Share on Facebook

Main News Page

ਕਿਸਨੇ ਲੈਣੀ ਸੋਨੇ ਦੀ ਥਾਲੀ?

ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਸਿੱਖਿਆ ਦੇ ਉਲਟ ਲੋਕਾਈ ਨੂੰ ਅੰਧ-ਵਿਸ਼ਵਾਸ਼ਾਂ/ਕਰਮਕਾਂਡਾਂ ਅਤੇ ਗਿਣਤੀਆਂ ਮਿਣਤੀਆਂ ਦੇ ਨਾਮ ਜੱਪਣ ਦੇ ਢੰਗਾਂ ਵਿੱਚ ਉਲਝਾਉਣ ਲਈ ਅਤੇ ਆਪੋ-ਆਪਣੇ ਡੇਰਿਆਂ ਦੇ ਨਾਲ ਜੋੜਨ ਲਈ ਹਰ ਅਖੌਤੀ ਸਾਧ/ਸੰਤ ਜਾਂ ਮਹਾਂਪੁਰਸ਼ ਕਿਸੇ ਨਾ ਕਿਸੇ ਢੰਗ ਨਾਲ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਦਾ ਹੀ ਰਹਿੰਦਾ ਹੈ। ਕਦੀਂ ਕਿਸੇ ਨੇ ਕਾਪੀਆਂ ਛਪਵਾ ਲਈਆਂ ਤੇ ਲੋਕਾਂ ਨੂੰ ਉਸ ਉੱਪਰ ਵਾਹਿਗੁਰੂ-ਵਾਹਿਗੁਰੂ ਲਿਖਣ ਲਈ ਕਹਿ ਦਿੱਤਾ ਤੇ ਹੋਰ ਕਾਪੀਆਂ ਛਪਵਾਉਣ ਲਈ ਦਾਨ ਵੀ ਚੌਖਾ ਇਕੱਠਾ ਕਰ ਲਿਆ।

ਫਿਰ ਕਿਸੇ ਨੇ 11, 21, 31, 51,101, 501, 1100, 2100 ਦੀ ਗਿਣਤੀ ਵਿੱਚ ਲੋਕਾਂ ਨੂੰ ਬਾਣੀਆਂ ਦੇ ਪਾਠ ਵੰਡ ਦਿੱਤੇ ਤਾਂ ਕਿ ਲੋਕ ਇਸ ਗਿਣਤੀ ਨੂੰ ਸੰਪੂਰਣ ਕਰਨ ਲਈ ਆਪਣਾ ਸਾਰਾ ਕੀਮਤੀ ਸਮਾਂ ਜਾਇਆ ਕਰਦੇ ਰਹਿਣ ਤੇ ਭੁੱਲ ਕੇ ਵੀ ਕਿਤੇ ਗੁਰਬਾਣੀ ਨੂੰ ਵੀਚਾਰਣ ਸਮਝਣ ਵਾਲੇ ਪਾਸੇ ਨਾ ਤੁਰ ਪੈਣ, ਜੇ ਕਿਤੇ ਮਨ ਵਿੱਚ ਗੱਲ ਆ ਵੀ ਜਾਵੇ ਗੁਰਬਾਣੀ ਨੂੰ ਸਮਝਣ ਦੀ, ਤਾਂ ਝੱਟ ਧਿਆਨ ਗਿਣਤੀ ਪੂਰੀ ਕਰਨ ਵਾਲੇ ਪਾਸੇ ਚਲਿਆ ਜਾਵੇ ਤੇ ਇਨਸਾਨ ਗਿਣਤੀਆਂ-ਮਿਣਤੀਆਂ, ਤੋਤਾ ਰਟਨ ਵਿੱਚ ਹੀ ਉਲਝਿਆ ਰਹੇ ਤੇ ਸਾਧ ਲਾਣੇ ਦਾ ਰੋਟੀ ਟੁੱਕ ਚਲਦਾ ਰਹੇ।

