Share on Facebook

Main News Page

ਰੱਬ ਕੀ ਗੁਰਦੁਆਰੇ ਵਿੱਚ ਹੀ ਹੈ?
-
ਗੁਰਦੇਵ ਸਿੰਘ ਸੱਧੇਵਾਲੀਆ

ਇਹ ਸਵਾਲ ਮੈਂ ਨਵੇਂ ਚਲੇ ‘ਰੇਡੀਓ ਨਗਾਰੇ’ ਤੋਂ ਰਾਣੇ ਮੂੰਹੋਂ ਸੁਣਿਆ। ਇਹ ਸਵਾਲ ਦਰਅਸਲ ਉਨ੍ਹਾਂ ਭਾਈ ਪੰਥਪ੍ਰੀਤ ਸਿੰਘ ਹੋਰਾਂ ਨੂੰ ਕੀਤਾ ਸੀ। ਭਾਈ ਪੰਥਪ੍ਰੀਥ ਸਿੰਘ ਹੋਰਾਂ ਦਾ ਜਵਾਬ ਤਾਂ ਵਜਨਦਾਰ ਹੋਣਾ, ਉਹ ਵਿਦਵਾਨ ਨੇ, ਪਰ ਮੈਂ ਸੁਣ ਨਹੀਂ ਸਕਿਆ ਕਿ ਉਨ੍ਹਾਂ ਕੀ ਜਵਾਬ ਦਿੱਤਾ, ਪਰ ਇਸ ਸਵਾਲ ਨੇ ਮੈਨੂੰ ਜਰੂਰ ਸੋਚਣ ਲਾ ਦਿੱਤਾ ਕਿ ਰੱਬ ਗੁਰਦੁਆਰੇ ਵਿੱਚ ਹੈ? ਰੱਬ ਦਾ ਸਬੰਧ ਗੁਰਦੁਆਰੇ ਨਾਲ ਹੈ? ਜੇ ਹੈ ਤਾਂ ਕਿੰਨਾ ਕੁ? ਉਂਝ ਰੱਬ ਨੂੰ ਗੁਰਦੁਆਰੇ ਵਾਲਿਆਂ ਗੁਰਦੁਆਰੇ ਰਹਿਣ ਵੀ ਦਿੱਤਾ ਹੈ? ਹਲਾਤਾਂ ਮੁਤਾਬਕ ਤਾਂ ਗੁਰਦੁਆਰੇ ਦਾ ਪ੍ਰਧਾਨ ਹੀ ਰੱਬ ਹੁੰਦਾ ਹੈ, ਜਦ ਉਹ ਨਾ ਹੋਵੇ ਤਾਂ ਸਕੱਤਰ ਰੱਬ? ਯਾਨੀ ਛੋਟਾ ਰੱਬ? ਇੱਕ ਵੱਡਾ ਰੱਬ ਤੇ ਦੂਜਾ ਛੋਟਾ ਰੱਬ! ਭਾਈਆਂ ਗਰੰਥੀਆਂ ਲਈ ਰੱਬ, ਸਿਰੋਪੇ ਲੈਣ ਵਾਲੇ ਲੀਡਰਾਂ ਲਈ ਰੱਬ, ਇੰਡੀਆਂ ਤੋਂ ਕਿਸੇ ਰਿਸ਼ਤੇਦਾਰ ਦੀ ਸਪਾਂਸਰ-ਸ਼ਿਪ ਮੰਗਵਾਉਂਣ ਵਾਲਿਆ ਲਈ ਰੱਬ, ਮਹਿੰਗੇ ਵਕੀਲਾਂ ਲਈ ਰੱਬ। ਦਿੰਦਾ ਨਾ ਛੱਤ ਪਾੜ ਕੇ ਵਕੀਲਾਂ ਨੂੰ ਲੱਖਾਂ? ਦੱਸੋ ਵਕੀਲ ਦਾ ਰੱਬ ਹੋਇਆ ਨਾ ਪ੍ਰਧਾਨ? ਜਿੰਨਾ ਵੱਡਾ ਗੁਰਦੁਆਰਾ ਉਨਾਂ ਵੱਡਾ ਰੱਬ? ਦਰਬਾਰ ਸਾਹਿਬ ਵਾਲੇ ਮੱਕੜ ਵਲ ਵੇਖੋ ਨਾ। ਉਸ ਦੇ ਸਾਹਵੇਂ ਰੱਬ ਕੋਈ ਸ਼ੈਅ ਹੈ?

