Share on Facebook

Main News Page

ਸੁਰੰਗ ਵਾਲੇ ਸ਼ਹੀਦ ਅਤੇ ਹਰੀ ਪ੍ਰਸਾਦ ਰੰਧਾਵਾ
-
ਗੁਰਦੇਵ ਸਿੰਘ ਸੱਧੇਵਾਲੀਆ

ਲੁਕਾਈ ਜਦ ਮੂਰਖਤਾ ਵਿਚ ਜਿਉ ਰਹੀ ਹੋਵੇ ਤਾਂ ਹਰੇਕ ਕਹਾਣੀ ਵਿੱਕਦੀ ਹੈ। ਮੁੱਲ ਬਹੁਤ ਪੈਂਦਾ ਕਹਾਣੀ ਦਾ। ਪੰਜਾਬ ਵਿਚਲੇ ਸ਼ਾਹੀ ਮਹਿਲਾਂ ਵਰਗੇ ਬਾਬਿਆਂ ਦੇ ਡੇਰੇ ਇਸ ਗੱਲ ਦਾ ਪ੍ਰਤੱਖ ਸਬੂਤ ਹਨ। ਨਹੀ ਤਾਂ ਸਿਵਾਏ ਕਹਾਣੀਆਂ ਤੋਂ ਉਨ੍ਹਾਂ ਕੋਲੇ ਕੋਈ ਹੋਰ ਲਿਆਕਤ ਹੋਵੇ ਤਾਂ ਦੱਸੋ। ਆਹ ਹੁਣੇ ਨਾਨਕਸਰੀਆਂ ‘ਜਾ ਤੂੰ ਸਾਹਿਬ’ ਵਾਲੀ ਕਹਾਣੀਆਂ ਦੀ ਕਿਤਾਬ ਆਈ ਹੈ। ਗੱਪਾਂ ਨਾਲ ਭਰੀ ਹੋਈ। ਪ੍ਰਤੱਖ ਪ੍ਰਸਾਦਾ ਛਕਾਉਂਣ ਵਾਲੀ, ਭੂਤਾਂ ਵਾਲੀ। ਜਿਹੜਾ ਬੰਦਾ ਖੁਦ ਦੂਜਿਆਂ ਦੀਆਂ ਰੋਟੀਆਂ ਤੇ ਅਪਣਾ ਪੇਟ ਪਾਲਦਾ ਰਿਹਾ, ਉਹ ਗੁਰੁੂ ਨਾਨਕ ਨੂੰ ਪ੍ਰਸਾਦਾ ਕਿਥੋਂ ਛਕਾ ਦਊ। ਪਰ ਇਹ ਗੱਲ ਸੋਚੇ ਕੌਣ, ਪੁੱਛੇ ਕੌਣ? ਛੋਟੇ ਬੱਚੇ ਕਹਾਣੀ ਨੂੰ ਬਹੁਤ ਪਸੰਦ ਕਰਦੇ। ਕੌਮ ਮੇਰੀ ਦਾ ਕਹਾਣੀਆਂ ਵਲ ਝੁਕਾ ਦੱਸਦਾ ਹੈ, ਕਿ ਇਸ ਦੀ ਮਾਨਸਿਕਤਾ ਨੇ ਕੋਈ ਵਿਕਾਸ ਨਹੀਂ ਕੀਤਾ। ਇਹ ਹਾਲੇ ਤੱਕ ਵੀ ਕਹਾਣੀਆਂ ਵਿਚ ਉਲਝੀ ਹੋਈ ਹੈ। ਗੁਰਬਾਣੀ ਇਸ ਨੂੰ ਬੁਲੰਦੀਆਂ ਤੇ ਪਹੁੰਚਾਉਂਣਾ ਚਾਹੁੰਦੀ ਇਹ ਤਾਬੇਂ ਦੀਆਂ ਧਰਤੀਆਂ ਲੱਭੀ ਜਾ ਰਿਹਾ ਹੈ, ਜਿਥੇ ਸੱਪ ਮਿੱਟੀ ਖਾ ਕੇ ਜਿਉਂਦੇ ਹਨ। 20-20 ਫੁੱਟੇ ਸ਼ਹੀਦ ਨਹੀਂ ਹਾਲੇ ਇਸ ਦਾ ਖਹਿੜਾ ਛੱਡ ਰਹੇ। ਹਰੀ ਪ੍ਰਸਾਦ ਨੇ ਤਾਂ ਸਿਰੇ ਹੀ ਲਾ ਦਿੱਤੀ, ਜਦ ਉਹ ਸਾਰੇ ਪੁਰਾਤਨ ਸਿੰਘਾਂ ਦੀਆਂ ਸ਼ਹੀਦ ਰੂਹਾਂ ਨੂੰ ਕਿਤੇ ਤੱਪ ਕਰਦਾ ਦੱਸੀ ਜਾ ਰਿਹੈ।

