Share on Facebook

Main News Page

ਭੂਤ - ਪ੍ਰੇਤ - ਬਾਬੇ - 2

ਬਾਬਾ ਲਹੌਰਾ ਅਤੇ ਲੇਖਕ

ਢੱਡਰੀ ਮੁਤਾਬਕ ਜਾਂ ਪ੍ਰੇਤ ਮੁਤਾਬਕ ਇਥੇ ਧਰਤੀ ਤੇ ਲੱਖਾਂ-ਕ੍ਰੋੜਾਂ ਰੂਹਾਂ ਫਿਰਦੀਆਂ ਹਨ। ਉਸ ਮੁਤਾਬਕ ਬਾਬਾ ਦੀਪ ਸਿੰਘ ਦੀ ਰੂਹ ਵੀ ਫਿਰਦੀ ਹੈ, ਪਰ ਉਹ ਬਹਿੰਦੀ ਕਿਸੇ ਪਵਿੱਤਰ ਹਿਰਦੇ ਵਿਚ ਹੈ। ਉਹ ਦੱਸਣਾ ਕੀ ਚਾਹੁੰਦਾ? ਇਹ ਕਿ ਬਾਬਾ ਦੀਪ ਸਿੰਘ ਜਾਂ ਹੋਰ ਸ਼ਹੀਦਾਂ ਦੀਆਂ ਰੂਹਾਂ ਫਿਰਦੀਆਂ ਤਾਂ ਹਨ ਤੇ ਉਨ੍ਹਾਂ ਦੇ ਬਹਿਣ ਦੇ ਚਾਂਸ ਸਾਡੇ ਹਿਰਦਿਆਂ ਵਿਚ ਹੀ ਹਨ। ਕਿਉਂਕਿ ਸਾਡੇ ਤੋਂ ਵਧੀਕ ਪਵਿੱਤਰ ਹਿਰਦਾ ਹੋਰ ਕਿਸਦਾ ਹੋਣਾ। ਕੋਈ ਵੱਡੀ ਗੱਲ ਨਹੀਂ ਕਿ ਕੱਲ ਨੂੰ ਢੱਡਰੀ ਇਹ ਐਲਾਨ ਕਰ ਹੀ ਦੇਵੇ ਕਿ ਬਾਬਾ ਜੀ ਦੀ ਰੂਹ ਮੇਰੇ ਹਿਰਦੇ ਵਿਚ ਬੈਠ ਗਈ ਹੈ ਆਓ ਕਰੋ ਦਰਸ਼ਨ?

ਹਰੀ ਪ੍ਰਸ਼ਾਦ ਰੰਧਾਵਾ ਤਾਂ ਕਹਿ ਰਿਹਾ ਸੀ ਕਿ ਸਾਰੇ ਸਿੰਘ ਸਮੇਤ ਬਾਬਾ ਦੀਪ ਸਿੰਘ ਕਿਸੇ ਸੁਰੰਗ ਵਿਚ ਦੀ ਨਿਕਲ ਕੇ ਕਿਤੇ ਗੁੱਪਤ ਥਾਂ ਭਗਤੀ ਕਰ ਰਹੇ ਹਨ ਤੇ ਛੇਤੀ ਹੀ ਖਾਲਿਸਤਾਨ ਬਣਾਉਂਣ ਲਈ ਆਉਂਣਗੇ ਪਰ ਇਹ ਸਾਧ ਕਹਿ ਰਿਹਾ ਹੈ ਬਾਬਾ ਜੀ ਦੀ ਰੂਹ ਤੁਰੀ ਫਿਰਦੀ ਹੈ। ਠਾਕੁਰ ਸਿਓਂ ਗੱਪੀ ਵੀ ਸ਼ਹੀਦਾਂ ਦੀਆਂ ਰੂਹਾਂ ਤੁਰੀਆਂ ਫਿਰਦੀਆਂ ਹੀ ਦੱਸਦਾ।

ਕੁਝ ਚਿਰ ਪਹਿਲਾਂ ਮੈਂ ਲਿਖਿਆ ਸੀ ਪੰਜਾਬ ਕਬਰਸਤਾਨ ਬਣਦਾ ਜਾ ਰਿਹਾ ਹੈ। ਹਰੇਕ ਮੋੜ ਤੇ ਕਿਸੇ ਨੰਗ ਜਿਹੇ ਪੀਰ ਦੇ ਨਾਂ ਤੇ ਸਮਾਧ ਖੜੀ ਕਰ ਦਿੱਤੀ ਜਾਂਦੀ ਜਿਥੇ ਰਾਤ ਨੂੰ ਕੁੱਤੇ ਮੂਤਦੇ ਤੇ ਦਿਨੇ ਗੁਰੂ ਦੇ ਆਖੇ ਜਾਂਦੇ ਸਿੱਖ ਕੁੱਤਿਆਂ ਦੇ ਮੂਤ ਉਪਰ ਜਾ ਕੇ ਸਿਰ ਰਗੜਦੇ। ਪਰ ਕੱਬਰਾਂ ਕੋਈ ਰਾਤੋ-ਰਾਤ ਨਹੀਂ ਉੱਗ ਆਈਆਂ ਇਹ ਇਨ੍ਹਾਂ ਸਾਧੜਿਆਂ ਦੀ ਮਿਹਰਬਾਨੀ ਕਰਕੇ ਹੀ ਹੋਇਆ ਹੈ, ਜਿੰਨਾ ਨੂੰ ਖੁਦ ਨੂੰ ਪਰੇਤ ਦਿੱਸਦੇ ਰਹੇ ਉਨ੍ਹਾਂ ਅੱਗੋਂ ਲੁਕਾਈ ਨੂੰ ਵੀ ਦੇਖਣ ਲਾ ਦਿੱਤੇ ਤੇ ਨਤੀਜਾ?

ਕਬਰਾਂ ਤੋਂ ਗੱਲ ਯਾਦ ਆਈ ਪਿੱਛਲੀ ਵਾਰੀ ਮੈਂ ਪਿੰਡ ਗਿਆ, ਗੁਆਢੋਂ ਮੇਰਾ ਲੱਗਦਾ ਚਾਚਾ ਤੇ ਬੱਚਪਨ ਦਾ ਮਿੱਤਰ, ਅਸੀਂ ਖੇਤਾਂ ਵਲ ਸੈਰ ਲਈ ਨਿਕਲ ਗਏ। ਉਨ੍ਹਾਂ ਦੇ ਖੇਤਾਂ ਵਿੱਚ ਅਸੀਂ ਬੱਚਪਨ ਤੋਂ ਦੇਖਦੇ ਆ ਰਹੇ ਸਾਂ ਕਿ ਸੜਕ ਵਾਲੇ ਖੇਤ ਦੀ ਗੁੱਠ ਵਿੱਚ ਉਨ੍ਹਾਂ ਇੱਕ ਚਿੱਟੀ ਕਲੀ ਕੀਤੀ ਮਮਟੀ ਜਿਹੀ ਬਣਾਈ ਸੀ, ਜਿਸ ਦੇ ਆਲੇ ਵਿੱਚ ਉਹ ਹਫਤੇ ਬਾਅਦ ਦੀਵਾ ਬਾਲਦੇ ਸਨ। ਇਸ ਮਮਟੀ ਨੂੰ ਅਸੀਂ ਸਾਰੇ ਛੋਟੇ ਹੁੰਦਿਆਂ ਤੋਂ ਵੇਖਦੇ ਆ ਰਹੇ ਸਾਂ। ਉਦੋਂ ਅਸੀਂ ਵੀ ਡਰਦੇ ਸਾਂ ਕੁਝ ਪੀਰ ਤੋਂ ਤੇ ਬਾਕੀ ਬਜ਼ੁਰਗਾਂ ਤੋਂ ਕਿ ਜੇ ਕੋਈ ਗੱਲ ਪੁੱਛੀ ਤਾਂ ਪੈਣਗੀਆਂ। ਅੱਜ ਉਸ ਮਮਟੀ ਵਲ ਦੇਖ ਖਿਆਲ ਆਇਆ ਤਾਂ ਮੈਂ ਪੁੱਛਿਆ ਕਿ ਚਾਚਾ ਆਹ ਕਬਰ ਜਿਹੀ ਦਾ ਕੀ ਇਤਿਹਾਸ ਏ ਬਈ?

ਇਤਿਹਾਸ ਕਾਹਦਾ, ਭਰਾ ਬਜ਼ੁਰਗ ਦੱਸਦੇ ਹੁੰਦੇ ਸਨ, ਕਿ ਅਪਣੇ ਖੇਤ ਇੱਕ ਬੇਰੀ ਹੁੰਦੀ ਸੀ, ਤੇ ਵੱਟ ਸਿੱਧੀ ਕਰਨ ਲਈ ਬਜ਼ੁਰਗਾਂ ਬੇਰੀ ਵੱਡ ਦਿੱਤੀ। ਉਸ ਦਿਨ ਤੋਂ ਘਰ ਵਿਚ ਕਈ ਪੰਗੇ ਖੜੇ ਹੋਣੇ ਸ਼ੁਰੂ ਹੋ ਗਏ। ਨਿੱਤ ਦੀ ਕਲੇਸ਼ ਤੋਂ ਤੰਗ ਆ ਕੇ ਕਿਸੇ ਸਿਆਣੇ ਨੂੰ ਪੁੱਛਿਆ, ਤਾਂ ਉਸ ਦੱਸਿਆ ਕਿ ਬੇਰੀ ਉਪਰ ਕੋਈ ਭਾਰਾ ਪੀਰ ਰਹਿੰਦਾ ਸੀ, ਉਹ ਵੱਡ ਕੇ ਤੁਸੀਂ ਗਲਤੀ ਕੀਤੀ ਹੁਣ ਇੰਝ ਕਰੋ ਖੇਤ ਦੇ ਕੋਨੇ ਉਸ ਦੀ ਜਗ੍ਹਾ ਬਣਾ ਕੇ ਦੀਵਾ ਡੁੰਗ ਦਿਆ ਕਰੋ ਠੀਕ ਹੋ ਜੂ। ਇਹੀ ਕਹਾਣੀ ਹੈ।

ਬੜਾ ਠੇਠਰ ਸੀ ਤੇਰਾ ਪੀਰ, ਉਸ ਨੂੰ ਭੜੂਏ ਨੂੰ ਕੰਡਿਆਂ ਵਾਲੀ ਬੇਰੀ ਤੋਂ ਬਿਨਾ ਕੋਈ ਚੱਜ ਦਾ ਦਰੱਖਤ ਨਾ ਲੱਭਾ ਰਹਿਣ ਨੂੰ? ਬੇਰੀ ਵੀ ਕੋਈ ਥਾਂ ਰਹਿਣ ਵਾਲੀ?

