Share on Facebook

Main News Page

ਤਵਾਰੀਖ

ਅਡਵਾਨੀ ਪੰਜਾਬ ਆਉਂਦਾ ਹੈ। ਉਹ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਬਲਕਿ ਪੂਰੀ ਕੌਮ ਦਾ ਮੂੰਹ ਚਿੜਾਉਂਣ ਆਉਦਾ ਹੈ। ਉਸ ਦੀ ਦਰਬਾਰ ਸਾਹਿਬ ਫੇਰੀ ਨੇ ਉਸ ਦੀ ਕੱਟੜ ਹਿੰਦੂ ਜ਼ਿਹਨੀਅਤ ਨੂੰ ਅਲਫ ਨੰਗਾ ਕੀਤਾ। ਦਰਬਾਰ ਸਾਹਿਬ ਜਾਂ ਅੰਦਰ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਡੱਤਣਤਾ ਨੂੰ ਕੋਈ ਫਰਕ ਨਹੀਂ ਪੈਂਦਾ, ਇਥੇ ਅਡਵਾਨੀ ਵਰਗੇ 36ਸੌ ਤੁਰੇ ਫਿਰਦੇ, ਪਰ ਉਸ ਨੇ ਇੰਝ ਕਰਕੇ ਬਾਦਲਾਂ ਦੇ ਜਰੂਰ ਮੂੰਹਾਂ ਤੇ ਥੁੱਕਿਆ, ਜਿਹੜੇ ਉਸ ਦੇ ਮੰਦਰਾਂ ਵਿਚ ਜਾ ਕੇ ਟਿੱਕੇ ਲਵਾਉਂਦੇ ਅਤੇ ਹਵਨ ਕਰਦੇ ਫਿਰਦੇ ਹਨ।

ਇਥੇ ਇਕ ਵਾਰ ਕੀਤੀ ਡਾਕਟਰ ਦਿਲਗੀਰ ਦੀ ਤਵਾਰੀਖੀ ਟਿੱਪਣੀ ਯਾਦ ਆਉਂਦੀ ਹੈ, ਕਿ ਇਹ ਨੀਕਰਾਂ ਵਾਲੇ ਬਾਦਲ ਨੂੰ ਅਪਣੀ ਕੁੜੀ ਕਹਿਣ ਤਾਂ ਉਹ ਵੀ ਦੇਣ ਲਈ ਤਿਆਰ ਹੋ ਜਾਏ। ਇਹ ਉਨ੍ਹਾਂ ਰਾਜਪੂਤਾਂ ਦੀ ਰਹਿੰਦ ਖੂੰਹਦ ਹਨ, ਜਿਹੜੇ ਹੱਥੀਂ ਅਕਬਰ ਨੂੰ ਅਪਣੀਆਂ ਕੁੜੀਆਂ ਦੇ ਡੋਲੇ ਉਸ ਦੇ ਮਹਿਲਾਂ ਵਿਚ ਪਹੁੰਚਾ ਕੇ ਆਇਆ ਕਰਦੇ ਸਨ। ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਇਨ੍ਹਾਂ ਦਾ ਅਕਾਲੀ ਹੋਣਾ ਅਤੇ ਨੀਲੀ ਪੱਗ ਮੇਰੀ ਪੂਰੀ ਕੌਮ ਦੇ ਮੱਥੇ ਤੇ ਕਲੰਕ ਹੈ। ਪਤਾ ਨਹੀਂ ਕਦ ਇਹ ਕਲੰਕ ਕੌਮ ਦੇ ਮੱਥੇ ਤੋਂ ਪੂੰਝਿਆ ਜਾਵੇਗਾ।