ਮੇਰਾ ਗੁਆਂਢੀ ਗੱਲ ਸੁਣਾ ਰਿਹਾ ਸੀ ਕਿ ਕੋਟਲੀ ਨੇੜੇ ਇੱਕ ਪਿੰਡ ਹੇ। ਉਥੇ ਇੱਕ ‘ਬਾਬੇ’ ਵਿਚ ਸ਼ਹੀਦ ਆਉਂਣ ਲਗ ਪਏ, ਪਰ ਆਮਦਨ ਕਾਫੀ ਨਹੀਂ ਸੀ। ਉਸ ਇੱਕ ਬੰਦਾ ‘ਹਾਇਰ’ ਕੀਤਾ ਅਤੇ ਸਾਰੀ ਕਹਾਣੀ ਉਸ ਨੂੰ ਸਮਝਾ ਦਿੱਤੀ। ‘ਬਾਬਾ’ ਜਿਥੇ ਚਾਰ ਕੁ ਇੱਟਾਂ ਗੱਡ ਕੇ ਸ਼ਹੀਦ ਪਾਲੀ ਬੈਠਾ ਸੀ, ਉਸ ਬੰਦੇ ਨੇ ਪੰਜ-ਸੱਤ ਕੱਢੀਆਂ ਗ੍ਹਾਲਾਂ ਕਿ ਇਹ ਕੀ ਪੰਖਡ ਹੈ, ਅਤੇ ਚਾਰ ਕੁ ਇੱਟਾਂ ਵਾਲੇ ‘ਸ਼ਹੀਦ’ ਉਸ ਉਖੇੜ ਕੇ ਪਰ੍ਹਾਂ ਮਾਰੇ। ਚੇਲੇ ਜਦ ਉਸ ਦੀ ‘ਮਿੱਟੀ ਝਾੜਨ’ ਲਗੇ ਤਾਂ ‘ਬਾਬੇ’ ਨੇ ਰੋਕ ਦਿੱਤਾ, ਕਿ ਇਹ ਗੱਲ ਤੁਸੀਂ ‘ਸ਼ਹੀਦਾਂ’ ਤੇ ਛੱਡ ਦਿਓ ਜੇ ਸ਼ਹੀਦ ਜ਼ਾਹਰੇ ਹੋਣਗੇ ਤਾਂ ਆਪੇ ਨਿਬੜ ਲੈਣਗੇ।

ਅਗਲੇ ਦਿਨ ਪਿੰਡ ਵਿਚ ਰੌਲਾ ਪੈ ਗਿਆ ਕਿ ਕੱਲ ਸ਼ਹੀਦਾਂ ਦੀ ਸਮਾਧ ਢਾਹੁਣ ਵਾਲਾ ਬੰਦਾ ਅੰਨ੍ਹਾ ਹੋ ਗਿਆ ਹੈ। ਹੁਣ ਤੁਸੀਂ ਕਿਵੇਂ ਸਾਬਤ ਕਰੋਗੇ ਕਿ ਮੈਨੂੰ ਦਿੱਸਦਾ ਜਦ ਮੈਂ ਕਹਿ ਰਿਹਾਂ ਕਿ ਮੈਂ ਅੰਨ੍ਹਾ ਹਾਂ। ਘਰ ਵਾਲੇ ਵੀ ਪ੍ਰੇਸ਼ਾਨ ਕਿ ਉਸ ਨੂੰ ਦਿੱਸਣੋ ਹੱਟ ਗਿਆ ਹੈ। ਮੁੱਕਦੀ ਗੱਲ ਕਿ ਉਹ ਬੰਦਾ ਭੁੱਲ ਬਖਸ਼ਾਉਂਣ ‘ਬਾਬੇ’ ਕੋਲੇ ਗਿਆ ਤਾਂ ‘ਬਾਬੇ’ ਕਿਹਾ ਕਿ ਉਨ੍ਹਾਂ ਹੱਥਾਂ ਨਾਲ ਸਮਾਧ ਬਣਾ, ਜੇ ਦੁਨੀਆਂ ਦੇਖਣੀ ਹੈ ਤਾਂ। ਉਸ ਬਣਾਈ। ਉਹ ਤਾਂ ਅੰਨ੍ਹਾਂ ਹੋਇਆ ਹੀ ਨਹੀਂ ਸੀ। ਪਰ ਕਹਿੰਦੇ ‘ਬਾਬੇ’ ਦੀ ਹੱਟੀ ਤੇ ਲੱਗ ਭੀੜਾਂ ਗਈਆਂ।

