Share on Facebook

Main News Page

ਸੰਸਾਰ ਦੀ ਖੂਬਸੂਰਤੀ
-
ਗੁਰਦੇਵ ਸਿੰਘ ਸੱਧੇਵਾਲੀਆ

ਸੰਸਾਰ ਦੀ ਖੂਬਸੂਰਤੀ ਹੀ ਇਸ ਗੱਲ ਵਿਚ ਹੈ ਕਿ ਅਕਲਾਂ ਤੇ ਸ਼ਕਲਾਂ ਦਾ ਕੋਈ ਮੇਲ ਨਹੀਂ। ਇਸ ਵਿਲੱਖਣਤਾ ਕਾਰਨ ਹੀ ਸੰਸਾਰ ਖੂਬਸੂਰਤ ਜਾਪਦਾ ਹੈ। ਤੁਸੀਂ ਹੈਰਾਨ ਹੋਵੋਂਗੇ ਕਿ ਦੋ ਸਕੇ ਭਰਾਵਾਂ ਦੀ ਨਾ ਅਕਲ ਰਲਦੀ, ਨਾ ਸ਼ਕਲ। ਇਸ ਸੰਸਾਰ ਨੂੰ ਦੇਖਣ ਦਾ ਵੀਜ਼ਨ ਜਦ ਬਣ ਜਾਵੇ, ਤਾਂ ਤੁਹਾਨੂੰ ਇਸ ਦੀ ਖੂਬਸੂਰਤੀ ਅਸ਼ ਅਸ਼ ਕਰਨ ਲਾ ਦਿੰਦੀ ਹੈ। ਗੁਰੂ ਨਾਨਕ ਪਾਤਸ਼ਾਹ ਦਾ ਵਿਸਮਾਦ ਨਾਦ ਵਿਸਮਾਦ ਵੇਦ ਜਾਂ ਕੁਦਰਤ ਦਿਸੇ ਕੁਦਰਤ ਸੁਣੀਏ ਵਾਲਾ ਸਲੋਕ ਪੜੋ ਇੰਝ ਜਾਪਦਾ ਹੈ, ਗੁਰੂ ਜੀ ਇਸ ਸੰਸਾਰ ਦੀ ਖੂਬਸੂਰਤੀ ਵਿਚ ਗੁਵਾਚਦੇ ਹੀ ਤੁਰੇ ਜਾ ਰਹੇ ਹਨ।

ਇਹ ਮੇਰੇ ਤੇ ਨਿਰਭਰ ਹੈ ਕਿ ਇਸ ਸੰਸਾਰ ਵਿਚ ਮੈਂ ਕੰਡੇ ਨੂੰ ਦੇਖਦਾ ਹਾਂ ਕਿ ਫੁੱਲ ਨੂੰ। ਮੈਂ ਹੈਰਾਨ ਹੁੰਦਾ ਜਦ ਇਕੇ ਬੂਟੇ ਨੂੰ ਹੀ ਕਈ ਰੰਗਾਂ ਦੇ ਫੁੱਲ ਲੱਗੇ ਹੁੰਦੇ ਹਨ। ਪਾਣੀ ਵਿਚ ਤੈਰਦੀ ਫਿਰਦੀ ਮੱਛੀ ਦੇ ਰੰਗ? ਅਕਾਸ਼ ਵਿਚ ਉੱਡਦੀ ਜਾ ਰਹੀ ਚਿੜੀ ਦੇ ਰੰਗ? ਫੁੱਲਾਂ ਉਪਰ ਗੂੰਜਦਾ ਫਿਰਦਾ ਭੰਵਰਾ। ਅਲੱਗ ਅਲੱਗ ਅਵਾਜਾਂ। ਕੋਇਲ ਕਿੰਨੀ ਖੂਬਸਰੂਤ ਅਵਾਜ ਵਾਲੀ ਤੇ ਕਾਂ? ਇਹ ਵਿਲੱਖਣਤਾ ਨਾ ਹੋਵੇ ਕੁਦਰਤ ਦੇ ਰੰਗਾਂ ਵਿਚ ਤਾਂ ਕੋਇਲ ਨੂੰ ਕੋਈ ਕਿਉਂ ਅਪਣੇ ਚੇਤਿਆਂ ਵਿਚ ਰੱਖੇ। ਉਹ ਲੋਕ ਕੁਦਰਤ ਦੀ ਖੂਬਸੁੂਰਤੀ ਮਾਨਣ ਤੋਂ ਵਾਂਝੇ ਰਹਿ ਜਾਂਦੇ ਹਨ, ਜਿਹੜੇ ਕਾਵਾਂ ਉਪਰ ਹੀ ਖਿਝੀ ਜਾਣ। ਭਰਾਵੋ ਕੋਇਲ ਵੀ ਤਾਂ ਹੈ ਨਾ ਸੰਸਾਰ ਵਿਚ।

