Share on Facebook

Main News Page

ਗੁਲਾਮ, ਗੁਲਾਮੀ ਅਤੇ ਮੂਰਤੀ
-
ਗੁਰਦੇਵ ਸਿੰਘ ਸੱਧੇਵਾਲੀਆ

ਦੋ ਖ਼ਬਰਾਂ ਹਨ ਜਿਹੜੀਆਂ ਦਾ ਚਰਚਾ ਰਿਹਾ। ਇੱਕ ਤਮਾਕੂ ਦੇ ਗੁਟਕੇ ਉਪਰ ਗੁਰੂ ਨਾਨਕ ਸਾਹਿਬ ਦੀ ਅਖੌਤੀ ਮੂਰਤੀ ਤੇ ਦੂਜੀ ਵੀ ਇਸ ਨਾਲ ਹੀ ਰਲਦੀ-ਮਿਲਦੀ ਜਿਹੜੀ ਬਾਹਰ ਕਿਸੇ ਗੋਰੇ ਨੇ ਗੁਰੂ ਨਾਨਕ ਸਾਹਿਬ ਦੇ ਹੱਥ ਵਿਚ ਮੂਵੀ ਕੈਮਰਾ ਫੜਾਇਆ ਹੋਇਆ।

ਤਮਾਕੂ ਵਾਲੀ ਖ਼ਬਰ ਦੇ ਹੇਠ ਖਾਲਸਾ ਨਿਊਜ ਉਪਰ ਕਿਸੇ ਭਰਾ ਦਾ ‘ਕੁਮੈਂਟਸ’ ਸੀ ਜਿਸ ਦਾ ਸਿੱਧਾ ਅਰਥ ਸੀ ਕਿ ਇਹ ਸਭ ਕੁਝ ਗੁਲਾਮੀ ਕਾਰਨ ਹੈ ਤੇ ਗੁਲਾਮ ਕੁਝ ਨਹੀਂ ਕਰ ਸਕਦਾ।

ਪਰ ਗੁਲਾਮ ਕਿਸਦਾ? ਦਿੱਲੀ ਦਾ ? ਹਿੰਦੂ ਦਾ? ਪਰ ਦਿੱਲੀ ਜਾਂ ਹਿੰਦੂ ਨੇ ਤਾਂ ਮੇਰੇ ਘਰ ਮੂਰਤੀ ਨਹੀਂ ਸਜਾਈ। ਕਿਸ ਨੇ ਕਿਹਾ ਮੂਰਤੀ ਸਜਾਉਣ ਨੂੰ ਮੈਨੂੰ? ਸ੍ਰੀ ਗੁਰੂ ਗਰੰਥ ਸਾਹਿਬ ਨੇ ਜਾਂ ਖੁਦ ਗੁਰੂ ਨਾਨਕ ਸਾਹਿਬ ਨੇ? ਜੇ ਕਿਸੇ ਵੀ ਨਹੀਂ ਤਾਂ ਇਹ ਮੂਰਤੀ ਆਈ ਕਿਥੋਂ? ਜੇ ਇਹ ਮੂਰਤੀ ਹੁੰਦੀ ਹੀ ਨਾ? ਤੇ ਮੈਂ ਕੀ ਮੰਨ ਲਿਆ ਕਿ ਇਹੀ ਮੂਰਤੀ ਗੁਰੂ ਨਾਨਕ ਸਾਹਿਬ ਦੀ ਹੈ?

ਮੂਰਤੀ ਨੇ ਤਾਂ ਮੂੰਹੋਂ ਨਹੀਂ ਨਾ ਬੋਲਣਾ ਕਿ ਮੈਂ ਕਿਸਦੀ ਮੂਰਤੀ ਹਾਂ। ਇਹ ਤਾਂ ਦੇਖਣ ਵਾਲੇ ਦੱਸਣਾ ਕਿ ਇਹ ਕਿਸਦੀ ਮੂਰਤੀ ਹੈ? ਤੇ ਮੈਂ ਮੰਨ ਲਿਆ ਕਿ ਇਹ ਗੁਰੂ ਨਾਨਕ ਦੀ ਮੂਰਤੀ ਹੈ? ਜੇ ਮੈਂ ਮੰਨ ਲਿਆ ਇਹੀ ਮੂਰਤੀ ਵਾਲਾ ਹੀ ਗੁਰੂ ਨਾਨਕ ਹੈ, ਤਾਂ ਫਿਰ ਸ੍ਰੀ ਗੁਰੂ ਗਰੰਥ ਸਾਹਿਬ ਵਾਲੇ ਮੇਰੇ ਨਾਨਕ ਦਾ ਕੀ ਕਰੋਗੇ?

