Share on Facebook

Main News Page

ਮਿਟਿਓ ਅੰਧੇਰੁ ਮਿਲਤ ਹਰਿ ਨਾਨਕ...

ਨਾਨਕ ਦੇ ਮਿਲਣ ਨਾਲ ਮੇਰਾ ਅੰਧੇਰ ਮਿਟ ਗਿਆ। ਪਰ ਨਾਨਕ ਮਿਲਦਾ ਕਿਵੇਂ ਹੈ? ਥਾਲਾਂ ਦੇ ਭੋਗ ਲਵਾਉਂਣ ਨਾਲ? ਬਾਟੇ ਮਾਂਜਣ ਨਾਲ? ਬੱਤੀਆਂ ਬੰਦ ਕਰਨ ਨਾਲ ਜਾਂ ਸਿਮਰਨ ਦੇ ਨਾਂ ਤੇ ਹਉਕੇ ਲੈਣ ਨਾਲ?
ਸਚਾਈ ਇਹ ਹੈ ਕਿ ਜਿਸ ਪੈਗੰਬਰ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਹੋਵੇ ਉਸ ਦੀ ਪੂਜਾ ਕਰਨੀ ਲਾ ਦਿਓ! ਪੁਜਾਰੀ ਤੇ ਪੂਜਕ ਦਾ ਰਿਸ਼ਤਾ ਹੀ ਕੋਈ ਨਹੀਂ ਰਹਿੰਦਾ। ਰਹਿੰਦਾ ਤਾਂ ਕੋਈ ਦੱਸੇ। ਪੂਜਕ ਅਤੇ ਪੁਜਾਰੀ ਦੀ ਇੱਕ ਵਿੱਥ ਹੈ ਜੋ ਸਾਰਾ ਜੀਵਨ ਬਣੀ ਰਹਿੰਦੀ ਹੈ। ਸਿੱਖ ਦਾ ਮੱਤਲਬ ਕੀ? ਪੁਜਾਰੀ?

ਸਿੱਖਣ ਵਾਲੇ ਨੂੰ ਸਿੱਖ ਕਹਿੰਦੇ। ਮੇਰਾ ਗੁਰੂ ਵਲੋਂ ਦਿੱਤਾ ਸਿੱਖ ਹੋਣਾ ਨਾਂ ਹੀ ਇਹ ਸਾਬਤ ਕਰਦਾ ਕਿ ਮੇਰੇ ਵਿਚ ਪੁਜਾਰੀ ਹੋਣ ਦੀ ਕੋਈ ਗੁਜਾਇਸ਼ ਨਹੀਂ। ਜੇ ਮੈਂ ਪੁਜਾਰੀ ਹਾਂ ਤਾਂ ਸਿੱਖ ਨਹੀਂ। ਪੁਜਾਰੀ ਸਿੱਖ ਹੋ ਹੀ ਨਹੀਂ ਸਕਦਾ। ਕਿਵੇਂ ਹੋਵੇਗਾ ਸਿੱਖ ਪੁਜਾਰੀ? ਹੋਵੇਗਾ?

ਤੁਸੀਂ ਓਸ ਸਟੂਡੈਂਟ ਨੂੰ ਕੀ ਕਹੋਂਗੇ ਜਿਹੜਾ ਰੋਜ ਅਪਣੇ ਟੀਚਰ ਦੀ ਪੂਜਾ ਕਰਕੇ ਮੁੜ ਆਵੇ। ਜਾਂ ਉਸ ਦੀ ਮੂਰਤੀ ਬਣਾ ਕੇ ਉਸ ਦੀ ਧੂਪ-ਦੀਪ ਸ਼ੁਰੂ ਕਰ ਦੇਵੇ। ਗੁਰੂ ਦਾ ਮੱਤਲਬ ਹੀ ਕੀ ਹੈ? ਗੁਰ ਦੱਸਣ ਵਾਲਾ ਕਿ ਜੀਵਨ ਕੀ ਹੈ, ਇਸ ਨੂੰ ਕਿਵੇਂ ਜੀਣਾ ਹੈ, ਇਸ ਸਾਰੀ ਧਰਤੀ ਨੂੰ ਹੀ ਧਰਮਸਾਲ ਮੰਨ ਕੇ ਇਸ ਉਪਰ ਗੰਦ ਪਾਉਂਣੋ ਕਿਵੇਂ ਬੱਚਣਾ ਹੈ।