ਪੀਰ ਨੂੰ ਠੇਠਰ ਅਤੇ ਭੜੂਆ ਕਹਿਣ ਤੇ ਚਾਚਾ ਡਰ ਗਿਆ ਤੇ ਉਸ ਨੇ ਉਸ ਅਣਹੋਏ ਅਤੇ ਅਣਦੇਖੇ ਪੀਰ ਦੀਆਂ ਕਈ ਕਹਾਣੀਆਂ ਮੈਨੂੰ ਸੁਣਾ ਮਾਰੀਆਂ।

ਕਈ ਚਿਰ ਉਸ ਨਾਲ ਸਿਰ ਖਪਾਈ ਤੋਂ ਬਾਅਦ ਕੁਝ ਕੁ ਗੱਲ ਉਸ ਦੇ ਜਦ ਖਾਨੇ ਪਈ ਤਾਂ ਉਸ ਹਾਂ ਵਿੱਚ ਸਿਰ ਮਾਰਿਆ, ਕਿ ਜਿਵੇਂ ਤੂੰ ਦੱਸਦਾ ਉਸ ਹਿਸਾਬ ਤਾਂ ਇਹ ਐਵੈਂ ਨ੍ਹੇਰਾ ਹੀ ਢੋਹਦੇ ਰਹੇ ਵੈਸੇ ਗੱਲ ਤਾਂ ਸਮਝ ਆਉਂਦੀ।

ਸਮਝ ਆਉਂਦੀ ਤਾਂ ਲਿਆ ਫਿਰ ਕਹੀ ਤੇਰੇ ਪੀਰ ਦੀ ਸਦਾ ਲਈ ਛੁੱਟੀ ਕਰੀਏ ਇਥੋਂ! ਐਵੇਂ ਅੱਧੀ ਕਨਾਲ ਥਾਂ ਖਰਾਬ ਕੀਤੀ ਪਈ ਏ।

ਨਾ ਗੁਰਦੇਵ ਸਿਆਂ ਇਹ ਨਹੀਂ ਹੋਣਾ ਮੇਰੇ ਤੋਂ ਆਖਰ ਫਿਰ ਵੀ....

ਉਹ ਗੱਲ ਸਮਝ ਕੇ ਵੀ ਚਾਰ ਇੱਟਾਂ ਉਖੇੜਨ ਦੀ ਜੁਅਰਤ ਨਾ ਕਰ ਸਕਿਆ! ਕਿਉਂ? ਕਿਉਂਕਿ ਉਹ ਉਸ ਕੁੱਤੇ ਨਾਲੋਂ ਵੀ ਕਮਜੋਰ ਹੋ ਚੁੱਕਾ ਸੀ ਜਿਹੜਾ ਨਿਤ ਉਸ ਦੇ ਪੀਰ ਦੀ ਕਬਰ ਤੇ ਮੂਤ ਕੇ ਜਾਂਦਾ ਹੈ।

ਇਥੇ ਪ੍ਰੋ. ਧੂੰਦੇ ਦੀ ਗੱਲ ਯਾਦ ਆਈ। ਉਹ ਸੁਣਾ ਰਿਹਾ ਸੀ ਕਿ ਇੱਕ ਕੁੱਤਾ ਕਬਰ ਤੇ ਮੂਤ ਕੇ ਆ ਰਿਹਾ ਸੀ ਅਗੋ ਉਸ ਨੂੰ ਹੱਥ ਵਿਚ ਦੀਵਾ ਲਈ ਆਉਂਦਾ ਕੋਈ ਸਿੱਖ ਮਿਲ ਗਿਆ।

ਕੁੱਤਾ ਪੁੱਛਦਾ ਭਰਾ ਕਿਧਰ ਚਲਿਆਂ?

ਜਾਣਾ ਕੀ ਏ ਪੀਰ ਦੀ ਥਾਂ ਤੇ ਦੀਵਾ ਡੁੰਗਣ ਚਲਿਆਂ!

ਦੀਵਾ? ਕਾਹਦੇ ਲਈ?

ਓ ਯਾਰ ਘਰ ਚ ਕਲੇਸ਼ ਜਿਹਾ ਰਹਿੰਦਾ ਪੀਰ ਦੀ ਮਿਹਰ ਹੋ ਜੂ।

ਕੁੱਤਾ ਹੱਸ ਪਿਆ।

ਤੈਨੂੰ ਕਾਹਦੇ ਹਾਸੇ ਚ੍ਹੜੇ ਬਈ?

ਹੱਸਦਾ ਤਾਂ ਭਰਾ ਮੈਂ ਤੇਰੇ ਤੇ ਹਾਂ ਕਿ ਆਹ ਦੇਖ ਜਿਥੇ ਤੂੰ ਦੀਵਾ ਜਗਾਉਂਣ ਚਲਿਆਂ ਮੈਂ ਉਥੇ ਮੂਤ ਕੇ ਆ ਰਿਹਾਂ। ਮੈਂ ਅਪਣੀ ਕੁੱਤੀ ਸਮੇਤ ਪੂਰਾ ਟੱਬਰ ਸੁੱਖੀ ਤੇ ਟੌਹਰ ਨਾਲ ਰਹਿੰਦਾ। ਸੁੱਖ ਨਾਲ ਛੇ ਮੇਰੇ ਨਿਆਣੇ ਸਭ ਲੁੱਡੀਆਂ ਪਾਉਂਦੇ ਫਿਰਦੇ। ਪਿਛਲੇ ਹਫਤੇ ਅਸੀਂ ਸਾਰਾ ਟੱਬਰ ਪਿੱਕ ਨਿਕ ਤੇ ਜਾ ਕੇ ਆਏ ਹਾਂ। ਪੂਰਾ ਫਨ ਕੀਤਾ। ਤੇ ਤੂੰ? ਸ਼ਰਮ ਕਰ! ਜਿਸ ਪੀਰ ਤੋਂ ਮੇਰੇ ਵਰਗੇ ਕੁੱਤੇ ਨਹੀਂ ਮੂਤਣੋਂ ਹਟੇ, ਉਹ ਤੇਰੇ ਦੁੱਖ ਕਿਥੋਂ ਕੱਟ ਦਊ। ਕਿ ਕੱਟ ਦਊ?

