Share on Facebook

Main News Page

ਮੈ ਕੀ ਹਾਂ? ਮੈ ਕੌਣ ਹਾਂ?
-
ਗੁਰਦੇਵ ਸਿੰਘ ਸੱਧੇਵਾਲੀਆ

ਇਸ ਵਿਸ਼ਾਲ ਕਾਇਨਾਤ ਵਿੱਚ ਮੈ ਇਨਾ ਛੋਟਾ ਜਿਹਾ ਇੱਕ ਜ਼ਰਰਾ ਹਾਂ ਜਿਸ ਨੂੰ ਬਹੁਤ ਮੋਟੀ ਖੁਰਦਬੀਨ ਨਾਲ ਵੀ ਮਸੇਂ ਦੇਖਿਆ ਜਾ ਸਕੇ। ਅਰਬਾਂ-ਖਰਬਾਂ ਮੀਲ ਜਾਂ ਗਿਣਤੀ ਤੋਂ ਵੀ ਬਾਹਰੇ ਖੁੱਲ੍ਹੇ ਅਤੇ ਉੱਚੇ ਅਕਾਸ਼ ਵਿੱਚ ਮੈ ਕੇਵਲ ਪੰਜ ਤੋਂ ਸਤ ਫੁੱਟ ਤੱਕ ਤੁਰਿਆ ਫਿਰਦਾ ਦੋ ਟੰਗਾਂ ਕਈਆਂ ਪਸ਼ੂਆਂ-ਪੰਛੀਆਂ ਪੱਥਰਾਂ ਦਾ ਸੰਗਰਿਹ ਹਾਂ ਜਿਸ ਦਾ ਕੋਈ ਪਤਾ ਨਹੀ ਕਿ ਕਦ ਕਿਹੜੀ ਜੂਨ ਵਿੱਚ ਚਲੇ ਜਾਵਾਂ। ਗੁਰੂ ਕੀ ਸੰਗਤ ਵਿੱਚ ਹੰਸ ਬਣਿਆ ਬੈਠਾ-ਬੈਠਾ ਪਤਾ ਹੀ ਨਹੀ ਲੱਗਦਾ ਕਦ ਕਾਂ ਬਣਕੇ ਉੱਡ ਜਾਂਦਾ ਹਾ ਅਤੇ ਦੇਹੀ ਨੂੰ ਉਥੇ ਹੀ ਛੱਡ ਵਿਸ਼ੇ-ਵਿਕਾਰਾਂ ਵਿੱਚ ਠੂੰਗੇ ਮਾਰਨ ਲੱਗਦਾ ਹਾਂ।

ਮੇਰਾ ਕੁੱਝ ਪਤਾ ਨਹੀ ਲੱਗਦਾ ਕਦ ਮੈ ਚੰਗੇ ਭਲੇ ਮਨੁੱਖ ਤੋਂ ਕਦੇ ਗੱਧਾ ਬਣਕੇ ਕੇ ਲੇਟਣ ਲੱਗਦਾ ਹਾਂ ਅਤੇ ਕਦੇ ਖੂੰਖਾਰ ਭੇੜੀਆ ਬਣਕੇ ਲੋਕਾਈ ਨੂੰ ਪਾੜਨ ਲੱਗਦਾ ਹਾਂ। ਮੈ ਕਦੇ ਵੀ ਫੈਸਲਾ ਨਹੀ ਕਰ ਸਕਦਾ ਕਿ ਮੈ ਕੌਣ ਹਾਂ? ਮੇਰੀ ਦੇਹੀ ਦਾ ਨਾਂ ਅਸਲ ਵਿੱਚ ਮੇਰਾ ਨਾਂ ਨਹੀ। ਮੇਰਾ ਇੱਕ ਨਾ ਹੋ ਹੀ ਨਹੀ ਸਕਦਾ। ਗੁਰੂ ਮੇਰੇ ਲਈ ਤਾਂ ਹੀ ਕਦੇ ਪਸ਼ੂ ਸੰਬੋਧਨ ਹੁੰਦੇ ਹਨ, ਕਦੇ ਕੁੰਚਰ ਯਾਨੀ ਹਾਥੀ, ਕਦੇ ਸੱਪ, ਕਦੇ ਕਾਂ ਅਤੇ ਕਦੇ ਕੋਈ ਜੂਨ। ਗੁਰੂ ਮੈਨੂੰ ਤਾਂ ਮੁੜ ਮੁੜ ਮਨੁੱਖ ਬਣਨ ਨੂੰ ਕਹਿ ਰਹੇ ਹਨ ਕਿਉਂਕਿ ਗੁਰੂ ਜਾਣਦੇ ਹਨ ਕਿ ਐਵੇਂ ਦੇਹੀ ਮੱਨੁਖਾ ਵਾਲੀ ਚੁੱਕੀ ਫਿਰਦਾ ਅੰਦਰ ਇਸਦੇ ਪਸ਼ੂਆਂ ਵਰਗੇ ਵੱਡੇ ਵੱਡੇ ਸਿੰਗ ਨੇ ਇਸਦੇ ਜਿਹੜੇ ਮਾਰਨ ਲੱਗਾ ਵੇਖਦਾ ਹੀ ਕੁੱਝ ਨਹੀ ਸਾਹਮਣੇ ਵਾਲੇ ਨੂੰ ਪਾੜ ਕੇ ਸੁਟ ਦਿੰਦਾ ਹੈ।

ਹਾਲੇ ਸ਼ੁਕਰ ਐ ਕਿ ਕੁਦਰਤ ਨੇ ਮੇਰੀ ਲਾਜ ਰੱਖ ਲਈ। ਮੇਰੀਆਂ ਕਰਤੂਤਾਂ ਨਾਲ ਜੇ ਮੇਰੀ ਦੇਹੀ ਵੀ ਬਦਲਦੀ ਰਹਿੰਦੀ ਹੁੰਦੀ ਤਾਂ ਸੜਕਾਂ ਉਪਰ, ਗਲੀਆਂ ਬਜਾਰਾਂ ਵਿੱਚ ਰੰਗ ਬਰੰਗੇ ਪਸ਼ੂਆਂ ਦੀਆਂ ਹੇੜਾਂ ਤੁਰੀਆਂ ਫਿਰਨੀਆਂ ਸਨ। ਤੁਸੀ ਸੋਚ ਸਕਦੇ ਹੋ ਕਿ ਗੁਰਦੁਆਰੇ ਡਰਦਾ ਕੋਈ ਜਾਂਦਾ? ਵੱਡੇ ਵੱਡੇ ਸਿੰਗਾਂ ਨਾਲ ਢੁਡਾਂ ਮਾਰਨ ਲਈ ਤਿਆਰ ਬੈਠੇ ਲੋਕਾਂ ਵਲ ਦੇਖ ਕੌਣ ਮੌਤ ਨੂੰ ਮਾਸੀ ਆਹਦਾ? ਰਾਜਨੀਤਕ ਭੇੜੀਆਂ ਨੂੰ ਦੇਖ ਲੋਕ ਅੰਦਰੀਂ ਨਾ ਵੜ ਜਾਂਦੇ? ਮੇਰੇ ਜਿਹੇ ਕਾਲੇ ਕਾਵਾਂ ਕਾਰਨ ਅਸਮਾਨ ਉਪਰੋਂ ਸੂਰਜ ਦਿਸਦਾ?