ਪਰ ਇਥੇ ਸਵਾਲ ਅਸਲੀ ਰੱਬ ਦਾ ਹੈ, ਕਿ ਉਹ ਕੀ ਕੇਵਲ ਗੁਰਦੁਆਰੇ ਹੀ ਹੈ? ਗੁਰਦੁਆਰੇ ਨਾਲ ਰੱਬ ਦੇ ਹੋਣ ਦਾ ਕੋਈ ਸਬੰਧ ਨਹੀਂ। ਜੇ ਕੋਈ ਇੰਝ ਸੋਚਦਾ ਹੈ, ਤਾਂ ਉਹ ਰੱਬ ਬਾਰੇ ਗਲਤ ਸੋਚ ਰਿਹੈ। ਭਗਤ ਕਬੀਰ ਜੀ ਮੂਹਰੇ ਵੀ ਜਦ ਇਹ ਸਵਾਲ ਆਇਆ, ਤਾਂ ਉਹ ਕਹਿ ਉੱਠੇ ਕਿ ਸਾਈਂ ਯਾਨੀ ਰੱਬ ਤਾਂ ਮੇਰੇ ਨਾਲ ਲੜ ਹੀ ਪਿਆ ਕਿ ਤੈਨੂੰ ਕੀਹਨੇ ਕਿਹਾ ਸੀ ਮੈਂ ਮਸਜਿਦ ਵਿਚ ਰਹਿਨਾ। ਰੱਬ ਦਾ ਸਾਰਾ ਬ੍ਰਹਮੰਡ ਹੀ ਗੁਰਦੁਆਰਾ ਹੈ, ਉਹ ਛੋਟੇ ਗੁਰਦੁਆਰੇ ਵਿਚ ਕੈਦ ਕਿਉਂ ਹੋਵੇਗਾ? ਹੋਵੇਗਾ? ਗੁਰੂ ਨਾਨਕ ਸਾਹਿਬ ਜੀ ਨੇ ਵੀ ਰੱਬ ਨੂੰ ਕਿਸੇ ਖਾਸ ਥਾਂ ਦਾ ਮੁਥਾਜ ਨਹੀਂ ਮੰਨਿਆ। ਰੱਬ ਇਧਰ ਹੈ, ਤਾਂ ਬਾਕੀ ਦੁਨੀਆਂ ਤਾਂ ਗਈ! ਜੇ ਰੱਬ ਇਕ ਥਾਂ ਬੈਠਣ ਵਾਲਾ ਹੁੰਦਾ ਤਾਂ ਰੱਬ ਦੀ ਜੋ ਹਾਲਤ ਹੁੰਦੀ ਰੱਬ ਹੀ ਜਾਣਦਾ। ਨਹੀਂ?

ਪਰ ਰੱਬ ਇੰਝ ਦਾ ਨਹੀਂ ਕਿ ਕਿਸੇ ਥਾਂ ਹੋਰ ਤੇ ਕਿਤੇ ਹੋਰ। ਰੱਬ ਸਭ ਥਾਂਈ ਹੈ। ਜ਼ਰੇ-ਜ਼ਰੇ ਵਿੱਚ, ਕਣ ਕਣ ਵਿੱਚ, ਹਰੇਕ ਥਾਂ ਤੇ, ਹਰੇਕ ਹਿਰਦੇ ਵਿਚ, ਹਰੇਕ ਸਰੀਰ ਵਿੱਚ। ਜੇ ਰੱਬ ਜੱਟ ਵਿਚ ਧੜਕ ਰਿਹੈ, ਤਾਂ ਚੂਹੜੇ ਜਾਂ ਚਮਾਰ ਵਿੱਚ ਵੀ ਉਨਾ ਹੀ ਰੱਬ ਧੜਕ ਰਿਹਾ ਹੈ। ਬ੍ਰਾਹਮਣ ਵਿੱਚ ਜਿਆਦਾ ਰੱਬ ਨਹੀਂ, ਤੇ ਸ਼ੂਦਰ ਵਿਚ ਘੱਟ ਨਹੀਂ। ਰੱਬ, ਪੱਸ਼ੂ, ਪੰਛੀ, ਕੁੱਤੇ, ਬਿੱਲੇ, ਸ਼ੇਰ, ਹਾਥੀ, ਚੀਤੇ, ਬੱਕਰੀ ਸਭ ਵਿਚ ਹੈ ਤੇ ਹੈ ਵੀ ਬਰਾਬਰ।

