Share on Facebook

Main News Page

ਦੇਸੀ ਮੀਡੀਆ ਅਤੇ ਲੋਕ
-
ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੌਜਾ ਸਿੰਘ ਰੱਖੜੀ ਬਾਰੇ ਇਕ ਰੇਡੀਓ ਪ੍ਰੋਗਰਾਮ ਸੁਣ ਰਿਹਾ ਸੀ। ਹੋਸਟ ਰੱਖੜੀ ਦੇ ਤਿਉਹਾਰ ਦਾ ਜਿਵੇਂ ਸਕਾਲਰ ਹੁੰਦਾ। ਕੱਚੀ ਜਹੀ ਘਾਣੀ ਮਾਰੀ ਜਾ ਰਿਹਾ ਸੁਣਕੇ ਇਕ ਭਰਾ ਨੇ ਫੋਨ ਕਰਕੇ ਰੱਖੜੀ ਬਾਰੇ ਜਦ ਕਿਹਾ, ਕਿ ਰੱਖੜੀ ਦਾ ਅਸਲ ਮੱਤਲਬ ਤਾਂ ਰਖਸ਼ਾਂ ਬੰਧਨ ਹੈ। ਹੁਣ ਭੈਣ ਜੇ ਇੰਡੀਆ ਬੈਠੀ ਭਰਾ ਇਧਰ ਬਾਹਰ ਤਾਂ ਰਖਸ਼ਾ ਦਾ ਕੀ ਮੱਤਲਬ ਰਹਿ ਗਿਆ? ਕੌਣ ਕਰੇਗਾ ਰਖਸ਼ਾ ਭੈਣ ਦੀ?

ਹੋਸਟ ਨੇ ਜਦ ਕਿਹਾ ਕਿ ਠਹਿਰੋ! ਮੈਂ ਦਿੰਨਾ ਜਵਾਬ, ਤਾਂ ਬਾਬਾ ਫੌਜਾ ਸਿੰਘ ਨੂੰ ਜਾਪਿਆ ਕਿ ਇਨੇ ਜਬ੍ਹੇ ਨਾਲ ਕਿਹਾ ਜਰੂਰ ਕੋਈ ਤਗੜੀ ਇੱਟ ਪੁੱਟੇਗਾ। ਕੋਈ ਚੰਗੀ ਦਲੀਲ ਹੋਣੀ ਇਸ ਕੋਲੇ। ਕੋਈ ਵੱਡਾ ਤਾਰਾ ਤੋੜੇਗਾ ਅਸਮਾਨ ਤੋਂ ਪਰ ਪਹਾੜ ਖੋਦਣ ਤੇ ਚੂਹੇ ਨਿਕਲੇ ਵਾਲੀ ਗੱਲ ਕਰਦਿਆਂ ਹੋਸਟ ਕਹਿਣ ਲੱਗਾ, ਕਿ ਦੇਖੋ ਜੀ ਇਸ ਦਾ ਇਲਾਜ ਹੈ। ਇਲਾਜ ਕੀ ਏ? ਅਖੇ ਜੀ ਹੁਣ ਫੋਨਾਂ-ਨੈੱਟਾਂ ਦਾ ਜਮਾਨਾ, ਭਰਾ ਇਥੋਂ ਬੈਠਾ ਹੀ ਅਪਣੇ ਮਿੱਤਰਾਂ-ਬੇਲੀਆਂ ਨੂੰ ਫੋਨ ਕਰੇਗਾ, ਜਿਹੜੇ ਉਸ ਦੀ ਭੈਣ ਦੀ ਰੱਖਿਆ ਕਰਨਗੇ???

ਕਾਲਰ ਪਰ ਚੀਹੜਾ ਸੀ, ਉਹ ਮਗਰੋਂ ਜਦ ਨਾ ਹੀ ਲੱਥਿਆ ਤਾਂ ਹੋਸਟ ਹੰਨੂਮਾਨ ਵਾਂਗ ਇੱਕ ਹੋਰ ਪਹਾੜ ਚੁੱਕ ਲਿਆਇਆ!
ਅਖੇ ਜੀ ਤੁਹਾਡੀ ਮੈਰਿਜ ਹੋਈ?
ਹਾਂ ਹੋਈ।
ਤੁਸੀਂ ਰਜਿਸਟਰ ਕਰਾਉਂਣ ਗਏ ਸੀ?
ਹਾਂ ਗਏ ਸੀ।
ਉਹ ਕਿਉਂ? ਦੱਸੋ! ਕਿਉਂ ਗਏ ਸੀ?
ਇਹ ਕੀ ਸਵਾਲ ਹੋਇਆ? ਮੇਰੇ ਵਿਆਹ ਦੀ ਰਜਿਸਟੇਸ਼ਨ ਦਾ ਰੱਖੜੀ ਨਾਲ ਕੀ ਸਬੰਧ ਬਈ?
ਸਬੰਧ ਕਿਉਂ ਨਹੀਂ! ਜਿਵੇਂ ਤੁਹਾਡਾ ਰੱਖੜੀ ਨਾਲ ਸਬੰਧ?

ਬਾਬਾ ਫੌਜਾ ਸਿੰਘ ਨੂੰ ਹੋਸਟ ਦੀ ਮੂਰਖਤਾ ਸੁਣ ਕੇ ਘੁੱਗੀ ਦੀ ਇਕ ਗੱਲ ਯਾਦ ਆਈ, ਕਿ ਯਾਰ ਤੇਰੇ ਤਾਏ ਤੋਂ ਯਾਦ ਆਇਆ ਤੁਹਾਡੇ ਇੱਕ ਕੁੱਤੇ ਦੇ ਕੀੜੇ ਪਏ ਸੀ ਉਹ ਮਰ ਗਿਆ ਜਾਂ ਜਿਉਂਦਾ?