ਸੰਸਾਰ ਦੀ ਬਗੀਚੀ ਫੁੱਲਾਂ ਦੀ ਖਿੜੀ ਹੋਈ ਦੀ ਮਿਸਾਲ ਨਾਲ ਗੁਰੁੂ ਸਾਹਿਬ ਇਸ ਦੀ ਖੁਬਸੂਰਤੀ ਰਾਹੀਂ ਮੈਨੂੰ ਇਕ ਚੰਗੇ ਤੇ ਉੱਚੇ ਇਖਲਾਕ ਦੀ ਗੱਲ ਸਮਝਾਉਂਣੀ ਚਾਹ ਰਹੇ ਹਨ, ਕਿ ਸੰਸਾਰ ਫੁੱਲਾਂ ਵਾਂਗ ਖਿੜਿਆ ਹੋਇਆ ਵੇਖ, ਇਸ ਦੀ ਸੁੰਦਰਤਾ ਨੂੰ ਵੇਖ, ਓ ਯਾਰ ਕਰਤੇ ਨਾਲ ਜੱਫੀਆਂ ਪਾ ਯਾਨੀ ਇਸ ਨੂੰ ਮਾਣ ਪਰ ਇਸ ਖੁਬਸੂਰਤੀ ਨੂੰ ਤੋੜਨ-ਮਸਲਣ ਦੀ ਕੋਸ਼ਿਸ਼ ਨਾ ਕਰ।

ਇਥੇ ਮੈਨੂੰ ਇੱਕ ਕਹਾਣੀ ਯਾਦ ਆ ਗਈ। ਕਹਿੰਦੇ ਇਕ ਗੁਰੂ ਦਾ ਸਿੱਖ ਟਰੇਨ ਵਿਚ ਜਾ ਰਿਹਾ ਸੀ। ੳੇੁਸ ਦੇ ਸਾਹਵੇਂ ਇਕ ਬਹੁਤ ਸੁੰਦਰ ਔਰਤ ਆ ਕੇ ਬੈਠ ਗਈ। ਇਨੀ ਸੁੰਦਰ ਕਿ ਉਹ ਸਿੱਖ ਉਸ ਵਲ ਵੇਖੀ ਗਿਆ, ਵੇਖੀ ਗਿਆ। ਕੁਦਰਤੀ ਹੈ, ਕਿ ਜਦ ਤੁਹਾਡੇ ਵਲ ਕੋਈ ਬਿਨਾ ਵਜਾਹ ਵੇਖੀ ਜਾਵੇ ਤਾ ਤੁਹਾਨੂੰ ਖਿੱਝ ਚੜਨ ਲੱਗ ਜਾਂਦੀ ਹੈ। ਉਹ ਔਰਤ ਖਿੱਝ ਕੇ ਕਹਿਣ ਲਗੀ ਕਿ ਭਰਾ ਤੂੰ ਮੈਨੂੰ ਬੜਾ ਸੁਹਣਾ ਗੁਰੂ ਕਾ ਸਿੱਖ ਜਾਪਦਾਂ, ਪਰ ਤੂੰ ਇੰਝ ਵੇਖ ਕੇ ਮੇਰੀ ਪ੍ਰੇਸ਼ਾਨੀ ਦਾ ਕਾਰਨ ਕਿਉਂ ਬਣ ਰਿਹਾ ਹੈ। ਤਾਂ ਉਹ ਸਿੱਖ ਕਹਿਣ ਲੱਗਾ ਕਿ ਭੈਣ ਮੇਰੀਏ ਮੈਂ ਤੈਨੂੰ ਨਹੀਂ ਵੇਖ ਰਿਹਾ ਮੈਂ ਤਾਂ ਤੇਰੇ ਤੋਂ ਪਾਰ, ਕਰਤੇ ਦੀ ਖੂਬਸੂਰਤੀ ਵੇਖ ਰਿਹਾ ਹਾਂ, ਜਿਸ ਇਕ ਚੰਮ ਜਿਹੇ ਨੂੰ ਸੀਣਾਂ ਮਾਰ ਕੇ ਉਸ ਵਿਚ ਇਨੀ ਖੂਬਸੂਰਤੀ ਭਰ ਦਿੱਤੀ ਹੈ, ਕਿ ਬੰਦਾ ਵੇਖੀ ਜਾਵੇ ਪਰ ਜਿਸ ਦੀ ਕਿਰਤ ਇਨੀ ਸੋਹਣੀ ਹੈ, ਉਹ ਆਪ ਕਿਹੋ ਜਿਹਾ ਹੋਵੇਗਾ?