ਪ੍ਰਚਲਿਤ ਮਿਥਿਹਾਸ ਹੈ, ਕਿ ਜਦ ਧਰਤੀ ਤੇ ਭਾਰ ਵਧੇ ਭਗਵਾਨ ਆਪ ਆਉਂਦੇ ਨੇ ਧਰਤੀ ਦਾ ਭਾਰ ਹੌਲਾ ਕਰਨ। ਮੇਰਾ ਦਿੱਲ ਕਰਦਾ, ਖੀਰ ਸਮੁੰਦਰ ਦਾ ਐਡਰੈਸ ਲੈ ਕੇ ਵਿਸ਼ਨੂੰ ਕੋਲੇ ਜਾਵਾਂ, ਕਿ ਵਿਸ਼ਨੂ ਜੀ ਇਥੇ ਲੱਛਮੀ ਕੋਲੋਂ ਲੱਤਾਂ ਹੀ ਘੁਟਵਾਈ ਜਾਵੋਗੇ ਜਾਂ ਹੇਠਾਂ ਵੀ ਆਵੋਗੇ। ਉਦੋਂ ਥਕੇਵਾਂ ਲੱਥੇਗਾ ਤੁਹਾਡਾ ਜਦ ਧਰਤੀ ਡੁੱਬ ਜਾਵੇਗੀ? ਪਰ ਨਹੀਂ! ਇਥੇ ਕਿਸੇ ਨਹੀਂ ਉਪਰੋਂ ਆਉਂਣਾ ਨਾ ਕਦੇ ਕੋਈ ਆਇਆ। ਜਿਹੜੇ ਆਏ ਸਨ ਉਹ ਗਏ ਹੀ ਨਹੀਂ। ਉਨ੍ਹਾਂ ਦੇ ਅੱਗ ਵਰਗੇ ਬੋਲ ਅੱਜ ਵੀ ਮੱਘਦੇ ਕੋਲਿਆਂ ਵਾਂਗੂੰ ਚੰਗਿਆੜੇ ਛੱਡ ਰਹੇ ਹਨ। ਪਰ ਉਹ ਮੇਰੀ ਕੌਮ ਨੇ ਏਅਰਕੰਡੀਸ਼ਨਾ, ਰੇਸ਼ਮੀ ਰੁਮਾਲਿਆਂ, ਮੋਟੇ ਕੰਬਲਾਂ ਅਤੇ ਰਜਾਈਆਂ ਹੇਠ ਸੇਫ ਕਰਕੇ, ਭਾਈਆਂ ਗ੍ਰੰਥੀਆਂ ਨੂੰ ਦੇ ਦਿੱਤੇ ਹਨ, ਜਾਂ ਬਾਬਿਆਂ ਸੰਪਟ ਪਾਠਾਂ ਦੇ ਨਾਂ ਤੇ ਉਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ।

