Share on Facebook

Main News Page

ਸਕਲ ਕਾਲ ਕਾ ਕੀਆ ਤਮਾਸ਼ਾ
-
ਗੁਰਦੇਵ ਸਿੰਘ ਸੱਧੇਵਾਲੀਆ

ਜਗ ਦਾ ਸਾਰਾ ਤਮਾਸ਼ਾ ਕਾਲ ਦਾ ਹੀ ਕੀਤਾ ਹੋਇਆ ਹੈ, ਯਾਨੀ ਸਗਲ ਜਗਤ ਦੀ ਰਚਨਾ ਦਾ ਕਾਰਨ ਕਾਲ ਹੀ ਹੈ। ਕਾਲ ਨੇ ਹੀ ਸਾਰੀ ਸ੍ਰਿਸ਼ਟੀ ਸਾਜੀ ਹੋਈ ਹੈ। ਇਸ ਤੋਂ ਪਹਿਲਾਂ ਕਾਲ ਨੇ ਬ੍ਰਹਮਾ ਨੂੰ ਬਣਾਇਆ, ਕਾਲ ਨੇ ਸ਼ਿਵ ਜੀ ਦੀ ਉਤਪਤੀ ਕੀਤੀ, ਕਾਲ ਨੇ ਬਿਸ਼ਨੂੰ ਦਾ ਪ੍ਰਕਾਸ਼ ਕੀਤਾ ਤੇ ਆਖਰ ਤੇ ਸਾਰੇ ਜਗਤ ਦਾ ਤਮਾਸ਼ਾ ਕਾਲ ਨੇ ਹੀ ਕੀਤਾ।

ਕਾਲ ਪਾਇ ਬ੍ਰਹਮਾ ਅਵਤਰਾ। ਕਾਲ ਪਾਇ ਸ਼ਿਵਜੂ ਅਵਤਰਾ। ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ। ਸਕਲ ਕਾਲ ਕਾ ਕੀਆ ਤਮਾਸ਼ਾ।!!!!

ਚੌਪਈ ਸਿੱਖ ਦੀਆਂ ਪੰਜਾਂ ਬਾਣੀਆਂ ਵਿਚ ਸ਼ਾਮਲ ਹੈ, ਰਹਿਰਾਸ ਸਾਹਬ ਵੇਲੇ ਵੀ ਪੜੀ ਜਾਂਦੀ ਹੈ ਤੇ ਅੰਮ੍ਰਿਤ ਦੀਆਂ ਬਾਣੀਆਂ ਵਿਚ ਵੀ। ਇਹ ਕਿਵੇਂ ਆਈ, ਕਿਥੋਂ ਆਈ, ਇਸ ਨੂੰ ਪੜਨਾ ਜਾਂ ਨਹੀਂ ਪੜਨਾ ਚਾਹੀਦਾ, ਇਥੇ ਮੈਂ ਇਹ ਵਿਸ਼ਾ ਨਹੀਂ ਛੇੜਾਂਗਾ ਕਿਉਂਕਿ ਇਸ ਦਾ ਸਬੰਧ ਸਮੁੱਚੇ ਪੰਥ ਨਾਲ ਹੈ । ਪਰ ਇਕ ਸਵਾਲ ਜਰੂਰ ਸਾਡੇ ਸਭ ਅਗੇ ਖੜਾ ਹੁੰਦਾ ਹੈ ਕਿ ਕੀ ਵਾਕਿਆ ਹੀ ਕਾਲ ਨੇ ਸਭ ਕੁਝ ਕੀਤਾ? ਇਹ ਜਗਤ ਵਾਕਿਆ ਹੀ ਕੀ ਕਾਲ ਦਾ ਤਮਾਸ਼ਾ ਹੈ?

ਉਂਝ ਜੇ ਕਿਸੇ ਦੋ ਦੂਣੀ ਪੰਜ ਕਹਿਣਾ ਹੋਵੇ ਤਾਂ ਦੁਨੀਆਂ ਦੀ ਕੋਈ ਤਾਕਤ ਉਸ ਨੂੰ ਚਾਰ ਨਹੀਂ ਮੰਨਵਾ ਸਕਦੀ। ਚਲੋ ਮੈਂ ਕਹਿੰਨਾ ਦੋ ਦੂਣੀ ਪੰਜ ਹੁੰਦੇ ਤੁਸੀਂ ਕਿਵੇਂ ਮੰਨਵਾਉਂਗੇ ਕਿ ਚਾਰ ਹੁੰਦੇ। ਤੁਸੀਂ ਦਲੀਲਾਂ ਦਈ ਜਾਓਂਗੇ, ਸਿਰ ਖਪਾਈ ਜਾਓਂਗੇ, ਮੱਥਾ ਪਿੱਟੀ ਜਾਓਂਗੇ ਮੈਂ ਸਹਿਜੇ ਜਿਹੇ ਫਿਰ ਕਹਿ ਦੇਣਾ ਦੇਖੋ ਜੀ ਦੋ ਦੂਣੀ ਪੰਜ ਹੀ ਹੁੰਦੇ ਹਨ।