ਜਦ ਮੈਂ ਸੁਹਣੀ ਖੂਬਸਰੂਤ ਪਰਾਈ ਔਰਤ ਨੂੰ ਇਸ ਨਜਰੀਏ ਨਾਲ ਦੇਖਣ ਲੱਗ ਜਾਵਾਂ ਤਾਂ ਮੇਰੇ ਅੰਦਰਲੀ ਮੰਦ ਬੁੱਧੀ ਮਰਨੀ ਸ਼ੁਰੂ ਹੋ ਜਾਵੇਗੀ ਤੇ ਸੰਸਾਰ ਵਿਚ ਮੈਨੂੰ ਕੇਵਲ ਬੂਟਿਆਂ ਨਾਲ ਲੱਗੇ ਹੀ ਨਹੀਂ, ਬਲਕਿ ਤੁਰੇ ਫਿਰਦੇ ਖਿੜੇ ਫੁੱਲ ਵੀ ਦਿੱਸਣ ਲੱਗ ਜਾਣਗੇ। ਇਹੀ ਖੂਬਸੂਰਤੀ ਹੈ ਕਰਤੇ ਦੀ।

ਫੁੱਲ ਕੋਲੇ ਜਦ ਮੈਂ ਉਸ ਦੀ ਖੂਬਸੂਰਤੀ ਵਜੋਂ ਜਾਂਦਾ ਹਾਂ ਤਾਂ ਉਹ ਮੈਂਨੂੰ ਖੁਸ਼ਬੂ ਵੀ ਅਤੇ ਸੁੰਦਰਤਾ ਵੀ ਦਿੰਦਾ ਹੈ, ਪਰ ਜੇ ਮੈਂ ਉਸ ਨੂੰ ਤੋੜਨ ਜਾਂ ਮਸਲਣ ਵਰਗੀ ਮੰਦ ਬੁੱਧੀ ਨਾਲ ਜਾਵਾਂ ਤਾਂ ਮੈਂ ਦੋਵਾਂ ਗੱਲਾਂ ਤੋਂ ਵਾਂਝਾ ਰਹਿ ਜਾਵਾਂਗਾ। ਫੁੱਲ ਵਾਂਗ ਔਰਤ ਵੀ ਕੁਦਰਤ ਦੀ ਇਕ ਖੂਬਸੂਰਤੀ ਹੈ, ਪਰ ਇਸ ਖੂਬਸੂਰਤੀ ਦੇ ਕੰਡੇ ਮੈਂਨੂੰ ਉਦੋਂ ਵਲੂੰਧਰਨਗੇ, ਜਦ ਮੈਂ ਇਸ ਨੂੰ ਮੰਦਬੁਧੀ ਨਾਲ ਵੇਖਾਗਾਂ ਅਤੇ ਮੰਦਬੁਧੀ ਨਾਲ ਇਸ ਬਾਰੇ ਨਾਪਾਕ ਬੋਲ ਬੋਲਾਂਗਾ ਅਤੇ ਗੰਦੇ ਗੰਦੇ ਚੁਟਕਲੇ ਬਕਾਂਗਾ। ਇਹੀ ਗੱਲ ਨਾ ਦਸਮ ਗਰੰਥ ਵਾਲੇ ਭਰਾਵਾਂ ਨੂੰ ਸਮਝ ਆਈ ਤੇ ਨਾ ਕਈ ਅਖੌਤੀ ਕਾਂਵਾਂ ਨੂੰ। ਇਕ ਦੇ ਗਰੰਥ ਵਿਚ ਕਾਮੁਕ ਕਹਾਣੀਆਂ ਹਨ, ਦੂਜੇ ਦੇ ਸਿਰ ਵਿਚ। ਫਰਕ ਕੀ ਏ? ਕਾਹਦਾ ਪ੍ਰਚਾਰ? ਕਮਲਿਓ ਰੱਬ ਕਿਤੇ ਸਿੱਧਾ ਥੋੜਾ ਆ ਕੇ ਕਹਿੰਦਾ ਕਿ ਲੈ ਕਰ ਲੈ ਦਰਸ਼ਨ ਮੈਂ ਆ ਗਿਆ। ਨਹੀਂ! ਰੱਬ ਅਪਣੀਆਂ ਇਨ੍ਹਾਂ ਖੂਬਸੂਰਤੀਆਂ ਵਿਚੋਂ ਹੀ ਝਲਕਾਰੇ ਪਾਉਂਦਾ, ਪਰ ਬੰਦਾ ਰੱਬ ਨੂੰ ਹੋਰ ਹੀ ਥਾਵਾਂ ਤੇ ਭਾਲਦਾ ਫਿਰਦਾ, ਜਾਂ ਰੱਬ ਬਾਰੇ ਲੋਕਾਂ ਨੂੰ ਗਲਤ ਜਾਣਕਾਰੀ ਦਿੰਦਾ ਫਿਰਦਾ। ਗੁਰੁੂ ਨੇ ਮੈਨੂੰ ਕਿਉਂ ਸਾਬਤ ਸੂਰਤ ਰਹਿਣ ਬਾਰੇ ਕਿਹਾ। ਤਾਂ ਕਿ ਕੁਦਰਤ ਦੀ ਇਸ ਖੂਬਸੂਰਤੀ ਵਿਚ ਮੈਂ ਜੀਵਾਂ। ਕੁਦਰਤ ਦੀ ਵਿਲੱਖਣਾ ਵਿਚ ਰਹਾਂ ਤੇ ਮੰਨ ਕੇ ਚਲਾਂ, ਕਿ ਕਰਤੇ ਨੇ ਮੇਰੇ ਨਾਲ ਕੋਈ ਧੱਕਾ ਨਹੀਂ ਕੀਤਾ। ਕਿ ਕੀਤਾ? ਔਰਤ ਦੇ ਉਸ ਦਾਹੜੀ ਮੁੱਛਾਂ ਕਿਉਂ ਨਾ ਲਾ ਦਿੱਤੀਆਂ? ਪਰ ਮੇਰਾ ਰੁੱਖਾ ਗਿਆਨ ਮੈਂਨੂੰ ਅੱਜ ਇਸ ਖੂਬਸੂਰਤੀ ਤੋਂ ਹੀ ਇਨਕਾਰੀ ਕਰੀ ਜਾ ਰਿਹਾ ਹੈ। ਨਹੀਂ?