ਤੁਸੀਂ ਅਪਣੇ ਬੱਚੇ ਨੂੰ ਯੂਨੀਵਰਸਿਟੀ ਭੇਜਦੇ ਹੋ। ਪਰ ਜੇ ਉਥੋਂ ਤੁਹਾਨੂੰ ਇਹ ਰਿਪੋਟ ਮਿਲੇ ਕਿ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਅਪਣੇ ਪ੍ਰਿੰਸੀਪਲ ਅਗੇ ਅੱਖਾਂ ਅਤੇ ਬੱਤੀਆਂ ਬੰਦ ਕਰਕੇ ਛੈਣੇ ਖੜਕਾਉਂਣ ਲੱਗ ਜਾਂਦੇ ਹਨ ਤਾਂ ਤੁਸੀਂ ਸੋਚ ਸਕਦੇ ਹੋਂ ਕਿ ਓਸ ਯੂਨੀਵਰਸਿਟੀ ਵਿਚੋਂ ਤੁਹਾਡੇ ਬੱਚੇ ਲਾਇਕ ਬਣ ਕੇ ਨਿਕਲਨਗੇ?

ਬਅਸ! ਇਹੀ ਨੁਕਤਾ ਹੈ ਸਮਝਣ ਲਈ ਕਿ ਸਿੱਖ ਦਾ ਅੰਧੇਰ ਗੁਰੂ ਨਾਨਕ ਨੂੰ ਮਿਲਣ ਤੇ ਮਿਟਿਆ ਕਿਉਂ ਨਾ। ਕਿਉ ਉਹ ਅੰਨ੍ਹੇਰੇ ਵਿਚ ਹੀ ਟੱਕਰਾਂ ਮਾਰਦਾ ਰੰਗ-ਬਰੰਗੇ ਨਕਲੀ ਗੁਰੂਆਂ ਦੇ ਡੇਰਿਆਂ ਤੇ ਫਿਰ ਰਿਹਾ ਹੈ। ਉਸ ਨੇ ਜਿਹੜਾ ਰਿਸ਼ਤਾ ਗੁਰੂ ਨਾਨਕ ਨਾਲ ਕਾਇਮ ਕੀਤਾ ਉਹ ਸਿੱਖ ਅਤੇ ਗੁਰੂ ਦਾ ਨਹੀਂ ਬਲਕਿ ਪੁਜਾਰੀ ਅਤੇ ਪੂਜਕ ਦਾ ਹੈ। ਮੇਰੇ ਪਾਠ, ਮੇਰੀਆਂ ਸੁੱਖਣਾ, ਮੇਰੇ ਚੜਾਵੇ, ਮੇਰੀਆਂ ਭਾਈਆਂ ਤੋਂ ਕਰਵਾਈਆਂ ਹੋਈਆਂ ਅਰਦਾਸਾਂ, ਮੇਰੀਆਂ ਜੋਤਾਂ, ਧੂਪਾਂ, ਨਾਰੀਅਲ ਸਭ ਪੂਜਾ ਦਾ ਹੀ ਤਾਂ ਸਮ੍ਹਾਨ ਹੈ। ਮੈਂ ਜਦ ਵੀ ਗੁਰੂ ਕੋਲੇ ਜਾਂਦਾ ਹਾਂ ਪੁਜਾਰੀ ਬਣਕੇ ਅੱਖਾਂ ਮੀਚ ਲੈਂਦਾ ਹਾਂ ਤੇ ਬੰਦ ਅੱਖਾਂ ਨੂੰ ਹੁਣ ਚਾਨਣ ਦੱਸੋ ਕਿਵੇਂ ਦਿੱਸੇ। ਤੇ ਦੁੱਖ ਦੀ ਗੱਲ ਹੈ, ਕਿ ਮੇਰੀ ਪੂਰੀ ਕੌਮ ਹੀ ਪੁਜਾਰੀ ਬਣਕੇ ਰਹਿ ਗਈ ਹੈ, ਜਿਸ ਕਾਰਨ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਦਮ ਤੋੜ ਰਿਹਾ ਹੈ। ਸਾਹ ਘੁੱਟ ਰਿਹਾ ਹੈ ਗੁਰੂ ਨਾਨਕ ਦਾ ਇਨ੍ਹਾਂ ਮੰਗਤਿਆਂ ਦੀਆਂ ਭੀੜਾਂ ਵਿੱਚ।

