Share on Facebook

Main News Page

ਨਰਕ-ਸਵਰਗ

ਸਿੱਖ ਦੇ ਗੌਰਵਮਈ ਇਤਿਹਾਸ ਵਿਚੋਂ ਸਾਨੂੰ ਸੂਰਬੀਰਤਾ ਦੀਆਂ ਕਹਾਣੀਆਂ ਆਮ ਮਿਲਦੀਆਂ ਹਨ, ਜੀਨ੍ਹਾਂ ਵਿਚ ਸਿੱਖ ਸੂਰਬੀਰਾਂ ਦੁਸ਼ਮਣਾ ਦੀਆਂ ਮੂੰਹੀਂ ਉਂਗਲਾਂ ਪਾ ਦਿੱਤੀਆਂ, ਪਰ ਹੁਣ ਦੱਸੋ ਕਹਾਣੀ ਮੁਤਾਬਕ ਇਕ ਜੌਂ ਖਾ ਕੇ ਦੇਹੀ ਸਾੜਨ ਵਾਲਾ ਸਾਧ 18 ਸੇਰ ਦਾ ਖੰਡਾ ਚੁੱਕ ਲਏਗਾ? ਪੁੱਠਾ ਲਮਕ ਕੇ ਸਰੀਰ ਨੂੰ ਸੜਿਆ ਸੁੱਕਾ ਕਰ ਲੈਣ ਵਾਲਾ, ਕੀ ਅਬਦਾਲੀ ਨਾਲ ਮੱਥਾ ਲਾ ਲਏਗਾ? ਮਸਤ ਹਾਥੀ ਦੇ ਸਿਰ ਵਿਚ ਨਾਗਣੀ ਪਾਰ ਕਰ ਦੇਣ ਵਾਲਾ, ਕੋਈ ਭੁੱਖਾ ਨੰਗਾ ਸਾਧ ਕੀ ਹੋ ਸਕਦਾ? ਉਹ ਅਪਣੀ ਛਟਾਂਕੀ ਕੁ ਦੇਹ ਸਾਂਭੇਗਾ, ਜਾਂ ਦੁਸ਼ਮਣ ਨਾਲ ਲੜੇਗਾ?

ਗੁਰੂ ਕੇ ਖਾਲਸੇ ਨੇ ਸਵਰਗ ਜਾਣਾ ਛੱਡ ਕੇ, ਗੁਰੂ ਦੇ ਹੁਕਮ ਵਿਚ ਮਰ ਮਿੱਟ ਜਾਣ ਨੂੰ ਹੀ ਸਵਰਗ ਜਾਣ ਲਿਆ। ਇਸੇ ਸਵਰਗ ਦੇ ਚਾਅ ਵਿਚ ਹੀ, ਉਹ ਇੱਕ ਦੂਜੇ ਨੂੰ ਧੱਕੇ ਮਾਰ ਮਾਰ ਗੁਰੂ ਦੇ ਨਿਸ਼ਾਨੇ ਅੱਗੇ ਹੁੰਦੇ ਹਨ!

ਗੁਰੂ ਦੇ ਹੁਕਮ ਵਿਚ ਤੁਰਨ ਵਰਗਾ ਸਵਰਗ ਕੋਈ ਨਹੀਂ। ਕੋਈ ਹੈ ਤਾਂ ਦੱਸੋ! ਇਸ ਸਵਰਗ ਨੂੰ ਜਿਸ ਨੇ ਮਾਣ ਲਿਆ, ਉਸ ਨੂੰ ਚਰਖੀ ਦੇ ਦੰਦਿਆਂ ਤੇ ਵੀ ਸਵਰਗ ਹੀ ਭਾਸਦਾ ਹੈ। ਜਿਸ ਨੂੰ ਇਸ ਸਵਰਗ ਦੀ ਗੱਲ ਸਮਝ ਆ ਗਈ, ਉਹ ਮਰਨ ਤੋਂ ਬਾਅਦ ਸਵਰਗਾਂ ਦੇ ਝੂਠੇ ਲਾਰੇ ਲਾਉਂਣ ਵਾਲੇ ਦੀ ਮਕਾਣ ਵੀ ਨਾ ਜਾਵੇ।