ਢੱਡਰੀ ਵਰਗਿਆਂ ਕੱਚੀਆਂ-ਪਿੱਲੀਆਂ ਕਹਾਣੀਆਂ ਸੁਣਾ-ਸੁਣਾ ਕੌਮ ਵਿਚੋਂ ਜਾਨ ਹੀ ਕੱਢ ਕੇ ਰੱਖ ਦਿੱਤੀ ਹੈ। ਹੁਣ ਉਹ ਬਿੱਲੀ ਤੋਂ ਹੀ ਡਰੀ ਜਾ ਰਹੇ ਹਨ। ਪਿੱਛਲੇ ਜਨਮ ਦੇ ਜਨਮ ਲੈਣ ਵਰਗੀਆਂ ਕਈ ਗੱਪਾਂ ਤਕਰਸ਼ੀਲਾਂ ਗਲਤ ਸਾਬਤ ਕੀਤੀਆਂ ਹਨ। ਮਨੁੱਖਤਾ ਨੂੰ ਹਨੇਰੇ ਵਿਚੋਂ ਕੱਢ ਕੇ ਚਾਨਣ ਦੇ ਪਾਂਧੀ ਬਣਾਉਂਣ ਦਾ ਰਾਹ ਜਿਹੜਾ ਗੁਰੂ ਕਿਆਂ ਸਿੱਖਾਂ ਦੱਸਣਾ ਸੀ, ਉਹ ਕੰਮ ਤਰਕਸ਼ੀਲ ਵਾਲੇ ਕਰ ਰਹੇ ਹਨ। ਇਹ ਉਲਟਾ ਹਨੇਰਾ ਸਗੋਂ ਹੋਰ ਵਧਾ ਰਹੇ ਹਨ।

ਇਥੇ ਟਰੰਟੋ ਦੀ ਹੀ ਗੱਲ ਹੈ। ਡਿਕਸੀ ਗੁਰਦੁਆਰੇ ਇਕ ਭਾਈ ਗੁਰਮਤ ਕਲਾਸ ਲਾਉਂਦਾ। ਕੁਝ ਪੱਖੋਂ ਵਧੀਆ ਹੈ, ਪਰ ਕਈ ਵਾਰੀ ਉਹ ਵੀ ਡੇਰਿਆਂ ਦੇ ਪ੍ਰਭਾਵ ਕਾਰਨ ਕੱਚੀਆਂ ਗੱਲਾਂ ਕਰ ਜਾਂਦਾ ਹੈ। ਇੱਕ ਵਾਰ ਉਹ ਵੀ ਕਿਸੇ ਬੱਚੇ ਦੇ ਪਿੱਛਲੇ ਜਨਮ ਵਾਲੇ ਘਰ ਤੇ ਮਾਂ-ਬਾਪ ਲੱਭਣ ਦੀ ਗੱਪ ਸੁਣਾ ਰਿਹਾ ਸੀ, ਤੇ ਨਾਲ ਰੂਹਾਂ ਦੀ ਕੋਈ ਗੱਲ ਕਰ ਰਿਹਾ ਸੀ। ਇੱਕ ਬੱਚੇ ਨੇ ਸਵਾਲ ਕੀਤਾ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਮਨੁੱਖਾ ਜਨਮ 84 ਲੱਖ ਜੂਨਾਂ ਤੋਂ ਬਾਅਦ ਮਿਲਦਾ, ਫਿਰ ਉਹ ਬੱਚਾ ਕਿਵੇਂ ਅਗਲੇ ਹੀ ਜਨਮ ਵਿਚ ਮਨੁੱਖ ਦੇ ਘਰ ਪੈਦਾ ਹੋ ਗਿਆ? ਉਸ ਦਾ ਜਵਾਬ ਵਾਕਿਆ ਹੀ ਖੁਸ਼ ਕਰ ਦੇਣ ਵਾਲਾ ਸੀ? ਅਖੇ ਜੀ ਚੁਰਾਸੀ ਕੱਟੀ ਵੀ ਜਾਂਦੀ। ਤੁਸੀਂ ਗੁਰਦੁਆਰੇ ਆਉਂਦੇ ਹੋ, ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹੋ ਇੰਝ ਵੀ ਚੁਰਾਸੀ ਕੱਟ ਹੁੰਦੀ ਹੈ। ਇਥੋਂ ਤੱਕ ਕਿ ਤੁਸੀਂ ਗੁਰਦੁਆਰੇ ਆ ਕੇ ਲੰਗਰ ਵੀ ਛੱਕਦੇ ਤਾਂ 84 ਕੱਟ ਹੋ ਜਾਂਦੀ ਹੈ। ਚਾਹ ਵੀ ਪੀਂਦੇ ਹੋ ਤਾਂ 84 ਕੱਟ ਹੋ ਜਾਂਦੀ ਹੈ। ਜਦ ਕਿ ਕਈ ਕੱਟੜ ਜਥੇ ਵਾਲੇ ਲੰਗਰ ਤਾਂ ਕੀ ਗੁਰਦੁਆਰਿਓਂ ਲਿਆ ਪ੍ਰਸ਼ਾਂਦ ਵੀ ਚਿੜੀਆਂ ਨੂੰ ਪਾ ਆਊਂਦੇ ਹਨ। ਮੈਂ ਉਦੋਂ ਪੰਜਾਬ-ਗਾਰਡੀਆਨ ਚਲਾਉਂਦਾ ਸੀ। ਮੈਂ ਟੋਟਕਾ ਲਿਖ ਦਿੱਤਾ ਕਿ ਲੰਗਰ ਛੱਕੋ 84 ਕੱਟੋ!! ਯਾਨੀ ਪਕੌੜਿਆਂ ਨਾਲ ਲੇਹੜੋ, ਜਲੇਬ-ਰੱਸਗੁੱਲੇ ਛੱਕੋ ਤੇ ਨਾਲ 84 ਕੱਟੋ।