ਭਾਸ਼ਾ ਦਾ ਕੋਈ ਕਾਇਦਾ ਕਨੂੰਨ ਵੀ ਤਾਂ ਹੁੰਦਾ ਹੈ। ਲਫਜ ਬਣਦੇ ਹਨ, ਅਰਥ ਬਣਦੇ ਹਨ। ਥੋੜਾ-ਬਾਹਲਾ ਤਾਂ ਇਧਰ ਉਧਰ ਹੋ ਜਾਊ ਪਰ ਸਿੱਧਾ ਧੱਕਾ ਨਹੀਂ ਤੁਸੀਂ ਕਰ ਸਕਦੇ। ਸੰਖ ਕਿਸੇ ਗਿਣਤੀ ਵਿਚ ਹੈ ਪਰ ਅਸੰਖ ਬੇਗਿਣਤ ਹੈ। ਮੁੱਲ ਦਾ ਕੋਈ ਮੁੱਲ ਹੈ ਪਰ ‘ਅ’ ਲਾ ਦਿਓ ਅਮੁਲ ਹੋ ਜਾਊ ਜਿਸ ਦੀ ਕੋਈ ਕੀਮਤ ਨਹੀਂ। ਇੰਝ ਹੀ ਅੰਤ ਦਾ ਅਨੰਤ ਹੈ। ਹੁਣ ਤੁਸੀਂ ‘ਜੋਨੀ’ ਦਾ ‘ਅਜੋਨੀ’ ਕਰਨਾ ਹੋਵੇ ਤਾਂ ‘ਅ’ ਲਾਉਂਣਾ ਹੀ ਪਵੇਗਾ। ਨਹੀਂ? ਪਰ ਜੇ ਮੈਂ ਨਹੀਂ ਮੰਨਣਾ ਚਾਹੁੰਦਾ ਤਾਂ ਤੁਸੀਂ ਮੈਨੂੰ ਮਜਬੂਰ ਨਹੀਂ ਕਰ ਸਕਦੇ ਕਿ ‘ਜੋਨੀ’ ਦਾ ਅਰਥ ‘ਅਜੋਨੀ’ ਹੀ ਹੁੰਦਾ ਹੈ।

ਇਸ ਦੇ ਉਲਟ ਵੀ ਹੈ। ਕਿਸੇ ਗੱਲ ਦੇ ਤੁਸੀਂ ਅਰਥ ਕਰਦੇ ਹੋ ਪਰ ਕੋਈ ਇਸ ਨਾਲ ‘ਅ’ ਲਾ ਕੇ ਅਨਰਥ ਵੀ ਕਰ ਸਕਦਾ ਹੈ। ਯਾਨੀ ਜਿਥੇ ਤੁਸੀਂ ‘ਅ’ ਲਾ ਦਿੱਤਾ ਅਰਥ ਨੇ ਬਿਲੱਕੁਲ ‘ਈਸਟ-ਵੈਸਟ’ ਹੋ ਜਾਣਾ ਹੈ। ਚਲੋ ‘ਮਹਾਂ’ ਦੀ ਗੱਲ ਕਰ ਲਓ। ਮੂਰਖ ਬੰਦੇ ਨੂੰ ਜਿਆਦਾ ਵੱਡਾ ਮੂਰਖ ਕਹਿਣਾ ਹੋਵੇ ਤਾਂ ਆਪਾਂ ਕੀ ਲਾਵਾਂਗੇ? ‘ਮਹਾਂ’! ਯਾਨੀ ਮਹਾਂਮੂਰਖ! ਪੁਰਖ ਤਾ ਆਮ ਹੀ ਹੈ ਨਾ ਪਰ ਉਸ ਨਾਲ ‘ਮਹਾਂ’ ਲਾ ਦਿਓ ਕੀ ਬਣ ਗਿਆ? ਮਹਾਂਪੁਰਖ! ਪਰ ਯਾਦ ਰਹੇ ਕਿ ਮਹਾਂ ਲੱਗਣ ਨਾਲ ਨਾ ਮੂਰਖ ਦੇ ਅਰਥ ਬਦਲੇ ਨਾਂ ਪੁਰਖ ਦੇ। ਜਿਵੇਂ ‘ਅ’ ਲੱਗਣ ਨਾਲ ਅਰਥ ਤਾਂ ਵਿਰੁਧ ਹੋ ਗਏ ਪਰ ਅਰਥ ਦੀ ਬੁਨਿਆਦ ਵਿਚ ਕੋਈ ਫਰਕ ਨਹੀਂ ਪਿਆ। ਉਹ ਅਪਣੇ ਥਾਂ ਕਾਇਮ ਹੈ। ‘ਮਹਾਂ’ ਨੇ ਅਤੇ ‘ਅ’ ਨੇ ਅਰਥਾਂ ਨੂੰ ਨਹੀਂ ਬਦਲਿਆ ਵਿਰੋਧੀ ਜਾਂ ਵੱਡਾ ਜਰੂਰ ਕਰ ਦਿੱਤਾ। ਇੰਝ ਹੀ ਹੈ ਨਾ?

