿਸ ਨੂੰ ਅਮਿਤਾਬ ਬਚਨ ਬਾਰੇ ਨਹੀਂ ਪਤਾ?

ਮੈਨੂੰ ਪਤੈ, ਪਰ ਮੈਂ ਤਾਂ ਇਕ ਅਮਿਤਾਬ ਬਚਨ ਨੂੰ ਜਾਣਦਾ, ਜਿਸ ਦੀ ਇਕ ਸਟੇਟਮਿੰਟ ਹਜਾਰਾਂ ਬੇਗੁਨਾਹ ਮਨੁੱਖਾਂ ਯਾਨੀ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਫੂਕਣ ਦਾ ਕਾਰਨ ਬਣੀ ਸੀ!! ਤੂੰ ਉਸ ਨੂੰ ਜਾਣਦੀਂ?

ਉਹ ਕਿਹੜਾ ਅਮਿਤਾਬ ਬਚਨ ਹੋਇਆ ਭਾਅਜੀ?

ਮੇਰਾ ਸਚਮੁੱਚ ਸਿਰ ਚਕਰਾ ਗਿਆ ਉਸ ਦੀ ਗੱਲ ਸੁਣ ਕੇ। ਉਸ ਨੂੰ ਵਾਕਿਆ ਹੀ ਇੰਝ ਜਾਪਿਆ ਜਿਵੇਂ ਮੈਂ ਕਿਸੇ ਦੂਜੇ ਅਮਿਤਾਬ ਬਚਨ ਦੀ ਗੱਲ ਕਰ ਰਿਹਾ ਸਾਂ, ਜਿਸ ਬਾਰੇ ਉਸ ਨੂੰ ਕੱਖ ਪਤਾ ਨਾ ਸੀ।

ਉਸ ਨੂੰ ਜਦ ਮੈਂ ਇਸੇ, ਇਕੇ ਅਮਿਤਾਬ ਬਚਨ ਦੀ ਕਰਤੂਤ ਦੱਸੀ ਤਾਂ ਉਹ ਹੈਰਾਨ ਹੋ ਗਈ ਕਿ ਉਸ ਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਕਿਉਂ ਨਹੀਂ ਸੀ।

ਤੂੰ ਰੇਡੀਓ ਸੁਣਦੀ ਹੁੰਦੀ ਬੀਬਾ?

ਹਾਂ ਸੁਣਦੀ ਹੁੰਦੀ ਹਾਂ।

ਤੈਨੂੰ ਕਦੇ ਕਿਸੇ ਰੇਡੀਓ ਵਾਲੇ ਨਹੀਂ ਦੱਸਿਆ ਕਿ ਇਹ ਅਮਿਤਾਬ ਬਚਨ ਸਿੱਖਾਂ ਦਾ ਕਾਤਲ ਹੈ?

ਕਦੇ ਕੁਝ ਨਹੀਂ! ਸ਼ਾਇਦ ਕਿਸੇ ਦੱਸਿਆ ਹੋਵੇ, ਪਰ ਮੈਂ ਤਾਂ ਵਧਾਈਆਂ ਹੀ ਸੁਣੀਆਂ।

ਪਿੱਛੇ ਦੋ ਕੁ ਦਿਨ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਅਤੇ ਸੁੱਖੇ ਜਿੰਦੇ ਦੀ ਸ਼ਹਾਦਤ ਦਾ ਦਿਨ ਲੰਘ ਕੇ ਗਿਆ, ਤੈਨੂੰ ਉਸ ਬਾਰੇ ਕੁਝ ਪਤਾ?

ਉਹ ਚੁੱਪ ਕਰ ਗਈ। ਉਸ ਦੀ ਚੁੱਪ ਮੈਨੂੰ ਪੂਰੀ ਕੌਮ ਦੀ ਚੁੱਪ ਜਾਪੀ, ਜਿਸ ਦੇ ਮਰਦ ਅਤੇ ਇਸਤ੍ਰੀਆਂ ਨੂੰ ਨਚਾਰਾਂ ਦੇ ਜਨਮ ਦਿਨਾਂ ਤਾਂ ਪਤਾ, ਪਰ ਅਪਣੇ ਗੁਰੂ ਸਾਹਿਬਾਨਾਂ ਅਤੇ ਸ਼ਹੀਦਾਂ ਦੇ ਦਿਨ ਦਾ ਨਹੀਂ। ਕਿਉਂ?