ਏਸ ਕੱਚ-ਘੜੱਚ ਨੇ ਸਿੱਖ ਦਾ ਮੱਚ ਮਾਰ ਕੇ ਰੱਖ ਦਿੱਤਾ ਹੈ। ਬੰਦੇ ਦੇ ਪੈਰ ਹੀ ਲੱਗਣੋ ਹੱਟ ਗਏ। ਉਹ ਹਰੇਕ ਗੱਧੇ-ਖੋਤੇ ਅਗੇ ਅਪਣੀ ਧੌਣ ਨੀਵੀਂ ਕਰ ਲੈਂਦਾ ਹੈ। ਉਹ ਡਰ ਇੰਨਾ ਗਿਆ ਹੈ, ਆਪੇ ਹੀ ਚਾਰ ਇੱਟਾਂ ਇਕੱਠੀਆਂ ਕਰਕੇ ਉਨ੍ਹਾਂ ਅਗੇ ਆਪੇ ਹੀ ਸਿਰ ਰਗੜਨ ਬੈਠ ਜਾਂਦਾ ਹੈ। ਅਪਣੀਆਂ ਹੀ ਜਗਾਈਆਂ ਜੋਤਾਂ ਦੇ ਧੂੰਏ ਨਾਲ ਅਪਣਾ ਹੀ ਮੂੰਹ ਕਾਲਾ ਕਰੀ ਜਾ ਰਿਹਾ ਹੈ।

ਕਈ ਸਾਲਾਂ ਦੀ ਗੱਲ ਹੈ ਮੈਂ ਸਹੁਰੇ ਪਿੰਡ ਗਿਆ। ਇੱਕ ਦਿਨ ਕੰਧ ਉਤੋਂ ਮੈਂ ਦੇਖਿਆ ਕਿ ਵੀਰਵਾਰ ਦੇ ਦਿਨ ਫਿਰਨੀ ਤੇ ਕਾਫੀ ਭੀੜ ਜਿਹੀ ਮੈਨੂੰ ਨਜਰ ਆਈ, ਲੋਕ ਆ ਜਾ ਰਹੇ ਸਨ ਜਿਵੇਂ ਅਗੇ ਕੋਈ ਮੇਲਾ ਵਗੈਰਾ ਹੁੰਦਾ ਹੈ। ਜਦ ਉਨ੍ਹਾਂ ਨੂੰ ਪੁੱਛਿਆ ਤਾਂ ਸਾਲਾ ਮੇਰਾ ਕਹਿਣ ਲਗਾ, ਕਿ ਭਾਅਜੀ ਇਥੇ ਹਰੇਕ ਵੀਰਵਾਰ ਬਾਬੇ ਲਹੌਰੇ ਦੀ ਚੌਂਕੀ ਲੱਗਦੀ ਚੰਗਾ ਇਕੱਠ ਹੋ ਜਾਂਦਾ। ਲੋਕ ਕਾਫੀ ਦੂਰੋਂ-ਨੇੜਿਓਂ ਆਉਂਦੇ।

ਮੇਰੀ ਉਤਸੁਕਤਾ ਵਧ ਗਈ, ਮੈਂ ਵੀ ਉਸ ਨੂੰ ਲੈ ਕੇ ਜਾ ਵੜਿਆ। ਉਹ ਗੱਦੀ ਲਾਈ ਪੁੱਛਣਾ ਦੇ ਰਿਹਾ ਸੀ ਤੇ ਬੀਬੀਆਂ ਦੇ ਪਿੰਡਿਆਂ ਤੇ ਹੱਥ ਫੇਰ ਫੇਰ ਉਨ੍ਹਾਂ ਦੇ ਇਲਾਜ ਦੱਸ ਰਿਹਾ ਸੀ। ਬਹਾਨਾ ਬਣਾ ਕੇ ਮੈਂ ਵੀ ਗੱਦੀ ਨੇੜੇ ਜਾ ਬੈਠਿਆ ਤੇ ਕਿਹਾ ਬਾਬਾ ਜੀ ਸਿਰ ਨਹੀਂ ਦੁਖਣੋ ਹੱਟਦਾ ਕੋਈ ਉਪਾ।

ਚਾਰ ਵੀਰਵਾਰ ਆਵੀਂ ਟੱਲੀ ਵਰਗਾ ਕਰ ਦਿਆਂਗਾ।

ਪਰ ਮੈਂ ਤਾਂ ਛੇਤੀ ਚਲਾ ਜਾਣਾ।

ਚਲ ਜਿੰਨੇ ਵੀਰ ਹੈਗਾ ਉਨੇ ਆਜੀਂ। ਉਸ ਮੈਨੂੰ ਛੋਟ ਦੇ ਦਿੱਤੀ।

ਪਰ ਸਿਰ ਹਟ ਜੇ ਗਾ ਬੜਾ ਪੁਰਾਣਾ ਦੁੱਖਦਾ ਡਾਕਟਰ ਦੇ ਨਾ ਜਾਵਾਂ?