ਮਰਨ ਤੋਂ ਬਾਅਦ ਵਾਲੇ ਸਵਰਗ ਨੇ ਦੁਨੀਆਂ ਕਮਲੀ ਕੀਤੀ ਪਈ ਸੀ। ਚੰਗੇ ਭਲੇ ਦਿੱਸਦੇ ਬੰਦੇ ਇਸ ਧਰਤੀ ਤੋਂ ਪਰ੍ਹੇ, ਕਿਸੇ ਆਖੇ ਜਾਂਦੇ ਸਵਰਗ ਦੇ ਲੋਭ ਵਿਚ ਕਰਵਤ ਦੇ ਆਰਿਆਂ ਹੇਠ ਚਿਰ ਗਏ। ਧਰਮ ਦੀ ਦੁਨੀਆਂ ਦਾ ਪਖੰਡ ਅਤੇ ਲੁੱਟ ਚਲੀ ਹੀ ਏਸ ਨੁਕਤੇ 'ਤੇ ਸੀ, ਕਿ ਹੁਣ ਤੂੰ ਸਭ ਕੁਝ ਛੱਡ ਅਗੇ ਜਾ ਕੇ ਸਵਰਗ ਮਿਲੇਗਾ। ਪਰ ਗੁਰਬਾਣੀ ਵਿਚਲੇ ਸੱਚ ਨੇ ਸਵਰਗ ਤਾਂ ਕੀ ਮਰਨ ਤੋਂ ਬਾਅਦ ਵਾਲੀ ਮੁਕਤੀ ਨੂੰ ਵੀ ਬਪੁੜੀ ਕਹਿ ਕੇ, ਭਾਰ ਗਲੋਂ ਲਾਹ ਮਾਰਿਆ ਕਿ, “ਮੂਏ ਹੂਏ ਜੌ ਕਤ ਦੇਹੋਗੇ, ਮੁਕਤ ਨ ਜਾਨੈ ਕੋਇਲਾ”॥ ਅਤੇ “ਮੁਕਤ ਭੀ ਬਪੁੜੀ ਗਿਆਨੀ ਤਿਆਗੀ”॥ ਭਗਤ ਸਧਨਾ ਜੀ ਨੇ ਕਈ ਮਿਸਾਲਾਂ ਦਿੱਤੀਆਂ ਹਨ ਕਿ ਜੇ ਡੁੱਬ ਜਾਣ ਤੋਂ ਬਾਆਦ ਕਿਸੇ ਨੂੰ ਬੇੜੀ ਮਿਲਣੀ ਤਾਂ ਕੀ ਅਰਥ?

ਪਰ ਗੁਰਬਾਣੀ ਦੇ ਇਸ ਨੁਕਤੇ ਨੂੰ ਮੈਂ ਜਾਂ ਤਾਂ ਸਮਝਿਆ ਨਹੀਂ ਜਾਂ ਫਿਰ ਮੇਰਾ ਇਥੋਂ ਦੀ ਦੁਨੀਆਂ ਦੇ ਲੋਭ ਵਾਂਗ ਅਗਲੀ ਦੁਨੀਆਂ ਵਿਚ ਜਾ

ਕੇ ਸਵਰਗ ਭੋਗਣ ਦਾ ਲੋਭ ਵੀ ਇੰਨਾ ਪ੍ਰਬਲ ਹੋ ਗਿਆ, ਕਿ ਗੁਰੂ ਦੀ ਗੱਲ ਮੇਰੀ ਪਕੜ ਵਿਚ ਹੀ ਨਹੀਂ ਆਈ।