ਇਤਿਹਾਸ ਸਿੱਖਣ ਲਈ ਹੈ। ਭਾਈ ਲਹਿਣਾ ਜੀ ਦਾ ਗੁਰੂ ਨਾਨਕ ਨੂੰ ਮਿਲਦਿਆਂ ਹੀ ਅੰਧੇਰਾ ਮਿੱਟ ਗਿਆ। ਕਈ ਸਾਲਾਂ ਤੋਂ ਪੂਜੀਆਂ ਜਾਂਦੀਆਂ ਮੂਰਤੀਆਂ ਲਹਿਣੇ ਨੇ ਗਲੋਂ ਵਗਾਹ ਮਾਰੀਆਂ। ਗੁਰੂ ਅਮਰਦਾਸ ਜੀ ਦੂਜੇ ਗੁਰੂ ਨਾਨਕ ਨੂੰ ਮਿਲਦਿਆਂ ਹੀ ਚਾਨਣ-ਚਾਨਣ ਹੋ ਗਏ। ਪਰ ਇਧਰ ਕਹਾਣੀਆਂ ਵਾਲੇ ਬਾਬੇ? ਜੀਹਨਾਂ ਨੂੰ ਕਹਿੰਦੇ ਪ੍ਰਤਖ ਗੁਰੂ ਨਾਨਕ ਮਿਲੇ। ਮਿਲੇ ਹੀ ਨਹੀਂ ਬਲਕਿ ਕਹਿੰਦੇ ਪ੍ਰਸ਼ਾਦਾ ਵੀ ਛਕਾਇਆ। ਛਕਾਇਆ ਕਿਵੇਂ? ਮੂਰਤੀਆਂ ਵਿਚੋਂ!

ਜਿਹੜੀਆਂ ਮੂਰਤੀਆਂ ਨੂੰ ਗੁਰੂ ਰੱਦ ਕਰ ਰਹੇ ਨੇ ਉਨ੍ਹਾਂ ਉਸੇ ਗੁਰੂ ਦੇ ਵੱਡੇ ਵੱਡੇ ਮੂਰਤੇ ਖੜੇ ਕਰ ਮਾਰੇ। ਹੁਣ ਤੁਸੀਂ ਦੱਸੋ ਕਿ ਅੰਧੇਰਾ ਮਿਟਿਆ ਕਿ ਵਧਿਆ? ਮੂਰਤੀ ਅਤੇ ਗੁਰੂ ਨਾਨਕ ਦਾ ਕੀ ਸਬੰਧ। ਕੋਈ ਹੈ? ਮੈਂ ਕਹਿੰਨਾ ਕਿ ਗੁਰੂ ਦੀ ਬਾਣੀ ਝੂਠੀ ਨਹੀਂ ਹੋ ਸਕਦੀ। ਬਾਣੀ ਜੇ ਝੂਠੀ ਨਹੀਂ ਤਾਂ ਬਾਣੀ ਦਾ ਸੱਚ ਤਾਂ ਮੂਰਤੀ ਨੂੰ ਰੱਦ ਹੀ ਨਹੀਂ ਕਰਦਾ ਬਲਕਿ ਮੂਰਤੀ ਪੂਜਣ ਵਾਲੇ ਨੂੰ ਅੰਨ੍ਹਾ, ਮੂਰਖ, ਮੁਗਧ ਅਤੇ ਗਵਾਰ ਕਹਿੰਦਾ ਹੈ ਫਿਰ ਕੀ ਕਿਹਾ ਜਾਵੇ ਗੁਰੂ ਦੇ ਮੂਰਤੇ ਖੜੇ ਕਰਨ ਵਾਲਿਆਂ ਨੂੰ? ਬ੍ਰਹਮਗਿਆਨੀ? ਬੱਅਸ ਇਹੀ ਦੁਖਾਂਤ ਹੈ ਮੇਰੀ ਕੌਮ ਦਾ ਕਿ ਇਸ ਮੂਰਖਾਂ, ਮੁਗਧਾਂ, ਅੰਨ੍ਹਿਆਂ ਅਤੇ ਗਵਾਰ ਲੋਕਾਂ ਨੂੰ ਮਹਾਂਪੁਰਖ, ਬ੍ਰਹਮਗਿਆਨੀ, 108, 1008, ਗੁਰਮਤ ਦੇ ਮਾਰਤੰਡ ਤੇ ਪਤਾ ਨਹੀਂ ਕੀ ਕੀ ਮੰਨ ਲਿਆ ਹੈ।