ਕੋਈ ਲੋੜ ਨਹੀਂ ਤੇ ਉਸ ਬੜੀਆਂ ਗੰਦੀਆਂ ਜਿਹੀਆਂ ਫੂਕਾਂ ਮੇਰੇ ਮੂੰਹ ਤੇ ਮਾਰੀਆਂ ਅਤੇ ਨਾਲ ਪਾਣੀ ਦੇ ਛੱਟੇ ।

ਅਗਲੇ ਵੀਰਵਾਰ ਮੈਂ ਫਿਰ ਜਾ ਵੜਿਆ।

ਬਾਬਾ ਜੀ ਸਿਰ ਤਾਂ ਪਹਿਲ਼ਾਂ ਨਾਲੋਂ ਹਥੌੜੇ ਵਾਂਗ ਵੱਜਦਾ ਤੁਸੀਂ ਤਾਂ ਕਹਿੰਦੇ ਸੀ ਠੀਕ ਹੋਜੂ।

ਤੂੰ ਭਾਈ ਸ਼ਰਧਾ ਨਾਲ ਨਹੀਂ ਸੀ ਆਇਆ ਸਿਰ ਕੀ ਹਟਣਾ ਸੀ।

ਪਰ ਤੁਹਾਨੂੰ ਕਿਵੇਂ ਪਤੈ ਕਿ ਮੈਂ ਸ਼ਰਧਾ ਨਾਲ ਨਹੀਂ ਸੀ ਆਇਆ?

ਪਤੇ ਨੂੰ ਕੀ ਏ ਪਤਾ ਹੀ ਹੁੰਦਾ! ਉਸ ਕੋਈ ਠੋਸ ਜਵਾਬ ਨਾ ਦਿੱਤਾ ਤਾਂ ਮੈਂ ਉਸ ਨੂੰ ਸਿੱਧੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਹਨਾਂ ਸਵਾਲਾਂ ਜਵਾਬਾਂ ਵਿੱਚ ਹੀ ਗੱਲ ਕਿਸੇ ਜਲਵੇ ਦਿਖਾਉਂਣ ਦੀ ਚਲੀ ਤਾਂ ਉਹ ਬੁੜਕ ਉੱਠਿਆ।

ਦੇਖਣਾ ਫਿਰ ਜਲਵਾ?

ਦਿਖਾ ਹੀ ਦਿਓ। ਚੰਗੀ ਤਰ੍ਹਾ ਤੁਹਾਡਾ ਸੇਵਕ ਤਾਂ ਬਣ ਜਾਂ!

ਚਲ ਬੈਠ ਫਿਰ ਮੇਰੀ ਗੱਦੀ ਤੇ ਪੰਜ ਮਿੰਟ!! ਉਸ ਲਾਲ ਅੱਖਾਂ ਕੱਢੀਆਂ।

ਉਸ ਦੇ ਲਾਲ ਅੱਖਾਂ ਕੱਢ ਕੇ ਮਾਰੇ ਦਬਕੇ ਅਤੇ ਤਣਾਅ ਪੂਰਨ ਮਹੌਲ ਨੇ ਇਕ ਵਾਰ ਤਾਂ ਮੈਨੂੰ ਪੈਰੋਂ ਕੱਢ ਦਿੱਤਾ। ਉਹ ਬੋਲਿਆ ਹੀ ਇੰਨੀ ਉੱਚੀ ਅਤੇ ਦਬਕੇ ਨਾਲ ਸੀ ਕਿ ਆਮ ਬੰਦੇ ਨੂੰ ਜਾਪਦਾ ਕਿ ਗਏ ਹੁਣ!! ਪਰ ਮੈਂ ਛੇਤੀ ਹੀ ਸੰਭਲਦਿਆਂ ਕਿਹਾ ਕਿ ਚਲ ਉੱਠ ਤੇਰੀ ਗੱਦੀ ਦਾ ਵੀ ਜਲਵਾ ਦੇਖ ਹੀ ਲਈਏ!

ਉਹ ਗੱਦੀ ਤੋਂ ਉਠ ਝੋਨਾ ਝਾੜਨ ਲਈ ਬਣਾਈ ਗਈ ਮੱਟੀ ਜਿਹੀ ਵਰਗੀ ਸਮਾਧ ਦੇ ਸਾਹਵੇਂ ਬੈਠ ਗਿਆ, ਜਿਸ ਉਪਰ ਉਸ ਅਪਣੀ ਪੱਗ ਰੰਗਾ ਹੀ ਭਗਵਾਂ ਕੱਪੜਾ ਪਾਇਆ ਹੋਇਆ ਸੀ ਤੇ ਜਿਸਦੇ ਸਾਹਵੇਂ ਪੰਜ ਜੋਤਾਂ ਲਗਾਤਾਰ ਜਗ ਰਹੀਆਂ ਸਨ। ਉਪਰ ਕਰਕੇ ਕਈ ਤਰ੍ਹਾਂ ਦੇ ਰੰਗ ਬਰੰਗੇ ਦੇਵੀ-ਦੇਵਤੇ ਅਤੇ ਵਿੱਚ ਗੁਰੂ ਸਾਹਿਬਾਨਾ ਦੀਆਂ ਅਖੌਤੀ ਮੂਰਤੀਆਂ ਲਾਈਆਂ ਹੋਈਆਂ ਸਨ। ਬਾਕੀ ਮੂਰਤੀਆਂ ਦੇ ਐਂਨ ਵਿਚਾਲੇ ਕਰਕੇ ਇੱਕ ਲੰਗੋਟੀ ਪਾਈ ਨੰਗ ਜਿਹੇ ਪੀਰ ਦੀ ਫੋਟੋ ਸੀ, ਜਿਸ ਨੂੰ ਉਹ ਜੋਗੀ ਪੀਰ ਕਹਿੰਦਾ ਸੀ ਤੇ ਜਿਸ ਦੇ ਨਾਂ ਤੇ ਇਹ ਸਮਾਧ ਤੇ ਬਾਬਾ ਲਹੌਰਾ ਗੱਦੀ ਲਾਈ ਬੈਠਾ ਰਿਧੀਆਂ-ਸਿਧੀਆਂ ਦਾ ਮਾਲਕ ਬਣਿਆ ਹੋਇਆ ਸੀ।