ਮੈਂ ਸਮਝ ਨਾ ਸਕਿਆ, ਕਿ ਮੈਂ ਸਵਰਗ ਵਿਚ ਹਾਂ ਜਦ ਮੈਂ ਅਪਣੇ ਗੁਰੂ ਦੇ ਹੁਕਮ ਵਿਚ ਰਹਿੰਦਾ ਹੋਇਆ, ਕਾਦਰ ਦੀ ਕੁਦਰਤ ਨਾਲ ਇੱਕ ਮਿੱਕ ਹਾਂ। ਮੈਂ ਸਵਰਗ ਵਿਚ ਹਾਂ ਜਦ ਮੈਂ ਅਪਣੇ ਗੁਰੂ ਦੇ ਬਚਨਾਂ ਨੂੰ ਸਮਝਦਾ, ਅਪਣੇ ਜੀਵਨ ਨੂੰ ਸੰਜਮ ਵਿਚ ਰੱਖਦਾ ਹੋਇਆ, ਲੋਕਾਚਾਰੀ ਦੀ ਭੱਜਦੌੜ ਅਤੇ ਮੂੰਹ ਮੁਲ੍ਹਾਜਿਆਂ ‘ਚੋਂ ਨਿਕਲ ਜਾਂਦਾ ਹਾਂ। ਮੇਰੇ ਕਿੰਨੇ ਜਿੰਦਗੀ ਦੇ ਫਾਲਤੂ ਸਹੇੜੇ ਹੋਏ ਸਿਆਮੇ ਨਿਬੜ ਜਾਂਦੇ ਹਨ ਜਦ ਮੈਂ ਗੁਰੂ ਦੀ ਮੱਤ ਹੇਠ ਲੋਕਾਚਾਰੀ ਨੂੰ ਮੰਨਣੋ ਹੱਟ ਜਾਂਦਾ ਹਾਂ।

ਮੇਰੇ ਸਵਰਗ ਦਾ ਬਹੁਤਾ ਹਿੱਸਾ ਤਾਂ ਲੋਕਾਚਾਰੀ ਲੁੱਟ ਕੇ ਲੈ ਗਈ, ਇਹ ਲੋਕਾ ਚਾਰੀ ਨਹੀਂ ਕਿ 5 ਹਜਾਰ ਡਾਲਰ ਵਿਚ ਹੋਣ ਵਾਲੇ ਵਿਆਹ ਉਪਰ ਮੇਰਾ 50 ਹਜਾਰ ਲੱਗ ਜਾਂਦਾ ਹੈ! ਉਹ 50 ਹਜਾਰ ਮੇਰੇ ਸਵਰਗ ਵਿਚੋਂ ਹੀ ਪੂਰਾ ਹੋਵੇਗਾ? ਉਸ ਘਾਟੇ ਨੂੰ ਪੂਰਾ ਕਰਨ ਖਾਤਰ ਮੈਂਨੂੰ ਅਪਣੇ ਸਵਰਗ ਦੀ ਕੀਮਤ ਦੇਣੀ ਪਵੇਗੀ। ਸ਼ਰਾਬ ਦੀਆਂ ਪੇਟੀਆਂ ਪੀਣ ਵਾਲੇ ਇਕੇ ਰਾਤ ਵਿਚ ਕੀ ਮੇਰਾ ਸਵਰਗ ਤਬਾਹ ਨਹੀਂ ਕਰ ਜਾਂਦੇ? ਇੱਕ ਰਾਤ ਦੇ ਮਹਿੰਗੇ ਬੈਂਕਟਹਾਲਾਂ ਦੀਆਂ ਚਕਾਚੌਂਧ ਬੱਤੀਆਂ ਮੇਰਾ ਸਵਰਗ ਕੀ ਹਨੇਰਾ ਨਹੀਂ ਕਰਦੀਆਂ?

