Share on Facebook

Main News Page

ਚੁੱਪ ਹੀ ਚੁੱਪ??
-
ਗੁਰਦੇਵ ਸਿੰਘ ਸੱਧੇਵਾਲੀਆ

ਕਹਾਣੀ ਹੈ ਕਿ ਇੱਕ ਵਾਰ ਕਿਸੇ ਭਾਈ ਨੇ ਘੋੜੀ ਰੱਖੀ ਹੋਈ ਸੀ। ਉਸ ਦੇ ਇੱਕ ਵੇਰਾਂ ਲਾਗਾ ਲੱਗ ਗਿਆ। ਉਸ ਕਿਸੇ ਸਿਆਣੇ ਨੂੰ ਪੁੱਛਿਆ, ਤਾਂ ਉਹ ਕਹਿਣ ਲੱਗਾ ਕਿ ਬੇਰੀ ਦੀ ਗਿਟਕ ਲੈ ਕੇ, ਲਾਗੇ ਵਾਲੀ ਥਾਂ ਰਗੜ, ਹੱਟ ਜਾਵੇਗਾ। ਘੋੜੀ ਦਾ ਤਾਂ ਪਤਾ ਨਹੀਂ ਹਟਿਆ ਜਾਂ ਨਹੀਂ, ਪਰ ਘੋੜੀ ਉਪਰ ਬੈਠਣ ਕਾਰਨ ਉਸ ਦੇ ਵੀ ਲੱਗ ਗਿਆ। ਉਸ ਵੀ ਘੋੜੀ ਵਾਲਾ ਫਾਰਮੂਲਾ ਵਰਤਦਿਆਂ, ਅਪਣੇ ਵੀ ਬੇਰੀ ਦੀ ਗਿਟਕ ਘਸਾਉਂਣੀ ਸ਼ੁਰੂ ਕਰ ਦਿੱਤੀ। ਗਿਟਕ ਰਗੜਦਿਆਂ-ਰਗੜਦਿਆਂ ਕਹਿੰਦੇ ਉਸ ਦੇ ਬੇਰੀ ਉਗ ਆਈ। ਬੰਦੇ ਕਹਿੰਦੇ ਯਾਰ ਆ ਤਾਂ ਮਾੜਾ ਹੋਇਆ। ਠੀਕ ਥਾਂ ਨਹੀਂ ਉੱਗੀ।

ਜਿਸ ਦੇ ਉੱਗੀ ਸੀ ਉਹ ਕਹਿੰਦਾ ਠੀਕ ਨੂੰ ਕੀ ਏ ਭਰਾ, ਛਾਵੇਂ ਬਹਿਣ ਨੂੰ ਮਾੜੀ ਆ? ਇਥੋਂ ਸ਼ਾਇਦ ਰੁੱਖ ਉਗੇ ਛਾਵੇਂ ਬਹਿਣ ਵਾਲੀ ਕਹਾਵਤ ਨੇ ਜਨਮ ਲਿਆ ਹੋਵੇਗਾ।

ਬਾਬਾ ਫੌਜਾ ਸਿੰਘ ਕਹਾਣੀ ਸੁਣਾਉਂਣ ਵਾਲੇ ਨੂੰ ਕਹਿਣ ਲਗਿਆ ਕਿ ਗਿਟਕ ਘਸਾਉਂਣ ਨਾਲ ਬੇਰੀ ਕਿਵੇਂ ਉੱਗ ਆਈ ਬਈ? ਗੱਲ ਬਣੀ ਜਿਹੀ ਨਹੀਂ।

ਲੈ ਉੱਗਣ ਨੂੰ ਕੀ ਏ ਸ਼ਰਮਿੰਦੇ ਬੰਦੇ ਦੇ ਕੁੱਝ ਵੀ ਤੇ ਕਿਵੇਂ ਵੀ ਤੇ ਕਿਥੇ ਵੀ ਉੱਗ ਸਕਦਾ ਹੈ। ਨਹੀਂ ਉੱਗ ਸਕਦਾ?

ਬਾਬਾ ਫੌਜਾ ਸਿੰਘ ਸ਼ਾਇਦ ਉਸ ਨਾਲ ਸਹਿਮਤ ਨਾ ਹੁੰਦਾ ਜੇ ਓਟਵਾ (Ottawa) ਦੀ ਤਾਜਾ ਖ਼ਬਰ ਉਸ ਦੇ ਸਾਹਵੇਂ ਨਾ ਹੁੰਦੀ, ਜਿਸ ਵਿਚ ਇੱਕ ਗੁਰੂ ਘਰ ਵਿਖੇ ਜੈਕਾਰੇ ਛੱਡ ਕਿ ਇਹ ਗੱਲ ਪਾਸ ਕਰਾਈ ਗਈ, ਕਿ ਗਿੱਧਾ-ਭੰਗੜਾ ਗੁਰਦੁਆਰੇ ਵਿਚ ਕਿਉਂ ਨਹੀਂ ਹੋ ਸਕਦਾ? ਅਤੇ ਇਹ ਵੀ ਕਿ ਇਹ ਤਾਂ ਸਿੱਖ ਵਿਰਾਸਤ ਅਤੇ ਸਭਿਆਚਾਰ ਹੈ??