ਮੇਰੇ ਗੱਦੀ ਤੇ ਬੈਠਣ ਨਾਲ ਕਮਰੇ ਵਿੱਚ ਸਨਾਟਾ ਛਾ ਗਿਆ। ਉਸ ਦੇ ਸ਼ਰਧਾਲੂਆਂ ਨੂੰ ਜਾਪਦਾ ਸੀ ਕਿ ਗੱਦੀ ਉਪਰ ਬੈਠਾ ਬੰਦਾ ਬਅਸ ਹੁਣ ਘੜੀ-ਪਲਾਂ ਦਾ ਪਰਾਹੁਣਾ ਹੈ। ਉਸ ਗੱਦੀ ਸਾਹਵੇਂ ਬੈਠ ਕੰਫੂ ਕਰਨ ਵਾਂਗ ਬਾਹਵਾਂ ਜਿਹੀਆਂ ਚੁੱਕ ਚੁੱਕ ਫੂਕਾਂ ਮਾਰੀਆਂ, ਜਿਵੇਂ ਮੈਨੂੰ ਉਹ ਉਡਦਾ ਕਰਨ ਲੱਗਾ ਹੋਵੇ, ਪਰ ਪੰਜ ਪਿੰਟ ਵਿੱਚ ਨਾ ਕੁਝ ਹੋਇਆ ਨਾ ਹੋਣਾ ਸੀ ਤਾਂ ਮੇਰੇ ਨਾਲ ਗਿਆ ਮੇਰੇ ਚਾਚੇ ਦਾ ਲੜਕਾ ਬੋਲ ਪਿਆ ਕਿ ਬਾਬਾ ਪੰਜ ਮਿੰਟ ਤੋਂ ਉਪਰ ਹੋ ਗਿਆ। ਉਹ ਉਠ ਖੜਾ ਹੋਇਆ ਤਾਂ ਮੈਂ ਬੋਲ ਪਿਆ ਕਿ ਜਲਵਾ?

ਤੈਨੂੰ ਅਗਲੇ ਵੀਰਵਾਰ ਤੱਕ ਪਤਾ ਲੱਗ ਜਾਏਗਾ! ਉਸ ਬੜੀ ਬੇਸ਼ਰਮੀ ਨਾਲ ਗੱਲ ਅਗਲੇ ਵੀਰਵਾਰ ਤੇ ਪਾ ਦਿੱਤੀ।

ਇਹ ਕੋਈ ਬੰਦਿਆਂ ਵਾਲੀ ਗੱਲ ਥੋੜੋਂ ਤੁੰ ਜਲਵਾ ਪੰਜ ਪਿੰਟ ਵਿਚ ਦਿਖਾਉਂਣ ਨੂੰ ਕਿਹਾ ਸੀ ਹੁਣ ਅਗਲੇ ਵੀਰਵਾਰ?

ਤੈਨੂੰ ਕਹਿ ਤਾ ਨਾਂ ਕਿ ਅਗਲੇ ਵੀਰਵਾਰ ਤੱਕ ਜਲਵੇ ਦਾ ਪਤਾ ਲੱਗ ਜੂ।

ਪਰ ਜੇ ਅਗਲੇ ਵੀਰਵਾਰ ਤੱਕ ਵੀ ਮੈਨੂੰ ਕੁਝ ਨਾ ਹੋਇਆ?

ਤਾਂ ਮੈਂ ਤੈਨੂੰ 20 ਹਜਾਰ ਇਨਾਮ ਦਿਆਂਗਾ ਅਤੇ ਨਾਲੇ ਇਹ ਗੱਦੀ ਛੱਡ ਜਾਂਗਾ।

ਪਰ ਉਹ ਬੁੱਧਵਾਰ ਹੀ ਰਾਤ ਮੇਰੇ ਸਹੁਰੇ ਘਰ ਆ ਕੇ ਕਹਿ ਗਿਆ, ਕਿ ਮੈਂ ਨਾ ਆਵਾਂ ਮੇਰੇ ਕੋਲੇ ਕੁਝ ਨਹੀਂ ਮੇਰੀ ਪਹਿਲਾਂ ਹੀ ਤੁਹਾਡੇ ਜਵਾਈ ਨੇ ਬੇਇੱਜਤੀ ਬਥੇਰੀ ਕਰ ਦਿੱਤੀ ਹੈ।

ਅੱਡੇ ਤੇ ਗੁਆਢੀਆਂ ਦਾ ਸੂਰਜ, ਜਿਹੜਾ ਬਾਅਦ ਵਿਚ ਬਹੁਤੇ ਟੀਕੇ ਲਾਉਂਣ ਕਾਰਨ 28 ਕੁ ਸਾਲ ਦੀ ਉਮਰ ਵਿਚ ਹੀ ਮਰ ਗਿਆ ਸੀ, ਕਰੀ ਜਾਵੇ ਫਲਾਨਿਆਂ ਦੇ ਜਵਾਈ ਨੇ ਪੰਗਾ ਤਾਂ ਲੈ ਲਿਆ ਬਾਬੇ ਨਾਲ ਹੁਣ ਲੱਗ ਪਤੇ ਜਾਣਗੇ ਜਦ ਰਾਤ ਨੂੰ ਬਾਬੇ ਮੁਰਗੇ ਵਾਂਗ ਬਾਗਾਂ ਦੁਵਾਈਆਂ। ਉਸ ਦੇ ਸਾਹਵੇਂ ਸਭ ਕੁਝ ਹੋਇਆ ਸੀ, ਪਰ ਉਸ ਨੂੰ ਹਾਲੇ ਵੀ ਸਮਝ ਨਹੀਂ ਸੀ ਆਈ ਕਿ ਕਿਸੇ ਮਲੰਗ ਪੀਰ ਨੇ ਮੇਰਾ ਕੁਝ ਨਹੀਂ ਖੋਹਣਾ ਤੇ ਉਸ ਦਾ ਲਹੌਰਾ ਰਾਤ ਨੂੰ ਚੋਰੀਓਂ ਮੇਰੇ ਨਾਲ ਸਮਝੌਤਾ ਕਰ ਗਿਆ ਹੋਇਆ ਸੀ।