ਜਦ ਵੀ ਮੈ ਜਾਨਣ ਲਗਾ ਕਿ ਮੈ ਕੌਣ ਹਾਂ ਤਾਂ ਅਪਣੇ ਹੀ ਅੰਦਰਲੇ ਕਿਸੇ ਜੰਗਲ ਵਿੱਚ ਗੁਆਚ ਜਾਂਦਾ ਹਾਂ ਜਿਥੇ ਪਤਾ ਹੀ ਨਹੀ ਕਿਹੜੀਆਂ ਕਿਹੜੀਆਂ ਨਸਲਾਂ ਦੇ ਪਸ਼ੁ ਤੁਰੇ ਫਿਰਦੇ ਹਨ। ਮੈ ਫਿਰ ਦੁਹਰਾ ਦਿਆਂ ਕਿ ਮੇਰੀ ਦੇਹੀ ਅਸਲ ਵਿੱਚ ਮੈ ਨਹੀ ਹਾਂ। ਗੁਰੂ ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰ ਉਤਾਰੇ ਕੀਹਨੂੰ ਕਹਿ ਰਹੇ ਹਨ? ਉਹ ਮੈਨੂੰ ਹੀ ਕਹਿ ਰਹੇ ਹਨ ਨਾ ਕਿ ਉਹ ਪੱਥਰ ਚੁਕ ਚੁਕ ਕਿਸੇ ਦਰਿਆ ਵਿੱਚ ਸੁਟ ਰਹੇ ਸਨ ਜਿਹੜੇ ਤਰਨ ਲੱਗ ਪਏ ਜਾਂ ਕਿਸੇ ਪ੍ਰੇਤਾਂ ਦੀਆਂ ਹਵੇਲੀਆਂ ਵਿੱਚ ਜਾ ਜਾ ਪ੍ਰੇਤ ਲੱਭਦੇ ਸਨ ਕਿ ਇਨ੍ਹਾ ਨੂੰ ਤਾਰਾਂ! ਉਹ ਮੈਨੂੰ ਹੀ ਪੱਥਰ ਬਣ ਚੁੱਕੇ ਨੂੰ ਸਬਦ ਦੇ ਹਥੌੜਿਆਂ ਨਾਲ ਤੋੜਦੇ ਸਨ ਮੱਨੁਖੀ ਜਾਤ ਦਾ ਅਹਿਸਾਸ ਕਰਵਾ ਕੇ ਲੋਕਾਂ ਦੇ ਗਲ ਵੱਡਣ ਵਾਲੇ ਸੱਜਣ ਠੱਗ ਤੋਂ ਸੰਤ ਬਣਾ ਦਿੰਦੇ ਸਨ। ਉਹ ਮੈਨੂੰ ਹੀ ਪ੍ਰੇਤ ਬਣ ਕੇ ਲੁਕਾਈ ਨੂੰ ਚਿਬੜੀ ਫਿਰਦੇ ਨੂੰ ਲ਼ੋਕਾਂ ਮਗਰੋਂ ਲਾਹ ਕੇ ਭਲੇ ਰਾਹ ਤੋਰ ਕੇ ਮੇਰੀ ਪ੍ਰੇਤ ਜੋਨੀ ਤੋਂ ਛੁਟਕਾਰਾ ਕਰਦੇ ਸਨ। ਉਹ ਮੇਰੇ ਹੀ ਢੁੱਡਾਂ ਮਾਰਦੇ ਫਿਰਦੇ ਪਸੂ ਦੇ ਗਲ ਵਿੱਚ ਗਿਆਨ ਦਾ ਪੈਂਖੜ ਪਾ ਮਨੁੱਖ ਹੋਣ ਦਾ ਅਹਿਸਾਸ ਕਰਾ ਹਰਿ ਕੇ ਕੰਮ ਲਾਉਂਦੇ ਸਨ।

