Share on Facebook

Main News Page

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ
- ਗੁਰਦੇਵ ਸਿੰਘ ਸੱਧੇਵਾਲੀਆ

ਤੁਸੀਂ ਕਦੇ ਦੇਖਿਆ ਹੋਣਾ ਕਿ ਜਿਥੇ ਕਿਤੇ ‘ਨੋ ਪਾਰਕਿੰਗ’ ਦਾ ਸਾਇਨ ਲੱਗਾ ਹੋਵੇ, ਤੁਹਾਨੂੰ ਦਿੱਸਦਾ ਵੀ ਹੋਵੇ, ਪਰ ਤੁਹਾਡੀ ਮੂਹਰਲੀ ਗੱਡੀ ਵਾਲਾ ਲਿਆ ਕੇ ਉਥੇ ਗੱਡੀ ਪਾਰਕ ਕਰ ਦਿੰਦਾ ਹੈ, ਤਾਂ ਤੁਸੀਂ ਬਿਨਾ ਇਸ ਗੱਲ ਦੀ ਪ੍ਰਵਾਹ ਕੀਤੇ, ਉਸ ਦੇ ਮਗਰ ਲਿਜਾ ਖੜੀ ਕਰਦੇ ਹੋ ਕਿ ਇਥੇ ਤਾਂ ‘ਨੋ ਪਾਰਕਿੰਗ’ ਸੀ। ਤੁਹਾਡੇ ਮਗਰ ਹੋਰ, ਉਸ ਦੇ ਮਗਰ ਹੋਰ ਤੇ ਇੰਝ ਹੋਰ ਹੋਰ ਕਰਦਿਆਂ ‘ਨੋ ਪਾਰਕਿੰਗ’ ਵਲ ਦੇਖਦਾ ਹੀ ਕੋਈ ਨਹੀਂ ਅਤੇ ਸਾਇਨ ਉਥੇ ਉਂਝ ਹੀ ਖੜਾ ਲੋਕਾਂ ਦੇ ਮੂੰਹ ਵਲ ਵੇਖਦਾ ਰਹਿ ਜਾਂਦਾ ਹੈ। ਹਰੇਕ ਗੱਡੀ ਪਾਰਕਿੰਗ ਕਰਨ ਵਾਲੇ ਨੂੰ ਜਾਪਦਾ ਕਿ ਜੇ ਬਾਕੀਆਂ ਕੀਤੀ ਤਾਂ ਠੀਕ ਹੀ ਹੋਵੇਗਾ। ਨਹੀਂ?

ਇੰਝ ਹੀ ਸਾਡੇ ਜੀਵਨ ਦੇ 90 ਤੋਂ 95 % ਕੰਮ ਦੇਖਾ ਦੇਖੀ ਦੇ ਹਨ ਕਿ ਉਸ ਨੇ ਕੀਤਾ ਤਾਂ ਠੀਕ ਹੀ ਹੋਵੇਗਾ। ਇਸ ‘ਠੀਕ ਹੀ ਹੋਵੇਗਾ’ ਵਿਚ ਇਕ ਕਰਵਾਚੌਥ ਵੀ ਹੈ, ਜਿਹੜਾ ਅੱਜ ਸੀ। ਕਿਸੇ ਬੀਬੀ ਨੂੰ ਲੋੜ ਨਹੀਂ ਸਾਇਨ ਪੜਨ ਦੀ ਕਿ ਇਥੇ ਗੱਡੀ ਲੱਗ ਸਕਦੀ ਕਿ ਨਹੀਂ ਉਹ ਸੋਚਦੀ ਸਾਡੇ ਆਲੇ-ਦੁਆਲੇ ਵਾਲੇ ਕਰ ਰਹੇ ਹਨ, ਬਹੁਗਿਣਤੀ ਇਥੇ ਗੱਡੀ ਲਾ ਰਹੀ ਹੈ, ਇਸ ਦਾ ਮੱਤਲਬ ਠੀਕ ਹੀ ਹੋਣਾ। ਸਾਰੇ ਹਿੰਦੋਸਤਾਨ ਦੀਆਂ ਔਰਤਾਂ ਰੱਖ ਰਹੀਆਂ ਹਨ ਵਰਤ, ਹੁਣ ਇਨੀ ਗਿਣਤੀ ਗਤਲ ਥੋੜੋ ਹੋ ਸਕਦੀ। ਇਹ ਦੇਖਾ ਦੇਖੀ ਜਗ ਕਰੀ ਜਾ ਰਿਹੈ ਤੇ ਦੇਖਾ ਦੇਖੀ ਕਰਨ ਵਾਲੇ ਨੂੰ ਗੁਰਬਾਣੀ ਮਨਮੁੱਖ ਨਾਲ ਸੰਬੋਧਨ ਹੁੰਦੀ ਜਿਹੜਾ ਇਹ ਸਮਝ ਨਹੀਂ ਪਾਉਂਦਾ, ਕਿ ਚੰਗੇ ਮੰਦੇ ਦਾ ਸਬੰਧ ਗਿਣਤੀਆਂ ਨਾਲ ਨਹੀਂ ਬਲਕਿ ਅਸੂਲਾਂ ਨਾਲ ਹੁੰਦਾ ਹੈ। ਗਿਣਤੀਆਂ ਦੇ ਹਿਸਾਬ ਤਾਂ 90-95% ਲੁਕਾਈ ਸ਼ਰਾਬ ਅਤੇ ਨਸ਼ਿਆਂ ਵਿਚ ਗਲਤਾਨ ਹੈ, ਪਰ ਇੰਝ ਵੱਡੀ ਗਿਣਤੀ ਕਾਰਨ ਨਸ਼ੇ ‘ਜਸਟੀਫਾਈ’ ਤਾਂ ਨਹੀਂ ਹੁੰਦੇ ਨਾ। ਕਿ ਹੁੰਦੇ?