ਬਾਬਾ ਸੋਚ ਰਿਹਾ ਸੀ ਕਿ ਜੇ ਇਹ ਨੱਚਣ ਗਾਉਣ ਹੀ ਸਿੱਖ ਵਿਰਾਸਤ ਅਤੇ ਸਭਿਆਚਾਰ ਹੈ, ਤਾਂ ਫਿਰ ਇਸ ਵਿਰਾਸਤ ਦੇ ਹੀਰੋ ਹੀਰ-ਰਾਂਝੇ, ਲੈਲਾ-ਮਜਨੂੰ ਹੋਣੇ ਚਾਹੀਦੇ ਹਨ, ਨਾ ਕਿ ਗੁਰੁੂ ਸਾਹਿਬਾਨ ਜਾਂ ਸਿੱਖ ਸੂਰਬੀਰ। ਜੇ ਇਹੀ ਸਭਿਆਚਾਰ ਹੈ, ਤਾਂ ਫਿਰ ਇਸ ਸਭਿਆਚਾਰ ਦਾ ‘ਧਾਰਮਿਕ-ਗ੍ਰੰਥ’ ਵੀ ਤਾਂ ਵਾਰਸ ਦੀ ਹੀਰ, ਹਾਸ਼ਮ ਦੀ ਸੱਸੀ ਹੀ ਢੁੱਕਵੀਂ ਹੈ। ਨਹੀਂ?

ਪਰ ਇਸ ਸਭ ਦਾ ਨਾਂ ਫਿਰ ਗੁਰਦੁਆਰਾ ਵੀ ਕਿਵੇਂ ਰਹਿ ਗਿਆ? “ਰਾਂਝਾ ਮੱਠ” ਜਾਂ “ਸੱਸੀ ਦੁਆਰ” ਹੀ ਰੱਖ ਲਵੋ। ਪਰ ਦੁਹਾਈ ਰੱਬ ਦੀ, ਸਾਡਾ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਦਿਓ, ਤੁਸੀਂ ਜੋ ਮਰਜੀ ਝੱਖ ਮਾਰਨੀ ਮਾਰੀ ਜਾਓ। ਇੱਟਾਂ-ਪੱਥਰਾਂ ਦਾ ਨਾਂ ਗੁਰਦੁਆਰਾ ਨਹੀਂ। ਕਿ ਹੈ?

ਬਾਬਾ ਸੋਚ ਰਿਹਾ ਸੀ ਕਿ ਉਹ ‘ਸੂਰਬੀਰ ਜੋਧੇ’ ਕਿਧਰੇ ਨਜਰ ਨਹੀਂ ਆ ਰਹੇ, ਜਿਹੜੇ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਵੇਲੇ ਤਾਂ ਗੰਡਾਸੇ ਚੁੱਕੀ ਫਿਰਦੇ ਲਾਲੋ-ਲਾਲ ਹੋਏ ਫਿਰਦੇ ਸਨ, ਪਰ ਗੁਰਦੁਆਰਿਆਂ ਵਿਚ-ਗਿੱਧੇ-ਭੰਗੜੇ ਜਾਂ ਤੀਆਂ ਵੇਲੇ ਗੰਡਾਸੇ ਲੋਈਆਂ ਹੇਠ ਦੇ ਲੈਂਦੇ ਹਨ ਕੀ?

ਬਾਬਾ ਫੌਜਾ ਸਿੰਘ ਨੂੰ ਯਾਦ ਏ, ਇੱਕ ਵੇਰਾਂ ਟਰੰਟੋ ਵਿਖੇ ਵੀ ਕੁੱਝ ਚਿਰ ਪਹਿਲਾਂ ਇੱਕ ਗੁਰਦੁਆਰੇ ਤੀਂਆਂ ਦਾ ਮੇਲਾ ਲੱਗਿਆ ਸੀ। ਉਦੋਂ ਹਾਲੇ ਗੰਡਾਸਿਆਂ-ਸ਼ਵੀਆਂ ਵਾਲੀ ਘਟਨਾ ਤਾਜੀ ਵਾਪਰੀ ਸੀ, ਪਰ ਉਸ ਵੇਲੇ ਵੀ ਕ੍ਰਿਪਾਨਾਂ ਮਿਆਨੀ ਚਲੇ ਗਈਆਂ ਸਨ ਅਤੇ ਗੰਡਾਸੇ ਘੂਕ ਸੌਂ ਗਏ ਸਨ।

