Share on Facebook

Main News Page

...ਫਿਰਿ ਨ ਖਾਈ ਮਹਾ ਕਾਲੁ
-
ਗੁਰਦੇਵ ਸਿੰਘ ਸੱਧੇਵਾਲੀਆ

ਪਹਿਲੀ ਪੰਗਤੀ ਹੈ, "ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥"

ਜਿਹੜੀ ਗੱਲ ਬਾਰੇ ਤੁਹਾਨੂੰ ਸਾਵਧਾਨ ਕੀਤਾ ਜਾਵੇ ਕਿ ਜੇ ਤੂੰ ਰਾਮ ਨਾਮ ਸਿਮਰੇਂਗਾ ਯਾਨੀ ਸੱਚ ਦੀ ਅਰਾਧਨਾ ਵਿਚ ਜੁੜਿਆਂ ਰਹੇਗਾਂ ਯਾਨੀ ਸੱਚ ਨੂੰ ਜੀਵਨ ਵਿਚ ਲੈ ਕੇ ਚਲੇਂਗਾ, ਤਾਂ ਤੈਨੂੰ ਮਹਾਂਕਾਲ ਦਾ ਬਿੱਲਾ ਖਾ ਨਹੀਂ ਸਕਦਾ। ਯਾਨੀ ਮਹਾਂਕਾਲ ਬੰਦੇ ਨੂੰ ਖਾ ਜਾਣ ਵਾਲੀ ਚੀਜ ਹੈ! ਤੇ ਜਿਸ ਚੀਜ ਤੋਂ ਮੈਨੂੰ ਖਾਧੇ ਜਾਣ ਦਾ ਡਰ ਹੈ, ਮੈਂ ਉਸ ਦੇ ਨੇੜੇ ਕਿਉਂ ਜਾਵਾਂਗਾ? ਜਾਵਾਂਗਾ? ਸੱਪ ਤੋਂ ਮੈਨੂੰ ਡਰ ਹੈ ਕਿ ਉਹ ਡੰਗ ਮਾਰ ਸਕਦਾ, ਮੈਂ ਸੱਪ ਪ੍ਰਤੀ ਸਾਵਧਾਨ ਹਾਂ। ਸ਼ੇਰ ਦਾ ਮੈਨੂੰ ਡਰ ਹੈ ਕਿ ਇਹ ਮੈਨੂੰ ਝਪਟ ਸਕਦਾ, ਤਾਂ ਕੀ ਜੰਗਲ ਵਿਚ ਜਾ ਕੇ ਸ਼ੇਰ ਨਾਲ ਮੈਂ ਜੱਫੀਆਂ ਪਾਵਾਂਗਾ? ਬੰਦਾ ਹਰੇਕ ਉਸ ਚੀਜ ਦੇ ਨੇੜੇ ਨਹੀਂ ਜਾਂਦਾ, ਜਿਸ ਤੋਂ ਉਸ ਦੀ ਜਾਨ ਨੂੰ ਖਤਰਾ ਹੋਵੇ ਤੇ ਗੁਰਬਾਣੀ ਦੇ ਪਾਵਨ ਬੋਲ ਹਨ ਕਿ ਭਾਈ ਜੇ ਤੂੰ ਬੰਦਾ ਨਾ ਬਣਿਆਂ ਤਾਂ ਮਹਾਂਕਾਲ ਵਾਲਾ ਬਾਗੜ ਬਿੱਲਾ ਤੈਨੂੰ ਖਾ ਜਾਵੇਗਾ। ਇੰਝ ਹੀ ਹੈ ਨਾ?

ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਤੋਂ ਗੁਰਬਾਣੀ ਜੇ ਮੈਨੂੰ ਬਚਣ ਲਈ ਕਹਿੰਦੀ ਹੈ, ਤਾਂ ਇਸ ਦਾ ਕੀ ਅਰਥ ਹੋਇਆ? ਕਿ ਇਹ ਬਹੁਤ ਚੰਗੇ ਹਨ? ਤੁਸੀਂ ਅਪਣੇ ਬੱਚੇ ਨੂੰ ਅੱਗ ਨੇੜੇ ਜਾਣ ਤੋਂ ਕਿਉਂ ਝਿੜਕਦੇ ਹੋ? ਅਗੇ ਬਿਜਲੀ ਦੀ ਨੰਗੀ ਤਾਰ ਹੈ, ਤੁਸੀਂ ਇਹੀ ਕਹੋਂਗੇ ਭਾਈ ਬਚ! ਹੱਥ ਨਾ ਲਾਈਂ! ਕਿਉਂ? ਮਹਾਂਕਾਲ ਤੋਂ ਖਾਧੇ ਜਾਣ ਤੋਂ ਗੁਰਬਾਣੀ ਜੇ ਮੈਨੂੰ ਬਚਾ ਰਹੀ ਹੈ, ਤਾਂ ਇਸ ਦਾ ਮੱਤਲਬ ਇਹ ਜ਼ਰੂਰ ਕੋਈ ਕਰੰਟ ਵਾਲੀ ਚੀਜ਼ ਹੋਵੇਗੀ। ਨਹੀਂ?