ਹੱਥਾਂ ਵਿੱਚ ਮਾਲਾਵਾਂ ਫੜ੍ਹ ਕੇ ਨਾਮ ਜਪਣ ਦਾ ਭੇਖ ਕਰਨਾ ਜਾਂ ਗਲ ਵਿੱਚ ਮਾਲਾਵਾਂ ਪਾ ਲੈਣੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਢੌਂਗ ਕਰਨਾ ਗੁਰਮਤਿ ਵਿੱਚ ਵਿਵਰਜਿਤ ਹਨ, ਗੁਰੂ ਨਾਨਕ ਸਾਹਿਬ ਨੇ ਅਜਿਹੇ ਭੇਖੀਆਂ ਨੂੰ ਬਨਾਰਸ ਕੇ ਠੱਗ ਦਾ ਖਿਤਾਬ ਦਿੱਤਾ। ਪਰ ਫਿਰ ਵੀ ਅਜੋਕੇ ਕਈ ਸਿਖੀ ਸਰੂਪ ਵਿੱਚ ਬੈਠੇ ਇਹਨਾਂ ਅਖੌਤੀ ਸਾਧਾਂ ਨੇ ਸਿੱਖਾਂ ਦੇ ਹੱਥਾਂ ਵਿੱਚ ਮਾਲਾਵਾਂ ਫੜਾ ਦਿੱਤੀਆਂ। ਇਸ ਬਾਰੇ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਇੱਕ ਲਿਖਤ ਦਾ ਹਵਲਾ ਗੁਰੂਬਾਣੀ ਦੇ ਪ੍ਰਮਾਣ ਸਹਿਤ ਇੱਥੇ ਦੇਣਾ ਜ਼ਰੂਰੀ ਸਮਝਾਂਗਾ ਤਾਂ ਕਿ ਗੁਰ ਉਪਦੇਸ਼ ਸਬੰਧੀ ਕਿਸੇ ਦੇ ਮਨ ਵਿੱਚ ਭੁਲੇਖਾ ਨਾ ਰਹੇ। ਆਪ ਜੀ ਗੁਰਮਤਿ ਮਾਰਤੰਡ ਦੇ ਪੰਨਾ ਨੰ. 770 ਪੁਰ ਲਿਖਦੇ ਹਨ ਕਿ, ਮਾਲਾ ਨਾਲ ਗਿਣਤੀ ਕਰਕੇ ਨਾਮ ਜਪਣਾ ਗੁਰਬਾਣੀ ਵਿੱਚ ਵਿਧਾਨ ਨਹੀਂ ਹੈ, ਮਾਲਾਧਾਰੀ ਕੇਵਲ ਹਿੰਦੂ-ਮੁਸਲਮਾਨ ਆਦਿਕਾਂ ਦੀ ਨਕਲ ਕਰਦੇ ਹਨ । ਪੰਚਮ ਪਾਤਸ਼ਾਹ ਨੇ ਵੀ ਫੁਰਮਾਣ ਕੀਤਾ ਹੈ

ਹਰਿ ਹਰਿ ਅਖਰ ਦੁਇ ਇਹ ਮਾਲਾ ॥ ਜਪਤ ਜਪਤ ਭਏ ਦੀਨ ਦਇਆਲਾ ॥ (ਆਸਾ ਮ.5, ਪੰਨਾ 388)

ਭਗਤ ਕਬੀਰ ਜੀ ਵੀ ਬੜੀ ਵਧੀਆ ਉਦਹਾਰਣ ਦਿੰਦੇ ਨੇ :

ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥ ਹਿਰਦੇ ਨਾਮ ਨ ਚੇਤਹੀ ਇਹ ਜਪਨੀ ਕਿਆ ਹੋਇ ॥ (ਸਲੋਕ ਭਗਤ ਕਬੀਰ ਜੀ, ਪੰਨਾ 1368)

ਮਹਾਨ ਵਿਦਵਾਨ ਭਾਈ ਗੁਰਦਾਸ ਜੀ ਜੀ ਨੇ ਵੀ ਮਾਲਾ ਸਬੰਧੀ ਆਪਣੇ ਵੀਚਾਰ ਪ੍ਰਗਟ ਕਰਦਿਆਂ ਲਿਖਿਆ ਹੈ ਕਿ,