ਮੇਰੇ ਇੱਕ ਮਿੱਤਰ ਦਾ ਫੋਨ ਆਇਆ ਕਿ ‘ਮਿਸਟਰ ਹੈਰੀ’ ਜੀ ਤਾਂ ਨਿਹਾਲੋ-ਨਿਹਾਲ ਕਰੀ ਜਾ ਰਹੇ ਹਨ ਲੁਕਾਈ ਨੂੰ। ਪੂਰੀ ਗੱਲ ਤੋਂ ਪਤਾ ਲੱਗਾ ਕਿ ਉਹ ਅਪਣੇ ਸੁਰੰਗ ਵਾਲੇ ਸ਼ਹੀਦਾਂ ਨੂੰ ‘ਜਸਟੀਫਾਈ’ ਕਰਨ ਲਈ ਵੰਗਾਰ ਰਹੇ ਹਨ, ਉਨ੍ਹਾਂ ਲੋਕਾਂ ਨੂੰ ਜਿਹੜੇ ਕਹਿੰਦੇ ਕਿ ਇਹ ਗੱਪ ਹੈ। ਨਾਲ ਹੀ ਹਰੀ ਜੀ ਕਹਿ ਰਹੇ ਹਨ ਕਿ ਸ਼ਹੀਦ ਉੱਲੂਆਂ ਨੂੰ ਨਹੀਂ ਦਿੱਸਦੇ ਇਸ ਲਈ ਅੱਖ ਦੀ ਲੋੜ ਹੈ। ਕਿਹੜੀ ਅੱਖ ਦੀ? ਜਿਹੜੀ ਹਰੀ ਜੀ ਕੋਲੇ ਹੈ? ਜਾਂ ਜਿਹੜੀ ਉਨ੍ਹਾਂ ਦੇ ਵੱਡੇ ‘ਬ੍ਰਹਮਿਗਿਆਂਨੀਆਂ’ ਕੋਲੇ ਸੀ, ਜੀਹਨਾਂ ਨੂੰ ‘ਤ੍ਰਿਆ-ਚ੍ਰਤਿਰਾਂ’ ਦੀ ਵੀ ਸਮਝ ਨਾ ਆ ਸਕੀ ਅਤੇ ਰੋਜ ਰਹਿਰਾਸ ਸਹਿਬ ਵੇਲੇ ਮੰਤਰੀ ਦਾ ਭੂਪ ਲੋਕਾਂ ਦੇ ਸਿਰਾਂ ਵਿਚ ਤੂਸੀਂ ਜਾਂਦੇ ਰਹੇ ਜਿਹੜਾ ਹੁਣ ਤੱਕ ਜਾਰੀ ਹੈ।

ਹਰੀ ਭਾਈ ਜੀ ਦੱਸਣਾ ਚਾਹੇ ਰਹੇ ਹਨ ਕਿ ਇਸ ‘ਹਕੀਕਤ’ ਨੂੰ ਸਮਝਣ ਲਈ ਪਹਿਲਾਂ ਤੁਹਾਨੂੰ ਸਾਡੇ ਵਾਲੀਆਂ ‘ਖਾਸ-ਅੱਖਾਂ’ਦਾ ਪ੍ਰਬੰਧ ਕਰਨਾ ਪਵੇਗਾ। ਤੇ ‘ਖਾਸ-ਅੱਖਾਂ’ ਦੇ ਡਾਕਟਰ ਹਨ ਹਰੀ ਪ੍ਰਸਾਦ ਵਰਗੇ ਜੀਹਨਾਂ ਤਹਈਆ ਕੀਤਾ ਹੋਇਆ ਕਿ ਖਾਲਸਈ ਜਾਹੋ-ਜਲਾਲ ਦੀ ਜਹੀ ਤਹੀ ਫੇਰ ਹੀ ਛੱਡਣੀ ਹੈ, ਤਾਂ ਕਿ ਭਵਿੱਖ ਵਿਚ ਕੋਈ ਮੇਰੀ ਬੋਦੀ ਨੂੰ ਹੱਥ ਪਾਉਂਣ ਜੋਗਾ ਨਾ ਰਹੇ।

