Share on Facebook

Main News Page

ਗੱਧੇ ਅਤੇ ਘੋੜਾ

ਅਕਾਲੀਆਂ ਤੇ ਕਿਸੇ ਚੁਟਕਲਾ ਬਣਾਇਆ, ਕਿ ਇਕ ਵਾਰ ਇਕ ਸਿੰਘ ਟੌਹੜੇ ਨੂੰ ਕਹਿੰਦਾ ਕਿ ਜਥੇਦਾਰ ਜੀ ਮੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲੇ ਸਨ, ਤੇ ਉਹਨਾਂ ਨੂੰ ਇਕ ਘੋੜਾ ਚਾਹੀਦਾ। ਉਹ ਘੋੜਾ ਮੰਗਦੇ ਸਨ, ਪਰ ਮੈਂ ਕਿਉਂਕਿ ਗਰੀਬ ਬੰਦਾ ਹਾਂ ਕ੍ਰਿਪਾ ਕਰਕੇ ਮੈਨੂੰ ਇਕ ਘੋੜਾ ਲੈ ਕੇ ਦਿਓ। ਟੌਹੜਾ ਨੇ ਗੱਲ ਗੌਲੀ ਨਾ। ਉਸ ਨੂੰ ਲੱਗਾ ਸਿੰਘ ਮਨਾਸਿਕ ਰੋਗੀ ਹੈ। ਪਰ ਕੁਝ ਚਿਰ ਬਾਅਦ ਇੱਕ ਚਲਦੀ ਮੀਟਿੰਗ ਵਿਚ ਸਿੰਘ ਫਿਰ ਜਾ ਵੜਿਆ, ਕਿ ਗੁਰੂ ਜੀ ਮੈਨੂੰ ਫਿਰ ਮਿਲੇ ਸਨ ਉਹਨਾ ਦੁਬਾਰਾ ਫਿਰ ਘੋੜੇ ਦੀ ਮੰਗ ਕੀਤੀ ਹੈ। ਮੀਟਿੰਗ ਵਿਚ ਲੌਂਗੋਵਾਲ, ਬਾਦਲ, ਬਰਨਾਲਾ ਜਥੇਦਾਰ ਆਦਿ ਸਾਰੇ ਬੈਠੇ ਸਨ। ਉਨ੍ਹਾਂ ਜਦ ਸਿੰਘ ਦੀ ਮੰਗ ਸੁਣੀ, ਤਾਂ ਐੈਵੇ ਜਿਵੇਂ ਹਾਸੇਭਾਣੇ ਜਿਹੇ ਤਮਾਸ਼ਾ ਜਿਹਾ ਵੇਖਣ ਲਈ ਉਹ ਵੀ ਕਹਿਣ ਲੱਗੇ ਕਿ ਸਿੰਘਾ ਘੋੜਾ ਤਾਂ ਅਜ ਹੀ ਲਿਆ ਦਿੰਦੇ ਹਾਂ, ਪਹਿਲਾਂ ਸਾਨੂੰ ਗੁਰੂ ਸਾਹਿਬ ਦਿਖਾ ਘੋੜਾ ਮੰਗਦੇ। ਕਹਾਣੀ ਮੁਤਾਬਕ ਸਿੰਘ ਉਨ੍ਹਾਂ ਸਾਰਿਆਂ ਨੂੰ ਲੈ ਕੇ ਲਾਚੀ-ਬੇਰੀ ਵਲ ਲੈ ਕੇ ਤੁਰ ਪਿਆ। ਜਦ ਲਾਚੀ ਬੇਰੀ ਨੇੜੇ ਸਾਰੇ ਗਏ ਤਾਂ ਆਵਾਜ ਆਈ ਕਿ ਸਿੰਘਾ ਮੈਂ ਤੈਥੋਂ ਇੱਕ ਘੋੜਾ ਮੰਗਿਆ ਸੀ ਪਰ ਤੂੰ ਇੰਨੇ ਸਾਰੇ ਗੱਧੇ ਹੱਕੀ ਆਉਂਦਾ?

