Share on Facebook

Main News Page

ਕਬੀਰ ਬੇੜਾ ਜਰਜਰਾ
-
ਗੁਰਦੇਵ ਸਿੰਘ ਸੱਧੇਵਾਲੀਆ

ਅੱਜ ਸਿੱਖ ਕੌਮ ਦਾ ਬੇੜਾ ਸਮੁੰਦਰੀ ਤੁਫਾਨ ਵਿਚ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ, ਇਸ ਦਾ ਇੱਕੋ ਇੱਕ ਆਸਰਾ ਸ੍ਰੀ ਗੁਰੂ ਗਰੰਥ ਸਾਹਿਬ ਜੇ ਅੱਜ ਨਾ ਹੁੰਦੇ, ਤਾਂ ਹੁਣ ਨੂੰ ਕਦ ਦਾ ਇਹ ਫੱਟੀ-ਫੱਟੀ ਹੋ ਜਾਣਾ ਸੀ, ਤੇ ਇਸ ਦੀਆਂ ਆਖਰੀ ਚੂਲਾਂ ਸਮੁੰਦਰੀ ਲਹਿਰਾਂ ਨੇ ਕਦ ਦੀਆਂ ਧੱਕ ਕੇ ਕਿਨਾਰੇ ਲਿਆ ਸੁੱਟਣੀਆਂ ਸਨ, ਜਿਸ ਦਾ ਦੇਖਣ ਵਾਲੇ ਨੂੰ ਕਦੇ ਖਿਆਲ ਵੀ ਨਹੀਂ ਸੀ ਆਉਂਣਾ ਕਿ ਕਦੇ ਇਹ ਇੱਕ ਬੇੜਾ ਹੁੰਦਾ ਸੀ!!

ਇਸ ਨੂੰ ਉਧੇੜ ਸੁੱਟਣ ਲਈ ਲਹਿਰਾਂ ਅਪਣੇ ਅੱਜ ਪੂਰੇ ਜੋਬਨ ਤੇ ਹਨ। ਵੰਨ-ਸੁਵੰਨੀਆਂ ਲਹਿਰਾਂ ਕਈ ਰੂਪ ਧਾਰ ਕੇ ਜੋਰ ਲਾ ਰਹੀਆਂ ਹਨ। ਉਪਰੋਂ ਦੁਖਾਂਤ ਇਹ ਕਿ ਇਸ ਦੇ ਅਖੌਤੀ ਮਲਾਹ ਖੁਦ ਇਸ ਵਿਚ ਛੇਕ ਕਰਨ ਲੱਗੇ ਹੋਏ ਹਨ। ਕੁਝ ਲਾਲਚ ਵਸ, ਕੁਝ ਜਾਣ ਬੁਝ ਕੇ ਤੇ ਕੁਝ ਅਪਣੀ ਮੂਰਖਤਾ ਕਾਰਨ।

ਡਿਕਸੀ ਗੁਰਦੁਆਰਾ ਸਾਹਿਬ ਇਨੀ ਦਿਨੀ ਭਾਈ ਪ੍ਰੰਥਪ੍ਰੀਤ ਸਿੰਘ ਹੁਰੀਂ ਆਏ ਹੋਏ ਨੇ। ਉਧਰ ਬਲਵਿੰਦਰ ਸਿਓਂ ਰੰਗੀਲਾ?? ਕੋਈ ਸੁਮੇਲ? ਕੋਈ ਨਹੀਂ ਨਾ! ਇਕ ਕੱਚੀਆਂ-ਪਿੱਲੀਆਂ ਕਹਾਣੀਆਂ ਉਪਰ ਖੜਾ ਹੈ, ਦੂਜਾ ਗੁਰਬਾਣੀ ਦੀ ਟੇਕ ਉਪਰ। ਪੰਥਪ੍ਰੀਤ ਸਿੰਘ ਗੁਰਬਾਣੀ ਤੋਂ ਬਾਹਰ ਜਾਂਦਾ ਨਹੀਂ, ਤੇ ਰੰਗੀਲਾ ਗੁਰਬਾਣੀ ਵਲ ਆਉਂਦਾ ਨਹੀਂ। ਰੰਗੀਲਾ ਬਾਰੇ ਇਨੀ ਜਾਣਕਾਰੀ ਹੀ ਕਾਫੀ ਹੈ, ਕਿ ਵੈਨਕੁਵਰ ਵਿਖੇ ਕੁਰਸੀਆਂ-ਤੱਪੜਾਂ ਦੇ ਰੌਲੇ ਨੂੰ ਚਰਮਸੀਮਾ ਤੱਕ ਪਹੁੰਚਾ ਕੇ, ਲੋਕਾਂ ਦੇ ਸਿਰ ਪੜਵਾਉਂਣ ਵਾਲਾ ਰੰਗੀਲਾ ਸੀ, ਪਰ ਖੁਦ ਯੁਬਾਸਿਟੀ ਕੁਰਸੀਆਂ ਵਾਲੇ ਗੁਰਦੁਆਰੇ ਕੀਰਤਨ ਵੀ ਕਰ ਆਇਆ ਸੀ? ਯਾਨੀ ਅੱਗ ਲਾ ਕੇਕੰਧ ਤੇ????