ਕਿਥੇ ਤਾਇਆ ਤੇ ਕਿਥੇ ਕੁੱਤੇ ਦੇ ਕੀੜੇ। ਕਿਧਰ ਰੱਖੜੀ ਤੇ ਕਿਧਰ ਵਿਆਹ ਦਾ ਰਜਿਸਟਰ ਹੋਣਾ। ਪਰ ਕਿਹੜਾ ਕਿਸੇ ਪੁੱਛਣਾ। ਉਨਹੀਂ ਅਪਣੇ ਕੇਲੇ ਵੇਚ ਕੇ ਤੁਰਦੇ ਬਣਨਾ। ਹੋਸਟ ਦੀ ਇਕੇ ਕਾਲ ਨਾਲ ਹੀ ਬੱਸ ਜਿਹੀ ਹੋ ਗਈ ਤੇ ਉਸ ਇਸ ਚੈਪਟਰ ਨੂੰ ਬੰਦ ਹੀ ਕਰ ਦਿੱਤਾ ਅਤੇ ਅਪਣੇ ਅਗਲੇ ਕੇਲੇ ਵੇਚਣੇ ਸ਼ੁਰੂ ਕਰ ਦਿੱਤੇ! ਲੌ ਬਈ ਦੱਸ ਦੇ ਦਰਜਨ! ਫਿਰ ਨਹੀਂ ਜੇ ਮਿਲਣੇ! ਆ ਆ ਜਓ ਬਈ, ਆ ਜਓ।

ਉਂਝ ਇਥੋਂ ਦੇ ਮੀਡੀਏ ਬਾਰੇ ਜੇ ਬਾਬੇ ਨੂੰ ਪੁੱਛਣਾ ਹੋਵੇ ਤਾਂ ਬਹੁਤੇ ਲੋਕ ਬਾਬੇ ਵਾਂਗ ਕੇਲੇ ਵੇਚਣ ਵਾਲੇ ਹੀ ਹਨ। ਇੱਕ ਕਾਲ ਵੀ ਵਿਰੁਧ ਚਲੀ ਜਾਵੇ ਤਾਂ ਬਹੁਤੇ ਦੇਸੀ ਹੋਸਟਾਂ ਦੀ ਝੱਗ ਡਿੱਗਦੀ ਦੇਖਣ ਵਾਲੀ ਹੁੰਦੀ। ਇੱਕ ਵਾਰੀ ਦੀ ਗੱਲ ਹੈ। ਟਰੰਟੋ ਤੋਂ ਲੱਖਾਂ ਸਰੋਤਿਆਂ ਵਾਲਾ ਇਕ ਭਾਈ ਭੂਤਾਂ ਉਪਰ ਪ੍ਰੋਗਰਾਮ ਕਰ ਰਿਹਾ ਸੀ। ਕੋਈ ਹੱਕ ਵਿਚ ਤੇ ਕੋਈ ਵਿਰੋਧ ਵਿਚ। ਹੋਸਟ ਘਰ ਦੀ ਮੁਰਗੀ ਚੁੱਲੇ ਤੇ ਰੱਖ ਕੇ ਆ ਰਹੀ ਮਹਿਕ ਵਾਂਗ ਪੂਰਾ ਸਵਾਦੋ-ਸਵਾਦ ਹੋਇਆ ਪਿਆ ਸੀ ਜਿਵੇਂ ਭੂਤਾਂ ਉਪਰ ਉਸ ਪੀ.ਐਚ.ਡੀ. ਕੀਤੀ ਹੁੰਦੀ ਕਿ ਇੱਕ ਕਾਲਰ ਨੇ ਉਸ ਦਾ ਸਾਰਾ ਸਵਾਦ ਖੇਹ ਕਰ ਦਿੱਤਾ। ਉਸ ਕੋਈ ਸਵਾਲ ਨਹੀਂ ਕੀਤਾ ਕੇਵਲ ਕਹਿਣ ਲੱਗਿਆ ਕਿ ਸਾਡੇ ਵਡੇਰੇ ਦੱਸਦੇ ਹੁੰਦੇ ਸਨ ਕਿ ਜਿਹੜਾ ਬੰਦਾ ਝੂਠ ਬਹੁਤ ਮਾਰੇ ਉਹੀ ਸਭ ਤੋਂ ਵੱਡਾ ਭੂਤਨਾ ਹੁੰਦਾ। ਇਸ ਹਿਸਾਬ ਮੈਨੂੰ ਤੁਹਾਡੇ ਜਿੱਡਾ ਮਹਾਂ ਭੂਤਨਾ ਕੋਈ ਨਹੀਂ ਜਾਪਦਾ!! ਦੱਸੋ ਜਾਪਦਾ? ਉਸ ਦੇ ਕਹਿਣ ਦੀ ਦੇਰ ਸੀ ਹੋਸਟ ਦੇ ਮੂੰਹੋਂ ਝੱਗ ਵਗਣ ਲੱਗ ਪਈ।

ਹੇ ਜੀ! ਆਹ ਦੇਖੋ! ਤੁਹਾਨੂੰ ਮੈਂ ਭੂਤ ਜਾਪਦਾਂ? ਦੋਖੋ ਕਿੱਦਾਂ ਦੇ ਲੋਗ ਆ ਜਾਂਦੇ? ਬੋਲਣ ਦੀ ਵੀ ਅਕਲ ਨਹੀਂ। ਹੇਂ ਜੀ! ਤੇ ਉਸ ਉਹ ਵਿਸ਼ਾ ਹੀ ਬੰਦ ਕਰ ਦਿੱਤਾ।

