Share on Facebook

Main News Page

‘ਸੰਤ’ ਮੈਂ ਇੰਝ ਬਣ ਗਿਆ !!
- ਗੁਰਦੇਵ ਸਿੰਘ ਸੱਧੇਵਲੀਆ

ਬਾਬਾ ਫੌਜਾ ਸਿੰਘ ਢੱਡਰੀਆਂ ਵਾਲੇ ਦੀ ਸੰਤ ਬਣਨ ਵਾਲੀ ਕਹਾਣੀ ਸੁਣ ਰਿਹਾ ਸੀ। ਵੈਸੇ ਤਾਂ ਪਹਿਲਾਂ ਹੀ ਸੂਝਵਾਨ ਬੰਦੇ ਨੂੰ ਪਤਾ ਸੀ ਸੰਤ ਇੰਝ ਹੀ ਬਣੀਦਾ ਹੈ, ਪਰ ਢੱਡਰੀਆਂ ਵਾਲੇ ਦੀ ਕਹਾਣੀ ਹੋਰ ਅਜੀਬ ਹੈ। ਉਸ ਦੀਆਂ ਗੱਲਾਂ ਤੋਂ ਜਾਪਦਾ ਕਿ ਉਸ ਸੰਤ ਬਣਨ ਦਾ ਕਦੇ ਸੁਪਨਾ ਵੀ ਨਹੀਂ ਲਿਆ ਹੋਣਾ, ਕਿਉਂਕਿ ਉਸ ਦੀ ਦੱਸੀ ਕਹਾਣੀ ਮੁਤਾਬਕ ਉਸ ਨੂੰ ਅਪਣੀ ਉਕਾਤ ਦਾ ਪਤਾ ਸੀ, ਕਿ ਸੰਤ ਤਾਂ ਕੀ ਉਸ ਵਰਗੇ ਬੰਦੇ ਨੂੰ ਕੋਈ ਸੀਰੀ ਵੀ ਨਾ ਰੱਖਦਾ, ਜਿਹੜਾ ਭਰ ਜਵਾਨੀ ਵੀ ਦੋ ਬੰਦਿਆਂ ਦਾ ਹੱਥ ਫੜੇ ਬਿਨਾ ਚਾਰ ਪੌੜੀਆਂ ਨਹੀਂ ਚੜ੍ਹ ਸਕਦਾ, ਪਰ ਉਸ ਦੀ ਲਵੀ ਜਿਹੀ ਉਮਰ ਤੇ ਤਿੱਖੀ ਅਵਾਜ ਨੇ ਉਸ ਨੂੰ ਸੰਤ ਬਣਾ ਧਰਿਆ।

ਬਾਬੇ ਨੂੰ ਯਾਦ ਏ ਜਦ ਢੱਡਰੀਆਂ ਵਾਲਾ ਤਾਜ਼ਾ ਜਿਹਾ ਟਰੰਟੋ ਆਇਆ ਤਾਂ ਬਾਬੇ ਦਾ ਜਾਣੂੰ ਪਰ ਢਡਰੀਆਂ ਵਾਲੇ ਦੀ ਭੀੜ ਦੇਖ ਕੇ ਨਵਾਂ ਬਣਿਆ ਚੇਲਾ ਬਾਬੇ ਨਾਲ ਇਸ ਗਲੇ ਬਹਿਸ ਪਿਆ ਕਿ ਇੰਝ ਨਹੀਂ ਹੁੰਦਾ ਕਿ ਗਲ ਪਾਈ ਢੋਲਕੀ ਤੇ ਸੰਤ ਬਣ ਗਿਆ, ਇਹ ਪਿੱਛਲੇ ਜਨਮਾਂ ਦੀਆਂ ਕਮਾਈਆਂ ਹੁੰਦੀਆਂ! ਹਾਂਅ!