ਸਵਾਲ ਫਿਰ ਉਥੇ ਹੀ ਖੜਾ ਹੈ, ਕਿ ਫਿਰ ਗੁਰਦੁਆਰੇ ਕੀ ਹੈ? ਯਾਦ ਰਹੇ ਕਿ ਗੁਰਦੁਆਰਾ ਪੂਜਾ ਅਸਥਾਨ ਨਹੀਂ ਕਿ ਜਿਥੇ ਪ੍ਰਸ਼ਾਦ ਜਾਂ ਮਹਿੰਗੇ ਚ੍ਹੜਾਵੇ ਚ੍ਹਾਹੜ ਕੇ ਰੱਬ ਨੂੰ ਖੁਸ਼ ਕੀਤਾ ਜਾਂ ਪਾਇਆ ਜਾ ਸਕਦਾ। ਜੇ ਇੰਝ ਹੁੰਦਾ ਤਾਂ ਰੱਬ ਅਮੀਰ ਲੋਕਾਂ ਦਾ ਹੀ ਹੁੰਦਾ। ਗੁਰਦੁਆਰਾ ਤਾਂ ਅਮੀਰ ਲੋਕਾਂ ਦਾ ਹੋ ਸਕਦਾ, ਪਰ ਰੱਬ ਕੀ ਹੋ ਸਕਦਾ?

ਗੁਰਦੁਆਰਾ ਤਾਂ ਸਕੂਲ ਹੈ, ਇਸ ਗੱਲ ਨੂੰ ਸਿੱਖਣ ਲਈ ਕਿ ਰੱਬ ਹਰੇਕ ਥਾਂ ਹੈ, ਹਰੇਕ ਵਿਚ ਹੈ, ਹਰੇਕ ਦਿਸ਼ਾ ਰੱਬ ਹੀ ਰੱਬ! ਰੱਬ ਤੋਂ ਬਿਨਾ ਕੁਝ ਹੈ ਹੀ ਨਹੀਂ। ਹੈ ਕੁਝ? ਤੇ ਇਹ ਗੱਲ ਇਸ ਸਕੂਲ ਵਿਚੋਂ ਗਰੀਬ ਵੀ ਸਿੱਖ ਸਕਦਾ ਅਮੀਰ ਵੀ, ਜੱਟ ਚੂਹੜਾ, ਬ੍ਰਾਹਮਣ ਅਤੇ ਸ਼ੂਦਰ ਵੀ। ਐਨੀ ਗੱਲ ਮੇਰੀ ਸਮਝ ਜੇ ਆ ਗਈ ਤਾਂ ਗੁਰਦੁਆਰੇ ਦਾ ਮੱਕਸਦ ਮੇਰੇ ਸਮਝ ਆ ਜਾਏਗਾ। ਮੇਰੀ ਮੁਸ਼ਕਲ ਜੁੱਗਾਂ ਤੋਂ ਇਹ ਰਹੀ ਹੈ ਕਿ ਮੈਂ ਕਦੇ ਕਿਸੇ ਪੱਥਰ ਨੂੰ ਰੱਬ ਮੰਨ ਕੇ ਸਿਰ ਸੁੱਟ ਲਿਆ, ਕਦੇ ਕਿਸੇ ਪਿੱਪਲ, ਬੋਹੜ, ਸੱਪ, ਚੂਹੇ ਨੂੰ ਹੀ ਰੱਬ ਮੰਨ ਲਿਆ ਤੇ ਲੱਗ ਪਿਆ ਸਿਰ ਰਗੜਨ। ਹਿੰਦੂ ਦੇ 68 ਤੀਰਥ ਇਸੇ ਕਾਰਨ ਹੀ ਲੁੱਟ ਦਾ ਕਾਰਨ ਬਣੇ ਕਿ ਮਨੁੱਖ ਨੇ ਉਥੇ ਰੱਬ ਬੈਠਾ ਸਮਝ ਲਿਆ। ਸ਼੍ਰਮੋਣੀ ਕਮੇਟੀ ਦਾ ਕ੍ਰੋੜਾਂ ਦਾ ਬਜਟ, ਉਥੇ ਦੀ ਵਾਹਿਯਾਤ ਕੁਰੱਪਸ਼ਨ, ਸ਼ਰਾਬਾਂ, ਭੁੱਕੀਆਂ, ਡੋਡੇ ਇਹ ਸਭ ਮੇਰੀ ਮੂਰਖਤਾ ਦੀ ਨਿਸ਼ਾਨੀ ਹੈ, ਕਿ ਮੈਂ ਰੱਬ ਨੂੰ ਦਰਬਾਰ ਸਾਹਿਬ ਬੈਠੇ ਮੰਨ ਲਿਆ ਤੇ ਲੱਗ ਪਿਆ ਚੜਾਵੇ ਚਾੜਨ, ਤੇ ਨਤੀਜਾ?