ਜੇ ਕੋਈ ਉਨ੍ਹਾਂ ਬੱਚਨਾ ਦੀ ਗੱਲ ਕਰਨ ਲੱਗਦਾ ਹੈ ਤਾਂ ਛੇਕ ਦਿਓ ਵਾਲਾ ਟੋਕਾ ਧੌਣ ਤੇ ਰੱਖ ਦਿੱਤਾ ਜਾਂਦਾ ਹੈ। ਕਿਉਂ? ਕਿਉਂਕਿ ਬਾਬਾ ਜੀ ਦੇ ਇਨ੍ਹਾਂ ਬੱਚਨਾਂ ਨੇ ਲਾ ਅੱਗਾਂ ਦੇਣੀਆਂ, ਜਿਸ ਵਿਚ ਲੁਟੇਰਾ ਨਿਜਾਮ ਦੀਆਂ ਹੱਟੀਆਂ ਸੜ ਕੇ ਸਵਾਹ ਹੋ ਜਾਣਗੀਆਂ। ਰੇਸ਼ਮੀ ਚੋਲਿਆਂ ਦੀਆਂ ਲੀਰਾਂ ਕਰ ਮਾਰਨੀਆਂ ਲੁਕਾਈ ਨੇ। ਭੋਰਿਆਂ ਵਿਚੋਂ ਧੂਹ-ਧੂਹ ਕੱਢਣੇ ਲੋਕਾਂ ਖੂਨ ਪੀਣੇ ਸੱਪ। ਬਾਬਿਆਂ ਦੀਆਂ ਜੁੱਤੀਆਂ ਵਾਲੇ ਸੱਚਖੰਡ ਕੀ ਲੱਭ ਜਾਣਗੇ? ਉਹ ਕੀ ਚਾਹੁੰਦੇ? ਉਹ ਚਾਹੁੰਦੇ ਬੱਤੀਆਂ ਬੰਦ ਕਰੋ, ਟੱਲੀਆਂ ਖੜਕਾਓ, ਢੋਲਕੀਆਂ ਦਾ ਸਿਰ ਪਾੜੋ, ਚਿਮਟੇ ਭਿੜਾਓ ਸਾਨੂੰ ਕੀ ਦੁੱਖ? ਕਦੇ ਤੁਸੀਂ ਕਿਸੇ ਸਾਧ ਦੇ ਕਿਸੇ ਬੰਦ ਬੱਤੀਆਂ ਵਾਲੇ ਦੇ, ਕਿਸੇ ਨੀਲੇ-ਪੀਲੇ ਦੇ ਖਿਲਾਫ ਕੋਈ ਗਿਦੜ-ਪਰਵਾਨਾ ਜਾਰੀ ਹੋਇਆ ਸੁਣਿਆ?

ਮੇਰੇ ਇੱਕ ਮਿੱਤਰ ਦਾ ਫੋਨ ਆਉਂਦਾ ਹੈ, ਕਿ ਭਰਾ ਤੇਰੇ ਗੱਧਿਆਂ-ਘੋੜਿਆਂ ਤੋਂ ਇੱਕ ਭਾਈ ਨੂੰ ਬੜੀ ਤਕਲੀਫ ਹੋਈ ਹੈ, ਉਸ ਉਲ੍ਹਾਮਾ ਦਿੱਤਾ ਹੈ ਕਿ ਸਾਡੇ ਜਥੇਦਾਰਾਂ ਨੂੰ ਗੱਧੇ ਨਹੀਂ ਸੀ ਲਿਖਣਾ ਚਾਹੀਦਾ। ਉਸ ਦਾ ਉਲ੍ਹਾਮਾ ਸੁਣਕੇ ਮੈਨੂੰ ਇਕ ਘਟਨਾ ਯਾਦ ਆਈ। ਮੇਰੇ ਪਿੰਡੋਂ ਲੱਗਦੀ ਭੂਆ ਦੇ ਚਾਰ ਲੜਕੀਆਂ ਤੋਂ ਬਾਅਦ ਮੁੰਡਾ ਹੋਇਆ। ਮੈਂ ਫੁੱਫੜ ਨੂੰ ਪੁੱਛਿਆ, ਕਿ ਫੁੱਫੜਾ ਮੁੰਡੇ ਦਾ ਨਾਂ ਕੀ ਰੱਖਿਆ। ਉਹ ਅਗੋਂ ਹੱਸ ਕੇ ਕਹਿਣ ਲੱਗਾ ਕਿ ਮੈਂ ਤਾਂ ਮਿਹਰ ਸਿੰਘ ਰੱਖਿਆ ਬਾਕੀ ਲੋਕਾਂ ਕਰਤੂਤਾਂ ਵੇਖ ਕੇ ਰੱਖ ਲੈਣਾ! ਇਨ੍ਹਾਂ ਜਥੇਦਾਰਾਂ ਦਾ ਥਾਂ ਥਾਂ ਸਤਿਕਾਰ ਇਨ੍ਹਾਂ ਦੀਆਂ ਕਰਤੂਤਾਂ ਕਰਕੇ ਹੋ ਰਿਹਾ ਹੈ।

ਪਰ ਉਲ੍ਹਾਮੇ ਵਾਲੀ ਸਖਸ਼ੀਅਤ ਬਾਰੇ ਸੋਚ ਕੇ ਮੈਂ ਬੜਾ ਹੈਰਾਨ ਸੀ, ਕਿ ਇਨ੍ਹਾਂ 4-4 ਕਿੱਲੋ ਗੋਹਾ ਕਰਨ ਵਾਲਿਆਂ ਦੇ ਦੋਗਲੇਪਨ ਕਾਰਨ ਹੀ ਸਾਡੀ ਆਜ਼ਾਦੀ ਦੀ ਲਹਿਰ ਦਾ ਭੱਠਾ ਬੈਠਿਆ, ਇਹ ਹਾਲੇ ਵੀ ਅਪਣੀਆਂ ਰਾਜਨੀਤੀਆਂ ਖੇਡਣੋਂ ਨਹੀਂ ਹਟ ਰਹੇ। ਸਾਰੀ ਕੌਮ ਆਪਣੇ ਕੁਵਿੰਟਲ ਸਾਰੇ ਢਿੱਡ ਵਿਚ ਪਾ ਕੇ ਵੀ, ਸਾਨੂੰ ਸ਼ਾਤੀਂ ਨਹੀਂ ਆਈ, ਪਤਾ ਨਹੀਂ ਕਦ ਆਵੇਗੀ। ਖਾਲਿਸਤਾਨ ਤਾਂ ਸਾਡਾ ਬਣ ਗਿਆ, ਹੁਣ ਠੰਡੀ ਅੱਗ ਵਿੱਚ ਫੂਕਾਂ ਮਾਰ ਕੇ, ਪਤਾ ਨਹੀਂ ਅਸੀਂ ਕਿਹੜੀ ਨਵੀਂ ਸਲਤਨਤ ਖੜੀ ਕਰਨੀ ਚਾਹੁੰਦੇ। ਸਾਡਾ ਅੱਜ ਸਭ ਤੋਂ ਵੱਡਾ ਇਸ ਕੌਮ ਉਪਰ ਉਪਕਾਰ ਹੋਵੇਗਾ ਕਿ ਜਿੰਨੀ ਲੁੱਟਮਾਰ ਕਰ ਲਈ ਭਲੀ, ਹੁਣ ਅਸੀਂ ਇਸ ਤੇ ਰਹਿਮ ਕਰਕੇ ਪਾਸੇ ਹੋ ਜਾਈਏ ਨਹੀਂ ਤਾਂ ਸਾਡੀਆਂ ਅਪਣੀਆਂ ਹੀ ਪੀਹੜੀਆਂ ਇਸ ਨੂੰ ਪਛਾਨਣੋਂ ਹੱਟ ਜਾਣਾ ਹੈ।

ਮੇਰੀ ਕੌਮ ਕੋਲੇ ਹਾਲੇ ਵੀ ਬੜਾ ਕੁੱਝ ਬੱਚਿਆ ਹੈ, ਜੇ ਬਚਾ ਲਿਆ ਜਾਵੇ। ਹਾਲੇ ਇਸ ਕੋਲੇ ਹਵਾਰੇ-ਭਿਉਰੇ, ਧੂੰਦੇ ਜਿਉਂਦੇ ਹਨ। ਲੋੜ ਮੇਰੀ ਕੌਮ ਦੇ ਗਲੋਂ ਗੱਧੇ ਲਾਹੁਣ ਦੀ ਹੈ, ਨਹੀਂ ਤਾਂ ਇਹ ਵੱਡੀ ਟੁੱਕੀ ਤਵਾਰੀਖ ਸਦੀਆਂ ਤੱਕ ਮੇਰੀ ਹੋਣੀ ਉਪਰ ਹੰਝੂ ਕੇਰਦੀ ਦਮ ਤੋੜ ਦੇਵੇਗੀ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top