ਬਹੁਤੇ ਭਰਾਵਾਂ ਦੀਆਂ ਤਾਂ ਐਡਾਂ ਰੱਬ ਜਿੱਡੀਆਂ ਹੁੰਦੀਆਂ ਜਿਹੜੀਆਂ ਮੁੱਕਣ ਵਿਚ ਹੀ ਨਹੀਂ ਆਉਂਦੀਆਂ। ਬਾਬੇ ਫੌਜਾ ਸਿੰਘ ਨੂੰ ਯਾਦ ਏ ਇੱਕ ਵਾਰ ਉਹ ਕੈਮਬਰਿਜ ਤੋਂ ਆ ਰਿਹਾ ਸੀ। ਉਸ ਨੇ ਸ਼ਾਮ ਨੂੰ ਚਲਦੇ ਇੱਕ ਰੇਡੀਓ ਉਪਰ ਕੈਮਬਰਿਜ ਤੋਂ ਐਡਾਂ ਸੁਣਨੀਆਂ ਸ਼ੁਰੂ ਕੀਤੀਆਂ ਜਿਹੜੀਆਂ ਮਿਸੀਸਾਗਾ ਦੇ ਨੇੜੇ ਤੇੜੇ ਜਿਹੇ ਆ ਕੇ ਮੁੱਕੀਆਂ। ਇੰਝ ਜਾਪਦਾ ਸੀ ਜਿਵੇਂ ਕੋਈ ਭਾਈ ਐਡਾਂ ਦੀ ਸੀ.ਡੀ. ਲਾ ਕੇ ਕਿਸੇ ਗੁਰਦੁਆਰੇ ਚਾਹ-ਪਕੌੜੇ ਛੱਕਣ ਤੁਰ ਗਿਆ ਹੋਵੇ!

ਬਹੁਤੇ ਰੇਡੀਓ ਵਾਲਿਆਂ ਕੋਲੇ ਅਪਣੇ ਕੋਲੇ ਕਹਿਣ ਨੂੰ ਕੁਝ ਨਹੀਂ ਹੁੰਦਾ। ਉਹ ਦੋ-ਚਾਰ ਖ਼ਬਰਾਂ ਇਧਰੋ-ਉਧਰੋਂ ਫੜ ਲੈਂਦੇ ਹਨ। ਇੱਕ ਅੱਧ ਬੰਦਾ ਇੰਡੀਆਂ ਤੋਂ ਖ਼ਬਰਾਂ ਦੇਣ ਲਈ ਰੱਖ ਲੈਂਦੇ ਹਨ ਜਾਂ ਉਸ ਨੂੰ ਹੀ ਹੋਲਡ ਤੇ ਪਾ ਕੇ ਲੋਕਾਂ ਕੋਲੋਂ ਕਾਲਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਲੋਕ ਅਪਣੀ ਮਗਜ ਖਪਾਈ ਕਰ ਲੈਂਦੇ ਹਨ ਯਾਨੀ ਰੇਡੀਓ ਉਪਰ ਆਉਂਣ ਦਾ ਭੁੱਸ ਪੂਰਾ ਕਰ ਜਾਂਦੇ ਹਨ ਪਰ ਵਿਚੋਂ ਕੱਢਣ ਪਾਉਂਣ ਨੂੰ ਕੱਖ ਨਹੀਂ ਹੁੰਦਾ। ਕਿਉਂਕਿ ਜਿਸ ਵਿਸ਼ੇ ਨੂੰ ਹੋਸਟ ਛੇੜਦਾ ਉਸ ਬਾਰੇ ਹੋਸਟ ਨੂੰ ਖੁਦ ਨੂੰ ਕੱਖ ਪਤਾ ਨਹੀਂ ਹੁੰਦਾ। ਇਹ ਉਂਝ ਹੀ ਹੁੰਦਾ ਕਿ ਜਿਵੇਂ ਸਵਾਰੀਆਂ ਦੀ ਭਰੀ ਬੱਸ ਨੂੰ ਓਹ ਡਰਾਈਵਰ ਚਲਾ ਰਿਹਾ ਹੋਵੇ ਜਿਸ ਕੋਲੇ ਨਾ ਲਾਇਸੈਂਸ ਤੇ ਨਾ ਤਜਰਬਾ ਹੋਵੇ। ਸਵਾਰੀਆਂ ਤਾਂ ਫਿਰ ਮਾਰੇਗਾ= ਹੀ ਨਾ। ਲੋਕਾਂ ਵਿਚ ਭੰਬਲਭੂਸੇ ਤਾਂ ਖੜੇ ਕਰੇਗਾ ਹੀ ਨਾ। ਬਹੁਤੀ ਵਾਰੀ ਤਾਂ ਹੋਸਟ ਮਾਈਕ ਤੇ ਬੈਠ ਕੇ ਸੋਚਦਾ ਕਿ ਚਲ ਯਾਰ ਅੱਜ ਇੰਝ ਕਰਕੇ ਹੀ ਲੋਕਾਂ ਨੂੰ ਲੜਾ ਲੈਂਦੇ ਹਾਂ। ਸਮਾ ਹੀ ਲੰਘਾਉਣਾ। ਨਹੀਂ?

ਦੇਸੀ ਮੀਡੀਏ ਲਈ ਉਸ ਵੇਲੇ ਤਾਂ ਬਿੱਲੀ ਦੇ ਭਾਅ ਛਿੱਕਾ ਟੁੱਟਣ ਵਾਲੀ ਗੱਲ ਹੁੰਦੀ ਜਦ ਕਿਸੇ ਗੁਰਦੁਆਰੇ ਲੜਾਈ ਹੋਈ ਹੋਵੇ। ਆਹ-ਹਾ-ਹਾ! ਮੀਡੀਆ ਕਿਤੇ ਸਵਾਦ ਲੈਂਦਾ! ਦੇਖਣ ਵਾਲਾ ਹੁੰਦਾ। ਜਿਸ ਨੂੰ ਇੱਲ ਦਾ ਨਾਂ ਕੋਕੋ ਵੀ ਨਾ ਆਉਂਦਾ ਹੋਵੇ ਉਹ ਮਾਈਕ ਉਪਰ ਪੂਰਾ ਸਕਾਲਰ ਬਣਿਆ ਬੈਠਾ ਹੁੰਦਾ। ਉਸ ਦੇ ਫਿਰ ਸਵਾਦ ਦੇਖਣ ਵਾਲੇ ਹੁੰਦੇ। ਉਹ ਫਿਰ ਕਿਤੇ ਚਟਖਾਰੇ ਲੈਂਦਾ ਸਿਧੇ ਜਿਹੇ। ਉਸ ਨੂੰ ਜਾਪਦਾ ਕਨੇਡਾ ਦੇ ਜੱਜ-ਜੁੱਜ ਮੇਰੇ ਅਗੇ ਕੀ ਸ਼ੈਅ ਹਨ।