ਹਨੇਰਾ ਇਸ ਕਰਕੇ ਨਹੀਂ, ਕਿ ਹਨੇਰਾ ਵਾਕਿਆ ਹੀ ਹੈ! ਬਲਕਿ ਚਾਨਣ ਹੀ ਨਹੀਂ ਤਾਂ ਹਨੇਰਾ ਤਾਂ ਹੋਵੇਗਾ ਹੀ! ਨਹੀਂ? ਜਿੰਦਗੀ ਦਾ ਨਰਕ ਇਸ ਕਰਕੇ ਨਹੀਂ ਕਿ ਕੋਈ ਨਰਕ ਹੈ, ਬਲਕਿ ਸਵਰਗ ਹੀ ਹੈ ਨਹੀਂ ਤਾਂ ਨਰਕ ਤਾਂ ਹੋਵੇਗਾ ਹੀ! ਰੋਜਾਨਾ ਰੁਝੇਵਿਆਂ ਵਿਚ ਜਦ ਸਵਰਗ ਨੂੰ ਦੇਖ ਸਕਣ ਦਾ ਮੇਰੇ ਕੋਲੇ ਸਮਾਂ ਹੀ ਨਹੀਂ ਤਾਂ ਮੈਂ ਕਿਵੇਂ ਨਾ ਕਹਾਂ ਕਿ ਸਵਰਗ ਜਰੂਰ ਕਿਤੇ ਹੋਰ ਹੋਵੇਗਾ। ਮੈਂ ਬਾਹਰ ਨਿਕਲਾਂ ਕਾਰ ਮੇਰੇ ਬੂਹੇ ਅਗੇ ਹੈ, ਘਰ ਵੜਾਂ ਤਾਂ ਸੋਫਾ ਮੇਰੇ ਬੈਠਣ ਲਈ ਹੈ, ਫਰਿਜ ਪਦਾਰਥਾਂ ਨਾਲ ਭਰੀ ਪਈ ਹੈ, ਸਮਝ ਨਹੀਂ ਆਉਂਦੀ ਕੀ ਖਾਵਾਂ ਕੀ ਛੱਡਾਂ, ਮਹਾਰਾਜਿਆਂ ਵਰਗੇ ਬੈੱਡ ਮੇਰੇ ਸੌਣ ਲਈ ਹਨ, ਗਰਮ ਸਰਦ ਪਾਣੀ ਟੂਟੀ ਮਰੋੜਾਂ ਮੇਰੇ ਲਈ ਹਾਜਰ ਹੈ, ਚਿੱਟੇ ਦੁੱਧ ਟੱਬ ਮੇਰੇ ਇਸ਼ਨਾਨ ਲਈ ਹਨ, ਬਾਹਰ ਨਿਕਲਾਂ ਠੰਡੀ ਹਵਾ ਦੇ ਮੈਂ ਰੁੱਗ ਭਰਦਾ ਹਾਂ, ਹਰਾ ਘਾਹ, ਹਰੀ ਬਨਾਸਪਤੀ, ਖਿੜੇ ਫੁੱਲ ਮੇਰਾ ਸਵਾਗਤ ਕਰਦੇ ਹਨ ਸੜਕਾਂ 'ਤੇ। ਸਾਫ ਸੁੱਥਰੀ ਹਵਾ ਵਿਚ ਮੈਂ ਸਾਹ ਭਰਦਾ ਹਾਂ, ਹੋਰ ਮੈਂ ਚਾਹੁੰਦਾ ਕੀ ਹਾਂ? ਮੈਂ ਇਸ ਸਵਰਗ ਤੋਂ ਬਿਨਾ ਹੋਰ ਕਿਹੜੇ ਸਵਰਗ ਦੀ ਆਸ ਲਾਈ ਬੈਠਾ ਹਾਂ। ਮੈਂ ਦੁਆਲੇ ਦੇਖਾਂ ਤਾਂ ਸਹੀ। ਮੇਰੀ ਏਸ ਧਰਤੀ ਵਰਗਾ ਸਵਰਗ ਕੀ ਕਿਤੇ ਹੋਰ ਹੈ? ਗੁਰੂ ਨੇ ਇਸ ਨੂੰ ਧਰਮਸਾਲ ਕਿਉਂ ਕਿਹਾ? ਕਿਉਂਕਿ ਗੁਰੂ ਨੇ ਇਸੇ ਧਰਤੀ ਉਪਰਲੇ ਸਰਵਗ ਵਲ ਹੀ ਇਸ਼ਾਰਾ ਕੀਤਾ ਹੈ ਜਦ ਉਹ ਖਿੜੀ ਹੋਈ ਬਸੰਤ ਦੀ ਗੱਲ