ਗੁਲਾਮ ਮੈਨੂੰ ਕਿਸ ਕੀਤਾ? ਹਿੰਦੂ ਨੇ? ਹਿੰਦੂ ਦੀ ਜੁਅਰਤ ਹੀ ਕਿਵੇਂ ਕਿ ਉਹ ਗੁਰੂ ਨਾਨਕ ਦਾ ਬੁੱਤ ਬਣਾ ਕੇ ਮੇਰੇ ਘਰੇ ਰੱਖ ਜਾਵੇ। ਉਹ ਬੁੱਤ, ਉਹ ਮੂਰਤੀ ਤਾਂ ਮੈਂ ਖੁਦ ਘਰੇ ਲੈ ਕੇ ਆਇਆ ਹਾਂ ਨਾ। ਖਰੀਦ ਕੇ। ਗੁਰੂ ਨਾਨਕ ਨੂੰ ਖਰੀਦ ਕੇ? ਗੁਰੂ ਨਾਨਕ ਜੇ ਮੂਰਤੀ ਬਣ ਕੇ ਅੱਜ ਬਜਾਰ ਵਿਚ ਵਿੱਕ ਰਿਹੈ ਤਾਂ ਇਸ ਵਿਚ ਕਿਸੇ ਦੀ ਕੀ ਸਾਜਸ਼ ਹੋ ਸਕਦੀ ਬਈ। ਹੋ ਸਕਦੀ? ਗੁਰੂ ਨਾਨਕ ਦੀ ਮੂਰਤੀ ਦਾ ਖਰੀਦਾਰ ਕੌਣ ਹੈ? ਮੁਸਲਮਾਨ? ਹਿੰਦੂ? ਇਸਾਈ? ਮੈਂ ਹੀ ਨਾ। ਸਿੱਖ???

ਮੂਰਤੀ ਦੇਖੋ ਮੈਨੂੰ ਪਰੋਸੀ ਕਿਵੇਂ ਗਈ। ਅਖੇ ਬਾਬਾ ਜੀ ਨੂੰ ਖੁਦ ਪ੍ਰਤਖ ਗੁਰੂ ਨਾਨਕ ਸਾਹਿਬ ਨੇ ਦਰਸ਼ਨ ਦਿੱਤੇ। ਮੂਰਤੀ ਬਣਾਉਂਣ ਲਈ!! ਪਰ ਜਿਹੜਾ ਦਰਸ਼ਨ ਦੇਣ ਆਇਆ ਉਹ ‘ਬਾਬਿਆਂ’ ਨੂੰ ਇਹ ਨਹੀਂ ਦੱਸ ਕੇ ਗਿਆ ਇਹ ਮੂਰਤੀਆਂ ਤਾਂ ਮੈਂ ਤੋੜ ਚੁੱਕਾਂ? ਇਥੋਂ ਸਾਬਤ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਪਰ ਰਾਜਾਈਆਂ-ਕੰਬਲ ਦੇਣ ਦੇ ਖੇਖਨ ਕਰਨ ਵਾਲੇ ਸਾਧੜੇ ਨੇ, ਸ੍ਰੀ ਗੁਰੂ ਜੀ ਨੂੰ ਖ੍ਹੋਲ ਕੇ ਕਦੇ ਨਹੀਂ ਸੀ ਦੇਖਿਆ। ਜੇ ਦੇਖਿਆ ਹੁੰਦਾ ਤਾਂ ਉਸ ਦੇ ਠਾਠਾਂ ਵਿਚ ਇਨੇ ਵੱਡੇ ਮੂਰਤੇ ਨਾ ਖੜੇ ਹੁੰਦੇ। ਕਿ ਹੁੰਦੇ?