ਅਮਲੀ ਖਾਸੇ ਮਜਲਸੀ ਪਿਰਮੁ ਪਿਆਲਾ ਅਲਖ ਲਖਾਇਆ ॥ ਮਾਲਾ ਤਸਬੀ ਤੋੜਿ ਕੈ ਜਿਉ ਸਉ ਤਿਵੈ ਅਠੋਤਰੁ ਲਾਇਆ ॥ (ਵਾਰ 39, ਭਾਈ ਗੁਰਦਾਸ ਜੀ)

ਭਾਵ ਸਤਗੁਰੂ ਦੇ ਸਿੱਖ ਵਾਹਿਗੁਰੂ ਦੇ ਦਰਬਾਰੀ ਹਨ, ਉਹਨਾਂ ਨੇ ਪ੍ਰੇਮ ਦਾ ਪਿਆਲਾ ਪੀਤਾ ਹੈ। ਮੁਸਲਮਾਨਾਂ ਨੇ ਸੌ ਅਤੇ ਹਿੰਦੂਆਂ ਨੇ ਇੱਕ ਸੌ ਅੱਠ ਮਣਕਿਆਂ ਦੀ ਮਾਲਾ ਬਣਾ ਕੇ ਉੱਤੇ ਇਮਾਮੁ ਅਤੇ ਮੇਰੁ (ਵੱਡਾ ਮਣਕਾ) ਲਾਇਆ ਹੈ। ਦੋਵੇਂ ਰਹੀਮ ਅਤੇ ਰਾਮ ਦਾ ਜਾਪ ਕਰਦੇ ਹਨ। ਗੁਰਸਿੱਖਾਂ ਨੇ ਦੋਵੇਂ ਮਾਲਾ ਤਿਆਗ ਕੇ, ਨਾਮ ਦਾ ਜਾਪ ਗਿਣਤੀ ਨਾਲ ਨਹੀਂ ਕੀਤਾ, ਅਰਥਾਤ ਵਾਹਿਗੁਰੂ ਨਾਲ ਵਹੀ ਖਾਤਾ ਨਹੀਂ ਪਾਇਆ। ਉਹ ਤਾਂ ਸਵਾਸ ਸਵਾਸ ਪ੍ਰਮਾਤਮਾ ਨੂੰ ਅਰਾਧਦੇ ਹਨ। ਗੁਰਮੁਖਿ ਰੋਮ ਰੋਮ ਹਰਿ ਧਿਆਵੈ ॥ (ਸਿਧ ਗੋਸਟਿ)। ਸੋ ਸਪੱਸ਼ਟ ਹੁੰਦਾ ਹੈ ਗੁਰਸਿੱਖ ਨੇ ਸ਼ਬਦ ਗੁਰੂ ਦੇ ਨਾਲ ਜੁੜਨਾ ਹੈ, ਗਿਣਤੀਆਂ-ਮਿਣਨਤੀਆਂ ਚ ਨਹੀਂ ਪੈਣਾ।

ਗੁਰਬਾਣੀ ਵਿੱਚ ਕਈ ਥਾਈਂ ਅਜਿਹੇ ਪਾਵਨ ਸ਼ਬਦ ਹਨ ਜ੍ਹਿਨਾਂ ਵਿੱਚ ਪ੍ਰਭੂ ਦਾ ਮਿਲਾਪ ਹੋ ਸਕਣ ਦਾ ਵਿਸ਼ਵਾਸ਼ ਬੜੇ ਸੱਪਸ਼ਟ ਸ਼ਬਦਾਂ ਵਿੱਚ ਮੌਜੂਦ ਹੈ, ਪਰ ਉਸ ਅਕਾਲ ਪੁਰਖ ਦੇ ਨਾਮ ਜਾਂ ਸਿਮਰਨ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਕੋਈ ਵਿਧੀ ਵਿਧਾਨ ਦਾ ਜ਼ਿਕਰ ਨਹੀਂ ਆਉਂਦਾ ਪਰ ਅਸੀਂ ਆਪਣੇ ਹੀ ਬਾਹਰੀ ਰੂਪ ਵਿੱਚ ਕਈ ਤਰ੍ਹਾਂ ਦੇ ਢੰਗ ਬਣਾ ਲਏ ਜੋ ਕਰਮਕਾਂਡਾਂ ਤੋਂ ਵੱਧ ਕੁਝ ਵੀ ਨਹੀਂ ਹਨ । ਮਾਲਾ ਬਾਰੇ ਤਾਂ ਅਸੀਂ ਉਪੱਰ ਪੜ੍ਹ ਹੀ ਚੁਕੇ ਹਾਂ। ਹੁਣ ਆ ਜਾਈਏ ਜ਼ਰਾ ਲੇਖ ਦੇ ਸਿਰਲੇਖ ਵੱਲ, ਕਿ ਇਸ ਸਾਰੇ ਵਿਸ਼ੇ ਦਾ ਸੋਨੇ ਦੀ ਥਾਲੀ ਨਾਲ ਕੀ ਸਬੰਧ?