ਹਾਂਅ! ਹੁੰਦੀਆਂ ਭਰਾ, ਹੁੰਦੀਆਂ ਕਿਉਂ ਨਹੀਂ। ਲਵਾ ਜਿਹਾ ਸਨੁੱਖਾ ਮੁੰਡਾ ਸੀ ਇਸ ਦੀ ਤਾਂ ‘ਪਿਛਲੀ’ ਕਮਾਈ ਹੋਣੀ ਹੀ ਚਾਹੀਦੀ! ਅਜਿਹੇ ਸਨੁੱਖੇ ਜਿਹਿਆਂ ਦੀਆਂ ਕਮਾਈਆਂ ਦੇ ਤਾਂ ਢੇਰ ਲੱਗੇ ਪਏ ਹੁੰਦੇ। ਗੱਲ ਉਸ ਦੇ ਸਮਝ ਨਾ ਸੀ ਆਈ ਨਹੀਂ ਤਾਂ ਉਸ ਬਾਬੇ ਨਾਲ ਲੜ ਪੈਣਾ ਸੀ।

ਬਾਬੇ ਨੂੰ ਪਤੈ ਕਿ ਚਿੱਟੇ ਬਗਲਿਆਂ ਦਾ ਇਕ ਪੁਰਾਣਾ ਸਾਧ ਹੋਇਆ, ਉਹ ਇਕ ਲਵੇ ਜਿਹੇ ਮੁੰਡੇ ਨੂੰ ਹਮੇਸ਼ਾਂ ਨਾਲ ਰੱਖਦਾ ਹੁੰਦਾ ਸੀ। ਉਹ ਜਦ ਮਰਜੀ ਬਾਬਿਆਂ ਕੋਲੇ ਆ-ਜਾ ਸਕਦਾ ਸੀ। ਕੋਈ ਪਹਿਰਾ ਉਸ ਨੂੰ ਰੋਕ ਨਹੀਂ ਸੀ ਸਕਦਾ, ਕਿਸੇ ਗੜਵਈ ਦੀ ਜੁਅਰਤ ਨਹੀਂ ਸੀ ਉਸ ਨੂੰ ਖਗੂੰਰਾ ਵੀ ਮਾਰ ਜਾਏ, ਯਾਨੀ ਬਾਬਿਆਂ ਦੀ ਫੁੱਲ ਕ੍ਰਿਪਾ ਸੀ ਉਸ ਉਪਰ। ਤੇ ਬਾਬੇ ਕਿਹਾ ਕਰਦੇ ਸਨ ਕਿ ਭਾਈ ਇਹ ਪਿੱਛਲੇ ਜਨਮ ਦਾ ਫਲਾਂ ਮਹਾਤਮਾ ਹੈ ਇਸ ਦੀ ਕਮਾਈ ਬਹੁਤ ਹੈ, ਬਹੁਤ ਤੱਪ ਕੀਤਾ ਇਸ ਇਕ ਪੈਰ ‘ਤੇ ਖੜ ਕੇ। ਉਨ੍ਹਾਂ ਦਾ ਮਲਤਬ ਸੀ ਕਿ ਸਾਡੀ ਕ੍ਰਿਪਾ ਦ੍ਰਿਸ਼ਟੀ ਨੂੰ ਸ਼ੱਕ ਨਾਲ ਨਾ ਦੇਖਿਆ ਜਾਵੇ, ਇਸ ਦੇ ਪੁੰਨ ਹੀ ਇਸ ਨੂੰ ਸਾਡੇ ਨੇੜੇ ਨੇੜੇ ਖਿੱਚ ਰਹੇ ਹਨ। ਤੇ ਜਦ ਉਹ ਜਵਾਨ ਹੋ ਗਿਆ ਯਾਨੀ ਦਾਹੜੀ ਆ ਗਈ ਤਾਂ ਉਸ ਦੀ ਕਾਮਈ ਵੀ ਮੁੱਕ ਗਈ, ਉਸ ਦੇ ਪੁੰਨ ਵੀ ਸੜ ਗਏ, ਉਸ ਦਾ ਖੜ ਕੇ ਤੱਪ ਕੀਤਾ ਵੀ ਖਤਮ ਹੋ ਗਿਆ, ਪਰ ਉਸ ਦੀ ਬਦਕਿਸਮਤੀ ਇਹ ਸੀ ਕਿ ਉਦੋਂ ਇਕ ਤਾਂ ਜਮਾਨਾ ਹਾਲੇ ਇਨਾਂ ‘ਅਡਵਾਂਸ’ ਨਾ ਸੀ ਤੇ ਦੂਜਾ ਉਸ ਦੀ ਅਵਾਜ ਤਿੱਖੀ ਨਾ ਸੀ ਨਹੀਂ ਤਾਂ ‘ਕਮਾਈ’ ਤਾਂ ਉਸ ਦੀ ਵੀ ਬੜੀ ਸੀ, ਕਿ ਉਸ ਨੂੰ ‘ਸੰਤ’ ਬਣਨੋ ਕੋਈ ਨਾ ਸੀ ਰੋਕ ਸਕਦਾ। ਰੋਕ ਸਕਦਾ ਸੀ?