ਉਹ ਦੋਂਹ ਧਿਰਾਂ ਨੂੰ ਵਾਰੀ ਵਾਰੀ ਲਿਆਕੇ ਜੱਜ ਵਾਂਗ ਸਵਾਲ ਕਰਦਾ। ਜੇ ਕਿਤੇ ਇਕ ਧਿਰ ਨਾ ਆਉਂਣਾ ਚਾਹੁੰਦੀ ਹੋਵੇ ਤਾਂ ਉਸ ਨੂੰ ਚੜ੍ਹ ਲਾਲੀਆਂ ਜਾਂਦੀਆਂ ਕਿ ਹੈਂਅ! ਇਹ ਜੁਅਰਤ? ਮੇਰੇ ਪ੍ਰੋਗਰਾਮ ਵਿਚ ਨਹੀਂ ਆਇਆ? ਉਹ ਫਿਰ ਨਾ ਆਉਂਣ ਵਾਲੀ ਧਿਰ ਦੀ ਅਜਿਹੀ ਜਹੀ-ਤਹੀ ਫੇਰਦਾ ਕਿ ਉਸ ਦਾ ਤਮਾਸ਼ਾ ਬਣਾ ਕੇ ਰੱਖ ਦਿੰਦਾ। ਉਂਝ ਕੋਈ ਧਿਰ ਛੇਤੀ ਦੇਣੀ ਜੁਅਰਤ ਨਹੀਂ ਕਰਦੀ ਕਿ ਅਪਣਾ ਪੱਖ ਪੇਸ਼ ਕਰਨ ਦੇ ਨਾਂ ਤੇ ਪੂਰੀ ਕੌਮ ਦਾ ਇਨ੍ਹਾਂ ਹੱਥੋਂ ਜਲੂਸ ਨਾ ਕਢਵਾਏ। ਵੱਡੇ ਵੱਡੇ ਨਾਢੂ-ਖਾਂ, ਜਿਹੜੇ ਗੁਰਦੁਆਰੇ ਚਿੜੀ ਨਹੀਂ ਫੜਕਣ ਦਿੰਦੇ, ਇਨ੍ਹਾਂ ਨੂੰ ਸਾਹਬ-ਸਾਹਬ ਕਰਦੇ ਬੜੇ ਵਿਚਾਰੇ ਜਿਹੇ ਲੱਗਦੇ ਹਨ।

ਬਾਬਾ ਫੌਜਾ ਸਿੰਘ ਨੂੰ ਯਾਦ ਏ ਜਦ ਵੈਨਕੋਵਰ ਇਕ ਮੁੰਡਾ, ਕੁੜੀ ਤੋਂ ਦੁੱਖੀ ਹੋਇਆ ਬਰਿੱਜ ਤੋਂ ਛਾਲ ਮਾਰ ਕੇ ਮਰਿਆ ਸੀ। ਮੀਡੀਆ ਆਪੇ ਹੀ ਵਕੀਲ, ਆਪੇ ਹੀ ਜੱਜ ਤੇ ਆਪੇ ਹੀ ਗਵਾਹ! ਚਟਖਾਰੇ ਲਏ ਕਿਤੇ ਸਿੱਧੇ ਜਿਹੇ ਦੇਸੀ ਮੀਡੀਏ। ਕਿਧਰੇ ਉਹ ਮੁੰਡੇ ਦੀ ਭੈਣ ਨੂੰ ਲੈ ਆਉਂਣ। ਹਾਂ ਜੀ ਤੁਸੀਂ ਠੀਕ! ਕਿਧਰੇ ਮਾਂ ਨੂੰ ਕਿ ਤੂੰ ਵੀ ਠੀਕ, ਕਿਧਰੇ ਕੁੜੀ ਦੇ ਚਾਚੇ ਨੂੰ ਤੇ ਕਿਧਰੇ ਕੁੜੀ ਨੂੰ। ਅਗਲਿਆਂ ਘਰੇ ਮਾਤਮ ਪਿਆ ਹੁੰਦਾ ਇਹ ਤੱਪੇ ਤਦੂੰਰ ਵਿਚ ਹੋਰ ਬਾਲਣ ਸੁਟਦੇ, ਹੋਰ ਬਾਲਣ ਸੁਟਦੇ।। ਲੋਕਾਂ ਦਾ ਵੀ ਸਰਿਆ। ਉਹ ਮਾਂ ਦੇ ਪੁੱਤ ਕਾਲ ਤੇ ਕਾਲ ਖੜਕਾਈ ਜਾਣਗੇ। ਕਈ ਬੜੇ ਮਾਣ ਨਾਲ ਦੱਸਦੇ ਕਿ ਉਹ ਟਰੱਕ ਪਾਸੇ ਲਾ ਕੇ ਤੁਹਾਡੀਆਂ ਯੱਬਲੀਆਂ ਵਿਚ ਹਿੱਸਾ ਪਾ ਕੇ ਤੁਹਾਡੇ ਸ਼ੋਅ ਨੂੰ ਚਾਰ ਚੰਨ ਲਾ ਰਹੇ ਹਨ। ਉਨ੍ਹਾਂ ਕਮਲਿਆਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਵਿਚੋਂ ਬਹੁਤਿਆਂ ਦੇ ਘਰਾਂ ਦੀਆਂ ਆਪਦੀਆਂ ਤਾਂ ਕੰਧਾਂ ਢੱਠੀਆਂ ਹੀ ਨੇ ਤੇ ਦੂਜਿਆਂ ਦੇ ਬਨੇਰੇ ਢਾਹ ਕੇ ਇਹ ਸਵਾਦ ਲੈਣ ਤੋਂ ਬਿਨਾ ਕੱਖ ਨਹੀਂ ਸਵਾਰ ਰਹੇ ਲੋਕਾਂ ਦਾ। ਬਹੁਤੇ ਲੋਕਾਂ ਵਿਚ ਕਈ ਮੀਡੀਏ ਵਾਲਿਆਂ ਬਾਰੇ ਬਹੁਤ ਕੁਝ ਊਲ-ਜਲੂਲ ਕਹਿਣ ਨੂੰ ਪਰ ਉਹ ਕੰਨ-ਰਸ ਦੇ ਮਾਰੇ ਸੁਣਨੋ ਅਤੇ ਵਿਚ ਜਾ ਕੇ ਅਪਣੀ ਝੱਖ ਮਾਰਨੋ ਫਿਰ ਵੀ ਨਹੀਂ ਰਹਿ ਸਕਦੇ।

