Share on Facebook

Main News Page

ਬੁੱਧੀ-ਜੀਵੀਆਂ ਨੂੰ , ਜੇ ਕੁਝ ਪੁਜਾਰੀਆਂ ਤੋਂ ਸਿਖਣ ਨੂੰ ਮਿਲੇ ਤਾਂ ਉਹ ਵੀ ਸਿੱਖ ਲੈਣਾ ਚਾਹੀਦਾ ਹੈ

ਬਲਵੰਤ ਸਿੰਘ ਨੰਦ-ਗੜ੍ਹ ਦਾ ਨਾਮ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਅਕਸਰ ਹੀ ਉਹ, ਅਖੌਤੀ ਸਿੰਘ ਸਾਹਿਬਾਂ ਦੀਆਂ ਮੀਟਿੰਗਾਂ ਵਿਚ ਲਏ ਗਏ ਫੈਸਲਿਆਂ 'ਤੇ ਕਿੰਤੂ-ਪ੍ਰੰਤੂ ਕਰਦੇ ਰਹਿੰਦੇ ਹਨ। ਕਈ ਵਾਰ ਤਾਂ ਏਦਾਂ ਜਾਪਦਾ ਹੈ, ਜਿਵੇਂ ਉਹ ਸਿੱਖੀ ਦੇ ਬਹੁਤ ਵੱਡੇ ਹਿਤੂ ਹਨ, ਪਰ ਜਦ ਉਹ ਕੁੱਝ ਦਿਨਾਂ ਮਗਰੋਂ, ਉਨ੍ਹਾਂ ਹੀ ਪੁਜਾਰੀਆਂ ਨਾਲ, ਘਿਉ-ਖਿਚੜੀ ਹੋਏ ਨਜ਼ਰ ਆਉਂਦੇ ਹਨ, ਤਾਂ ਇਹ ਕਿੰਤੂ-ਪ੍ਰੰਤੂ, ਸਿਰਫ ਇਕ ਡਰਾਮਾ ਹੀ ਜਾਪਦਾ ਹੈ।

ਖਾਸ ਤੌਰ 'ਤੇ ਜਦ ਉਨ੍ਹਾਂ ਨੇ, ਨਾਨਕ-ਸ਼ਾਹੀ ਕੈਲੰਡਰ ਦਾ ਕਤਲ ਹੋਣ ਤੇ ਕਿੰਤੂ-ਪ੍ਰੰਤੂ ਤਾਂ ਕੀਤਾ ਸੀ, ਪਰ ਫਿਰ ਕੁੱਝ ਦਿਨਾਂ ਮਗਰੋਂ ਓਸੇ ਸਿਧਾਂਤ-ਹੀਣ ਕੈਲੰਡਰ ਨੂੰ ਲਾਗੂ ਕਰਵਾਉਣ ਦੀ ਹਾਮੀ ਵੀ ਭਰ ਦਿੱਤੀ, ਤਾਂ ਮਨ ਵਿੱਚ ਕੁੱਝ ਸ਼ੰਕਾਵਾਂ ਉਠੀਆਂ ਸਨ, ਪਰ ਮੈਂ ਕੋਈ ਫੈਸਲਾ ਨਹੀਂ ਕਰ ਸਕਿਆ ਸੀ।