ਮੈ ਕੌਣ ਹਾਂ? ਇਹ ਸਵਾਲ ਮੇਰੇ ਅਗੇ ਸਦੀਆਂ ਤੋਂ ਖੜਾ ਹੈ ਅਤੇ ਰਹੇਗਾ! ਕਾਰਨ ਕਿ ਜੋ ਮੈ ਹਾਂ ਉਸ ਨੂੰ ਮੈ ਜਾਣਦਾ ਨਹੀ ਪਰ ਜੋ ਮੈ ਨਹੀ ਉਸ ਨਾਲ ਮੇਰਾ ਇਨਾ ਮੋਹ ਹੈ ਕਿ ਉਸ ਦੇ ਖਾਤਮੇ ਦੀ ਗੱਲ ਸੁਣ ਕੇ ਹੀ ਮੈ ਕੰਬ ਜਾਂਦਾ ਹਾਂ। ਇਥੇ ਇੱਕ ਕਹਾਣੀ ਯਾਦ ਆਈ ਜਿਹੜੀ ਕੇਵਲ ਕਹਾਣੀ ਹੈ, ਕਿ ਇੱਕ ਬਜ਼ੁਰਗ ਨੂੰ ਕਿਸੇ ਰੱਬ ਦੀ ਭਗਤੀ ਵਾਲੇ ਨੇ ਸਰਾਪ ਦਿਤਾ ਕਿ ਤੂੰ ਸੂਰ ਵਾਂਗ ਘੁਰ-ਘੁਰ ਕਰਦਾ ਰਹਿੰਦਾ ਤੂੰ ਸੂਰ ਦੀ ਜੋਨ ਪਏਂਗਾ। ਉਹ ਬਜ਼ੁਰਗ ਵੀ ਸਮਦ੍ਰਿਸਟੀ ਵਾਲਾ ਸੀ। ਅਪਣੇ ਪੁੱਤਰ ਨੂੰ ਬੁਲਾ ਕੇ ਕਹਿਣ ਲੱਗਾ ਕਿ ਦੇਖ ਪੁੱਤਰ! ਇਸ ਸਾਧ ਦਾ ਸਰਾਪ ਤਾਂ ਹੁਣ ਭੁਗਤਣਾ ਪੈਣਾ ਪਰ ਇਹ ਜੂਨ ਬੜੀ ਕਸੂਤੀ। ਸਾਰੀ ਜਿੰਦਗੀ ਗੰਦੀਆਂ ਰੂੜੀਆਂ ਵਿੱਚ ਮੂੰਹ ਮਾਰਦਿਆਂ ਲੰਘ ਜਾਣੀ ਤੂੰ ਇੱਕ ਕੰਮ ਕਰੀਂ ਕਿ ਫਲਾਂ ਪਿੰਡ, ਫਲਾਂ ਦੇ ਘਰ ਫਲਾਂ ਸੂਰੀ ਦੇ ਜਿਹੜਾ ਆਖਰੀ ਬੱਚਾ ਪੈਦਾ ਹੋਣਾ ਉਹ ਮੈ ਹੀ ਹੋਵਾਂਗਾ। ਤੂੰ ਪੈਦਾ ਹੁੰਦਿਆਂ ਖਰੀਦ ਕੇ ਮੇਰਾ ਗਲ ਵੱਡ ਦੇਈ ਮੇਰੇ ਕੋਲੋਂ ਗੰਦਗੀ ਵਿੱਚ ਮੂੰਹ ਨਹੀ ਮਾਰਿਆ ਜਾਣਾ।

ਬੱਚਾ ਹੋਇਆ। ਪੁੱਤਰ ਦਸੀ ਨਿਸ਼ਾਨੀ ਤੇ ਗਿਆ। ਬੱਚਾ ਖਰੀਦਿਆ ਪਰ ਜਦ ਵ੍ਹਡਣ ਲੱਗਾ ਤਾਂ ਸੂਰ ਚੀਖ ਪਿਆ! ਨਾ ਮਾਰ ਮਰਨ ਨੂੰ ਦਿਲ ਨਹੀ ਕਰਦਾ, ਕੋਈ ਨਾ ਤੁੰ ਜਾਹ ਮੈ ਆਪੇ ਨਿਬੇੜ ਲਾਂਗਾ ਜਿਹੋ ਜਿਹਾਂ ਹਾਂ!