ਸਾਇਨ ਸਾਹਵੇਂ ਲੱਗਾ ਹੈ ਕਿ ‘ਛੋਡਹਿ ਅੰਨੁ ਕਰਹਿ ਪਾਖੰਡ ॥ ਨਾ ਸੋਹਾਗਨਿ ਨਾ ਓਹਿ ਰੰਡ ॥’ ਪਰ ਪੜ੍ਹਦਾ ਹੀ ਕੋਈ ਨਹੀਂ। ਇਥੇ ਗੱਡੀ ਕਿਉਂ ਪਾਰਕ ਨਹੀਂ ਕੀਤੀ ਜਾ ਸਕਦੀ, ਇਥੇ ‘ਨੋ ਪਾਰਕਿੰਗ’ ਕਿਉਂ ਲਿਖਿਆ, ਇਸ ਬਾਰੇ ਜਾਨਣ ਦੀ ਲੋੜ ਹੀ ਕੀ ਹੈ ਜਦ ਇਨੇ ਲੋਕਾਂ ਇਥੇ ਪਾਰਕਿੰਗ ਕੀਤੀ, ਉਹ ਮੂਰਖ ਹੀ ਥੋੜੋ ਹੋਣਗੇ। ਬਾਬਾ ਜੀ ਨੇ ਕੀ ਲਿਖਿਆ, ਸਾਇਨ ਕੀ ਕਹਿੰਦਾ, ਕਿੰਨੀ ਵੱਡੀ ਝਾੜ ਪਾਈ ਬਾਬਾ ਜੀ ਨੇ ਇਥੇ, ਇਸ ਬਾਰੇ ਸੋਚਣ ਦੀ ਕੀ ਲੋੜ ਹੈ। ਲੋਕ ਹਨ ਨਾ ਕਿੰਨੇ, ਜਿੰਨਾ ਵਲ ਵੇਖ ਕੇ ਚਲਣਾ ਪੈਂਦਾ।

ਮੇਰੀ ਪਤਨੀ ਨਾਲ ਕੰਮ ਤੇ ਗੱਡੀ ਵਿਚ ਜਾਂਦੀ ਇਕ ਬੀਬੀ ਮੇਰੇ ਨਾਲ ਇਸ ਗਲੇ ਬਹਿਸ ਪਈ ਕਿ ਭਾਅਜੀ ਵਰਤ ਰੱਖਣਾ ਗਲਤ ਕਿਵੇਂ ਹੈ ਇਨੇ ਲੋਕ ਪਾਗਲ ਥੋੜੋ। ਸਾਡੀਆਂ ਦਾਦੀਆਂ ਨਾਨੀਆਂ ਸਭ ਰੱਖਦੀਆਂ ਆਈਆਂ ਉਹ ਕਮਲੀਆਂ ਸਨ?