ਅਗਲੀ ਗੱਲ ਜਿਹੜੀ ਕਰਨੀ ਬਣਦੀ ਹੈ, ਕਿ ਰੰਗੀਲਾ ਉਸੇ ਸਟੇਜ ਤੋਂ ਮੂਲ-ਮੰਤਰ ਦਾ ਪਾਠ ਕਰਦਾ ਹੈ। ਚਲੋ ਇਹ ਉਸ ਦੀ ਮੁਸ਼ਕਲ ਹੈ, ਕਿ ਉਸ ਨੂੰ ਮੂਲਮੰਤਰ ਗੁਰਪ੍ਰਸਾਦਿ ਤੱਕ ਨਹੀਂ, ਨਾਨਕ ਹੋਸੀ ਭੀ ਸਚ ਤੱਕ ਚੰਗਾ ਲੱਗਦਾ, ਪੜੀ ਜਾਵੇ। ਪਰ ਹੈਰਾਨੀ ਦੀ ਗੱਲ, ਕਿ ਉਸੇ ਸਟੇਜ ਤੋਂ ਭਾਈ ਪੰਥਪ੍ਰੀਤ ਸਿੰਘ ਮੂਲ ਮੰਤਰ ਦੀ ਵਿਆਖਿਆ ਕਰ ਰਿਹੈ, ਗੁਰ ਪ੍ਰਸਾਦਿ ਤੱਕ।