ਅੱਜ ਇਹ ਗੱਲ ਸਾਫ ਹੈ ਕਿ ਇਹ ਸਾਰੀ ਡਰਾਮੇਬਾਜ਼ੀ, ਇਨ੍ਹਾਂ ਪੁਜਾਰੀਆਂ ਦੀ ਉਸ ਸਕੀਮ ਦਾ ਹਿੱਸਾ ਹੈ, ਜਿਸ ਰਾਹੀ ਉਹ ਨੰਦਗੜ੍ਹ ਨੂੰ ਪੰਥ ਦਾ ਕੁਝ ਵੱਧ ਹਿਤੂ ਦਰਸਾ ਕੇ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਨਾਮ 'ਤੇ, ਉਸ ਰਾਹੀਂ, ਆਮ ਲੋਕਾਂ ਕੋਲੋਂ ਗੁਰੂ ਗਰੰਥ ਸਾਹਿਬ ਜੀ ਦੀਆਂ ਬੀੜਾਂ, ਜ਼ਬਤ ਕਰ ਕੇ, ਗੁਰੂ ਦੇ ਇਸ ਚਾਨਣ ਨੂੰ ਆਮ ਲੋਕਾਂ ਤਕ ਪਹੁੰਚਣ ਤੋਂ ਰੋਕਣਾ ਚਾਹੁੰਦੇ ਹਨ। (ਇਸ ਦਾ ਹੀ ਦੂਸਰਾ ਢੰਗ, ਸ਼੍ਰੋਮਣੀ ਕਮੇਟੀ ਵਲੋਂ, ਮੁੜ ਲੜੀ-ਵਾਰ ਬੀੜਾਂ ਛਾਪਣਾ ਹੈ)

ਇਸ ਵਾਰ ਇਹ ਡਰਾਮੇਬਾਜ਼ੀ ਖੁਲ੍ਹ ਕੇ ਸਾਮ੍ਹਣੇ ਆ ਗਈ, ਜਦ ਸਿੱਖੀ ਦੇ ਵੇਹੜੇ ਵਿੱਚ ਇਕ ਹੋਰ ਪਿੰਡ, ਸਾਹਿਬ ਬਣ ਗਿਆ, (ਦਾਦੂ ਵਾਲ ਤੋਂ ਦਾਦੂ-ਸਾਹਿਬ ਬਣਨ ਤੇ) ਤਾਂ ਨੰਦ-ਗੜ੍ਹ ਜੀ ਨੇ ਬੜਾ ਤਿੱਖਾਂ ਪ੍ਰਤੀ-ਕਰਮ ਜ਼ਾਹਰ ਕੀਤਾ, ਪਰ ਦੋ ਦਿਨਾਂ ਮਗਰੋਂ ਦੋਵੇਂ ਸਾਹਿਬ (ਸਿੰਘ-ਸਾਹਿਬ ਅਤੇ ਦਾਦੂ-ਸਾਹਿਬ) ਇਕੋ ਸਟੇਜ ਤੇ ਨਜ਼ਰ ਆਏ ਅਤੇ ਇਕ ਪਿੰਡ ਦੇ ਸਾਹਿਬ ਬਣਨ ਦਾ ਰੋਸਾ, ਪੂਰੀ ਤਰ੍ਹਾਂ ਸਮਾਪਤ ਹੋ ਚੁੱਕਾ ਸੀ।