ਦਰਬਾਰ ਸਾਹਿਬ ਜਾਂ ਬਾਕੀ ਗੁਰਦੁਆਰੇ ਪੂਜਾ ਅਸਥਾਨ ਨਹੀਂ ਹਨ। ਇਹ ਮੇਰੇ ਗੁਰੂ ਸਾਹਿਬਾਨਾਂ ਦੀਆਂ ਯਾਦਾਂ ਨਾਲ ਜੁੜੇ ਹੋਏ ‘Historical’ ਥਾਂ ਹਨ, ਜਿਥੇ ਜਾ ਕੇ ਮੈਂ ਅਪਣੀ ਸੁਰਤ ਵਿਚ ਇਤਿਹਾਸ ਨੂੰ ਉਤਾਰਨਾ ਸੀ, ਅਤੇ ਇਸ ਤੋਂ ਪ੍ਰੇਰਨਾ ਲੈਣੀ ਸੀ ਤਾਂ ਕਿ ਮੇਰਾ ਜੀਵਨ ਢੰਗ ਚੰਗਾ ਤੇ ਸੁਚੱਜਾ ਹੋ ਸਕਦਾ, ਤੇ ਮੈਨੂੰ ਹਰੇਕ ਥਾਂ ਰੱਬ ਦਿੱਸ ਸਕਣ ਦੀ ਸਮਝ ਪੈ ਸਕਦੀ। ਪਰ ਹੋਇਆ ਕੀ? ਸਿੱਖ ਜਿਉਂ ਵੜਦਾ ਮਾਂ ਦਾ ਪੁੱਤ, ਪੈਰਾਂ ਵਾਲਾ ਗੰਦਾ ਪਾਣੀ ਮੂੰਹ ਅਤੇ ਕੇਸਾਂ ਵਿਚ ਪਾ ਕੇ ਬੇਰੀਆਂ ਥੜਿਆਂ ਅਗੇ ਸਿਰ ਰਗੜਨ, ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੱਕ ਜਾਂਦਿਆਂ, ਸਿਰ ਵਿੱਚ ਰਹਿੰਦਾ ਹੀ ਕੁੱਝ ਨਹੀਂ। ਇਹੀ ਕਾਰਨ ਹੈ, ਕਿ ਇਹ ਉਥੇ ਜਾ ਕੇ ਵੀ ਇੱਕ ਦੂਏ ਨੂੰ ਧੱਕੇ ਮਾਰੀ ਜਾਂਦਾ ਤੇ ਪੈਰ ਮਿੱਧੀ ਜਾਂਦਾ ਹੈ।

ਮੁੱਕਦੀ ਗੱਲ ਕਿ ਰੱਬ ਗੁਰਦੁਆਰੇ ਨਹੀਂ, ਰੱਬ ਬਾਰੇ ਜਾਣਕਾਰੀ ਗੁਰਦੁਆਰਿਓਂ ਮਿਲਣੀ ਸੀ, ਜਿਹੜੀ ਹੁਣ ਨਹੀਂ ਮਿਲ ਰਹੀ। ਉਥੇ ਮਿਲਦੀਆਂ ਹਨ ਭੁੱਕੀਆਂ, ਡੋਡੇ, ਸ਼ਰਾਬਾਂ, ਧੜੇਬਾਜੀਆਂ, ਇਕ ਦੂਏ ਨੂੰ ਹੇਠ ਲਾਉਂਣ ਲਈ ਸਾਜਸ਼ਾਂ ਅਤੇ ਲੁੱਚ-ਗੜੁਚੀਆਂ? ਆਹ ਹੁਣੇ ਤਾਹੀ ਖ਼ਬਰ ਹੈ, ਵਿੰਡਸਰ ਦੀ। ਉਥੇ ਭੁੱਖ ਹੜਤਾਲ ਹੋਈ ਹੋਈ ਹੈ। ਰੱਬ ਨੂੰ ਲੱਭਣ ਲਈ? ਰੱਬ ਬਾਰੇ ਜਾਨਣ ਲਈ? ਨਹੀਂ! ਨਹੀਂ ਭਰਾਵੋ, ਰੱਬ ਬਣਨ ਲਈ!!!


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top