ਪਰ ਭੈਣ ਮੇਰੀਏ ਤੁਹਾਡੀਆਂ ਦਾਦੀਆਂ ਨਾਨੀਆਂ ਤਾਂ ਘੱਘਰੇ ਅਤੇ ਘੁੰਡ ਤੋਂ ਬਿਨਾ ਬਾਹਰ ਵੀ ਨਹੀਂ ਸਨ ਨਿਕਲਦੀਆਂ, ਪਰ ਤੇਰੇ ਸਿਰ ਤੋਂ ਤਾਂ ਚੁੰਨੀ ਵੀ ਗਈ?

ਲੈ! ਇਸ ਦਾ ਕਰਵਾ-ਚੌਥ ਨਾਲ ਕੀ ਸਬੰਧ?

ਮੈਂ ਤਾਂ ਕਹਿੰਨਾ ਕੋਈ ਸਬੰਧ ਨਹੀਂ! ਇਸੇ ਲਈ ਤਾਂ ਮੈਂ ਕਹਿੰਨਾ ਕਿ ਜੋ ਹਨੇਰਾ ਉਹ ਢੋਹਦੀਆਂ ਆਈਆਂ ਉਹ ਤੁਸੀਂ ਕਿਉ ਢੋਵੋਂ?

ਵਰਤ ਰੱਖਣਾ ਤਾਂ ਸਿਹਤ ਲਈ ਵੀ ਚੰਗਾ! ਉਸ ਪਾਸਾ ਬਦਲਿਆ।

ਚੰਗਾ ਕਿਉਂ ਨਹੀਂ। ਮੈਂ ਹਰੇਕ ਦੋਹੀਂ-ਚਵੀਂ ਮਹੀਨੇ ਬਾਅਦ ਰੱਖਦਾਂ ਪਰ ਕਿਸੇ ਦੀ ਉਮਰ ਵਧਾਉਣ ਲਈ ਨਹੀਂ। ਭਰਮ ਵਿਚ ਕੀਤਾ ਕੋਈ ਕੰਮ ਵੀ ਸੂਝਵਾਨ ਲੋਕਾਂ ਦਾ ਨਹੀਂ ਹੁੰਦਾ। ਤੂੰ ਹੀ ਦੱਸ ਕਿ ਤੇਰੇ ਭੁੱਖੇ ਰਹਿਣ ਦਾ ਤੇਰੇ ਪਤੀ ਦੀ ਉਮਰ ਨਾਲ ਕੀ ਸਬੰਧ? ਕੋਈ ਹੈ?

ਦੇਖਾ ਦੇਖੀ ਸਵਾਲ ਹੀ ਖਤਮ ਕਰ ਦਿੰਦੀ ਹੈ ਤੇ ਬੰਦਾ ਭੀੜ ਬਣਕੇ ਤੁਰਨ ਜੋਗਾ ਰਹਿ ਜਾਂਦਾ ਹੈ ਸਿਰ ਸੁੱਟਕੇ। ਖੋਪੇ ਦਿੱਤੇ ਬਲਦ ਵਾਂਗ। ਭੀੜ ਵਿਚੋਂ ਨਿਕਲੇ ਤਾਂ ਸਵਾਲ ਉੱਠੇ ਕਿ ਮੇਰੀ ਭੁੱਖ ਦਾ ਪਤੀ ਦੀ ਉਮਰ ਨਾਲ ਕੀ ਸਬੰਧ? ਹਾਲੇ ਭੁੱਖੇ ਰਹਿਣ ਵਾਲੇ ਦੀ ਉਮਰ ਦਾ ਤਾਂ ਫਰਕ ਪੈ ਸਕਦਾ ਕਿ ਚਲੋ ਦੇਹ ਨਾਲੋਂ ਪਕੌੜਿਆਂ-ਜਲੇਬਾਂ ਦੀ ਚੜੀ ਮਿੱਟੀ ਥੋੜੀ ਝੜ ਜਾਵੇ ਪਰ…? ਪਰ ਮੈਂ ਭੀੜ ਹਾਂ ਤਾਂ ਸਵਾਲ ਕਿਵੇਂ ਉੱਠੇ? ਉੱਠ ਸਕਦਾ ਹੀ ਨਹੀਂ। ਭੀੜਾਂ ਮਗਰ ਤੁਰਨ ਵਾਲੇ ਸਵਾਲ ਨਹੀਂ ਕਰਿਆ ਕਰਦੇ। ਭੀੜ ਵਿਚ ਸਵਾਲ ਕਰਨ ਦਾ ਕੋਈ ਕਾਰਨ ਹੀ ਨਹੀਂ। ਭੀੜ ਤਾਂ ਬੱਸ ਤੁਰਨ ਵਾਸਤੇ ਹੈ। ਤੇ ਯਾਦ ਰਹੇ ਕਿ ਭੀੜਾਂ ਵਿਚੋਂ ਕਦੇ ਸੱਚ ਨਹੀਂ ਲੱਭਦਾ। ਕਿ ਲੱਭਦਾ?