ਗੁਰਬਾਣੀ ਨੇ ਕਦੇ ਮੈਨੂੰ ਕਿਹਾ ਕਿ ਜੇ ਤੂੰ ਰਾਮ ਨਾਮ ਨਾਲ ਨਾਂ ਜੁੜਿਆ ਤਾਂ ਅਕਾਲ ਪੁਰਖ ਤੈਨੂੰ ਖਾ ਜਾਵੇਗਾ? ਤਾਂ ਫਿਰ ਮਹਾਂਕਾਲ ਦੇ ਖਾਧੇ ਜਾਣ ਤੋਂ ਗੁਰਬਾਣੀ ਮੈਨੂੰ ਕਿਉਂ ਸਮਝਾਉਂਦੀ ਹੈ।

ਜੇ ਮਹਾਂਕਾਲ ਰੱਬ ਹੈ, ਤਾਂ ਰੱਬ ਮਨੁੱਖ ਨੂੰ ਖਾਊ ਕਿਉਂ? ਗੁਰਬਾਣੀ ਮੁਤਾਬਕ ਹੀ ਅਸੀਂ ਸਭ ਰੱਬ ਦੇ ਮਨੁੱਖ ਹਾਂ, ਉਸ ਦੀ ਕਿਰਤ ਹਾਂ, ਉਸ ਦੇ ਜਾਏ ਹਾਂ ਤਾਂ ਰੱਬ ਹੀ ਸਾਨੂੰ ਖਾ ਜਾਊ? ਇੰਝ ਤਾਂ ਸਰਪਨੀ ਅਪਣੇ ਜਾਇਆ ਨੂੰ ਖਾਂਦੀ ਹੈ ਕੀ ਰੱਬ ਜੀ ਸਰਪਨੀ ਹਨ?

ਤਲਵਿੰਦਰ ਸਿੰਘ ਮੈਨੂੰ ਦੱਸ ਰਿਹਾ ਸੀ, ਕਿ ਉਸ ਦੇ ਕੁਝ ਜਾਣੂੰ ਹਨ ਉਨ੍ਹਾਂ ਦੇ ਪ੍ਰਵਾਰ ਵਿਚ ਇਕ ਬੀਬੀ। ਜਿਹੜੀ ਕਿ ਕਾਫੀ ਪ੍ਰੇਸ਼ਾਨ ਰਹਿੰਦੀ ਹੈ। ਸਿੱਖਾਂ ਦੀ ਕੁੜੀ ਹੈ, ਪਰ ਘਰ ਉਸ ਨੇ ਸ਼ਿਵ ਜੀ ਦੀ ਯਾਨੀ ਮਹਾਂਕਾਲ ਜੀ ਦੀ ਮੂਰਤੀ ਲਾਈ ਹੋਈ ਹੈ। ਉਹ ਇਕ ਦਿਨ ਕਹਿਣ ਲੱਗੀ, ਕਿ ਭਾਅਜੀ ਮੇਰਾ ਸਮਾਂ ਠੀਕ ਨਹੀਂ ਚਲ ਰਿਹਾ, ਕਈ ਵਾਰ ਲੋਹਾ ਹੀ ਮਾੜਾ ਹੁੰਦਾ ਮੈਂ ਗੱਡੀ ਨਾ ਵੇਚ ਦਿਆਂ? ਫਿਰ ਆਪੇ ਹੀ ਕਹਿਣ ਲੱਗੀ ਸ਼ਾਇਦ ਘਰ ਹੀ ਮੇਰੇ ਲਈ ਠੀਕ ਨਾ ਹੋਵੇ ਇਹ ਨਾ ਬਦਲ ਲਵਾਂ? ਤਲਵਿੰਦਰ ਸਿੰਘ ਹੱਸ ਕੇ ਕਹਿਣ ਲੱਗਾ ਕਿ ਬੀਬਾ ਤੂੰ ਇਨਾ ਕੁਝ ਬਦਲਣ ਨਾਲੋਂ ਅਪਣਾ ਬਾਬਾ ਹੀ ਕਿਉਂ ਨਹੀਂ ਬਦਲ ਲੈਂਦੀ!!