ਹੋਇਆ ਇੰਝ ਕੇ ਪਿਛਲੇ ਮਹੀਨੇ ਆਪਣੇ ਕਿਸੇ ਸੱਜਣ ਦੇ ਘਰ ਜਾਣ ਦਾ ਮੌਕਾ ਮਿਲਿਆ, ਤਾਂ ਅੱਗੋਂ ਉਹਨਾਂ ਦੇ ਘਰ ਪਹਿਲਾਂ ਦੀ ਕੁੱਝ ਹੋਰ ਪ੍ਰਹੁਣੇ ਬੈਠੇ ਹੋਏ ਸਨ, ਤੇ ਉਹਨਾਂ ਦੇ ਹੱਥਾਂ ਦੀ ਉਂਗਲਾਂ ਵਿੱਚ ਕੁੱਝ ਖਾਸ ਕਿਸਮ ਦੀਆਂ ਪਲਾਸਟਿਕ/ਰਬੜ ਦੇ ਵਾਂਗ ਕੁੱਝ ਘੜੀ ਨੁਮਾ ਅੰਗੂਠੀਆਂ ਪਾਈਆਂ ਦੇਖੀਆਂ। ਗੁਰਬਾਣੀ ਆਸ਼ੇ ਦੇ ਉਲਟ ਸਿੱਖਾਂ ਦੇ ਹੱਥਾਂ ਵਿੱਚ ਪੁੱਠੇ ਸਿੱਧੇ ਨਗਾਂ ਦੀਆਂ ਅੰਗੂਠੀਆਂ ਤਾਂ ਪਹਿਲਾਂ ਵੀ ਕਈ ਵਾਰ ਦੇਖੀਆਂ ਸਨ ਪਰ ਇਹ ਅਜੀਬ ਕਿਸਮ ਦੀਆਂ ਅੰਗੂਠੀਆਂ ਨੇ ਮੇਰੇ ਧਿਆਨ ਉਹਨਾਂ ਵੱਲ ਖਿੱਚਿਆ। ਸੱਜੇ ਹੱਥ ਵਿੱਚ ਪਾਈ ਇਸ ਘੜੀ ਨੁਮਾ ਅੰਗੂਠੀ ਦੇ ਉਪਰ ਉਹ ਲਗਾਤਾਰ ਅੰਗੂਠੇ ਨੂੰ ਉਸ ਉੱਪਰ ਰੱਖ ਕੇ ਦਬਾ ਰਹੇ ਸਨ। ਤੇ ਇਸ ਤਰ੍ਹਾਂ ਕਰਦਿਆਂ ਚਾਹ-ਪਾਣੀ, ਬਿਸਕੁੱਟ/ਭੁਜੀਆ ਆਦਿਕ ਖਾਂਦੇ ਹੋਏ ਖੂਬ ਹੱਸ-ਹੱਸ ਕੇ ਦੁਨਿਆਵੀਂ ਗੱਲਾਂ ਵਿੱਚ ਮਸਤ ਹੋਏ ਪਏ ਸਨ ਤੇ ਸਾਹਮਣੇ ਟੀ.ਵੀ. ਵੀ ਚੱਲ ਰਿਹਾ ਸੀ। ਮੈਂ ਆਪਣੇ ਦੋਸਤ ਨੂੰ ਪੁੱਛ ਹੀ ਲਿਆ ਹੈ ਕਿ ਇਹ ਇਹਨਾਂ ਹੱਥਾਂ ਦੀਆਂ ਉਂਗਲਾਂ ਵਿੱਚ ਆਹ ਮਸ਼ੀਨ ਜਿਹੀ ਵਾਂਗ ਕੀ ਪਾਇਆ ਹੈ? ਤੇ ਇਸਨੂੰ ਲਗਾਤਾਰ ਬੇਰੋਕ ਦਬਾ ਕੇ ਰਹੇ ਹਨ? ਉਹ ਹੱਸਦਾ ਹੋਇਆ ਬੋਲਿਆ, ਬਾਈ ਇਹ ਸੱਭ ਸੋਨੇ ਦੀ ਥਾਲੀ ਦਾ ਚੱਕਰ ਹੈ। ਤੇ ਇਸਨੂੰ ਮਸ਼ੀਨ ਨਹੀਂ ਨਾਮ ਜਪਾਊ ਯੰਤਰ ਹੈ। ਮੈਂ ਕਿਹਾ ਯਾਰ ਸਪੱਸ਼ਟ ਗੱਲ ਦੱਸ ਇਹ ਮਾਜ਼ਰਾ ਕੀ ਹੈ?