ਦੇਖਾ ਦੇਖੀ ਦਾ ਹੋਰ ਮੱਤਲਬ ਕੀ ਹੋਇਆ? ਭੀੜ! ਤੇ ਲੁਟੇਰਾ ਨਿਜਾਮ ਨੂੰ ਭੀੜਾਂ ਚਾਹੀਦੀਆਂ ਹਨ। ਤੇ ਬ੍ਰਾਹਮਣ ਭੀੜਾਂ ਇਕੱਠੀਆਂ ਕਰਨ ਦਾ ਸਦੀਆਂ ਤੋਂ ਮਾਹਰ ਹੈ। ਉਸ ਨੂੰ ਭੀੜਾਂ ਚਾਹੀਦੀਆਂ ਪਰ ਬੰਦਿਆਂ ਦੀਆਂ ਨਹੀਂ। ਤੁਹਾਡੇ ਸਾਹਵੇਂ ਹੀ ਹੈ ਕਦੇ ਉਹ ਦੁਸਹਿਰੇ ਤੇ ਇਕੱਠੀਆਂ ਕਰ ਲੈਂਦਾ, ਕਦੇ ਦੀਵਾਲੀ ਤੇ, ਕਦੇ ਹੋਲੀ ਤੇ, ਕਦੇ ਲੋਹੜੀ ਤੇ, ਕਦੇ ਰੱਖੜੀ ਤੇ, ਕਦੇ ਪੁੰਨਿਆ ਤੇ, ਕਦੇ ਮੱਸਿਆ ਤੇ, ਕਦੇ ਸ਼ਰਾਧਾਂ ਤੇ, ਕਦੇ ਪੰਚਵੀ ਤੇ, ਕਦੇ ਮਾਘ ਦੇ ਮਹੀਨੇ ਯਾਨੀ ਸਾਰਾ ਸਾਲ ਭੀੜਾਂ ਉਸ ਮਗਰ ਗਊਆਂ ਦੇ ਵੱਗ ਵਾਂਗ ਤੁਰਦੀਆਂ ਹਨ ਤੇ ਤੁਰਦੀਆਂ ਹੀ ਜਾ ਰਹੀਆਂ ਹਨ, ਪਰ ਸਭ ਤੋਂ ਦੁੱਖ ਦੀ ਗੱਲ ਕਿ ਉਨ੍ਹਾਂ ਭੀੜਾਂ ਵਿਚ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਵੀ ਸ਼ਾਮਲ ਹੋ ਗਿਆ ਹੈ ਜਿਸ ਭੀੜ ਤੋਂ 239 ਸਾਲ ਲਾ ਕੇ ਗੁਰੂ ਸਾਹਿਬਾਨਾਂ ਸਿੱਖ ਨੂੰ ਅਲਹਿਦਾ ਕਰ ਦਿੱਤਾ ਸੀ।

ਹਿੰਦੋਸਤਾਨ ਵਿਚ ਵੀ ਅਤੇ ਪੰਜਾਬ ਵਿਚ ਵੀ ਦੇਖ ਰਹੇ ਹੋ ਕਿ ਬਾਬਿਆਂ ਦਿਆਂ ਦੀਵਾਨਾਂ ਵਿਚ ਭੀੜਾਂ ਦਾ ਸ਼ੁਮਾਰ ਨਹੀਂ ਹੁੰਦਾ। ਇਥੇ ਬਾਹਰ ਵੀ ਕਿਸੇ ਸਾਧ ਨੇ ਆਉਣਾ ਹੋਵੇ ਤਾਂ ਭੀੜਾਂ ਵਾਧੂ। ਸਿਮਰਨਾ ਵਿਚ ਭੀੜਾਂ ਵਾਧੂ, ਬੰਦ ਬੱਤੀਆਂ ਵੇਲੇ ਭੀੜਾਂ ਵਾਧੂ, ਅਉਖਧ ਨਾਮਾਂ ਵੇਲੇ ਭੀੜਾਂ ਵਾਧੂ। ਤੁਹਾਨੂੰ ਕਦੇ ਸ਼ਾਇਦ ਦੇਖ ਕੇ ਜਾਪਦਾ ਹੋਵੇ ਕਿ ਗੁਰੁਦੁਆਰਿਆਂ ਵਿਚ ਸੰਗਤਾਂ ਬਹੁਤ ਜੁੜਦੀਆਂ ਹਨ ਤਾਂ ਭੁਲੇਖਾ ਹੈ।ਗੁਰੁਦੁਆਰਿਆਂ ਵਿਚ ਸੰਗਤਾਂ ਨਹੀਂ ਭੀੜਾਂ ਜੁੜਦੀਆਂ ਹਨ।