ਪਰ ਦੂਜੇ ਬੰਨੇ, ਜਦ ਪ੍ਰਬੰਧਕਾਂ ਨਾਲ ਗੱਲ ਹੋਈ ਕਿ ਯਾਰ ਬਾਹਰ ਤਾਂ ਚਲੋ ਬੀਬੀਆਂ ਮਾੜਾ-ਮੋਟਾ ਦਿੱਲ ਪ੍ਰਚਾਵਾ ਕਰ ਲੈਣ, ਪਰ ਤੀਆਂ ਜਾਂ ਨੱਚਣ-ਗਾਉਂਣ ਗੁਰੂੁ ਘਰਾਂ ਵਿੱਚ ਠੀਕ ਥਾਂ ਨਹੀਂ ਤਾਂ ਉਹ ਗਿਟਕ ਘਸਾਉਂਣ ਵਾਲੇ ਵਾਂਗ ਕਹਿਣ ਲਗੇ, ਕਿ ਠੀਕ ਨੂੰ ਕੀ ਆ ਵੇਖਾਂ ਬੀਬੀਆਂ ਕਿਵੇਂ ‘ਫੰਨ’ ਕਰ ਰਹੀਆਂ, ਹੋਰ ਕਿਧਰ ਜਾਣ ਵਿਚਾਰੀਆਂ!! ਤੇ ਉਹ ਹਾਲੇ ਤੱਕ ਵਿਚਾਰੇ ਗਿਟਕ ਘਸਾਈ ਜਾਂਦੇ ਖੁਸ਼ ਹੋਈ ਜਾ ਰਹੇ ਹਨ, ਕਿ ਕਿੰਨਾ ਸੋਹਣਾ ਰੁੱਖ ਉੱਗਿਆ ਸੀ। ਕਿਆ ਸੰਘਣੀ ਛਾਂ ਸੀ। ਹੈ ਕਿ ਨਹੀਂ ਮੌਜਾਂ ਈ ਮੌਜਾਂ!!

ਪਰ ਚਲੋ ਉਨ੍ਹਾਂ ਦੀਆਂ ਮੌਜਾਂ ਦੀਆਂ ਛੱਡੋ, ਬਾਬਾ ਫੌਜਾ ਸਿੰਘ ਇਸ ਗੱਲੇ ਪ੍ਰੇਸ਼ਾਨ ਸੀ ਕਿ ਗੁਰਦੁਆਰਿਆਂ ਦੀਆਂ ਬਰੂਹਾਂ ਵਲ ਸਭਿਆਚਾਰਾਂ ਅਤੇ ਵਿਰਾਸਤਾਂ ਦੇ ਨਾਂ ਤੇ ਵਧ ਰਹੇ ਇਸ ਧੰਦੇਬਾਜੀ ਦੇ ਰੁਝਾਨ ਨੂੰ ਕੌਣ ਰੋਕੇਗਾ? ਕੌਣ ਬੋਲੇਗਾ? ਸਭ ਪਾਸੇ ਕਬਰਾਂ ਵਰਗੀ ਚੁੱਪ ਹੈ। ਸਿਮਰਨੀਏ ਚੁੱਪ ਹਨ, ਔਖਧ ਨਾਮ ਚੁੱਪ, ਢੋਲਕੀਆਂ ਚੁੱਪ, ਚਿਮਟੇ ਚੁੱਪ, ਬੰਦ ਬੱਤੀਆਂ ਚੁੱਪ, ਰਾਗੀ-ਢਾਡੀ ਚੁੱਪ, ਗੁਰਦੁਆਰੇ ਚੁੱਪ, ਮੀਡੀਆ ਚੁੱਪ, ਗੰਡਾਸੇ-ਕ੍ਰਿਪਾਨਾਂ ਚੁੱਪ, ਯਾਨੀ ਚੁੱਪ ਹੀ ਚੁੱਪ। ਕਬਰਾਂ ਵਰਗੀ ਚੁੱਪ? ਕਦੋਂ ਟੁੱਟੇਗੀ ਚੁੱਪ ਮੇਰੀ ਕੌਮ ਦੀ? ਜਦ ਝੁੱਗਾ ਚੌੜ ਹੋ ਗਿਆ?

ਕੱਲ ਨੂੰ ਕੀ ਗਰੰਟੀ ਕਿ ਬਹੁਤੇ ਲੋਕ ਹੱਥ ਖੜੇ ਕਰਕੇ ਗੁਰਦੁਆਰੇ ਪੱਬ ਖੋਹਲਣ ਲਈ ਵੀ ਜੈਕਾਰੇ ਛੱਡ ਦੇਣ, ਤੇ ਬੀਬੀਆਂ ਬਿਉੂਟੀ-ਪਾਰਲਰ ਲਈ। ਇਹ ਸੈਹੇ ਮਗਰ ਦੌੜਨ ਵਾਲਿਆਂ ਨੂੰ ਪਤਾ ਨਹੀਂ ਕਿ ਮੁੜ ਪਿਹਾ ਕਿਧਰ ਦੀ ਜਾਊ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top