ਕਰੇ ਰਹੇ ਹਨ, ਜਦ ਮੋਰ ਪਪੀਹਿਆਂ ਦਾ ਜ਼ਿਕਰ ਛੇੜ ਰਹੇ ਹਨ, ਜਦ ਕੋਇਲ ਦੇ ਗੀਤਾਂ ਦੀ, ਸਵੇਰੇ ਸਵੇਰੇ ਚਿੜੀ ਚਹੁਕੀ ਦੀ, ਕੰਵਲ ਉਪਰ ਬੈਠੇ ਭੌਰੇ ਦੀ, ਚੰਦ ਚਕੋਰ ਦੀ ਪ੍ਰੀਤੀ ਦੀ, ਚਕਵੀ ਸੂਰਜ ਦੇ ਨੇਹੁਂ ਦੀ, ਉੱਡਦੀਆਂ ਕੂੰਜਾਂ ਦੀ ਕਹਾਣੀ ਮੈਂਨੂੰ ਦੱਸਦੇ ਹਨ ਤਾਂ ਉਸ ਸਾਰੇ ਵਿਚੋਂ ਮੇਰੀ ਇਸ ਧਰਤੀ ਦਾ ਸਵਰਗ ਮੂੰਹੋਂ ਬੋਲਦਾ ਹੈ।

ਕੀ ਫਰਕ ਪੈਂਦਾ ਮੈਂ ਵੱਡੇ ਘਰ ਵਿਚ ਹਾਂ ਜਾਂ ਬੇਸਮਿੰਟ ਵਿਚ! ਕੀ ਫਰਕ ਪੈਂਦਾ ਕਾਰ ਹੇਠਾਂ ਮਹਿੰਗੀ ਜਾਂ ਗੁਜਾਰੇ ਗੋਚਰੀ। ਇਹੀ ਗੱਲਾਂ ਤਾਂ ਮੇਰੀ ਜਿੰਦਗੀ ਨੂੰ ਨਰਕ ਬਣਾਉਂਦੀਆਂ। ਨਰਕ ਨਹੀਂ ਤਾਂ ਬਾਕੀ ਜੋ ਬੱਚਿਆ ਉਹ ਸਵਰਗ ਹੀ ਤਾਂ ਹੋਵੇਗਾ। ਮੈਂਨੂੰ ਸਵਰਗ ਹੁਣੇ ਚਾਹੀਦਾ, ਇਸੇ ਜਿੰਦਗੀ ਵਿਚ, ਇਸੇ ਧਰਤੀ ਉਪਰ। ਮਰਨ ਤੋਂ ਬਾਅਦ ਵਾਲੇ ਸਵਰਗ ਨੂੰ ਮੈਂ ਕੀ ਕਰਾਂ ਜਦ ਜਿੰਉਦਿਆਂ ਹੀ ਜਿੰਦਗੀ ਜੇ ਮੇਰੀ ਨੰਗਾਂ ਵਰਗੀ ਨਿਕਲੀ। ਮਰਨ ਤੋਂ ਬਾਅਦ ਵਾਲੇ ਸਵਰਗ ਦੀ ਆਸ ਵਿਚ ਮੈਂ ਜਿਉਂਦੇ ਸਵਰਗ ਵਿਚੋਂ ਕਿਉਂ ਨਿਕਲ ਕੇ ਕੁਦਰਤ ਦੇ ਅਨਮੋਲ ਤੋਹਫਿਆਂ ਤੋਂ ਵਾਝਾਂ ਰਹਾਂ। ਕੁਦਰਤ ਨੇ ਮੈਂਨੂੰ 36 ਪ੍ਰਕਾਰ ਦਾ ਖਾਣ ਪੀਣ ਦਿੱਤਾ ਮੇਰੇ ਵਰਗਾ ਮੂਰਖ ਕੌਣ ਹੋਵੇ ਜਿਹੜਾ ਕਿਸੇ ਹੋਰ ਜਿੰਦਗੀ ਦੇ ਸਵਰਗ ਦੇ ਲਾਰੇ ਤੇ ਜਉਂ ਦਾ ਦਾਣਾ ਖਾ ਕੇ ਢਿੱਡ ਨੂੰ ਸਾੜੇ।