ਇਥੇ ਟਰੰਟੋ ਦੀ ਹੀ ਗੱਲ ਹੈ ਇਕ ਵਾਰ ਊਨੇ ਵਾਲਾ ਰਾਗੀ ਯਾਨੀ ‘ਸੰਤ’ ਅਨੂਪ ਸਿੰਘ ਕੀਰਤਨ ਰੋਕ ਕੇ ਢਡਰੀਆਂ ਵਾਲੇ ਵਾਂਗ ਅਪਣੀ ਜੀਵਨ ਕਹਾਣੀ ਦੱਸਦਾ ਕਹਿ ਰਿਹਾ ਸੀ, ਕਿ ਜਦ ਮੈਂ ਛੋਟਾ ਜਿਹਾ ਸੀ ਤਾਂ ਮਹਾਂਪੁਰਖ (ਨਾਂ ਯਾਦ ਨਹੀਂ ਰਿਹਾ) ਆਏ ਅਤੇ ਮੇਰੀ ਮਾਤਾ ਨੂੰ ਕਹਿਣ ਲਗੇ ਕਿ ਇਹ ਬੱਚਾ ਸਾਨੂੰ ਦੇ ਦਿਓ ਅਸੀਂ ਇਸ ਨੂੰ ਸੰਤ ਬਣਾਉਣਾ ਹੈ! ਤੇ ਮਾਤਾ ਦੇ ਦਿੱਤਾ ਬੱਚਾ ਤੇ ਚਲੋ ਬਣ ਗਿਆ ਸੰਤ? ‘ਕਮਾਈ’ ਦੀਆਂ ਬਾਤਾਂ ਸਾਰੀਆਂ ਬਈ! ਨਹੀਂ?

ਬਾਬਾ ਫੌਜਾ ਸਿੰਘ ਨੂੰ ਹੈਰਾਨੀ ਢੱਡਰੀਆਂ ਵਾਲੇ ਦੇ ਜਾਂ ਅਨੂਪ ਸਿੰਘ ਦੇ ਸੰਤ ਬਣਨ ਦੀ ਨਹੀਂ ਬਲਕਿ ਇਸ ਗੱਲ ਦੀ ਹੈ ਕਿ ਸੂਰਬੀਰਾਂ ਦਾ ਪੰਜਾਬ ਸੀ, ਪਰ ਉਸ ਦੇ ਨਾਇਕ ਕਿਰਤੋਂ ਭਗੌੜੇ ਗੀਦੀ ਜਿਹੇ ਸਾਧ ਬਣ ਕੇ ਰਹਿ ਗਏ, ਜਿਹੜੇ 20-20 ਗਾਗਰਾਂ ਪਾਣੀ ਦੀਆਂ ਨਾਲ ਨਾਹੁਣਾ ਹੀ ਵੱਡਾ ਪੁੰਨ ਸਮਝਦੇ ਸਨ!