ਇਸ ਸਬੰਧ ਵਿਚ 05 ਮਈ 2012 ਨੂੰ ਟੋਰਾਂਟੋ ਵਿਖੇ ਰੇਡੀਓ ‘ਟਾਕ-ਸ਼ੋਅ’ ਹੋਇਆ। ਰੇਡੀਓ ਹੋਸਟ ਨੇ ਇੱਕ ਘੰਟਾ ਦਿਤਾ ਕਿ ਹਰੀ ਜੀ ਆ ਕੇ ਗੱਲ ਕਰਕੇ, ਅਪਣੇ ਸਰੁੰਗ ਵਾਲੇ ਸ਼ਹੀਦਾਂ ਬਾਰੇ ਚਾਨਣਾ ਪਾਉਣ, ਪਰ ਨਾ ਹਰੀ ਪ੍ਰਸਾਦ ਜੀ ਬੋਲੇ ਨਾ ਉਨ੍ਹਾਂ ਦੇ ਸ਼ਹੀਦ। ਇਹ ਬਹੁਤ ਵੱਡਾ ਮਖੌਲ ਹੈ, ਉਨ੍ਹਾਂ ਸੂਰਬੀਰਾਂ ਨਾਲ ਜਿਹੜੇ ਸਿੱਖੀ ਦੀ ਸ਼ਮਾ ਤੋਂ ਸੜ ਮਰੇ। ਇੰਨੀ ਵੱਡੀ ਟਿੱਚਰ ਕਰ ਰਿਹੈ ਬ੍ਰਹਾਮਣ ਪੂਰੀ ਕੌਮ ਨਾਲ ਕਿ ਸਿੱਖ ਦੀ ਸਮਝ ਹੀ ਨਹੀਂ ਆ ਰਿਹਾ। ਉਲਟਾ ਮੂਰਖ ਕਿਸਮ ਦੇ ਲੋਕ ਉਸ ਨੂੰ ਅਪਣੀਆਂ ਸਟੇਜਾਂ ਤੋਂ ਚਾਂਬੜ-ਚਾਂਬੜ ਬੋਲਣ ਦੀ ਇਜਾਜਤ ਹੀ ਨਹੀਂ ਦੇ ਰਹੇ ਸਗੋਂ ਉਸ ਦੀਆਂ ਯੱਬਲੀਆਂ ਨੂੰ ਲੁਕਾਈ ਤੱਕ ਪਹੁੰਚਾਉਂਣ ਦਾ ਟੀ.ਵੀ. ਰਾਹੀਂ ਪ੍ਰਬੰਧ ਵੀ ਕਰ ਰਹੇ ਹਨ। ਇਸ ਤੋਂ ਸਾਬਤ ਹੁੰਦਾ ਕਿ ਬੋਦੀ ਵਾਲਾ ਭਾਈ ਸਾਡੇ ਗੁਰਅਸਥਾਨਾਂ ਉਪਰ ਬੁਰੀ ਤਰ੍ਹਾਂ ਕਾਬਜ ਹੋ ਚੁੱਕਾ ਹੈ।

ਬ੍ਰਾਹਮਣ ਨੂੰ ਜਦੋਂ ਕੁੱਟ ਪੈਂਦੀ ਸੀ, ਉਹ ਕੁਝ ਕਰਨ ਜੋਗਾ ਤਾਂ ਸੀ ਨਹੀਂ, ਉਹ ਉਪਰ ਨੂੰ ਬੂਥਾ ਚੁੱਕ ਲੈਂਦਾ ਸੀ ਕਿ ਕੋਈ ਉਪਰੋਂ ਆਵੇਗਾ ਤੇ ਮੇਰਾ ਪਾਰ-ਉਤਾਰਾ ਕਰੇਗਾ। ਉਸ ਦੀਆਂ ਖੀਰ ਸਮੁੰਦਰ ਵਾਲੀਆਂ ਗੱਪਾਂ ਅਤੇ ਹੈਰੀ ਵਰਗਿਆਂ ਦੀਆਂ ਸੁਰੰਗ ਵਾਲੇ ਸ਼ਹੀਦਾਂ ਦੀਆਂ ਕਹਾਣੀਆਂ, ਕੁੱਝ ਇੰਝ ਕੁ ਦੀਆਂ ਹੀ ਹਨ ਜਿਹੜੀਆਂ ਇਨ੍ਹਾਂ ਦੀ ਨਿਪੁੰਸਕਤਾ ਨੂੰ ਜ਼ਾਹਰ ਕਰਦੀਆਂ ਹਨ।