ਇਹ ਠੱਗੀ-ਠੋਰੀ ਇਸ ਕਰਕੇ ਨਹੀਂ ਕਿ ਮਾੜੀਆਂ ਰੂਹਾਂ ਵਾਕਿਆ ਹੀ ਬ੍ਰਹਮੰਡ ਵਿਚ ਘੁੰਮ ਰਹੀਆਂ ਹਨ, ਜਾਂ ਪ੍ਰੇਤ ਕਿਸੇ ਵਿਚ ਆ ਕੇ ਬੋਲਦੇ ਹਨ ਤੇ ਰਾੜੇ ਵਾਲੇ ਵਰਗੇ ਉਸ ਦਾ ਉਧਾਰ ਕਰਦੇ ਹਨ, ਬਲਕਿ ਇਸ ਕਰਕੇ ਹੈ, ਕਿ ਇਸ ਧਰਤੀ ਪਰ ਢੱਡਰੀ ਵਰਗੇ, ਠਾਕਰ ਸਿਓਂਕ ਵਰਗੇ, ਹਰੀ ਪ੍ਰਸ਼ਾਦ ਰੰਧਾਵੇ ਵਰਗੇ ਗੱਪੀ ਮੌਜੂਦ ਹਨ, ਜਿਹੜੇ ਲੁਕਾਈ ਨੂੰ ਅੰਨਿਆਂ ਕਰਕੇ ਲੁੱਟਣ ਵਿਚ ਵਿਸਵਾਸ਼ ਰੱਖਦੇ ਹਨ, ਕਿਉਂਕਿ ਉਹ ਖੁਦ ਵੀ ਅੰਨੇ ਹਨ, ਕਿਉਂਕਿ ਉਨ੍ਹਾਂ ਦੇ ਵਡੇਰੇ ਬ੍ਰਹਮਗਿਆਨੀ ਖੁੱਦ ਹੱਥੀਂ ਇਹ ਹਨੇਰਾ ਉਨ੍ਹਾਂ ਨੂੰ ਗੁੜਤੀ ਵਿਚ ਦੇ ਕੇ ਗਏ ਹੋਏ ਹਨ ਜੀਹਨਾ ਨੂੰ ਸਾਰੀ ਉਮਰ ਭੂਤ-ਪ੍ਰਤੇ ਦਿੱਸਦੇ ਰਹੇ।

ਇਸ ਤੋਂ ਸਾਬਤ ਹੁੰਦਾ ਕਿ ਉਨ੍ਹਾਂ ਦਾ ਸਾਰਾ ਧਿਆਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਠਾਂ ਦੀਆਂ ਗਿਣਤੀਆਂ ਜਾਂ ਕੋਤਰੀਆਂ ਵਿਚ ਲਗਾ ਰਿਹਾ, ਨਾ ਕਿ ਸ੍ਰੀ ਗੁਰੁ ਜੀ ਨੂੰ ਸਮਝਣ ਵਿਚ। ਨਹੀਂ ਤਾਂ ਕੋਈ ਕਾਰਨ ਨਹੀਂ ਕਿ ਸ੍ਰੀ ਗੁਰੂ ਗਰੰਥ ਸਹਿਬ ਜੀ ਵਿਚ ਭੂਤ-ਪ੍ਰੇਤ-ਜਿੰਨ ਇੰਨੇ ਸਪੱਸ਼ਟ ਲਿਖੇ ਹਨ, ਕਿ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ, ਕਿ ਗੁਰੂ ਜੀ ਭੂਤ ਇਥੇ ਤੁਰੇ-ਫਿਰਦੇ ਉਨ੍ਹਾਂ ਮਨੁੱਖਾਂ ਨੂੰ ਕਹਿ ਰਹੇ ਹਨ ਜਿਹੜੇ ਠੱਗੀ-ਠੋਰੀ-ਝੂਠ-ਫਰੇਬ ਵਿਚ ਵਿਸਵਾਸ਼ ਰੱਖਦੇ ਹਨ। ਤੇ ਇਸ ਹਿਸਾਬ ਸਿੱਖ ਕੌਮ ਵਿਚ ਸਭ ਤੋਂ ਵੱਡੇ ਭੂਤਨੇ ਇਹ ਸਾਧੜੇ, ਲੀਡਰ ਅਤੇ ਘੁਟਨੀਆਂ ਲੂੰਗੀਆਂ ਵਾਲੇ ਜਥੇਦਾਰ ਹੀ ਹਨ, ਜੀਹਨਾਂ ਦਾ ਕੰਮ ਹੀ ਲੁਕਾਈ ਨੂੰ ਲੁੱਟਣਾ, ਕੁੱਟਣਾ ਅਤੇ ਠੱਗਣਾ ਹੈ। ਨਹੀਂ?

(ਆਖਰੀ ਕਿਸ਼ਤ)

ਗੁਰਦੇਵ ਸਿੰਘ ਸੱਧੇਵਾਲੀਆ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top