ਅੰਗੇਰਜਾਂ ਨਾਲ ਸਿੰਘਾਂ ਦੀ ਫਿਰੋਜਪੁਰ ਵਾਲੀ ਪਹਿਲੀ ਲੜਾਈ ਜਦ ਹੋਈ, ਤਾਂ ਲੜਨ ਵਾਲਿਆਂ ਨੂੰ ਲੜਨ ਦਾ ਸਵਾਦ ਹੀ ਨਹੀਂ ਸੀ ਆ ਰਿਹਾ। ਉਹ ਨਲੂਏ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਕਰ ਧਾਹੀਂ ਰੋ ਰਹੇ ਸਨ, ਕਿ ਅੱਜ ਉਨ੍ਹਾਂ ਨੂੰ ਲਾਲ ਸਿਓਂ ਤੇਜਾ ਸਿਓਂ ਵਰਗੇ ਗੀਦੀਆਂ ਦੀ ਕਮਾਂਡ ਹੇਠ ਲੜਨਾ ਪੈ ਰਿਹਾ ਸੀ। ਤੇ ਆਖਰ ਜਦ ਉਨ੍ਹਾਂ ਵਿਚ ਸ਼ਾਮ ਸਿੰਘ ਅਟਾਰੀ ਆ ਸ਼ਾਮਲ ਹੋਇਆ ਤਾਂ ਉਨ੍ਹਾਂ ਦੀਆਂ ਲਾਲੀਆਂ ਵੇਖਣ ਵਾਲੀਆਂ ਸਨ ਤੇ ਉਹ ਹਾਰੇ ਹੋਏ ਵੀ ਤੇਗਾਂ ਵਾਹੀ ਤੁਰੇ ਜਾ ਰਹੇ ਸਨ।

ਬਾਬਾ ਫੌਜਾ ਸਿੰਘ ਸੋਚ ਰਿਹਾ ਸੀ, ਕਿ ਬਾਬਾ ਜਰਨੈਲ ਸਿੰਘ ਵਰਗੇ ਮਰਦ ਦੀ ਕਮਾਂਡ ਹੇਠ ਲੜਨ ਵਾਲੇ ਠਾਕੁਰ ਸਿੰਘ ਵਰਗੇ ਦੀ ਕਮਾਂਡ ਹੇਠ ਕਿਥੋਂ ਲੜ ਲੈਂਦੇ, ਜਿਸ ਨੂੰ ਮਰਦਾਂ ਵਾਂਗ ਬੋਲਣਾ ਵੀ ਨਹੀਂ ਸੀ ਆਉਂਦਾ ਤੇ ਜਿਹੜਾ ਦਿੱਲੀ ਤੋਂ ਡਰਦਾ 20 ਸਾਲ ਝੂਠ ਹੀ ਬੋਲੀ ਤੁਰਿਆ ਗਿਆ। ਪਰ ਧੰਨ ਗੁਰੂ ਦੇ ਸਿੱਖ ਜਿਹੜੇ ਅਜਿਹੇ ਨਾਮਰਦਾਂ ਦੀਆਂ ਬਰਸੀਆਂ ਦੇ ਢੋਲ ਹੀ ਕੁੱਟੀ ਤੁਰੇ ਜਾ ਰਹੇ ਹਨ।

ਗੁਰਬਾਣੀ ਦਾ ਅਟੱਲ ਸੱਚ ਹੈ ਕਿ ‘ਜੈਸਾ ਸੇਵੈ ਤੈਸੋ ਹੋਇ ॥੪॥’ ਤੇ ਪੁਰਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ, ਇਸ ਗੱਲ ਦੀ ਗਵਾਹੀ ਵਿਚ ਕਿ ‘ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥’ ਮਾਈਆਂ ਦੀ ਪੂਜਾ ਕਰਨ ਵਾਲੇ ਔਰਤਾਂ ਵਰਗੇ ਹੀ ਹੋਣਗੇ। ਬਾਬਾ ਫੌਜਾ ਸਿੰਘ ਸੋਚ ਰਿਹਾ ਸੀ ਕਿ ਇਨ੍ਹਾਂ ਔਰਤਾਂ ਵਰਗੇ ਸਾਧਾਂ ਦੀਆਂ ਜੁੱਤੀਆਂ ਪੂਜ ਪੂਜ, ਸੂਰਬੀਰਾਂ ਦਾ ਪੰਜਾਬ ਅਪਣੀ ਮਰਦਾਨਗੀ ਵੀ ਗਵਾਈ ਜਾ ਰਿਹਾ ਹੈ। ਨਹੀਂ?

 


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top