ਮੇਰਾ ਨਾਨਕ ਕਹਿੰਦਾ ਅੱਖਾਂ ਖੋਲ੍ਹ ਤੇਰਾ ਅੰਧੇਰਾ ਮਿੱਟੇ। ਮੈਂ ਕਹਿੰਨਾ ਅੱਖਾਂ ਖੋਲ੍ਹੀਆਂ ਤਾਂ ਜੁਬਾਨ ਵੀ ਖੋਲ੍ਹਣੀ ਪਵੇਗੀ। ਹੁਣ ਸਾਰਾ ਸਿਆਪਾ ਜੁਬਾਨ ਤੋਂ ਹੀ ਤਾਂ ਪੈਂਦਾ ਹੈ।

ਜਿੰਨਾ ਚਿਰ ਮੇਰੀ ਕੌਮ ਦਾ ਰਿਸ਼ਤਾ ਗੁਰੂ ਨਾਲ ਪੁਜਾਰੀ ਅਤੇ ਪੂਜਕ ਦਾ ਰਹੇਗ,ਾ ਇਹ ਕੌਮ ਕੋਈ ਤਰੱਕੀ ਕੋਈ ਵਿਕਾਸ ਕਰ ਹੀ ਨਹੀਂ ਸਕਦੀ। ਦੁਨੀਆਂ ਦੀ ਕਿਸੇ ਪੁਜਾਰੀ ਕਲਾਸ ਦਾ ਕੋਈ ਮਾਨਸਿਕ ਵਿਕਾਸ ਹੋਇਆ ਸੁਣਿਆ ਤੁਸੀਂ? ਜੇ ਇੰਝ ਹੁੰਦਾ ਤਾਂ ਗੁਰੂ ਸਾਹਿਬ ਪੁਜਾਰੀ ਨੂੰ ਵਿਚੋਂ ਦਫਾ ਕਿਉਂ ਕਰਦੇ। ਦਸਵੇਂ ਨਾਨਕ ਨੇ ਤਾਂ ਪੁਜਾਰੀ ਦਾ ਪੱਕਾ ਹੀ ਫਸਤਾ ਵੱਡ ਦਿੱਤਾ। ਖਾਲਸਾ ਹੋਣ ਦਾ ਮੱਤਲਬ ਕੀ ਹੈ ਹੋਰ?

ਗੁਰਦੇਵ ਸਿੰਘ ਸੱਧੇਵਾਲੀਆ


ਟਿੱਪਣੀ: ਸਤਿਕਾਰਯੋਗ ਗੁਰਦੇਵ ਸਿੰਘ ਜੀ, ਆਪ ਜੀ ਦੇ ਲਿਖੇ ਅਨੁਸਾਰ "ਦਸਵੇਂ ਨਾਨਕ ਨੇ ਤਾਂ ਪੁਜਾਰੀ ਦਾ ਪੱਕਾ ਹੀ ਫਸਤਾ ਵੱਡ ਦਿੱਤਾ।", ਪਰ ਕੀ ਮਜਬੂਰੀ ਸੀ, ਕਿ ਆਪ ਜੀ ਨੇ ਵੀ ਕੌਮ ਦੇ ਦਲੇਰ ਪ੍ਰਚਾਰਕ ਨੂੰ ਉਨ੍ਹਾਂ ਹੀ ਪੁਜਾਰੀਆਂ ਸਾਹਮਣੇ ਖਿਮਾ ਯਾਚਨਾ ਲਈ ਭੇਜਣ ਦੀ ਸਲਾਹ ਦਿੱਤੀ?

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top