ਅਸੀਂ ਕਹਿੰਨੇ ਕਿ ਸਿੱਖ ਕੌਮ ਕੋਈ ਵਿਕਾਸ ਕਿਉਂ ਨਹੀਂ ਕਰ ਰਹੀ। ਕਰ ਸਕਦੀ ਹੀ ਨਹੀਂ। ਦਸੋ ਕਿਵੇਂ ਕਰੇਗੀ? ਭਰਾਵੋ ਗੱਧਾ ਭਾਰ ਢੋਣ ਲਈ ਹੁੰਦਾ, ਸਿਰ ਤੇ ਬੈਠਾਉਂਣ ਲਈ ਨਹੀਂ। ਪਰ ਅਸੀਂ ਕਦ ਤੋਂ ਗੱਧਿਆਂ ਦੀ ਕਮਾਂਡ ਹੇਠ ਸਾਹ ਲੈ ਰਹੇ ਹਾਂ। ਇਹ ਹੀਂਗਦੇ ਨੇ, ਦਿੱਲੀ ਦਾ ਘੂੰਹ ਚਰਦੇ ਨੇ ਅਤੇ ਲਿੱਦ ਕਰ ਦਿੰਦੇ ਹਨ ਅਤੇ ਅਪਣਿਆਂ ਨੂੰ ਟੰਗਾਂ ਚੁੱਕ-ਚੁੱਕ ਦੁਲੱਤੇ ਮਾਰਦੇ ਹਨ। ਹੁਣ ਤੱਕ ਕੀ ਹੋਇਆ ਨਹੀਂ ਇੰਝ? ਇਹ ਗਲੀਆਂ ਸੜੀਆਂ ਬੁਦਬੂ ਮਾਰਦੀਆਂ ਲਾਸ਼ਾਂ, ਜਿੰਨਾ ਚਿਰ ਕੌਮ ਦੇ ਗਲੋਂ ਨਹੀਂ ਲੱਥਦੀਆਂ, ਉਨ੍ਹਾਂ ਚਿਰ ਖਾਲਸਈ ਜਾਹੋ-ਜਲਾਲ ਵਾਪਸ ਨਹੀਂ ਆ ਸਕਦਾ। ਇਹ ਇੱਕ ਅਜਿਹੀ ਬਿਮਾਰੀ ਲੱਗ ਗਈ ਮੇਰੀ ਕੌਮ ਨੂੰ ਜਿਹੜੀ ਜੇ ਛੇਤੀ ਗਲੋਂ ਨਾ ਲਾਹੀ ਗਈ ਤਾਂ ਇਹ ਪੂਰੀ ਕੌਮ ਨੂੰ ਲੈ ਡੁੱਬੇਗੀ।

ਪ੍ਰੋ. ਦਰਸ਼ਨ ਸਿੰਘ ਜਾਂ ਧੂੰਦੇ ਵਰਗਿਆਂ ਦੀ ਇਥੇ ਕੋਈ ਥਾਂ ਨਹੀਂ। ਉਹ ਛੇਕੇ ਜਾਂਦੇ ਹੀ ਰਹਿਣਗੇ। ਉਨ੍ਹਾਂ ਨੂੰ ਛੇਕੇ ਜਾਣਾ ਹੀ ਚਾਹੀਦਾ ਹੈ। ਕਿਉਂ ਬੋਲਦੇ ਨੇ ਉਹ ਸੱਚ। ਸੱਚ ਕੋਈ ਬਦਾਮਾਂ ਵਾਲੀ ਖੀਰ ਏ, ਕਿ ਢਿੱਡ ਪਾਟਣ ਤੀਕ ਪੰਡਾ ਹਜਮ ਕਰੀ ਜਾਊ। ਇਸੇ ਕਾਰਨ ਹੀ ਤਾਂ ਸਾਰੀ ਉਮਰ ਇਟਾਂ-ਰੋੜੇ ਲੈ ਕੇ ਇਹ ਅਪਣੇ ਬਾਬਾ ਜੀ ਮਗਰ ਪਿਆ ਰਿਹਾ ਅਤੇ ਭੂਤਨਾ-ਬੇਤਾਲਾ ਕਹਿ ਕਹਿ ਭੰਡਦਾ ਰਿਹਾ। ਨਹੀ ਤਾਂ ਬਾਬਾ ਜੀ ਨਾਲ ਕਿਹੜੀ ਕਰਤਾਰਪੁਰ ਪੰਡੇ ਦੀ ਜਮੀਨ ਸਾਂਝੀ ਸੀ, ਕਿ ਵਟ ਤੋਂ ਰੌਲਾ ਪੈ ਗਿਆ। ਇਹ ਹਰੇਕ ਉਸ ਦੀ ਸੰਘੀ ਘੁੱਟ ਦੇਣਗੇ, ਜਿਸ ਵੀ ਬਨਾਰਸੀ ਭਾਈ ਦੀ ਲੂੰਗੀ ਨੂੰ ਹੱਥ ਪਾਇਆ।

ਜੱਦ ਕੋਈ ਬਾਬਾ ਜੀ ਦੀ ਬਾਣੀ ਦੀ ਇਕਲਾਬੀ ਵਿਆਖਿਆ ਕਰਦਾ ਹੈ, ਤਾਂ ਨੀਲੀਆਂ ਪੱਗਾਂ ਹੇਠ ਬ੍ਰਹਾਮਣ ਦੀ ਬੋਦੀ ਨੂੰ ਖੁਰਕ ਹੋਣ ਲੱਗਦੀ ਹੈ। ਉਹ ਸਾਵਧਾਨ ਹੋ ਜਾਂਦਾ ਹੈ। ਉਸ ਦੇ ਬੰਦ ਬੱਤੀਆਂ ਵਾਲੇ, ਲੋਹੇ ਦੇ ਭਾਡਿਆਂ ਵਾਲੇ ਯਾਰ ਮਚਾ ਤਰਥੱਲੀ ਦਿੰਦੇ ਹਨ। ਫੜ ਲੌ ਉਏ, ਮਾਰ ਦਿਓ ਉਏ, ਨਿਕਲ ਨਾ ਜਾਵੇ, ਪੰਥ ਲੈ ਡੁੱਬੇਗਾ ਇਹ ਨਾਸਤਿਕ। ਤੇ ਉਹ ਗੰਡਾਸੇ-ਕੁਹਾੜੇ ਲੈ ਕੇ ਆ ਦੁਆਲੇ ਹੁੰਦੇ ਹਨ ਕਿ ਦੇਹ ਜਵਾਬ! ਕੁੱਝ ਇੱਕ ਉਪਰਲਿਆਂ ਨੂੰ ਛੱਡ, ਹੇਠਲੀ ਬਹੁਤੀ ਫੋਜ ਨੂੰ ਤਾਂ ਪੰਜਾਬ ਵਿੱਚ ਭਾੜੇ ਤੇ ਗਈ ਰੈਲੀ ਵਿਚਲੀ ਜੰਤਾ ਵਾਂਗ ਇਹ ਵੀ ਪਤਾ ਨਹੀਂ ਹੁੰਦਾ ਕਿ ਮਸਲਾ ਕੀ ਹੈ।

ਕੁਝ ਸਾਲ ਪਹਿਲੇ ਇੱਥੇ ਵੇਦਾਂਤੀ ਆਇਆ ਸੀ। ਉਦੋਂ ਉਹ ਜਥੇਦਾਰ ਹੁੰਦਾ ਸੀ। ਮੇਰੇ ਗੁਆਂਢ ਨਾਨਕਸਰੀਆਂ ਦਾ ਡੇਰਾ ਹੈ, ਉਹ ਕ੍ਰਿਪਾਨ ਨਹੀਂ ਸਨ ਪਾਉਂਦੇ ਪਰ ਅੰਮ੍ਰਤਿ ਸੰਚਾਰ ਕਰਦੇ ਸਨ। ਉਨ੍ਹਾਂ ਬਾਰੇ ਅਤੇ ਨਾਨਕਸਰੀਆਂ ਦੇ ਰਾਮ ਸਿਓਂ ਕਰਨਾਲ ਸੀਂਗੜੇ ਬਾਰੇ, ਜਿਹੜਾ ਕਿਸੇ ਮੰਦਰ ਵਿਚ ਜਾ ਕੇ ਜੈ ਜੈ ਸੀਆ ਰਾਮ ਦਾ ਭਜਨ ਕਰਦਾ ਹੈ, ਦੱਸਿਆ। ਬਕਾਇਦਾ ਉਸ ਸੀ.