ਸ਼ਿਵ ਜੀ ਹੀ ਕੀ ਮਹਾਂਕਾਲ ਹਨ? ਇਸ ਬਾਰੇ ਤਾਂ ਸ਼ਿਵ ਭਗਤਾਂ ਨੂੰ ਜਿਆਦਾ ਪਤਾ ਹੋਣਾ, ਪਰ ਇੱਕ ਗੱਲ ਜ਼ਰੂਰ ਕਿ ਸ਼ਿਵ ਭਗਤ ਜਦ ਕਹਿੰਦੇ ਕਿ ਮਹਾਂਕਾਲ ਦਾ ਰੂਪ ਦੇਖ ਕੇ ਕਮਜੋਰ ਲੋਕ ਦਹਿਲ ਰਹੇ ਹਨ, ਮੌਤ ਉਨ੍ਹਾਂ ਨੂੰ ਡਰਾ ਰਹੀ ਹੈ। ਉਨ੍ਹਾਂ ਦੀ ਗੱਲ ਹੈ ਵੀ ਸੱਚ। ਭੂਤ-ਪ੍ਰੇਤ ਦੇਖਕੇ ਕੌਣ ਨਹੀਂ ਡਰੇਗਾ? ਮਹਾਂਕਾਲ ਦੀ ਝਾਝਰਾਂ ਵਾਲੀ ਮੂਰਤੀ ਕਿਤੇ ਘਰੇ ਟੰਗ ਕੇ ਦੇਖ ਲਓ ਤੁਹਾਡੇ ਨਿਆਣੇ ਹੀ ਚੀਕਾਂ ਨਾ ਮਾਰ ਉਠਣ। ਤੇ ਜਿਹੜਾ ਸੁਹਣਾ ਸਰੂਪ ਮਹਾਂਕਾਲ ਦਾ ਚਿਤਵਿਆ ਗਿਆ ਹੈ ਦਸਮ ਗਰੰਥ ਵਿਚ ਉਹ ਤਾ ਹੈ ਹੀ ਆਹਲਾ। ਡਮਰੂ ਹੱਥ ਵਿਚ, ਝਾਝਰਾਂ ਪਾਈਆਂ ਹੋਈਆਂ, ਹਿੜ ਹਿੜ ਕਰਕੇ ਹੱਸਦਾ ਹੈ, ਖੋਪਰੀਆਂ ਦੀ ਗਲ ਮਾਲਾ, ਲਹੂ ਨਾਲ ਭਿੱਜੀ ਜੀਭ ਬਾਹਰ, ਪੈਰਾਂ ਹੇਠ ਰਾਖਸ਼ਾਂ ਦੀਆਂ ਲਾਸ਼ਾਂ! ਅਮਰੀਕਾ ਦੀਆਂ ਹੈਲੋਵੀਨ ਦੀਆਂ ਮੂਵੀਆਂ ਵੀ ਇਨੀਆਂ ਡਰਾਉਂਣੀਆਂ ਨਹੀਂ ਹੁੰਦੀਆਂ ਜਿੰਨੇ ਇਹ ਮਹਾਂਕਾਲ ਜੀ ਹਨ ਤੇ ਫਿਰ ਭਰਾ ਸਾਡੇ ਕਹਿੰਦੇ ਡਰਦੇ ਨੇ!!

ਭਰਾਵੋ ਸਾਨੂੰ ਮਹਾਂਕਾਲ ਦਾ ਹੁਣ ਪ੍ਰਚਾਰ ਕਰਨ ਦੀ ਲੋੜ ਨਹੀਂ ਸਿੱਖਾਂ ਨੇ ਖੁਦ ਹੀ ਮਹਾਂਕਾਲ ਯਾਨੀ ਸ਼ਿਵ ਜੀ ਨੂੰ ਮੰਨ ਲਿਆ ਹੋਇਆ ਹੈ। ਮੇਰੇ ਆਲੇ-ਦੁਆਲੇ ਸਾਰੇ ਹੀ ਆਖੇ ਜਾਂਦੇ ਸਿੱਖਾਂ ਦੇ ਘਰ ਹਨ ਤੇ ਹਰੇਕ ਤੀਜੇ ਘਰ ਸ਼ਿਵ ਜੀ ਦੀ ਮੂਰਤੀ ਲੱਗੀ ਹੋਈ ਹੈ। ਇਸ ਗੱਲ ਦਾ ਮੈਨੂੰ ਪਤਾ ਲੱਗਾ ਜਦ ਮੈਂ ਘਰ ਬਦਲਣ ਲਈ ਦੂਜਾ ਘਰ ਵੇਖਦਾ ਫਿਰ ਰਿਹਾ ਸੀ।