ਬਾਬਾ ਸੋਚਦਾ ਸੀ ਕਿ ਜੇ ਲੋਕ ਕਾਲਾਂ ਕਰਨੋ ਹੱਟ ਜਾਣ ਤਾਂ ਬਹੁਤੇ ਲੋਕ ਪ੍ਰੋਗਰਾਮ ਬੰਦ ਕਰਕੇ ਅਪਣੇ ਪੁਰਾਣੇ ਧੰਦੇ ਯਾਨੀ ਟਰੱਕ ਜਾਂ ਟੈਕਸੀ ਤੇ ਚੜ੍ਹ ਜਾਣ ਜਾਂ ਉਨ੍ਹਾਂ ਕੋਲੇ ਚਮਕੀਲਾ ਲਾਉਂਣ ਤੋਂ ਬਿਨਾ ਕੋਈ ਚਾਰਾ ਨਾ ਰਹੇ। ਕਿਉਂਕਿ ਉਨ੍ਹਾਂ ਕੋਲੇ ਅਪਣੇ ਕੋਲੇ ਕਹਿਣ ਨੂੰ ਤਾਂ ਕੁਝ ਨਹੀਂ। ਉਹ ਚਲਦੇ ਹੀ ਲੋਕਾਂ ਦੀ ਤੂੰ-ਤੂੰ ਮੈਂ-ਮੈਂ ਕਾਰਨ ਹੈ। ਜਿਹੜਾ ਜਿੰਨਾ ਲੋਕਾਂ ਨੂੰ ਲੜਾ ਸਕੇ, ਜਿਹੜਾ ਜਿੰਨਾ ਲੋਕਾਂ ਦੀ ਤੂੰ-ਤੂੰ ਮੈਂ-ਮੈਂ ਕਰਾ ਸਕੇ ਉਹ ਉਨਾ ਹੀ ਕਾਮਯਾਬ ਹੋਸਟ ਤੇ ਉਸ ਦਾ ਉਨਾ ਹੀ ਹਰਮਨ-ਪਿਆਰਾ ਪ੍ਰੋਗਰਾਮ। ਇੰਝ ਹੀ ਹੈ ਨਾ?

ਲੋਕਾਂ ਵਿਚਾਰਿਆਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਤੂੰ-ਤੂੰ ਮੈਂ-ਮੈਂ ਦੀ ਮਗਜ ਖਪਾਈ ਤਾਂ ਤੁਸੀਂ ਕੀਤੀ ਆਪਸ ਵਿਚ, ਇਨ੍ਹਾਂ ਦੀ ਕੀ ਪ੍ਰਪਾਤੀ ਹੋਈ ਕਿ ਤੁਸੀਂ ਸਾਹਬ-ਸਾਹਬ ਕਰਦੇ ਇਨ੍ਹਾਂ ਨੂੰ ਪਾਟਣੇ ਕਰਦੇ ਰਹਿੰਦੇ ਹੋ ਕਿ ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚਲ ਰਿਹਾ, ਤੁਸੀਂ ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ, ਤੁਸੀਂ ਜੀ ਬੜੇ ਮਹਾਨ ਹੋ। ਉਹ ਸਵਾਲ ਹੀ ਨਹੀਂ ਕਰਦੇ ਕਿ ਜਿਹੜਾ ਵਿਸ਼ਾ ਤੁਸੀਂ ਲੈ ਕੇ ਆਏ ਹੋ ਉਸ ਉਪਰ ਤੁਹਾਡੀ ਅਪਣੀ ਕੀ ਜਾਣਕਾਰੀ ਹੈ।

ਕਈ ਤਾਂ ਭੰਡਾਂ ਵਾਂਗ ਅਪਣੇ ਹੀ ਮੁੰਡੇ ਜੰਮਿਆਂ ਦੀਆਂ ਵਧਾਈਆਂ ਲਈ ਜਾਂਦੇ ਰਹਿੰਦੇ ਬਿਨਾ ਇਸ ਗੱਲ ਨੂੰ ਸਮਝੇ ਕਿ ਉਨ੍ਹਾਂ ਘਰ ਕੀ ਕਿਸੇ ਕੋਈ ਖਾਸ ਅਵਤਾਰ ਧਾਰਿਆ? ਤੇ ਕਈ ਅਪਣੇ ਕਿਸੇ ਪੰਜਾਬੋਂ ਆਏ ਮਿੱਤਰ-ਦੋਸਤ ਜਾਂ ਰਿਸ਼ਤੇਦਾਰ ਜਾਂ ਕਿਸੇ ਲੀਡਰ ਜਾਂ ਕਿਸੇ ਟੁੱਕੜਬੋਚ ਆਫੀਸਰ ਦੇ ਕਨੇਡਾ ਆਉਂਣ ਤੇ ਜੀ-ਆਇਆਂ ਦੀ ਹੀ ਝੜੀ ਲਾ ਦਿੰਦੇ ਹਨ। ਕਿਉਂ? ਐਵੇਂ ਹੀ ਟੌਹਰ ਬਣਾਉਂਣ ਲਈ ਜਾਂ ਚਾਪਲੂਸੀ ਲਈ ਜਦ ਕਿ ਇਹ ਸਭ ਕੁਝ ਮੀਡੀਏ ਦਾ ਦਾਇਰੇ ਵਿਚ ਹੀ ਨਹੀਂ ਆਉਂਦਾ। ਕਿ ਆਉਂਦਾ?