ਡੀ ਦੀ ਕਾਪੀ ਵੀ ਦਿੱਤੀ। ਵੇਦਾਂਤੀ ਮੈਨੂੰ ਕਹਿਣ ਲੱਗਾ ਕਿ ਤੂੰ ਅਪਣੀ ਇਹ ਸ਼ਕਾਇਤ ਮੈਨੂੰ ਰਿਟਨ ਲਿੱਖ ਕੇ ਅਤੇ ਸਾਇਨ ਕਰਕੇ ਦੇਹ। ਮੈਂ ਸਾਰਾ ਕੁੱਝ ਕਰਕੇ ਉਸ ਨੂੰ ਦਿਤਾ ਪਰ ਅੱਜ ਕਈ ਸਾਲ ਹੋ ਗਏ, ਕੋਈ ਜਵਾਬ ਨਹੀਂ। ਕੋਈ ਕਾਰਵਾਈ ਨਹੀਂ। ਕਿਉਂ? ਕਿਉਂਕਿ ਉੁਨ੍ਹਾਂ ਕੋਲੋਂ ਖਤਰਾ ਕੋਈ ਨਹੀਂ। ਆਹ ਤੁਹਾਡੇ ਸਾਹਵੇਂ ਪਿਹੋਵੇ ਵਾਲਾ ਹਿਣਕਦਾ ਫਿਰਦਾ, ਢੱਡਰੀ ਹੈ, ਸ਼ਿਕਾਗੋ ਵਾਲਾ ਹੈ, ਢੱਕੀ ਮਕਸੂਦੜਾ ਹੈ ਪਤਾ ਨਹੀਂ, ਕਿੰਨੇ ਹਨ ਬ੍ਰਾਹਮਣ ਦੀਆਂ ਅਵਾਰਾ ਗਊਆਂ ਵਾਂਗ ਬਾਂਅ ਬਾਂਅ ਕਰਦੇ, ਗੁਰੂ ਨਾਨਕ ਦੀ ਸਿੱਖੀ ਨੂੰ ਉਜਾੜਦੇ ਫਿਰ ਰਹੇ ਹਨ। ਖਾਲਸਈ ਚੱੜਤਾਂ ਨੂੰ ਬਿਮਾਰ ਕਰ ਰਹੇ ਹਨ, ਪਰ ਕਿਸੇ ਪੰਜਾਮੀ ਵਾਲੇ ਦੀ ਬੋਦੀ ਤੇ ਖੁਰਕ ਹੁੰਦੀ ਐ? ਤੇ ਆਹ ਇਥੇ ਉਨ੍ਹਾਂ ਦੇ ਯਾਰ? ਗੰਡਾਸਿਆਂ ਵਾਲੇ। ਜਦ ਧੂੰਦੇ ਨੇ ਇਨ੍ਹਾਂ ਨੂੰ ਉਨ੍ਹਾਂ ਬਾਰੇ ਕਿਹਾ ਤਾਂ ਜਵਾਬ ਸੁਣੋ! ਅਖੇ ਉਨ੍ਹਾਂ ਨਾਲ ਤੁਸੀਂ ਨਿਪਟੋ! ਆਪਣਿਆਂ ਦਾ ਯਾਨੀ ਤੁਹਾਡਾ ਸਿਰ ਅਸੀਂ ਪਾੜਾਂਗੇ ਦੂਜਿਆਂ ਨਾਲ ਤੁਸੀਂ ਨਿਪਟੋ..?