ਗੱਲ ਬਿਲਕੁਲ ਸਪੱਸ਼ਟ ਹੋ ਗਈ, ਕਿ ਇਹ ਸਾਰਾ ਕੁਝ ਬੜੀ ਸੋਚੀ-ਸਮਝੀ ਸਕੀਮ ਅਧੀਨ ਹੀ ਹੋ ਰਿਹਾ ਹੈ, ਤਾਂ ਜੋ ਆਮ ਸਿੱਖਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਇਹ ਸਾਰਾ ਕੰਮ, ਚੋਰ-ਕੁੱਤੀ ਦੇ ਰਲਣ ਨਾਲ ਹੋ ਰਿਹਾ ਹੈ, ਬਲਕਿ ਲੋਕਾਂ ਨੂੰ ਇਹ ਮਹਿਸੂਸ ਹੋਵੇ ਕਿ ਸਕੱਤਰੇਤ ਤੋਂ ਲਏ ਗਏ ਫੈਸਲੇ, ਕਾਫੀ ਬਹਿਸ ਅਤੇ ਵਿਚਾਰ ਵਟਾਂਦਰੇ ਮਗਰੋਂ ਲਏ ਜਾਂਦੇ ਹਨ। ਪਰ ਇਸ ਵਾਰ ਸਾਰੀ ਗੱਲ ਸਾਮ੍ਹਣੇ ਆ ਗਈ, ਜਦ ਗਿਆਨੀ ਗੁਰਬਚਨ ਸਿੰਘ ਦੀ ਇਕ ਘੁਰਕੀ ਨੇ, ਨੰਦ-ਗੜ੍ਹ ਦੇ ਸਿਧਾਂਤ ਦੇ ਸਾਰੇ ਬਖੀਏ ਉਧੇੜ ਦਿੱਤੇ। ਹੁਣ ਸਥਿਤੀ ਸਪੱਸ਼ਟ ਹੈ ਕਿ, ਪੰਜਾਂ ਦਾ ਇਕੋ ਟੀਚਾ ਸਿੱਖੀ ਦਾ ਬੇੜਾ ਗਰਕ ਕਰਨਾ ਹੈ। ਇਹ ਸਾਰੇ, ਆਪਸੀ ਮਤ-ਭੇਦ ਹੁੰਦੇ ਹੋਏ ਵੀ ਇਸ ਟੀਚੇ ਤੇ ਪੂਰੀ ਤਰ੍ਹਾਂ ਇਕ-ਮੱਤ ਹਨ।

ਕੀ ਬੁੱਧੀ-ਜੀਵੀ ਵੀ ਇਹ ਨਹੀਂ ਕਰ ਸਕਦੇ ਕਿ, ਜਿੱਥੋਂ ਤੱਕ ਮਾਮਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਹੈ, ਉਸ ਟੀਚੇ ਨੂੰ ਪਰਾਪਤ ਕਰਨ ਲਈ ਜਦ ਵੀ ਵਿਦਵਾਨ ਇਕੱਠੇ ਹੋਣ, ਤਾਂ ਉਹ ਸਿਰਫ-ਤੇ-ਸਿਰਫ ਆਪਣੇ ਟੀਚੇ ਦੀ ਪ੍ਰਾਪਤੀ ਦੇ ਸਾਧਨਾਂ ਦੀ ਹੀ ਗੱਲ ਕਰਨ। ਓਨੇ ਸਮੇਂ ਲਈ, ਆਪਣੇ ਸਭ ਮਤ-ਭੇਦ ਭੁਲਾ ਕੇ, ਪੂਰੀ ਇਮਾਨਦਾਰੀ ਨਾਲ, ਆਪਣੇ ਟੀਚੇ ਬਾਰੇ ਹੀ ਵਿਚਾਰਨ।

ਪਰ ਸਿੱਖੀ ਨੂੰ ਸਮੱਰਪਿਤ ਬੁੱਧੀ-ਜੀਵੀਆਂ ਦਾ ਤਾਂ ਇਹ ਹਾਲ ਹੈ ਕਿ, ਉਨ੍ਹਾਂ ਦੀ ਗਿਣਤੀ, ਕੁਝ ਸੌ ਤਕ ਤਾਂ ਹੋਵੇਗੀ, ਪਰ ਇਸ ਤੋਂ ਵਧ ਕੇ ਹਜ਼ਾਰਾਂ ਨਹੀਂ ਹੋਵੇਗੀ। ਇਨ੍ਹਾਂ ਵਿਚਲੀਆਂ ਜਥੇ-ਬੰਦੀਆਂ ਵੀ ਸੈਂਕੜੇ ਜ਼ਰੂਰ ਹੋਣਗੀਆਂ। ਹਰ ਜਥੇ-ਬੰਦੀ, ਅਪਣੇ ਆਪ ਨੂੰ ਸਿੱਖਾਂ ਦੀ ਅਸਲੀ ਅਤੇ ਸਿਰਮੌਰ ਜਥੇ-ਬੰਦੀ ਮੰਨਦੀ ਹੈ, ਅਸਲੀ ਰਹਿਬਰ ਸਮਝਦੀ ਹੈ। ਚਲੋ ਇਸ ਨੂੰ ਤਾਂ ਕਿਸੇ ਹੱਦ ਤਕ ਅਣਗੌਲਿਆਂ ਵੀ ਕੀਤਾ ਜਾ ਸਕਦਾ ਹੈ। ਪਰ ਸਿੱਖ ਜਥੇਬੰਦੀਆਂ ਕੁੱਝ ਸਮਾਂ ਪਹਿਲਾਂ ਤਕ ਤਾਂ, ਆਪਸ ਵਿਚ ਮਿਲ-ਬੈਠ ਕੇ, ਵਿਚਾਰ ਸਾਂਝੇ ਕਰ ਲੈਂਦੀਆਂ ਸਨ, ਹੁਣ ਉਹ ਵੀ ਸੰਭਵ ਨਹੀਂ ਜਾਪਦਾ, ਜੋ ਕਿ ਸਿੱਖੀ ਲਈ ਬਹੁਤ ਹੀ ਦੁਖਦਾਈ ਸਾਬਿਤ ਹੋ ਸਕਦਾ ਹੈ, ਅਜਿਹੇ ਰੁਝਾਨ ਤੋਂ ਹਰ ਹਾਲਤ ਵਿਚ ਬਚਣ ਦੀ ਲੋੜ ਹੈ।