ਬਾਬਾ ਫੌਜਾ ਸਿੰਘ ਦਾ ਇਕ ਮਿੱਤਰ ਕਹਿੰਦਾ ਕਿ ਬਹੁਤੇ ਤਾਂ ਯਾਰ ਬਲੂਰ ਵਾਲਿਆਂ ਕੋਲੋਂ ਪੈਸੇ ਲੈਂਦੇ ਹਨ ਉਸ ਦਾ ਮੱਤਲਬ ਸੀ ਕਿ ਵਿਕਾਊ ਹਨ। ਬਾਬਾ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਸਹਿਮਤ ਨਹੀਂ। ਕਿਉਂਕਿ ਬਹੁਤੇ ਤਾਂ ਖੁਦ ਹੀ ਇਨੇ ਫੁਕਰੇ ਹਨ ਕਿ ਉਨ੍ਹਾਂ ਦੀ ਕੋਈ ਕੀਮਤ ਹੀ ਨਹੀਂ। ਉਹ ਮੁਫਤ ਵਿਚ ਹੀ ਚਾਪਲੂਸੀ ਕਰਕੇ ਤੇ ਖੁਦ ਹੀ ਜਾ ਕੇ ਉਨ੍ਹਾਂ ਨੂੰ ਦੱਸਦੇ ਹਨ ਕਿ ਵੇਖਿਆ ਜੀ ਸਾਡੀਆਂ ਪ੍ਰਾਪਤੀਆਂ? ਇਹੀ ਕਾਰਨ ਹੈ ਕਿ ਉਹ ਕਿਸੇ ਵੀ ਸਿੱਖ ਮਸਲੇ ਤੋਂ ਪਾਸਾ ਵੱਟ ਲੈਂਦੇ ਹਨ। ਬਹਾਨਾ ਕੀ ਹੈ? ਅਸੀਂ ਜੀ ਕਿਸੇ ਧਾਰਮਿਕ ਮਸਲੇ ਵਿਚ ਦਖਲ ਨਹੀਂ ਦਿੰਦੇ ਯਾਨੀ ਅਸੀਂ ਧਰਮ ਨਿਰਪੱਖ ਹਾਂ। ਉਨ੍ਹਾਂ ਦੀ ਇਹ ਦਲੀਲ ਉਨ੍ਹਾਂ ਸਾਧਾਂ ਵਰਗੀ ਹੈ ਜਿਹੜੇ ਇਹ ਤਾਂ ਦੱਸ ਨਹੀਂ ਸਕਦੇ ਕਿ ਕਿਸੇ ਸਿੱਖ ਮਸਲੇ ਤੇ ਬੋਲਣ ਲੱਗਿਆਂ ਸਾਡੀ ਲੂੰਗੀ ਭਿੱਜਦੀ ਹੈ ਬਲਕਿ ਉਹ ਇਹ ਕਹਿਕੇ ਸਾਰ ਦਿੰਦੇ ਹਨ ਕਿ ਜੀ ਸਾਡੇ ਬਾਬਾ ਜੀ ਨੇ ਕਿਹਾ ਸੀ ਕਿ ਅਸੀਂ ਰਾਜਨੀਤੀ ਵਿਚ ਕੋਈ ਦਖਲ ਨਹੀਂ ਦੇਣਾ!!