ਤਾਂ ਉਸਨੇ ਵਿਸਥਾਰ ਪੂਰਵਕ ਦੱਸਿਆ ਕਿ ਚੱਕਰ ਕੋਈ ਨਹੀਂ ਬੱਸ ਸਿੱਖਾਂ ਦੀ ਅਕਲ ਦਾ ਜਨਾਜ਼ਾ ਕੱਢਣ ਦਾ ਨਵਾਂ ਤਰੀਕਾ ਹੈ। ਭਾਵ ਕਿ ਇਹਨਾਂ ਦੇ ਮੁਹੱਲੇ ਵਿੱਚ ਘਰ ਦੇ ਕੋਲ ਕੋਈ ਸਾਧ ਆਇਆ ਹੈ, ਉਸਨੇ ਲਗਾਤਾਰ ਇੱਕ ਮਹੀਨੇ ਤੱਕ ਉਸੇ ਘਰ ਵਿੱਚ ਰਹਿਣਾ ਹੈ ਤੇ ਰੋਜ਼ ਸ਼ਾਮ ਨੂੰ ਕੱਚੀਆਂ ਧਾਰਨਾਵਾਂ ਸਪੀਕਰ ਵਿੱਚ ਗਾਉਂਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਵੀ ਕਰਦਾ ਹੈ ਤੇ ਖੂਬ ਮਨਮਤ ਵੀ ਘੋਲਦਾ ਹੈ। ਤੇ ਤੁਹਾਡੇ ਵਰਗੇ ਜਿਹੜੇ ਲੋਕਾਂ ਨੂੰ ਕਹਿੰਦੇ ਰਹਿੰਦੇ ਹਨ ਕਿ ਮਾਲਾ ਨਹੀਂ ਜਪਣੀ ਬੱਸ ਇਸਨੇ ਉਸ ਦਾ ਇਹ ਬਦਲ ਕੱਢ ਮਾਰਿਆ ਹੈ। ਇਹ ਟੈਲੀ ਕਾਉਂਟਰ ਮਸ਼ੀਨ ਹੈ। ਤੇ ਉਸਨੇ ਆਪਣੇ ਚੇਲਿਆਂ ਅਤੇ ਸਾਰੇ ਮੁਹੱਲੇ ਵਿੱਚ ਇਹ ਟੈਲੀ ਕਾਉਂਟਰ ਮਸ਼ੀਨਾਂ (ਨਾਮ ਜਪਾਊ ਯੰਤਰ) ਫ੍ਰੀ ਵੰਡੀਆਂ ਹਨ ਤੇ ਕੁੱਝ ਜਿਹਨਾਂ ਨੂੰ ਨਹੀਂ ਮਿਲੀਆਂ ਉਹ ਬੜੇ ਹੀ ਔਖੇ ਹੋਏ ਪਏ ਨੇ ਰੋਜ਼ ਅੰਮ੍ਰਿਤਸਰ ਦੇ ਬਾਜ਼ਾਰ ਫਰੋਲਦੇ ਹਨ ਕਿ ਇਹ ਮਿਲ ਜਾਣ। ਕਿਉਂ ਜੁ ਸਾਧ ਨੇ ਸ਼ੋਸ਼ਾ ਛੱਡਿਐ, ਕਿ ਰੋਜ਼ ਇਸਨੂੰ 99,999 (ਨੜਿਨਵੇਂ ਹਜ਼ਾਰ ਨੌ ਸੌ ਨੜਿਨਵੇਂ) ਵਾਰ ਦਬਾਉਂਦੇ ਹੋਏ ਵਾਹਿਗੁਰੂ ਵਾਹਿਗੁਰੂ ਬੋਲਣਾ ਹੈ ਅਤੇ ਜਦ ਗਿਣਤੀ ਪੂਰੀ ਹੋ ਜਾਵੇ ਤਾਂ ਸਾਧ ਕੋਲ ਰਜਿਸਟਰ ਤੇ ਨੋਟ ਕਰਵਾ ਕੇ ਆਉਣੀ ਹੈ, ਇਸ ਤਰ੍ਹਾਂ ਮਹੀਨੇ ਬਾਅਦ ਜਦ ਕੁੱਲ ਗਿਣਤੀ ਵਿੱਚ ਜਿਸ ਕਿਸੇ ਵਿਅਕਤੀ ਜਾਂ ਪਰਿਵਾਰ ਦੀ ਵਾਹਿਗੁਰੂ ਵਾਹਿਗੁਰੂ ਨਾਮ ਜਪੱਣ ਦੀ ਗਿਣਤੀ ਸੱਭ ਤੋਂ ਵੱਧ ਹੋਈ ਉਸਨੂੰ ਮੌਕੇ ਤੇ ਹੀ ਸੋਨੇ ਦੀ ਥਾਲੀ ਮਿਲਣੀ ਹੈ। ਸੋ ਇਹ ਮਾਜ਼ਰਾ ਹੈ।