ਚਲੋ ਉਂਝ ਆਪਾਂ ਇੰਝ ਤਾਂ ਮੰਨ ਲੈਂਦੇ ਹਾਂ ਕਿ ਲੋਕਾਂ ਦੀ ਯਾਦਸ਼ਤ ਕਮਜੋਰ ਹੈ। ਜੇ ਵਿਚ ਕੁੱਝ ਦਿਨ ਹੁੰਦੇ ਕਿ ਅੱਜ ਰੰਗੀਲਾ ਆਇਆ, ਕੱਲ ਨੂੰ ਭਾਈ ਪੰਥਪ੍ਰੀਤ ਸਿੰਘ ਆਇਆ, ਤਾਂ ਗੱਲ ਸਮਝ ਆਉਂਦੀ ਸੀ, ਕਿ ਇਨੇ ਕੁ ਚਿਰ ਵਿਚ ਗੱਲ ਲੋਕਾਂ ਨੂੰ ਭੁਲ ਜਾਂਦੀ ਹੈ, ਕਿ ਰੰਗੀਲਾ ਕੀ ਕਹਿ ਗਿਆ ਤੇ ਭਾਈ ਪੰਥਪ੍ਰੀਤ ਸਿੰਘ ਕੀ ਕਹਿ ਰਿਹਾ!। ਪਰ ਇਥੇ ਹੈਰਾਨੀ ਇਹ ਕਿ ਹੁਣੇ ਅਜੇ ਭਾਈ ਪੰਥਪ੍ਰੀਤ ਉੱਠ ਕੇ ਜਾਂਦਾ ਹੈ, ਤੇ ਮਗਰੇ ਰੰਗੀਲਾ ਆ ਜਾਂਦਾ ਹੈ। ਦੋਵੇਂ ਮੂਲ ਮੰਤਰ ਨੂੰ ਅਪਣੇ ਢੰਗ ਨਾਲ ਕਹਿੰਦੇ ਹਨ। ਇੱਕ ਗੁਰ ਪ੍ਰਸਾਦਿ ਤੱਕ, ਦੂਜਾ ਨਾਨਕ ਹੋਸੀ ਭੀ ਸਚ ਤੱਕ! ਪਰ ਦਾਦ ਦੇਣੀ ਬਣਦੀ ਗੁਰੂ ਕੀ ਸਾਧ ਸੰਗਤ ਦੀ ਜਿਹੜੀ ਕਹਿੰਦੇ ਇੱਕੀ ਵਿਸਵੇ ਹੁੰਦੀ ਕਿ ਉਨ੍ਹਾਂ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਕਿ ਇਹ ਕੀ ਰੋਲ-ਘਚੋਲਾ ਹੋ ਰਿਹੈ! ਲੋਕਾਂ ਦੀ ਛੱਡੋ ਪ੍ਰਬੰਧਕਾਂ ਦੀ ਸਿਹਤ ਉਪਰ ਵੀ ਕੋਈ ਅਸਰ ਨਹੀਂ। ਉਹ ਦੋਵਾਂ ਨੂੰ ਹੀ ਪੰਥ ਦੇ ਮਹਾਨ ਪ੍ਰਚਾਰਕ ਕਹਿ, ਭਰੇ ਹਾਲ ਜਾਂ ਭਰੀ ਗੋਲਕ ਵਲ ਵੇਖ ਕੇ ਖੁਸ਼ ਹੋ ਲੈਂਦੇ ਹਨ, ਕਿ ਖੇਤੀ ਹਰੀ ਹੈ! ਮੂਲਮੰਤਰ ਗੁਰਪ੍ਰਸਾਦਿ ਤੱਕ ਤਾਂ ਸਮਝ ਆਉਂਦਾ ਪਰ ॥ਜਪ॥ ਦੀਆਂ ਪਹਿਲੀਆਂ ਡੰਡੀਆਂ ਛਾਂਗ ਕੇ, ਅਪਣੇ ਹੀ ਗੁਟਕੇ ਬਣਾਉਂਣ ਵਾਲੇ ਟਕਸਲੀਆਂ ਵਾਲੀ ਬ੍ਰਹਮਗਿਆਨਤਾ ਦੀ ਗੱਲ ਸਮਝ ਨਹੀਂ ਆਉਂਦੀ, ਕਿ ਉਹ ਗੁਰੂ ਸਾਹਿਬ ਨਾਲੋਂ ਕਦੋਂ ਦੇ ਸਿਆਣੇ ਹੋ ਗਏ ਹਨ? ਰਾਮਰਾਈਆਂ ਨਾਲੋਂ ਕਿਵੇਂ ਘੱਟ ਹੋਏ ਇਹ? ਤੇ ਰੰਗੀਲਾ? ਤੇ ਉਸ ਨੂੰ ਸੱਦਣ ਵਾਲੇ ਪ੍ਰਬੰਧਕ?

ਗੁਰਦੁਆਰਾ ਪ੍ਰਬੰਧ ਕੇਵਲ ਲੋਕਾਂ ਲਈ ਪਕੌੜਿਆਂ-ਜਲੇਬਾਂ ਤੇ ਲੰਗਰ ਦਾ ਪ੍ਰਬੰਧ ਕਰਨ ਲਈ ਨਹੀਂ ਹੁੰਦਾ। ਪ੍ਰਬੰਧਕ ਦੀ ਅਹਿਮ ਜਿੰਮੇਵਾਰੀ ਇਹ ਹੁੰਦੀ ਕਿ ਉਸ ਦੀ ਸਟੇਜ ਤੇ ਹੋ ਕੀ ਰਿਹਾ, ਕੀ ਬੋਲਿਆ ਜਾ ਰਿਹੈ ਤੇ ਬੋਲਣ ਵਾਲੇ ਬਾਰੇ ਜਾਣਕਾਰੀ?