ਮੇਰੇ ਗੁਆਂਢ, ਕੇਵਲ ਸੜਕ ਪਾਰ ਕਰਕੇ, ਨਾਨਕਸਰੀਆਂ ਦਾ ਡੇਰਾ ਯਾਨੀ ਠਾਠ ਹੈ। ਇਸ ਏਰੀਏ ਵਿਚ ਤੁਸੀਂ ਆ ਜਾਓ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਪੰਜਾਬ ਹੋ ਜਾਂ ਕਨੇਡਾ। ਇਸ ਘੁੱਗ ਵਸੋਂ ਵਿਚ ਨਾਨਕਸਰੀਆਂ ਦਾ ਯਾਨੀ ਸ੍ਰੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਵਾਲਾ ਹਿੰਦੂਆਂ ਦਾ ਮੰਦਰ ਹੈ। ਜਿਥੇ ਸਿਵਾਏ ਸ੍ਰੀ ਗੁਰੁ ਜੀ ਦੇ ਪ੍ਰਕਾਸ਼ ਤੋਂ ਸਭ ਕੁਝ ਉਹੀ ਹੁੰਦਾ, ਜੋ ਇਕ ਮੰਦਰ ਵਿਚ ਹੁੰਦਾ ਫਰਕ ਕੇਵਲ ਇਨਾ ਕਿ ਮੰਦਰ ਵਿਚ ਰਾਮ ਜੀ ਕ੍ਰਿਸ਼ਨ ਜੀ ਦੀ ਆਰਤੀ ਹੁੰਦੀ, ਇਥੇ ਇਨ੍ਹਾਂ ਦੇ ਮਰ ਚੁੱਕੇ ਬਾਬਿਆਂ ਦੀ। ਪਰ ਇੰਦਰ ਦੇਵਤਾ ਦੀ ਵੀ। ਫੁੱਲਾਂ ਦੀ ਵਰਖਾ ਅਸਮਾਨ ਵਿਚੋਂ ਨਹੀਂ ਬਲਕਿ ਮੂਰਤੀਆਂ ਵਿਚਲੇ ਸਚਖੰਡ ਵਿਚੋਂ ਹੁੰਦੀ ਹੈ। ਇਥੇ ਕਦੇ ਨਾ ਕੋਈ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਨਾ ਕੋਈ ਗੁਰਪੁਰਬ ਸਿਵਾਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕੱਤਕ ਦੀ ਪੂਰਨਮਾਸ਼ੀ ਤੋਂ ਬਿਨਾ। ਪਰ ਉਸ ਨੂੰ ਤੁਸੀਂ ਗੁਰਪੁਰਬ ਮਨਾਇਆ ਨਹੀਂ ਕਹਿ ਸਕਦੇ, ਬਲਕਿ ਹਰੇਕ ਮਹੀਨੇ ਦੀ ਤਰ੍ਹਾਂ ਪੂਰਨਮਾਸ਼ੀ ਯਾਨੀ ਵੱਡੀ ਪੁਰਨਮਾਸ਼ੀ? ਇਨ੍ਹਾਂ ਦੇ ਵੱਡੇ ਠਾਠ ਤਾਂ ਤਿੰਨ ਦਿਨਾ ਅਖੰਡ-ਪਾਠ ਚਲਦਾ, ਪਰ ਇਥੇ ਸੱਤ ਦਿਨਾ ਵਾਲਾ ਸੰਪਟ ਪਾਠ! ਯਾਨੀ ਮਹੀਨੇ ਦੇ ਸੱਤ ਦਿਨ ਮ੍ਹਾਲ-ਪੂੜੇ। ਭਜਨ ਪਾਠ ਦੇ ਨਾਂ ਤੇ? ਰੌਣਕਾਂ ਵਾਧੂ ਦੀਆਂ?

ਮੇਰਾ ਇਹ ਕਹਾਣੀ ਦੱਸਣ ਦਾ ਮੱਤਲਬ ਹੈ ਕਿ ਹਰੇਕ ਵੱਡੇ ਸ਼ਹਿਰ, ਵੱਡੇ ਕਸਬੇ ਅਤੇ ਮੁਲਕ, ਜਿਥੇ ਸਿੱਖਾਂ ਦੀ ਘੁੱਗ ਵਸੋਂ ਹੈ, ਵਿਚ ਹਿੰਦੂਆਂ ਨੇ ਠਾਠ ਦੇ ਨਾਂ ਤੇ ਅਪਣੇ ਮੰਦਰ ਖ੍ਹੋਲ ਲਏ ਹੋਏ ਹਨ। ਉਥੇ ਆਰਤੀਆਂ ਤੋਂ ਲੈ ਕੇ ਟੱਲੀਆਂ ਖੜਕਾੳਉਂਣ ਤੱਕ, ਮੂਰਤੀ ਪੂਜਾ ਤੋਂ ਲੈ ਕੇ ਮੂਰਤੀਆਂ ਅੱਗੇ ਥਾਲਾਂ ਦੇ ਭੋਗ ਤੱਕ, ਇੰਦਰ ਦੇਵਤਾ ਦੀ ਆਰਤੀ ਤੋਂ ਫੂਲਨ ਕੀ ਵੱਰਖਾ ਅਤੇ ਰਾਮ ਦੀ ਕਥਾ ਅਤੇ ਬਿਸ਼ਨੂ ਦੀ ਭਗਤੀ ਤੱਕ ਸਭ ਕੁਝ ਹੁੰਦਾ ਹੈ। ਮੰਦਰ ਵਾਲੇ ਇਹ ਸਭ ਕੁਝ ਪੱਥਰ ਦੀਆਂ ਮੂਰਤੀਆਂ ਅਗੇ ਕਰਦੇ ਹਨ, ਇਹ ਕਾਗਜ ਦੀਆਂ ਅਗੇ। ਜਿਥੇ ਜਿਥੇ ਇਹ ਮੰਦਰ ਹਨ, ਸਿੱਖਾਂ ਦੀ ਮਾਨਸਿਕਤਾ ਬਿਮਾਰ ਕਰ ਦਿੱਤੀ ਗਈ ਹੈ। ਇਸ ਦਾ ਸਬੂਤ ਮੈਂ ਪਹਿਲਾਂ ਦੀ ਦੱਸ ਚੁੱਕਾਂ ਕਿ ਹਰੇਕ ਸਿੱਖਾਂ ਦੇ ਤੀਜੇ ਘਰ ਸ਼ਿਵ ਜੀ ਦੀਆਂ ਮੂਰਤੀਆਂ ਹਨ।