ਮੇਰੀ ਪਤਨੀ ਨਾਲ ਕੰਮ ਕਰਦੀ ਇੱਕ ਸਿੱਖ ਬੀਬੀ ਨੇ ਸ਼ਿਵ ਜੀ ਦਾ ਲਾਕਟ ਪਾਇਆ ਹੋਇਆ ਸੀ ਉਸ ਨੂੰ ਜਦ ਪੁੱਛਿਆ ਕਿ ਸਿੱਖਾਂ ਘਰ ਜੰਮ ਕੇ? ਤਾਂ ਉਹ ਕਹਿਣ ਲੱਗੀ ਕਿ ਇਸ ਨਾਲ ਕੀ ਫਰਕ ਪੈਂਦਾ। ਗੁਰਬਾਣੀ ਵੀ ਤਾਂ ਸਭ ਧਰਮਾਂ ਨੂੰ, ਸਭ ਮਨੁੱਖਾਂ ਨੂੰ ਬਰਾਬਰ ਮੰਨਦੀ ਹੈ।

ਮੰਨਦੀ ਹੈ। ਸਭ ਮਨੁੱਖ ਬਰਾਬਰ ਹਨ, ਸਭ ਰੱਬ ਜੀ ਦੇ ਬੰਦੇ ਹਨ ਪਰ ਭੈਣ ਤੂੰ ਬਾਕੀ ਮਨੁੱਖਾਂ ਨੂੰ ਕਦੇ ਅਪਣਾ ਬਾਪ ਜਾਂ ਘਰਵਾਲਾ ਮੰਨਿਆਂ? ਸਭ ਧਰਮ ਇਕੋ ਜਿਹੇ ਕਿਵੇਂ ਹੋ ਗਏ। ਜਿਸ ਦਾ ਤੂੰ ਲਾਕਟ ਪਾਇਆ ਇਸ ਵਾਲੇ ਤਾਂ ਔਰਤ ਨੂੰ ਪੈਰ ਦੀ ਜੁੱਤੀ ਮੰਨਦੇ ਹਨ, ਪਰ ਮੇਰੇ ਗੁਰੂ ਨਾਨਕ ਨੇ ਤਾਂ ਮੈਨੂੰ ਜੁੱਤੀ ਨਹੀਂ ਸਗੋਂ ਰਾਜਿਆਂ ਦੀ ਜਨਨੀ ਕਿਹਾ ਹੈ। ਨਹੀਂ ਕਿਹਾ?

ਉਸ ਨੂੰ ਜਾਪਿਆ ਕਿ ਇਹ ਔਰਤ ਨਾਸਤਿਕ ਹੈ, ਤੇ ਉਹ ਫੂੰਅ-ਫੂੰਅ ਕਰਦੀ ਉਥੋਂ ਦੌੜ ਗਈ। ਸ਼ਿਵ ਜੀ ਯਾਨੀ ਮਹਾਂਕਾਲ ਜੀ ਦਾ ਲਾਕਟ ਉਸ ਦੇ ਗਲ ਦੂਰ ਤੱਕ ਲਿਸ਼ਕਾਰੇ ਮਾਰਦਾ ਉਸ ਦਾ ਮੂੰਹ ਚਿੜਾ ਰਿਹਾ ਸੀ।

ਮੈਨੂੰ ਪਤੈ ਮੇਰੇ ਨਾਲ ਨਾ ਸਹਿਮਤ ਭਰਾ ਮੇਰੇ ਲਈ ਗਾਹਲਾਂ ਵਾਲਾ ਟੋਕਰਾ ਭਰੀ ਬੈਠੇ ਹੋਣੇ ਹਨ ਅਤੇ ਬੱਚਿਆਂ ਦੇ ਦੀਵਾਲੀ ਤੋਂ ਕੁਝ ਚਿਰ ਪਹਿਲਾਂ ਪਟਾਕਿਆਂ ਨੂੰ ਧੁੱਪ ਲਵਾਉਂਣ ਵਾਂਗ ਗਾਹਲਾਂ ਨੂੰ ਸੇਕ ਲਵਾ ਰਹੇ ਹੋਣਗੇ, ਪਰ ਇੱਕ ਕਹਾਵਤ ਹੈ ਕਿ ਗੰਦੀ ਗਾਹਲ ਉਸ ਸਪੀਡ-ਪੋਸਟ ਚਿੱਠੀ ਵਰਗੀ ਹੁੰਦੀ ਜਿਹੜੀ ਤੁਸੀਂ ਰਿਸੀਵ ਨਾ ਕਰੋ ਤਾਂ ਉਹ ਭੇਜਣ ਵਾਲੇ ਕੋਲੇ ਹੀ ਵਾਪਸ ਚਲੇ ਜਾਂਦੀ ਹੈ। ਸੋ ਭਰਾਵੋ ਮੈਂ ਗਾਹਲ ਰਿਸੀਵ ਹੀ ਨਹੀਂ ਕਰਦਾ, ਭਵੇਂ ਰੱਜ ਰੱਜ ਕੱਢੋ। ਤੁਹਾਡਾ ਮੂੰਹ ਸੁੱਲਖਣਾ ਹੋਵੇ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top