ਕਈ ਪ੍ਰੋਗਾਰਮਾ ਵਾਲੇ ਸਿੱਖ ਮਸਲਿਆਂ ਉਪਰ ਖੁਲ੍ਹ ਕੇ ਬੋਲਦੇ ਜਰੂਰ ਹਨ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਿਆਂ ਦੀ ਗਿਣਤੀ ਕੋਈ ਬਹੁਤੀ ਨਹੀਂ। ਇੱਕ ਕਾਰਨ ਕਿ ਉਨ੍ਹਾਂ ਦੀ ਗੱਲ ਵਿਚ ਵਜਨ ਹੀ ਕੋਈ ਨਹੀਂ ਹੁੰਦਾ। ਐਵੇਂ ਸਿਾਅਪੇ ਤੇ ਲਿਆਂਦੀ ਥੱਕੀ ਹੋਈ ਨੈਣ ਵਾਂਗ ਰੋਈ ਜਿਹੀ ਜਾਂਦੇ ਜਿਵੇਂ ਰੋਣ ਨਾਲ ਖਾਲਿਸਤਾਨ ਮਿਲ ਜਾਣਾ ਹੁੰਦਾ। ਉਹ ਸਵਾਲ ਨੂੰ ਹੀ ਜਵਾਬ ਬਣਾ ਕੇ ਰੱਬ ਜਿੱਡਾ ਅਜਿਹਾ ਲੰਮਾ ਲੈ ਜਾਂਦੇ ਕਿ ਸੁਣਨ ਵਾਲਾ ਸਵਾਲ ਹੀ ਭੁੱਲ ਜਾਂਦਾ ਹੈ। ਦੂਜੇ ਉਹ ਵੀ ਹਨ ਜਿਹੜੇ ਗੱਲ ਤਾਂ ਕਰ ਲੈਂਦੇ ਹਨ ਪਰ ਲੋਕਾਂ ਦੀ ਅਕਲ ਉਦੋ ਜਵਾਬ ਦੇ ਜਾਂਦੀ ਜਦ ਖਾਲਿਸਤਾਨ ਦੇ ਵਿਚੇ ਚਮਕੀਲਾ ਜੜ ਦਿੰਦੇ। ਉਨ੍ਹਾਂ ਦਾ ਸਾਰਾ ਜੋਰ ਵਿਰੋਧੀਆਂ ਦੀਆਂ ਚਿਖਾਵਾਂ ਚਿਣਨ ਉਪਰ ਜਾਂ ਲੋਕਾਂ ਨੂੰ ਲਵ-ਲੈਟਰ ਦੇਣ ਵਿਚ ਹੀ ਲੱਗਾ ਰਹਿੰਦਾ। ਬਾਬਾ ਫੌਜਾ ਸਿੰਘ ਸੋਚਦਾ ਸੀ ਕਿ ਖਾਲਿਸਤਾਨ ਨਾਲੋਂ ਆਮ ਲੋਕ ਇਸ ਕਦਰ ਸ਼ਾਇਦ ਕਦੇ ਨਾ ਟੁੱਟਦੇ ਜੇ ਅਜਿਹੇ ਕ੍ਰੈਕਟਰਾਂ ਹੱਥ ਇਸ ਲਹਿਰ ਦੀ ਵਾਗਡੋਰ ਨਾ ਹੁੰਦੀ। ਇਨ੍ਹਾਂ ਦੇ ਬੇਲੀ ਦਿੱਲੀ ਜਾ ਕੇ ਗਾਂਧੀ ਦੀਆਂ ਸਮਾਧਾਂ ਤੇ ਮੱਥੇ ਵੀ ਟੇਕਦੇ ਰਹੇ, ਸਿੱਖਾਂ ਦੇ ਕਾਤਲਾਂ ਨਾਲ ਚਾਹ ਦੇ ਸੁੜਾਕੇ ਵੀ ਲਾਉਂਦੇ ਪਰ ਇਨ੍ਹਾਂ ਦੀ ਮਿੱਤਰਤਾ ਵਿਚ ਕੋਈ ਫਰਕ ਨਹੀਂ ਸੀ ਪਿਆ। ਕਾਤਲਾਂ ਦੇ ਬੇਲੀਆਂ ਨਾਲ ਯਾਰੀਆਂ ਤੇ ਫਿਰ ਵੀ ਖਾਲਿਸਤਾਨੀ? ਖਾਲਿਸਤਾਨ ਦੇ ਨਾਂ ਤੇ ਜੋ ਗਰੀਬੀ ਇਨ੍ਹਾਂ ਲੋਕਾਂ ਵਿਚ ਵੰਡੀ ਉਹ ਅੱਜ ਤੱਕ ਵੀ ਦੇਖੀ ਜਾ ਸਕਦੀ। ਕਿਉਂਕਿ ਜੋ ਕੁਝ ਲੋਕਾਂ ਅਗੇ ਪੇਸ਼ ਕੀਤਾ ਗਿਆ ਲੋਕ ਉਸ ਤੋਂ ਅਵਾਜਾਰ ਹੋ ਕੇ ਬਿੱਲਕੁਲ ਯੂ ਟਰਨ ਮਾਰ ਗਏ ਯਾਨੀ ਸਿੱਖ ਮਸਲਿਆਂ ਤੋਂ ਅੱਖਾਂ ਫੇਰ ਗਏ ਤੇ ਅੱਜ ਹਲੂਣਿਆਂ ਵੀ ਨਹੀਂ ਜਾਗਦੇ।

ਬਾਬਾ ਫੌਜਾ ਸਿੰਘ ਨੂੰ ਇਕ ਵਾਰੀ ਗੱਲ ਯਾਦ ਏ। ਕੋਈ 5-6 ਸਾਲ ਦੀ ਹੋਵੇਗੀ। ਸ਼ਾਮ ਜਿਹੀ ਨੂੰ ਇੱਕ ਪ੍ਰੋਗਰਾਮ ਚਲ ਰਿਹਾ ਸੀ। ਇੱਕ ਬਜੁਰਗ ਏਅਰ ਉਪਰ ਆਇਆ। ਕਿਸੇ ਠੱਗੀ-ਠੋਰੀ ਉਪਰ ਗੱਲ ਚਲ ਰਹੀ ਸੀ। ਉਸ ਬਜ਼ੁਰਗ ਨੇ ਇਨੇ ਵਧੀਆ ਸਲੀਕੇ, ਇਨੇ ਦ੍ਰਿੜ ਤੇ ਚੰਗੇ ਲਫਜਾਂ ਵਿਚ ਅਪਣੇ ਖਿਆਲ ਪੇਸ਼ ਕੀਤੇ ਕਿ ਬਾਬਾ ਅਸ਼-ਅਸ਼ ਕਰ ਉਠਿਆ। ਬਾਬੇ ਦਾ ਦਿਲ ਕਰਨ ਲੱਗ ਪਿਆ ਕਿ ਹੋਸਟ ਕੋਲੋਂ ਫੋਨ ਲੈ ਕੇ ਉਸ ਬਜ਼ੁਰਗ ਨੂੰ ਫੋਨ ਹੀ ਨਹੀਂ ਕਰਾਂਗਾ ਬਲਕਿ ਮਿਲਾਂਗਾ ਵੀ। ਪਰ ਉਹ ਜਾਣ ਲੱਗਿਆ ਪਤਾ ਕੀ ਕਹਿੰਦਾ।

ਓ ਜੀ, ਮੈਨੂੰ ਹੋਰ ਕੋਈ ਇਨਾਮ-ਸ਼ਿਨਾਮ ਤਾਂ ਨਹੀਂ ਚਾਹੀਦਾ ਓਹ ਤੁਹਾਡੇ ਜਾਣੂੰ ਫਲਾਂ ਸਵੀਟ ਵਾਲੇ ਦੇਸੀ ਘਿਓ ਦੇ ਜਲੇਬ ਬੜੇ ਆਹਲਾ ਬਣਾਉਂਦੇ ਨੇ ਉਨ੍ਹਾਂ ਨੂੰ ਫੋਨ ਕਰ ਦਿਓ ਕਿ ਮੈਨੂੰ ਪੌਂਡ ਜਲੇਬ ਦੇ ਦੇਣ!!!