ਕੁਦਰਤ ਨੇ ਮੈਨੂੰ ਮੱਤ ਦਿੱਤੀ ਸਰਦੀ ਗਰਮੀ ਤੋਂ ਬੱਚਣ ਲਈ, ਪਰ ਉਸ ਦੀ ਮੱਤ ਦੇ ਖਿਲਾਫ ਕਿਉਂ ਜੰਗਲੀ ਬਣਾ ਕਿ ਗਰਮੀਆਂ ਵਿਚ ਸਰੀਰ ਤਾਵਾਂ ਤੇ ਸਰਦੀਆਂ ਵਿਚ ਠਾਰਾਂ...?

ਪਰ ਇੰਝ ਕਰਨ ਨਾਲ ਕੀ ਸਵਰਗ ਮਿਲਿਆ? ਇਹ ਸਵਾਲ ਬੜਾ ਅਹਿਮ ਹੈ। ਕਿਉਂਕਿ ਜਿਉਂਦੇ ਮਨੁੱਖ ਦਾ ਅੰਦਾਜਾ ਤਾਂ ਲਾਇਆ ਜਾ ਸਕਦਾ, ਕਿ ਉਹ ਸਵਰਗ ਵਿਚ ਰਹਿ ਰਿਹਾ ਜਾਂ ਨਰਕ ਵਿਚ ਪਰ ਮਰੇ ਨੂੰ ਕੌਣ ਲੱਭਣ ਜਾਵੇ ਕਿ ਕੋਈ ਕਿਥੇ ਹੈ? ਇੱਕ ਗੱਲ ਜਰੂਰ ਸਿਆਣੇ ਆਹਦੇ ਕਿ ਜਿਹੜਾ ਇਥੇ ਨਰਕ ਵਿਚ ਉਹ ਉਥੇ ਵੀ ਨਰਕ ਵਿਚ। ਇਹੀ ਨੁਕਤਾ ਜਦ ਮੇਰੀ ਸਮਝ ਆ ਗਿਆ ਕਿ ਜਿਹੜੇ ਜਿਉਂਦੇ ਜੀਅ ਨਰਕ ਭੋਗਦੇ ਰਹੇ ਨੇ ਉਹ ਮਰਨ ਤੋਂ ਬਾਅਦ ਕਿਸੇ ਸਵਰਗ ਨਹੀਂ ਪਹੁੰਚੇ ਐਵੇਂ ਉਨ੍ਹਾਂ ਵਿਚਾਰੀਆਂ ਦੀਆਂ ਬਰਸੀਆਂ ਤੇ ਬੈਂਡ ਵਾਜੇ ਵਜਾ ਕੇ ਉਨ੍ਹਾਂ ਨੂੰ ਅਵਾਜਾਰ ਨਾ ਕਰੋ ਨਰਕਾਂ ਵਿਚ ਤਾਂ ਪਹਿਲਾਂ ਹੀ ਬਹੁਤ ਰੌਲਾ ਹੈ। ਨਹੀਂ?

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top