ਮੈਨੂੰ ਯਾਦ ਏ ਉਹ ਮੀਟਿੰਗ ਟੋਕੇ-ਗੰਡਾਸੇ ਮਾਰਨ ਦੇ ਦੋਸ਼ ਵਿਚ ਤਰੀਕਾਂ ਭੁਗਤ ਰਹੇ ਅਮਰਜੀਤ ਸਿੰਘ ਮਾਨ ਦੇ ਘਰ ਸੀ। ਉਥੇ ਹੀ ਇਕ ਨੌਜਵਾਨ ਪਿਹੋਵੇ ਵਾਲੇ ਦੀ ਸ਼ਕਾਇਤ ਲੈ ਕੇ ਆਇਆ ਹੋਇਆ ਸੀ। ਕਈ ਸਬੂਤਾਂ ਤਹਿਤ ਉਸ ਵੇਦਾਂਤੀ ਨੂੰ ਸ਼ਕਾਇਤ ਕੀਤੀ, ਅਤੇ ਕਿਹਾ ਕਿ ਉਹ ਕੁਝ ਕਾਰਵਾਈ ਇਸ ਸਾਧ ਦੇ ਖਿਲਾਫ ਕਰੇ। ਪਰ ਵੇਦਾਂਤੀ ਦੇ ਆਲੇ-ਟੋਲੇ ਜਿਹੇ ਜਵਾਬ ਸੁਣਕੇ ਕਿ ਜਦ ਕਿਸੇ ਦੀ ਚੱੜਤ ਹੁੰਦੀ, ਉਸ ਨੂੰ ਬਦਨਾਮ ਕਰਨ ਵਾਲੇ ਬਹੁਤ ਉਠ ਖੜਦੇ, ਉਹ ਨੌਜਵਾਨ ਖਿੱਝ ਕੇ ਕਹਿਣ ਲੱਗਾ ਕਿ ਸਾਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਅਤੇ ਸਾਨੂੰ ਜਾਪਦਾ ਕਿ ਤੁਹਾਡੇ ਵਰਗੇ ਜਥੇਦਾਰਾਂ ਤੇ ਸਾਨੂੰ ਕੋਈ ਬਾਹਲਾ ਯਕੀਨ ਨਹੀਂ ਕਰਨਾ ਚਾਹੀਦਾ। ਉਸ ਦੇ ਇਹ ਗੱਲ ਕਹਿਣ ਦੀ ਦੇਰ ਸੀ ਟਰੰਟੋ ਦੇ ਵੱਡੇ ਵੱਡੇ ਕਹਿੰਦੇ ਕਹਾਉਂਦੇ ਬਗਿਆੜ ਉਸ ਨੂੰ ਲੇਲਾ ਸਮਝ ਇੰਝ ਝਪਟੇ ਕਿ ਜਿਵੇਂ ਉਸ ਦੀ ਬੋਟੀ-ਬੋਟੀ ਕਰਕੇ ਹੀ ਦਮ ਲੈਣਗੇ। ਅਖੇ ਤੂੰ ਸਾਡੇ ਜਥੇਦਾਰ ਦੀ ਇਹ ਗੱਲ ਕਹਿਕੇ ਤੌਹੀਨ ਕੀਤੀ ਹੈ! ਗੱਲ ਕੀ ਉਸ ਤੋਂ ਮਾਫੀ ਮੰਗਾ ਕੇ ਉਨ੍ਹਾਂ ਸਾਹ ਲਿਆ।