ਮੇਰੇ ਆਲੇ ਦੁਆਲੇ ਸਾਰਾ ਇਲਾਕਾ ਪੰਜਾਬੀਆਂ ਯਾਨੀ ਸਿੱਖਾਂ ਦਾ ਹੈ। ਸਟੋਰਾਂ ਵਿਚ ਜਾ ਕੇ ਦੇਖੋ ਬਿੰਦਿਆਂ ਟਿੱਕਿਆਂ ਵਾਲੀਆਂ ਬਹੁਤੀਆਂ ਉਹੀ ‘ਗੁਰੂ ਕੀਆਂ ਸਿੱਖਣੀਆਂ’ ਹੀ ਹਨ ਜਿਹੜੀਆਂ ਗੁਰਦੁਆਰਿਆਂ ਦੀਆਂ ਭੀੜਾਂ ਵਿਚ ਵੀ ਸ਼ਾਮਲ ਹੁੰਦੀਆਂ ਹਨ ਤੇ ਪੰਡੀਏ ਦੀ ਦਿੱਤੀ ਭੁੱਖ ਨਾਲ ਵੀ ਘੁਲਦੀਆਂ ਹਨ। ਉਨ੍ਹਾਂ ਨੂੰ ਵਿਚਾਰੀਆਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਜਿਹੜਾ ਤੁਹਾਡੀ ਦੇਹ ਨੂੰ ਭੁੱਖ ਵੰਡ ਰਿਹੈ ਉਹ ਤੁਹਾਨੂੰ ਮਾਨਸਿਕ ਤੌਰ ਤੇ ਕਿਵੇਂ ਰੱਜਦਾ ਕਰ ਦੇਵੇਗਾ। ਭੁੱਖਾ ਬੰਦਾ ਦੂਜਿਆਂ ਨੂੰ ਵੀ ਭੁੱਖ ਹੀ ਵੰਡੇਗਾ! ਨਹੀਂ?

ਇਸ ਦੇਖਾ ਦੇਖੀ ਨੇ ਮਨਮੁਖਾਂ ਦੀਆਂ ਭੀੜਾਂ ਪੈਦਾ ਕਰ ਦਿੱਤੀਆਂ ਹਨ ਮੇਰੀ ਕੌਮ ਵਿੱਚ, ਜਿਹੜੇ ਭੀੜਾਂ ਤੋਂ ਪ੍ਰਭਾਵਤ ਹੋ ਕੇ ਗੁਰੁੂ ਦੀ ਨਹੀਂ, ਮਨ ਦੀ ਗੱਲ ਸੁਣਦੇ ਹਨ ਕਿ ਫਲਾਂ ਨੇ ਕੀਤਾ ਤਾਂ ਮੈਂ ਕਿਉਂ ਨਾ ਕਰਾਂ? ਜੀਹਨਾਂ ਦੀ ਕੁੱਖ ਵਿਚ ਮੇਰੀ ਕੌਮ ਦਾ ਭਵਿੱਖ ਪਲਣਾ ਅਤੇ ਪ੍ਰਵਾਨ ਚੜ੍ਹਨਾ ਸੀ, ਉਸ ਕੌਮ ਦੀਆਂ ਮਾਵਾਂ ਹੀ ਜੇ ਗੁਰੂ ਤੋਂ ਬੇਮੁੱਖ ਹੋ ਕੇ ਪੰਡੀਏ ਦੇ ਸਨਮੁੱਖ ਹੋਣ ਤੁਰ ਪਈਆਂ, ਤਾਂ ਇਹ ਕੌਮ ਕਦ ਤੱਕ ਜਿਉਂਦੀ ਰਹੇਗੀ? ਇਹ ਅਸੀਂ ਸਭ ਕਦ ਸੋਚਣ ਲਗਾਂਗੇ। ਕਿ ਜਾਂ ਕਦੇ ਵੀ ਨਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top