ਬਾਬਾ ਮੱਥੇ ਤੇ ਹੱਥ ਮਾਰ ਕੇ ਰਹਿ ਗਿਆ! ਉਸ ਨੇ ਅਪਣੀਆਂ ਕੀਮਤੀ ਗੱਲਾਂ ਇੱਕ ਪੌਂਡ ਜਲੇਬਾਂ ਤੇ ਹੀ ਵੇਚ ਦਿੱਤੀਆਂ।

ਕਈ ਵਾਰ ਬਾਬਾ ਅਪਣੇ ਲੋਕਾਂ ਦੀ ਗਰੀਬੀ ਉਪਰ ਬੜਾ ਹੈਰਾਨ ਹੁੰਦਾ ਜਦ ਬੀਬੀਆਂ 10 ਡਾਲਰ ਦੀ ਟਿਕਟ ਜਾਂ ਡਾਲਰ ਦੀ ਸੀ.ਡੀ ਲੈਣ ਖਾਤਰ ਹੋਸਟ ਦੇ ਕੰਜਰਪੁਣੇ ਵਿਚ ਸ਼ਾਮਲ ਹੁੰਦੀਆਂ ਜਦ ਉਹ ਕਹਿੰਦਾ, ਕੋਈ ਕੋਈ ਚੋਂਦੀ ਚੋਂਦੀ ਬੋਲੀ ਸੁਣਾ ਜੇ ਟਿਕਣ ਲੈਂਣੀ!!!

ਬਾਬਾ ਸੋਚਦਾ ਇਨ੍ਹਾਂ ਦੇ ਘਰਾਂ ਵਿਚ ਕੋਈ ਹੈ ਨਹੀਂ ਜਿਹੜਾ ਇਨ੍ਹਾਂ ਦੀ ਗਰੀਬੀ ਤੇ ਤਰਸ ਕਰਕੇ ਇਨ੍ਹਾਂ ਨੂੰ ਦੋ ਟਿਕਟਾਂ ਲੈ ਦਏ? ਇਨਾਮਾਂ ਦੇ ਨਾਂ ਤੇ ਇਹ ਲੋਕਾਂ ਦੀ ਭੁੱਖ ਨੰਗ ਦੇ ਢਿੱਡ ਉਪਰੋਂ ਅਜਿਹਾ ਪੜਦਾ ਲਾਹੁੰਦੇ ਹਨ ਕਿ ਸੁਣਨ ਵਾਲੇ ਨੂੰ ਸ਼ਰਮ ਆਉਂਣ ਲੱਗ ਪੈਂਦੀ ਪਰ ਨਾ ਇਨਾਮ ਲੈਣ ਵਾਲ਼ਿਆਂ ਤੇ ਨਾਂ ਦੇਣ ਵਾਲਿਆਂ ਨੂੰ ਆਉਂਦੀ। ਕਿ ਆਉਂਦੀ?

ਲੋਕ ਤਾਂ ਚਲੋ ਇੰਝ ਹਨ ਜਿਵੇਂ ਡਰਾਈਵਰ ਉਪਰ ਸਭ ਕੁਝ ਛੱਡ ਬੱਸ ਵਿਚ ਅਰਾਮ ਨਾਲ ਬੈਠੇ ਹਨ ਪਰ ਇਹ ਤਾਂ ਡਰਾਈਵਰ ਹੀ ਬੇਈਮਾਨ ਹੈ ਨਾ ਜੇ ਉਹ ਸਵਾਰੀਆਂ ਨੂੰ ਖਤਾਨਾ-ਟਿੱਬਿਆਂ ਵਿਚ ਲਿਜਾ ਕੇ ਸੁੱਟ ਦਏ। ਲੋਕਾਂ ਦਾ ਹਾਲ ਉਦੋਂ ਦੇਖਣ ਵਾਲਾ ਹੁੰਦਾ ਜਦ ਹੋਸਟ ਕਿਸੇ ਨਚਾਰ ਜਾਂ ਐਕਟਰ ਦਾ ਨਾਂ, ਗਾਣਾ ਜਾਂ ਉਸ ਦੀ ਫਿਲਮ ਪੁੱਛਦਾ। ਲੋਕਾਂ ਨੂੰ ਜਾਪਦਾ ਕਿ ਇਹ ਕੁੰਭ ਦਾ ਮੇਲਾ ਫਿਰ ਨਹੀਂ ਛੇਤੀ ਆਉਂਣਾ ਤੇ ਅਪਣੀ ਇਸ ਕਬਾੜਖਾਨੇ ਉਪਰ ਕੀਤੀ ਪੀ.ਐਚ.ਡੀ. ਦੇ ਛੇਤੀ ਤੋਂ ਛੇਤੀ ਜੌਹਰ ਦਿਖਾ ਹੀ ਦਿੱਤੇ ਜਾਣ ਤਾਂ ਭਲਾ।

ਬਾਬਾ ਫੌਜਾ ਸਿੰਘ ਸੋਚਦਾ ਕਿ ਕੁੱਲ ਪਾ ਕੇ ਮੀਡੀਏ ਦਾ ਰੋਲ ਕੋਈ ਬਹੁਤਾ ਉਸਾਰੂ ਨਹੀਂ ਸਿਵਾਏ ਕੁਝ ਇੱਕ ਪ੍ਰੋਗਰਾਮਾ ਨੂੰ ਛੱਡ ਕੇ ਜਿਸ ਵਿਚ ਇਤਿਹਾਸ ਦੀ ਜਾਣਕਾਰੀ ਅਤੇ ਕੁਝ ਚੰਗੇ ਬੁਲਾਰੇ ਕਈਆਂ ਪ੍ਰੋਗਰਾਮਾ ਤੇ ਆ ਕੇ ਬੋਲ ਜਾਂਦੇ ਹਨ ਤੇ ਪੰਜਾਬ ਅਤੇ ਇਥੋਂ ਦੀ ਵੀ ਵਧੀਆ ਕਵਰੇਜ ਕਰ ਜਾਂਦੇ ਹਨ, ਜਿਸ ਵਿਚ ਲੋਕਾਂ ਦੇ ਸਿੱਖਣ ਨੂੰ ਕਾਫੀ ਕੁਝ ਹੁੰਦਾ, ਪਰ ਜੇ ਸਿੱਖਣਾ ਚਾਹੁਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top