ਤੁਸੀਂ ਕਦੇ ਲਾਟਰੀ ਪਾਈ? ਮੈਂ ਇੱਕ-ਦੋ ਵਾਰ ਪਾਈ। ਇੱਕ ਵਾਰ 20 ਮਿਲੀਅਨ ਦੀ ਸੀ ਇਕ ਵਾਰ 32 ਮਿਲੀਅਨ। ਲਾਟਰੀ ਪਾਉਂਦਿਆਂ ਸਾਰ ਤੁਹਾਡੇ ਸਿਰ ਵਿਚ ਇੱਕ ਗੱਲ ਘੁੰਮਣ ਲੱਗ ਜਾਂਦੀ ਹੈ। ਉਹ ਗੱਲ ਹੁੰਦੀ ਕਿ ਮੇਰੇ ਕੋਲੇ 20 ਮਿਲੀਅਨ ਆ ਗਏ ਹਨ ਅਤੇ ਇਨ੍ਹਾਂ ਨੂੰ ਹੁਣ ਖਰਚਣਾ ਕਿਵੇਂ ਹੈ। ਤੁਸੀਂ ਉਨ੍ਹਾਂ ਨੂੰ ਖਰਚਣ ਦੇ ਚੱਕਰ ਵਿਚ ਪਤਾ ਨਹੀਂ ਕਿਥੇ ਦੇ ਕਿਥੇ ਪਹੁੰਚ ਜਾਂਦੇ ਹੋ। ਇੰਝ ਹੀ ਹੁੰਦਾ ਨਾ?

 

ਬੱਅਸ ਬ੍ਰਾਹਮਣ ਦੇ ਪੁਰਾਣ ਅਤੇ ‘ਸਾਡੇ ਬਾਬਿਆਂ’ ਦੀਆਂ ਗੱਪਾਂ ਇੰਝ ਕੁ ਦੀਆਂ ਹੀ ਹੁੰਦੀਆਂ ਹਨ, ਕਿ ਪੱਲੇ ਕੱਖ ਨਹੀਂ ਹੁੰਦਾ, ਪਰ ਸੁਪਨਿਆਂ ਸੁਪਨਿਆਂ ਵਿਚ ਹੀ ਪਤਾ ਨਹੀਂ ਕਿਹੜੀ-ਕਿਹੜੀ ਦੁਨੀਆਂ ਵਸਾ ਬੈਠਦੇ ਹਨ। ਕੁੱਝ ਕਰ ਗੁਜਰਨ ਵਾਲਾ ਬੰਦਾ ਅਣਦਿੱਸਦੇ ਸ਼ਹੀਦਾ ਨੂੰ ਨਹੀਂ ਉਡੀਕਦਾ, ਕਿ ਉਹ ਆ ਕੇ ਖਲਿਸਤਾਨ ਬਣਾਉਣਗੇ, ਬਲਕਿ ਉਹ ਅਪਣੇ ਹੱਥਾਂ ਉਪਰ ਵਿਸਵਾਸ਼ ਰੱਖਦਾ ਅਤੇ ਉਸ ਲਈ ਉਸ ਦੇ ਵਡੇਰਿਆਂ ਦਾ ਇਤਿਹਾਸ ਚਾਨਣ ਮੁਨਾਰਾ ਹੁੰਦਾ।

ਭਾਈ ਰਾਜੋਆਣਾ ਨੂੰ ਕੋਈ ਸ਼ਹੀਦ ਨਹੀਂ ਦਿੱਸਿਆ ਕਦੇ। ਸੁੱਖਾ-ਜਿੰਦਾ-ਬੇਅੰਤ-ਸਤਵੰਤ ਕਿੰਨੇ ਜੋਧੇ ਨੇ। ਉਲਟਾ ਕੇ ਮਾਰੀ ਇੰਦਰਾ ਅਤੇ ਮੂਧਾ ਕਰਕੇ ਸੁੱਟ ਦਿਤਾ ਵੈਦਿਆ। ਬੇਅੰਤੇ ਦੇ ਤਾਂ ਪੁਰਜੇ ਹੀ ਨਹੀਂ ਲੱਭੇ। ਜੇ ਹਰੀ ਵਾਂਗ ਸੁਰੰਗਾਂ ਵਿਚੋਂ ਨਿਕਲ ਕੇ ਆਉਂਣ ਵਾਲੇ ਸ਼ਹੀਦ ਉਡਕੀਦੇ ਰਹਿੰਦੇ ਤਾਂ ਇੰਦਰਾ-ਵੈਦਿਆ-ਬੇਅੰਤਾ ਕਦੇ ਨਾ ਸੋਧੇ ਜਾਂਦੇ। ਪਰ ਜਿਹੜੇ ਗਿਦੜਾਂ ਵਾਗੂੰ ਭੋਰਿਆਂ ਵਿਚ ਸਾਹ ਬੰਦ ਕਰੀ ਬੈਠੇ ਸਨ, ਉਨ੍ਹਾਂ ਨੂੰ ਅੱਜ ਸ਼ਹੀਦ ਦਿੱਸਣ ਲੱਗ ਪਏ?