ਧਰਮ ਸਬੰਧੀ ਗੱਲਾਂ ਚਲੀਆਂ ਵਿਚੋਂ ਨਾਲ ਵਾਲੀ ਬੀਬੀ ਕਹਿਣ ਲੱਗੀ ਭਾਅਜੀ ਤੁਸੀਂ ਓ ਮਾਈ ਗਾਡ ਮੂਵੀ ਦੇਖੀ? ਤੁਹਾਡੇ ਦੇਖਣ ਹੀ ਵਾਲੀ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਹਿੰਦੀ ਫਿਲਮ ਨਹੀਂ ਦੇਖਦਾ, ਪਰ ਮੇਰੇ ਕਈ ਮਿੱਤਰਾਂ ਅਤੇ ਫੇਸਬੁਕ ਉਪਰ ਹੋਈ ਇਸ ਦੀ ਚਰਚਾ ਕਾਰਨ ਮੈਂ ਖਾਸ ਤੌਰ ਤੇ ਖਰੀਦ ਕੇ ਲਿਆ ਕੇ ਦੇਖੀ। ਪਰ ਬੀਬਾ ਤੂੰ ਵੇਖੀ?

ਉਸ ਬੜੀ ਖੁਸ਼ ਹੋ ਕੇ ਦੱਸਿਆ ਕਿ ਵੇਖੀ ਆ।

ਪਰ ਕੋਈ ਅਸਰ?

ਮੱਤਲਬ?

ਮੱਤਲਬ ਕਿ ਧਰਮ ਦੇ ਨਾਂ ਤੇ ਲੁੱਟ ਤੂੰ ਦੇਖੀ ਹੈ, ਤੈਨੂੰ ਚੰਗੀ ਵੀ ਲੱਗੀ ਪਰ ਤੂੰ ਹੁਣ ਕੀ ਉਸ ਲੁੱਟ ਦਾ ਸ਼ਿਕਾਰ ਹੋਣੋਂ ਹੱਟ ਜਾਏਂਗੀ?

ਮੈਂ ਸਮਝੀ ਨਹੀਂ ਭਾਅਜੀ!

ਕਰਵਾਚੌਥ ਆ ਰਿਹੈ। ਹੁਣ ਕੀ ਤੂੰ ਮੱਠਿਆਂ-ਫੈਣੀਆਂ ਵਾਲਾ ਧੰਦਾ ਛੱਡ ਦਏਂਗੀ? ਪਰ ਤੇਰੇ ਪਤੀ ਦੀ ਲੰਮੀ ਉਮਰ ਦਾ ਕੀ ਬਣੇਗਾ?

ਬੇਸ਼ਕ ਉਸ ਕੋਲੋਂ ਕੋਈ ਜਵਾਬ ਨਾ ਦੇ ਹੋਇਆ, ਪਰ ਉਸ ਨੂੰ ਜਾਪਿਆ ਕਿ ਇਹ ਸਵਾਲ ਗਲਤ ਹੈ। ਹੁਣ ਤੁਸੀਂ ਦੱਸੋ ਲੁਕਾਈ ਮੰਦਰਾਂ ਯਾਨੀ ਠਾਠਾਂ ਵਿਚ ਜਾ ਕੇ ਸਿੱਖੀ ਕਿਥੋਂ ਪੜ ਜਾਊਗੀ। ਉਹ ਸ਼ਹੀਦਾਂ ਦਾ, ਗੁਰੂ ਸਾਹਿਬਾਨਾ ਦਾ ਜਨਮ ਜਾਂ ਸ਼ਹੀਦੀ ਕਿਥੋਂ ਚੇਤੇ ਰੱਖ ਲਊਗੀ। ਅਮਤਾਬ ਬਚਨ ਤਾਂ ਉਸ ਨੂੰ ਤੁਹਾਡੇ ਰੇਡੀਓ ਵਾਲੇ ਜਰਨਲਿਸਟ ਹੀ ਬਥੇਰਾ ਯਾਦ ਕਰਾ ਦਿੰਦੇ ਹਨ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top