ਮੂਰਤੀ ਮੇਰੀ ਕੌਮ ਦੀ ਕਮਜੋਰੀ ਬਣ ਚੁੱਕੀ। ਮੈਂ ਮੂਰਤੀ ਤੋਂ ਬਿਨਾ ਹੁਣ ਨਹੀਂ ਰਹਿ ਸਕਦਾ। ਹਰੇਕ ਘਰ ਦਾ ਸ਼ਿੰਗਾਰ ਹੈ ਮੂਰਤੀ। ਮੂਰਤੀ ਤੋਂ ਬਿਨਾ ਤਾਂ ‘ਸਿੱਖ’ ਦਾ ਘਰ ਸੁੰਨਾ ਜਾਪਦਾ। ਉਹ ਰੋਜਾਨਾ ਮੂਰਤੀ ਅਗੇ ਸਿਰ ਨਹੀਂ ਝੁਕਾਉਂਦਾ ਬਲਕਿ ਗੁਰੂ ਦਾ ਮੂੰਹ ਚਿੜਾਉਂਦਾ ਹੈ। ਦੰਦੀਆਂ ਖਰਾਉਂਦਾ ਹੈ। ਜ਼ੁਬਾਨਾ ਕੱਢਦਾ ਹੈ। ਇੰਝ ਹੀ ਹੁੰਦਾ ਹੈ ਨਾ? ਕਿਉਂ ਨਹੀਂ ਹੁੰਦਾ? ਬੁੱਤ ਪੂਜਣ ਵਾਲੇ ਨੂੰ ਜਦ ਉਹੀ ਗੁਰੂੁ ਮੂਰਖ, ਮੁਗਧ, ਗਵਾਰ, ਅੰਨ੍ਹਾ, ਗੁੰਗਾ, ਬੋਲਾ ਕਹਿ ਰਹੇ ਹਨ ਤਾਂ ਉਸੇ ਗੁਰੂ ਦੀ ਮੂਰਤੀ ਬਣਾ ਕੇ ਜਦ ਮੈਂ ਮੱਥੇ ਟੇਕਦਾਂ ਤਾਂ ਇਹ ਕੀ ਹੈ?

ਮੈਂ ਹਿੰਦੂ ਤੋਂ ਤਾਂ ਅਜਾਦ ਹੋਣਾ ਚਾਹੁੰਦਾ ਪਰ ਉਸ ਦੀਆਂ ਆਦਤਾਂ ਤੋਂ ਨਹੀਂ। ਸਰੀਰਕ ਗੁਲਾਮੀ ਇਨੀ ਘਾਤਕ ਨਹੀਂ ਹੁੰਦੀ ਜਿੰਨੀ ਮਾਨਸਿਕ। ਸਰੀਰ ਤਾਂ ਸ਼ਾਇਦ ਕਿਤੇ ਛੁੱਟ ਜਾਏ ਪਰ ਮਾਨਸਿਕਤਾ ਦੀ ਗੁਲਾਮੀ ਪੀਹੜੀਆਂ ਤੱਕ ਨਾਲ ਜਾਵੇਗੀ। ਤੁਸੀਂ ਛੁੱਟ ਹੀ ਨਹੀਂ ਸਕਦੇ। ਸਰੀਰ ਤਾਂ ਚਲੋ ਜੇ ਕਿਤੇ ਦੁਨੀਆਂ ਉਪਰ ਉੱਥਲ-ਪੁੱਥਲ ਹੋਵੇ ਤਾਂ ਹਿੰਦੂ ਤੋਂ ਆਜ਼ਾਦ ਹੋ ਜਾਵੇ, ਪਰ ਸਿਰ ਨੂੰ ਕੋਈ ਦੁਨੀਆਂ ਦੀ ਤਾਕਤ ਆਜ਼ਾਦ ਨਹੀਂ ਕਰ ਸਕਦੀ। ਉਹ ਤਾਂ ਜਿਥੇ ਵੀ ਤੁਸੀਂ ਹੋਵੋਂਗੇ ਫੱਸੇ ਤੋਤਿਆਂ ਵਾਂਗ ਰਾਮ ਕਥਾ ਪੜੀ ਜਾਵੋਂਗੇ, ਬਿਸ਼ਨ ਕੀ ਭਗਤੀ ਨੂੰ ਰਗੜਾ ਲਾਈ ਜਾਵੋਂਗੇ, ਜਗਮਾਤਾ ਦੀ ਕ੍ਰਿਪਾ ਮੰਗੀ ਜਾਵੋਗੇ। ਕੌਣ ਅਜਾਦ ਕਰ ਦਊ ਦੱਸੋ ਤੁਹਾਨੂੰ ਮਹਾਂਕਾਲ ਤੋਂ? ਖਾਲਿਸਤਾਨ ਮੰਗਣ ਵਾਲਿਆਂ ਵਿਚ ਕਿੰਨਿਆਂ ਵਿਚ ਜੁਅਰਤ ਹੈ, ਕਿ ਗੁਰੂ ਸਿਧਾਂਤ ਦਾ ਮੂੰਹ ਚਿੜਾਉਣ ਵਾਲੀਆਂ ਇਨ੍ਹਾਂ ਅਖੌਤੀ ਮੂਰਤੀਆਂ ਦੀ ਹੋਲੀ ਬਾਲੇ? ਹੈਅ ਕਿਸੇ ਵਿਚ? ਤੇ ਫਿਰ ਆਜ਼ਾਦੀ ਕਾਹਦੀ?

ਗੁਲਾਮ ਕੌਣ ਰੱਖ ਰਿਹੈ ਮੈਨੂੰ? ਮੈਂ ਖੁਦ ਆਪ ਹੀ ਨਾ!! ਕਿ ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top