ਉਨ੍ਹਾਂ ਤਤਿਆਂ ਸਮਿਆਂ ਵਿਚ ਕਿਸੇ ਸਾਧੜੇ ਦਾ ਕੋਈ ਬਿਆਨ ਹੀ ਆਇਆ ਹੋਵੇ, ਕਿ ਗਲਾਂ ਵਿੱਚ ਟਾਇਰ ਪਾ ਪਾ ਫੂਕੇ ਜਾਂਦੇ ਮੇਰੀ ਕੌਮ ਦੇ ਹਨ ਇਨ੍ਹਾਂ ਲਈ ਹਉਕਾ ਹੀ ਲੈ ਲਵਾਂ। ਕੋਈ ਨਾਨਕਸਰੀਆ, ਕੋਈ ਰਾੜੇ ਵਾਲਾ, ਰਤਵਾੜੇ ਵਾਲਾ, ਪਿਹੋਵੇ ਵਾਲਾ, ਮਸਤੂਆਣੇ ਵਾਲਾ????

ਭਰਾਵੋ, ਕਹਾਣੀਆਂ ਨਾਲ ਕੌਮਾਂ ਨਹੀਂ ਜਿਉਂਦੀਆਂ, ਜੇ ਜਿਉਂਦੀਆਂ ਹੁੰਦੀਆਂ ਤਾਂ ਬ੍ਰਾਹਮਣ ਹਜ਼ਾਰ ਸਾਲ ਮੁਗਲਾਂ ਦੇ ਛਿੱਤਰ ਨਾਂ ਖਾਂਦਾ। ਤੁਸੀਂ ਬੱਚਣਾ ਤਾਂ ਇਨ੍ਹਾਂ ਗੱਪਾਂ ਦੇ ਸਵਾਦ ਵਿਚੋਂ ਬਾਹਰ ਆ ਕੇ, ਗੁਰਬਾਣੀ ਤੱਤ ਨੂੰ ਸਮਝੋ, ਅਪਣੇ ਬੱਚਿਆਂ ਨੂੰ, ਅਪਣੇ ਆਂਢ-ਗੁਆਂਢ ਨੂੰ, ਮਿੱਤਰਾਂ-ਦੋਸਤਾਂ ਨੂੰ ਸਮਝਾਓ, ਨਹੀਂ ਤਾਂ ਤਵਾਰੀਖ ਵਿੱਚ ਤੁਹਾਡਾ ਕੋਈ ਨਿਸ਼ਾਨ ਨਹੀਂ ਰਹੇਗਾ। ਨਹੀਂ ਯਕੀਨ ਤਾਂ ਬੋਧੀਆਂ-ਜੈਨੀਆਂ ਕੋਲੋਂ ਪੁੱਛ ਲਵੋ। ਤੇ ਇਸ ਗੱਲ ਦਾ ਇਨ੍ਹਾਂ ਗੋਲ ਪੱਗਾਂ ਵਾਲੇ ਮਿਸਰਾਂ ਤਹਈਆ ਕਰ ਲਿਆ ਹੋਇਆ, ਕਿ ਇਸ ਕੌਮ ਨੂੰ ਹਿੰਦੂ ਬਣਾ ਕੇ ਛੱਡਣਾ। ਹਰੀ ਪ੍ਰਸਾਦ ਵਰਗਿਆਂ ਦੀਆਂ ਕਹਾਣੀਆਂ ਕੀ ਇਹੀ ਸਾਬਤ ਨਹੀਂ ਕਰਦੀਆਂ ਕਿ ਖਾਲਸਈ ਚੜ੍ਹਤ ਮੁੱਕਾ ਕੇ ਹੀ ਦੱਮ ਲੈਣਾ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top