ਭਰਾਵੋ!!! ਇਹ ਮੰਨ ਕੇ ਚਲੋ ਕਿ ਇਹ ਈਮਾਨਦਾਰ ਨਹੀਂ ਤੇ ਇਨ੍ਹਾਂ ਨੂੰ ਮੋਢਿਆਂ ਤੇ ਚੁੱਕੀ ਫਿਰਨ ਵਾਲੇ ਕਿੰਨੇ ਕੁ ਈਮਾਨਦਾਰ ਹੋਣਗੇ ਕੋਈ ਸ਼ੱਕ ਨਹੀਂ। ਜਦ ਕੋਈ ਕਿਸੇ ਸਾਧ ਦਾ ਮਸਲਾ ਹੁੰਦਾ, ਤਾਂ ਇਹ ਭਾਈ ਕਹਿ ਦਿੰਦੇ ਕਿ ਸਾਡੇ ਤੱਕ ਹਾਲੇ ਕੋਈ ਸ਼ਕਾਇਤ ਨਹੀਂ ਆਈ, ਪਰ ਦੋ ਸ਼ਕਾਇਤਾਂ ਤਾਂ ਮੈਂ ਖੁਦ ਅਪਣੀ ਹੱਥੀਂ ਦਿੱਤੀਆਂ ਹੋਈਆਂ ਹਨ, ਜਿਸ ਤੋਂ ਅੰਦਾਜਾ ਲੱਗਦਾ ਕਿ ਇਨ੍ਹਾਂ ਗੱਧਿਆਂ ਦੇ ਹੁੰਦਿਆਂ, ਇਹ ਕੌਮ ਕੋਈ ਵਿਕਾਸ ਕਰ ਹੀ ਨਹੀਂ ਸਕਦੀ। ਕਰ ਕੀ ਸੋਚਿਆ ਹੀ ਨਹੀਂ ਜਾ ਸਕਦਾ। ਬਾਹਰ ਵਾਲੇ ਟੋਕੇ-ਗੰਡਾਸੇ ਵਾਲਿਆਂ ਭਰਾਵਾਂ ਨੂੰ ਵੀ ਅਰਜ ਹੈ, ਕਿ ਠੰਡੇ ਸਿਰ ਸੋਚਣ ਦੀ ਕੋਸ਼ਿਸ਼ ਕਰਨ। ਕੁੱਝ ਇੱਕ ਉਪਰ ਵਾਲੇ ਬੇਈਮਾਨਾਂ ਨੂੰ ਛੱਡ ਬਾਕੀ ਭਰਾ, ਐਂਵੇ ਚਲ ਗੀ ਚਲ ਗੀ ਕਰੀ ਜਾ ਰਹੇ ਹਨ, ਪਤਾ ਤਾਂ ਭਰਾਵੋ ਕਰ ਲਓ ਕਿਥੇ ਚਲ ਗੀ ਕੀ ਚਲ ਗੀ ਕਿਉਂ ਐਵੇਂ ਅਪਣਾ ਵਕਤ ਅਤੇ ਤਾਕਤ ਜਾਇਆ ਕਰੀ ਜਾ ਰਹੇ ਹੋ ਸਾਰੇ। ਹੋਰ ਤਾਂ ਪਤਾ ਨਹੀਂ ਖੁਲ੍ਹਦਾ ਜਾਂ ਨਹੀਂ, ਪਰ ਗੁਰੂ ਰਹਿਮਤ ਕਰਕੇ ਸਾਡਾ ਇਥੇ ਵਾਲਾ ਹੀ ਦਸਮ-ਦੁਆਰ ਖ੍ਹੋਲ ਦਏ, ਤਾਂ ਕਿ ਸਾਨੂੰ ਗੱਧਿਆਂ ਅਤੇ ਬੰਦਿਆਂ ਦੀ ਪਹਿਚਾਣ ਕਰਨੀ ਆ ਜਾਏ, ਇਨਾਂ ਹੀ ਲੱਖ ਵੱਟਿਆ।

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top