ਜਾਣਕਾਰੀ ਦੀ ਸੁਣ ਲਓ! ਪਿੱਪਲੀ ਵਾਲਾ ਸਤਨਾਮ ਸਿਓਂ ਨੀਲਧਾਰੀ! ਉਹ ਜਦ ਡਿਕਸੀ ਗੁਰਦੁਆਰਾ ਸਾਹਿਬ ਮੈਂ ਸਟੇਜ ਉਪਰ ਖੰਡਾਂ ਲਾ ਕੇ ਕੀਰਤਨ ਕਰਦਾ ਦੇਖਿਆ, ਤਾਂ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ, ਕਿ ਇਹ ਉਹੀ ਜੈ ਸੀਆ ਰਾਮ ਤੇ ਰਾਧੇ ਰਾਧੇ ਸ਼ਾਮ ਕਰਨ ਵਾਲਾ ਹੀ ਬੰਦਾ ਹੈ? ਕਿਉਂਕਿ ਮੈਨੂੰ ਸੀ ਕਿ ਅਜਿਹਾ ਸਖਸ਼ ਡਿਕਸੀ ਵਾਲੇ ਕਿਵੇਂ ਵੜਨ ਦੇਣਗੇ, ਜਿਹੜਾ ਕਹਿ ਰਿਹਾ ਕਿ ਜੇ ਰਾਮ ਚੰਦ ਜੀ ਨਾ ਹੁੰਦੇ ਤਾਂ ਅਸੀਂ ਸਾਰੇ ਕਿਵੇਂ ਹੁੰਦੇ? ਹਾਲੇ ਮਹੰਤਾਂ ਵਾਲੇ ਗੁਰਦੁਆਰੇ ਜਾਂ ਨਾਨਕਸਰੀਆਂ ਦੇ ਤਾਂ ਗੱਲ ਸਮਝ ਆਉਂਦੀ, ਕਿਉਂਕਿ ਨਾਨਸਰੀਏ ਜਾਂ ਟਕਸਾਲ ਵਾਲੇ ਤਾਂ ਰਾਮ ਚੰਦ ਨੂੰ ਉਵੇਂ ਭਗਵਾਨ ਮੰਨਦੇ ਜਿਵੇਂ ਹਿੰਦੂ।

ਰਾਮਚੰਦਰ ਦੇ ਗੀਤ ਗਾਉਂਦਾ ਪੀਪਲੀ ਵਾਲਾ ਸਾਧ

 

 

ਮੈਨੂੰ ਇੰਝ ਜਾਪਿਆ ਮੈਨੂੰ ਭੁਲੇਖਾ ਹੋ ਰਿਹਾ, ਕਿਉਂਕਿ ਜੈ ਸੀਆ ਰਾਮ ਵੇਲੇ ਉਸ ਨੇ ਪਟਕੀ ਜਿਹੀ ਬੰਨੀ ਸੀ, ਪਰ ਅੱਜ ਗੋਲ ਪੱਗ ਬੰਨ ਕੇ ਬਕਾਇਦਾ ਉਪਰ ਖੰਡਾ ਲਾਇਆ ਹੋਇਆ ਸੀ। ਜਦ ਉਹ ਹਾਲ ਵਿਚੋਂ ਬਾਹਰ ਆਇਆ ਤਾਂ ਮੈਂ ਦਰਵਾਜੇ ਅਗੇ ਆ ਕੇ ਉਸ ਨੂੰ ਪੁੱਛਿਆ ਕਿ ਭਾਈ ਸਾਹਿਬ ਮੈਨੂੰ ਭੁਲੇਖਾ ਪੈਂਦਾ ਕਿ ਤੁਸੀਂ ਉਹ ਤਾਂ ਨਹੀਂ ਜਿਹੜੇ ਨੈੱਟ ਤੇ ਮੈਂ ਜੈ ਸੀਆ ਰਾਮ ਤੇ ਰਾਧੇ ਸ਼ਾਮ ਕਰਦੇ ਦੇਖੇ ਹਨ? ਤੁਸੀਂ ਹੈਰਾਨ ਹੋਵੋਂਗੇ ਕਿ ਅਪਣੇ ਆਪ ਨੂੰ ਸੰਤ ਅਖਵਾਉਂਣ ਵਾਲਾ ਗੁਰੂ ਦਰਬਾਰ ਦੇ ਦਰਵਾਜੇ ਅਗੇ ਸਾਫ ਮੁੱਕਰ ਗਿਆ, ਕਿ ਨਹੀਂ ਜੀ ਮੈਂ ਤਾਂ ਉਹ ਨਹੀਂ!!! ਮੈਂ ਉਸ ਨੂੰ ਪੁੱਛਿਆ ਕਿ ਤੁਹਾਡਾ ਨਾਮ ਤਾਂ ਕਹਿਣ ਲੱਗਾ ਸਤਨਾਮ? ਕੇਵਲ ਸਤਨਾਮ?