ਕਾਲ ਮੌਤ ਹੈ। ਕਿਸੇ ਨੂੰ ਕੋਈ ਸ਼ੱਕ? ਪਰ ਚਲੋ ਆਪਾਂ ਕਾਲ ਨਾਲ ‘ਮਹਾਂ’ ਜੋੜ ਲੈਂਦੇ ਹਾਂ। ਕੀ ਬਣਿਆਂ? ਮਹਾਂਕਾਲ! ‘ਕਾਲ’ ਨਾਲ ‘ਅ’ ਲਾ ਕੇ ਕੀ ਬਣਿਆਂ? ‘ਅਕਾਲ’! ਪਰ ਹੁਣ ਇਥੇ ਤੁਸੀਂ ਧੱਕੇ ਨਾਲ ‘ਕਾਲ’ ਦਾ ਜੇ ‘ਅਕਾਲ’ ਬਣਾਉਂਣਾ ਹੋਵੇ ਤਾਂ ਕੋਈ ਇਲਾਜ ਨਹੀਂ। ਕਿਉਂਕਿ ਮੈਂ ਮੰਨਣਾ ਹੀ ਨਹੀਂ ਕਿ ਦੋ ਦੂਣੀ ਚਾਰ ਹੁੰਦੇ ਹਨ। ਕਿਉਂ? ਕਿਉਂਕਿ ਮੇਰਾ ਮੰਨਣ ਵਾਲਾ ਖਾਨਾ ਬੰਦ ਕਰ ਦਿੱਤਾ ਹੈ ਪੰਡੀਏ ਨੇ। ਯਾਨੀ ਮੇਰੇ ‘ਬ੍ਰਹਮਗਿਆਨੀਆਂ’ ਨੇ?

ਚਲੋ ਇਥੇ ਛੋਟੀ ਜਿਹੀ ਮਿਸਾਲ ਲੈਂਦੇ ਹਾਂ। ਅੱਖਰਾਂ ਦਾ ਹੇਰ ਫੇਰ ਸ਼ਾਇਦ ਮੇਰੀ ਸਮਝ ਨਾ ਆਵੇ ਪਰ ਆਹ ਗੱਲ ਤਾਂ ਸਾਦੀ ਜਿਹੀ ਹੈ ਕਿ ਬਾਬਾ ਜਰਨੈਲ ਸਿੰਘ ਜੀ ਸ਼ਹੀਦੀ ਜਾਮ ਪੀ ਗਏ ਪਰ ‘ਬਾਬਾ’ ਠਾਕੁਰ ਸਿੰਘ 22 ਸਾਲ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਝੂਠ, ਲਗਾਤਾਰ ਝੂਠ ਬੋਲੀ ਗਏ ਕਿ ਉਸ ਦੀ ਜੁਬਾਨ ਸੜ ਜਾਏ… ਪਰ ਉਹ ਸਾਡੇ ਬ੍ਰਹਮਗਿਆਨੀ? ਮੈਨੂੰ ਪਤੈ ਇਥੇ ਇਹ ਮਿਸਾਲ ਨਾ ਦੇਣ ਦੀ ਲੋੜ ਸੀ ਨਾ ਢੁੱਕਵੀਂ ਪਰ ਮੈਂ ਇਹ ਦੱਸਣਾ ਚਾਹ ਰਿਹਾ ਹਾਂ ਕਿ ਜੀਹਨਾਂ ਭਰਾਵਾਂ ਨੂੰ ਇਹ ਸਾਦੀ ਜਿਹੀ ਗੱਲ ਸਮਝ ਨਹੀਂ ਆਈ ਉਹ ਅਰਥ ਕਰ ਰਹੇ ਹਨ ਕਾਲ ਜਾਂ ਮਹਾਂਕਾਲ ਦੇ?