ਇਥੇ ਗੁਰੁੂ ਜੀ ਮੈਨੂੰ ਇਹੀ ਸਮਝਾਉਂਣਾ ਚਾਹੁੰਦੇ ਹਨ ਕਿ ਤੂੰ ਹਰੇਕ ਖੁੂਬਸੂਰਤੀ ਵਿਚੋਂ ਉਸ ਕਰਤੇ ਨੂੰ ਵੇਖ, ਨਾਂ ਕਿ ਕਿਸੇ ਪਰਾਈ ਇਸਤਰੀ ਵਲ ਵੇਖ ਕਾਮਤੁਰ ਹੋ ਕੇ ਹੀਣੇ ਨਾਪਾਕ ਬੋਲ ਬੋਲਣੇ ਕਰ। ਫੁੱਲ ਤੋੜਨਾ ਨਹੀਂ, ਦਾ ਮੱਤਲਬ ਕਿ ਪਰਾਈ ਇਸਤ੍ਰੀ ਵਲ ਮਾੜੀ ਨਿਗਾਹ ਨਾਲ ਨਾ ਵੇਖ, ਪਰਾਈ ਇਸਤ੍ਰੀ ਉਪਰ ਕਟਾਖਸ਼ ਨਾ ਕਰ। ਗੁਰਬਾਣੀ ਦੇ ਅਜਿਹੇ ਪਾਵਨ ਬਚਨਾ ਵਿਚ ਢਲਿਆ ਹੋਇਆ ਸਿੱਖ ਹੀ ਨਾਦਰਾਂ-ਅਬਦਾਲੀਆਂ ਕੋਲੋਂ ਸੁਹਣੀਆਂ ਔਰਤਾਂ ਛੁਡਾ ਕੇ ਬਿਨਾ ਉਨ੍ਹਾਂ ਵਲ ਅੱਖ ਪੁੱਟਿਆਂ ਉਨ੍ਹਾਂ ਦੇ ਘਰੀਂ ਪਹੁੰਚਾ ਕੇ ਆਉਂਦਾ ਰਿਹਾ ਤੇ ਸਿੱਖ ਦੇ ਦੁਸ਼ਮਣਾਂ ਨੂੰ ਵੀ ਖਾਲਸੇ ਦੇ ਉੱਚੇ ਅਤੇ ਸੁੱਚੇ ਇਖਲਾਕ ਦੀਆਂ ਮਿਸਾਲਾਂ ਦੇਣੀਆਂ ਪਈਆਂ। ਨਹੀਂ?

ਪੂਰਾ ਸਬਦ ਇੰਝ ਹੈ।

ਮਃ ੫ ॥ ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥ ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥ {ਪੰਨਾ 1095}

ਅਰਥ:- (ਹੇ ਜੀਵ!) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮਤਿ-ਹੀਣੇ ਨਾਪਾਕ ਬੋਲ ਨਾਹ ਬੋਲ । ਹੇ ਨਾਨਕ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ) ।3।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top