ਰੱਬ ਹੀ ਮਿਹਰ ਕਰੇ, ਇਨ੍ਹਾਂ ਵਿਚੋਂ ਹਉਮੈ ਦੂਰ ਕਰ ਕੇ, ਆਪਸੀ ਜੁੜ-ਬੈਠਣ ਦੀ ਤੌਫੀਕ ਬਖਸ਼ੇ। ਪਰ ਇਹ ਵੀ ਕਿਵੇਂ ਸੰਭਵ ਹੋ ਸਕਦਾ ਹੈ? ਗੁਰੂ ਸਾਹਿਬ ਤਾਂ ਹਉਮੈ ਨੂੰ ਦੂਰ ਕਰਨ ਦਾ ਇੱਕੋ ਇੱਕ ਢੰਗ ਸ਼ਬਦ-ਵਿਚਾਰ ਦਸਦੇ ਹਨ,

ਗੁਰ ਕੀ ਸੇਵਾ ਸਬਦੁ ਬੀਚਾਰੁ ॥ ਹਉਮੈ ਮਾਰੇ ਕਰਣੀ ਸਾਰੁ ॥7॥ (223)

ਇਹ ਧਿਰਾਂ ਤਾਂ, ਕੇਵਲ ਆਪ ਹੀ ਸ਼ਬਦ ਵਿਚਾਰ ਨਹੀਂ ਕਰਦੀਆਂ ਬਲਕਿ, ਦੁਨੀਆਂ ਦੇ ਸਿੱਖਾਂ ਨੂੰ ਵੀ ਸ਼ਬਦ ਦੇ ਰੱਟੇ ਲਾਉਣ ਤੋਂ ਵਰਜ ਕੇ, ਸ਼ਬਦ ਦੀ ਵਿਚਾਰ ਕਰਨ ਲਈ ਪਰੇਰਦੀਆਂ ਹਨ। ਫਿਰ ਕੀ ਗੱਲ ਹੈ ਕਿ ਇਹ ਆਪ ਹੀ ਅਜੋਕੀ ਸਿਥਤੀ ਵਿਚ ਹਨ? ਕੀ ਇਹ ਸ਼ਬਦ ਦੀ ਵਿਚਾਰ ਆਪ ਨਾ ਕਰ ਕੇ, ਅਵਰ-ਉਪਦੇਸੇ, ਤਕ ਹੀ ਸੀਮਤ ਹਨ? ਜਾਂ ਫਿਰ ਕੀ, ਗੁਰੂ ਸਾਹਿਬ ਜੀ ਵਲੋਂ ਦੱਸਿਆ, ਹਉਮੈ ਦੂਰ ਕਰਨ ਦਾ ਢੰਗ ਹੀ ਠੀਕ ਨਹੀਂ ਹੈ?