ਭਰਾਵੋ ਇਨੀ ਬੇਹੋਸ਼ੀ ਵਾਲੀ ਨੀਂਦ ਵੀ ਤਾਂ ਨਹੀਂ ਹੋਣੀ ਚਾਹੀਦੀ। ਚਾਹੇ ਕੋਈ ‘ਦਸਮ ਗਰੰਥ’ ਦੇ ਹੱਕ ਵਿਚ ਹੈ ਚਾਹੇ ਵਿਰੋਧ ਵਿਚ ਪਰ ਆਹ ਨੰਗਾ ਗਾਲੀ ਗਲੌਚ? ਕੋਈ ਸਾਨੂੰ ਪੜੇ, ਸੁਣੇ ਤਾਂ ਕੀ ਕਹੇ? ਕੋਈ ਦੀ ਛੱਡੋ ਸਾਡੇ ਖੁਦ ਦੇ ਬੱਚੇ ਹੀ ਜੇ ਸਾਨੂੰ ਇੰਝ ਸੁਣ ਜਾਂ ਪੜ ਲੈਣ?

ਖਾੜਕੂਵਾਦ ਵੇਲੇ। ਜਦ ਲਹਿਰ ਜੋਬਨ ਤੇ ਸੀ। ਕੀ ਹੋਇਆ? ਖੱਟੇ ਪਰਨੇ, ਖੱਟੀਆਂ ਦਸਤਾਰਾਂ, ਉਪਰ ਦੀ ਗਾਤਰੇ, ਗਰਮ-ਤੱਤੇ ਨਾਹਰੇ, ਜੋਸ਼ੀਲੀਆਂ ਤਕਰੀਰਾਂ ਤੇ ਹੋਇਆ ਕੀ? ਬਾਅਦ ਪਤਾ ਲੱਗਾ ਕਿ ਇਹ ਤਾਂ ‘ਉਹ’ ਸਨ! ਪਰ ਉਦੋਂ ਜਦ ਝੁੱਗਾ ਚੌੜ ਹੋ ਚੁੱਕਾ ਸੀ। ‘ਬੇਸਬੁੱਕ’ ਜਾਂ ਸਾਈਟਾਂ ਉਪਰ ਜਿਹੜੀ ਘੱੜਮੱਸ ਮੱਚੀ ਪਈ ਕਿਸ ਨੂੰ ਪਤਾ ਕਿ ਇਹ ਕੌਣ ਹਨ? ਤੇ ਜੀਹਨਾਂ ਦਾ ਪਤਾ ਉਨ੍ਹਾਂ ਨੂੰ ਵੀ ਅਗੋਂ ਸਾਡਾ ਗਿਲਾ ਕਰਨਾ ਜੋਗ ਨਹੀਂ ਉਨ੍ਹਾਂ ਭਰਾਵਾਂ ਦਾ ਕਸੂਰ ਨਹੀਂ ਕਿਉਂਕਿ ਅਸੀਂ ਖੁਦ ਇਹ ਸਾਰਾ ਕੁਝ ਕਰ ਚੁੱਕੇ ਹੋਏ ਹਾਂ ਜਦ ਪਤਾ ਲਗੂ ਇਹ ਭਰਾ ਵੀ ਸ਼ਾਇਦ ਗੱਲ ਨੂੰ ਸਮਝ ਜਾਣ ਕਿ ਜੇ ਸਾਰੇ ਜਗ ਦਾ ਤਮਾਸ਼ਾ ‘ਕਾਲ’ ਦਾ ਹੈ ਤਾਂ ਫਿਰ ਇਹ ‘ਅਕਾਲ’ ਕੌਣ ਹੋਇਆ?

ਪਰ ਇਕ ਗੱਲ ਸਭ ਸੁਹਰਿਦ ਭਰਾਵਾਂ ਦੇ ਸੋਚਣ ਵਾਲੀ ਹੈ ਕਿ ਗਾਹਲਾਂ ਵਰਗੀ ਭਾਸ਼ਾ ਦੇ ਮਾਹਰ ਦੋਵਾਂ ਧਿਰਾਂ ਵਿਚ ਹਨ ਜਿਹੜੇ ਗੰਡਾਂ ਹੋਰ ਪੀਡੀਆਂ ਕਰ ਰਹੇ ਹਨ। ਇਨ੍ਹਾਂ ਨੂੰ ਪਛਾਨਣ ਅਤੇ ਪਛਾੜਨ ਦੀ ਦੋਵਾਂ ਧਿਰਾਂ ਨੂੰ ਅੱਜ ਸਖਤ ਲੋੜ ਹੈ ਨਹੀਂ ਤਾਂ ਕੌਮ ਮੇਰੀ ਨੂੰ ਲੀਰਾਂ ਲੀਰਾਂ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਕਿ ਬਚਾ ਸਕਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top