ਮੈਂ ਮੱਥੇ ਤੇ ਹੱਥ ਮਾਰਿਆ ਤੇ ਬਾਬੇ ਨਾਨਕ ਨੂੰ ਪੁਛਿਆ, ਬਾਬਾ ਜੀ ਕੱਦੋਂ ਸਮਝ ਲਗੂ ਤੇਰੇ ਸਿੱਖਾਂ ਨੂੰ ਕਿ

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥ ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥ (ਗੂਜਰੀ ਮਲਹਾ 3, ਪੰਨਾ 491)

ਫਿਰ ਮੈਂ ਵੀ ਨਾਮ ਜਪਾਊ ਯੰਤਰ ਹੱਥ ਵਿੱਚ ਫੜ੍ਹ ਕੇ ਉਸਦੀ ਇੱਕ ਫੋਟੋ ਖਿੱਚ ਲਈ ਤੱਦ ਤੱਕ ਉਸ ਮਸ਼ੀਨ ਦਾ ਮਾਲਕ ਲਗਭਗ 68130 (ਅਠਾਹਠ ਹਜ਼ਾਰ ਇੱਕ ਸੌ ਤੀਹ) ਵਾਰ ਨਾਮ ਜਪ ਚੁੱਕੇ ਸਨ।
ਇੱਥੇ ਤਾਂ ਉਹ ਗੱਲ ਬਣੀ

ਮੁਖਹੁ ਹਰਿ ਹਰਿ ਸਭੁ ਕੋ ਕਹੈ ਵਿਰਲੈ ਹਿਰਦੇ ਵਸਾਇਆ ॥ ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ ਪਾਇਆ ॥ (ਵਡਹੰਸ ਮਹਲਾ 3, ਪੰਨਾ 565)

ਕੱਦੋਂ ਸਮਝ ਆਊ ਕਿ,

ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥ ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥ (ਸਲੋਕ ਵਾਰਾਂ ਤੇ ਵਧੀਕ, ਮਹਲਾ 3, ਪੰਨਾ 1420)

ਗੁਰੂ ਬਹੁੜੀ ਕਰੇ

-ਇਕਵਾਕ ਸਿੰਘ ਪੱਟੀ
ਸੁਲਤਾਨਵਿੰਡ ਰੋਡ, ਅੰਮ੍ਰਿਤਸਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top