ਔਖੇ ਤੋਂ ਔਖੇ ਵੇਲੇ ਵੀ ਮੈ ਜਿਸ ਨੂੰ ਬਚਾਉਂਣਾ ਚਾਹੁੰਦਾ ਉਹ ਦਰਅਸਲ ਮੈ ਨਹੀ ਹਾਂ। ਪਰ ਜੋ ਮੈ ਹਾਂ ਉਸ ਨੂੰ ਬਚਾਉਂਣ ਵਲ ਮੈ ਕਦੇ ਧਿਆਨ ਹੀ ਨਹੀ ਦਿੱਤਾ। ਉਹ ਮੇਰਾ ਈਰਖਾ, ਹਉਮੈ, ਕ੍ਰੋਧ, ਬਦਖੋਈ, ਸਾੜੇ ਅਤੇ ਕਾਮ ਕ੍ਰੋਧ ਨਾਲ ਗ੍ਰੁਸਿਆ ਪਿਆ ਹੈ। ਦੇਹੀ ਉੱਪਰ ਕੋਟ-ਨਿਕਟਾਈ ਲਾ ਕੇ ਜੈਂਲਟਲਮੈਨ ਬਣਕੇ ਅਪਣੇ ਅੰਦਰਲੇ ਪਸ਼ੁ ਨੂੰ ਮੈ ਬੜੀ ਬਾਖੂਬੀ ਨਾਲ ਛੁਪਾ ਲੈਂਦਾ ਹਾਂ ਅਤੇ ਸਾਰੀ ਜਿੰਦਗੀ ਦੀ ਇਸੇ ਲੁੱਟਣਮੀਟੀ ਵਿੱਚ ਹੀ ਮੈ ਉਸ ਨੂੰ ਭੁੱਲ ਗਿਆ ਜੋ ਮੈ ਹਾਂ। ਮੇਰੇ ਕੋਲੇ ਜੋ ਬਚਿਆ ਹੈ ਉਹ ਹੈ, ਕੱਪੜਿਆਂ ਦੀ ਟੀਪ-ਟਾਪ, ਵਿਖਾਵੇ ਜਿਹੇ ਦੀ ਨਕਲੀ ਮੁਸਕਰਾਹਟ, ਝੂਠੀ ਲੋਕਾਚਾਰੀ, ਸਸਤੀ ਸ਼ੁਰਹਤ, ਚਾਪਲੂਸੀ, ਆਦਿ। ਇਹ ਮੇਰੀ ਜਿੰਦਗੀ ਦੇ ਗਹਿਣੇ ਹਨ। ਇਨ੍ਹਾਂ ਗਹਿਣਿਆਂ ਨਾਲ ਮੈ ਇੱਕ ਨਕਲੀ ਜਿਹੇ ਪੁਰਜੇ ਵਰਗਾ ਦੋ ਟੰਗਾ ਮੱਨੁਖ, ਜਾਂ ਪਸ਼ੂ ਜੋ ਮਰਜੀ ਕਹੋ ਬਣ ਕੇ ਰਹਿ ਗਿਆ ਹਾਂ। ਇਸੇ ਕਰਕੇ ਮੈ ਜਾਣ ਨਹੀ ਸਕਿਆ ਕਿ ਮੈ ਕੀ ਹਾਂ, ਮੈ ਕੌਣ ਹਾਂ?