ਗੁਰੂ ਸਾਹਿਬ ਜੀ ਵਲੋਂ ਦੱਸਿਆ ਢੰਗ ਤਾਂ ਕਿਸੇ ਹਾਲਤ ਵਿਚ ਵੀ ਗਲਤ ਨਹੀਂ ਹੋ ਸਕਦਾ। ਇਨ੍ਹਾਂ ਜਥੇ-ਬੰਦੀਆਂ ਵਲੋਂ ਅਵਰ-ਉਪਦੇਸੇ ਵਾਲੀ ਗੱਲ, ਮੈਂ ਕਿਸੇ ਹਾਲਤ ਵਿੱਚ ਵੀ ਸੋਚ ਹੀ ਨਹੀਂ ਸਕਦਾ। ਫਿਰ ਅਸਲੀ ਗੱਲ ਕੀ ਹੋ ਸਕਦੀ ਹੈ?

ਮੈਨੂੰ ਇਹ ਜਾਪਦਾ ਹੈ ਕਿ, ਤਿੰਨ ਸਦੀਆਂ ਤੋਂ ਹੋ ਰਹੇ ਕੁ-ਪਰਚਾਰ ਸਦਕਾ, ਸਿੱਖਾਂ ਵਿਚ ਪਈ ਆਪਸੀ ਫੁੱਟ ਹੀ ਇਸ ਦਾ ਅਸਲੀ ਕਾਰਨ ਹੈ। ਇਸ ਫੁੱਟ ਦੇ ਚਲਦਿਆਂ ਹੀ ਬ੍ਰਾਹਮਣਾਂ ਨੇ, ਭਾਰਤ ਵਾਸੀਆਂ ਨੂੰ 1200 ਸਾਲ ਤੋਂ ਉਪਰ ਦੀ ਨਰਕ ਵਰਗੀ, ਗੁਲਾਮੀ ਭਰੀ ਜ਼ਿੰਦਗੀ ਭੋਗਣ ਲਈ ਮਜਬੂਰ ਕੀਤਾ ਸੀ। ਏਸੇ ਫੁੱਟ ਦੇ ਕਾਰਨ ਹੀ ਯਹੂਦੀਆਂ ਨੇ 2700 ਸਾਲ ਤੋਂ ਵੱਧ ਦਾ ਗੁਲਾਮੀ ਭਰਿਆ ਨਰਕ ਭੋਗਿਆ ਸੀ। ਅਤੇ ਹੁਣ ਇਵੇਂ ਜਾਪਦਾ ਹੈ ਕਿ ਸਿੱਖ, ਇਹ ਸਾਰੇ ਰਿਕਾਰਡ ਤਾਂ ਤੋੜਨਗੇ ਹੀ, ਨਾਲ ਹੀ ਨਾਨਕ ਜੋਤ ਵਲੋਂ ਬਖਸ਼ੇ, ਦੁਰਲੱਭ ਗਿਆਨ ਦੇ ਫਲਸਫੇ ਨੂੰ, ਮਿੱਟੀ-ਘੱਟੇ ਵਿਚ ਰੋਲ ਕੇ, ਸਾਰੀ ਦੁਨੀਆਂ ਨੂੰ ਨਰਕ ਬਣਾਉਨ ਵਿੱਚ ਵੀ ਜ਼ੋਰਦਾਰ ਭੂਮਿਕਾ ਨਿਭਾਉਣਗੇ। ਇਸ ਵਿਚ ਤਾਂ ਰੱਬ ਵੀ ਕੁਝ ਨਹੀਂ ਕਰ ਸਕਦਾ। ਕਿਉਂਕਿ,

ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ (134)

ਅਮਰਜੀਤ ਸਿੰਘ ਚੰਦੀ
ਫੋਨ:-91 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top