ਅਗਲੇ ਦਿਨ ਸ੍ਰ ਅਮਨਦੀਪ ਸਿੰਘ ਗਿੱਲ ਉਸ ਨੂੰ ਕਿਸੇ ਦੇ ਘਰੇ ਵੀ ਮਿਲ ਕੇ ਆਇਆ। ਉਸ ਆ ਕੇ ਦੱਸਿਆ ਕਿ ਉਸ ਸਾਧ ਦੀਆਂ ਕਹਾਣੀਆਂ ਮੁਤਾਬਕ ਉਸ ਦਾ ਭਗਵਾਨ ਸ੍ਰੀ ਰਾਮ ਚੰਦ ਹੀ ਹੈ। ਜਾਂ ਤਾਂ ਉਸ ਨੂੰ ਸਮਝ ਨਹੀਂ ਜਾਂ ਉਹ ਜਾਣ ਬੁੱਝ ਕੇ ਮਚਲਾ ਹੈ। ਸ੍ਰ. ਗਿੱਲ ਦੇ ਮੁਤਾਬਕ ਉਹ ਹਾਲੇ ਧੰਨੇ ਦੇ ਪੱਥਰਾਂ ਚੋਂ ਬਾਹਰ ਨਹੀਂ ਨਿਕਲਿਆ, ਤਾਂ ਤੁਸੀਂ ਸੋਚ ਸਕਦੇ ਹੋਂ ਜਿੰਨਾ ਦਾ ਉਹ ਗੁਰੁੂ ਬਣਿਆ ਬੈਠਾ ਹੈ ਉਨ੍ਹਾਂ ਨੂੰ ਕਿਥੇ ਲਿਜਾ ਕੇ ਸੁੱਟੇਗਾ?

ਜੋ ਵੀ ਹੈ ਗੁਰਦੁਆਰੇ ਦੇ ਪ੍ਰਬੰਧਕ ਨੂੰ ਸਿਆਣਾ ਤੇ ਸੂਝਵਾਨ ਹੋਣ ਦੀ ਲੋੜ ਹੈ, ਕਿਉਂਕਿ ਅਜਿਹੇ ਲੋਕ ਗੁਰੁੂ ਘਰਾਂ ਦੀਆਂ ਸਟੇਜਾਂ ਨੇ ਜੇ ਪ੍ਰਵਾਨ ਕਰਨੇ ਹਨ, ਅਸੀਂ ਸਿੱਧਾ ਹੀ ਬੋਦੀ ਵਾਲੇ ਭਾਈ ਨੂੰ ਸੱਦਾ ਕਿਉਂ ਨਹੀਂ ਦੇ ਦਿੰਦੇ ਕਿ ਭਰਾ ਅਸੀਂ ਹਾਰੇ ਤੂੰ ਜਿੱਤਿਆ, ਤੂੰ ਹੀ ਹੁਣ ਸਾਨੂੰ ਸਿੱਧੇ ਰਾਹ ਪਾ, ਗੁਰੂ ਸਾਹਿਬਾਨਾ ਤੋਂ ਤਾਂ ਪਾ ਨਹੀਂ ਹੋਇਆ!! ਅਸੀਂ ਇਹੀ ਕਹਿਣਾ ਚਾਹੁੰਦੇ ਹੋਏ ਫਿਰ? ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top