ਗੁਰੁ ਮੈਨੂੰ ਬਾਰ ਬਾਰ ਦੱਸਦੇ ਹਨ ਕਿ ਤੂੰ ਕੌਣ ਹੈਂ। ਤੂੰ ਹਰ ਕਾ ਰੂਪ ਹੈਂ, ਤੂੰ ਜੋਤ ਸਰੂਪ ਹੈਂ, ਤੂੰ ਪ੍ਰਮਾਤਮਾ ਦੀ ਅੰਸ਼ ਹੈਂ, ਤੂੰ ਬੇਸ਼ਕ ਬੂੰਦ ਹੈਂ ਪਰ ਸਾਗਰ ਵਿੱਚ ਰਲਕੇ ਤੂੰ ਸਾਗਰ ਹੀ ਹੈਂ। ਪਰ ਸੁਣੇ ਕੌਣ ਗੁਰੂ ਦੀ? ਮੈ ਤਾਂ ਫਲਾਂ ਲੀਡਰ ਹਾਂ! ਫਲਾਂ ਗੁਰਦੁਆਰੇ ਦਾ ਪ੍ਰਧਾਨ ਹਾਂ! ਫਲਾਂਣੀ ਅਖ਼ਬਾਰ ਦਾ ਐਡੀਟਰ ਹਾਂ! ਫਲਾਂਣੀ ਸੰਸਥਾਂ ਮੇਰੀ ਹੈ ਇਸੇ ਲਈ ਉਹ ਮਹਾਨ ਹੈ! ਜਾਂ ਫਲਾਣੀ ਸੰਸਥਾਂ ਮਹਾਨ ਹੈ ਕਿਉਂਕਿ ਮੈ ਉਸ ਵਿੱਚ ਹਾਂ! ਪਰ ਘਟੋ ਘਟ ਮੈ ਉਹ ਨਹੀ ਹਾਂ ਜੋ ਗੁਰੂ ਮੈਨੂੰ ਦੱਸਦੇ ਹਨ। ਮੈ ਤਗੜੇ ਅਗੇ ਲੇਲਾ ਹਾਂ ਮਾੜੇ ਮੂਹਰੇ ਬਘਿਆੜ। ਮੈ ਘਰ ਹੋਰ ਹਾਂ ਬਾਹਰ ਹੋਰ ਗੁਰਦੁਆਰੇ ਹੋਰ ਤੇ ਕੰਮ ਤੇ ਹੋਰ। ਜਿਹੜੀ ਮੁੱਛ ਮੇਰੀ ਘਰਵਾਲੀ ਅੱਗੇ ਜਾਂ ਗੁਰੂ ਘਰ ਵਿੱਚ ਸ਼ੇਰ ਦੀ ਮੁੱਛ ਜਾਪਦੀ ਹੈ ਉਹੀ ਮੁੱਛ ਕੰਮ ਤੇ ਜਾਂ ਕੋਟ ਵਿੱਚ ਜੱਜ ਅਗੇ ਚੂਹੇ ਵਾਂਗ ਫਰਕਦੀ ਹੈ। ਗੁਰਦੁਆਰੇ ਮੈ ਅੱਖਾਂ ਮੀਟੀ ਸਿਰ ਮਾਰਦਾ ਭਗਤ ਜਾਪਦਾ ਹਾਂ ਪਰ ਘਰੇ ਘਰਵਾਲੀ ਜਾਂ ਬੱਚਿਆਂ ਅੱਗੇ ਪੂਰੇ ਦਾ ਪੂਰਾ ਹਿਟਲਰ! ਮੈ ਪਲ ਪਲ ਬਦਲਦਾ ਹਾਂ, ਮੈ ਪਲ ਪਲ ਮਰਦਾ ਹਾਂ ਤੇ ਜੰਮਦਾ ਹਾਂ, ਮੈ ਪਲ ਪਲ ਜੂਨਾ ਵਿੱਚ ਆਉਂਦਾ ਹਾਂ ਇਸੇ ਲਈ ਮੈਨੂੰ ਹਾਲੇ ਤੱਕ ਨਹੀ ਪਤਾ ਲੱਗ ਸਕਿਆ ਕਿ ਮੈ ਕੌਣ ਹਾਂ, ਮੈ ਕੀ ਹਾਂ ਕਿਉਂਕਿ ਇਹ ਗੱਲ ਸਮਝਾਉਂਣ ਵਾਲੇ ਗੁਰੂ ਦੀ ਮੈ ਸੁਣਦਾ ਹੀ ਨਹੀ ਹਾਂ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top