Share on Facebook

Main News Page

ਸ਼ਾਬਾਸ਼ ਸਿੰਘੋ! ਸਿੱਖੀ ਦੇ ਫ਼ੂਸੜੇ ਉਡਾ ਦਿਓ

ਸ਼ਾਬਾਸ਼ ਸ਼ਬਦ ਦੇ ਪੰਜਾਬੀ ਜ਼ੁਬਾਨ ਵਿੱਚ ਦੁਵੱਲੇ ਅਰਥ ਹਨ ਇੱਕ ਚੰਗੇ ਕੰਮ ਦੀ ਵਡਿਆਈ ਅਤੇ ਦੂਸਰਾ ਭੈੜੀ ਕਰਤੂਤ ਦੀ ਨਿੰਦਿਆ। ਜਿਸ ਨੂੰ ਪਾਠਕ ਸਿੱਖ ਜਗਤ ਦੇ ਮੌਜੂਦਾ ਸੰਕਟ ਲਈ ਜ਼ੁੰਮੇਵਾਰ ਹਸਤੀਆਂ ਪ੍ਰਤੀ ਆਪਣੀ ਸੋਚ ਤੇ ਅਹਿਸਾਸ ਅਨੁਸਾਰ ਵਰਤ ਸਕਦੇ ਹਨ। ਇਸ ਕਲਮ ਦਾ ਨਜ਼ਰੀਆ ਤਾਂ ਸਿਰਫ ਇਤਨਾ ਹੀ ਹੈ ਕਿ ਕੀ ਗੁਰੂ ਨਾਨਕ ਦੀ ਸਿੱਖੀ ਦੇ ਕੱਖ ਪੱਲੇ ਨਹੀਂ ਰਹਿਣਾ ਦੇਣਾ? ਇਕੋ ਇੱਕ ਸਿੱਖੀ ਜੀਵਨ ਦਾ ਵਿਧਾਨ ਯਾਨੀ ਸਿੱਖ ਰਹਿਤ ਮਰਯਾਦਾ ਹੀ ਬਚੀ ਸੀ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਵੈਬ-ਸਾਈਟ ਉਤੇ ਇਸ ਵਿਚਲੀ ਕੀਰਤਨ ਮੱਦ ਥੱਲੇ ਭਾਗ (ੲ), ਜਿਸ ਅਨੁਸਾਰ ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਉਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ-ਦੇ ਅੰਗਰੇਜ਼ੀ ਤਰਜਮੇ ਵਿੱਚ ਰਾਤੋ-ਰਾਤ ਚੁੱਪ-ਚਪੀਤੇ ਦਸਮ ਗ੍ਰੰਥ ਜੋੜ ਦੇਣਾ ਸਿੱਖ ਪੰਥ ਨਾਲ ਸਿਰੇ ਦਾ ਵਿਸਵਾਸ਼ਘਾਤ ਹੈ। ਗੁਰੂ ਨਾਨਕ ਵਿਚਾਰਧਾਰਾ ਨਾਲ ਧ੍ਰੋਹ ਅਤੇ ਸਿੱਖ ਕੌਮ ਨਾਲ ਧੋਖਾ ਹੈ।

ਕੌਣ ਨਹੀਂ ਜਾਣਦਾ ਕਿ ਪਿੱਛਲੇ ਕੁਝ ਸਮੇਂ ਤੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਬਹੁਤਾਤ ਹਜ਼ੂਰੀ ਰਾਗੀ ਸਿੰਘ, ਕੀਰਤਨ ਦੇ ਟੈਲੀਵੀਜ਼ਨ ਦੇ ਪ੍ਰਸਾਰਣ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਨਿਰੰਤਰ ਦਸਮ ਗ੍ਰੰਥ ਵਿੱਚਲੀਆਂ ਰਚਨਾਵਾਂ ਦਾ ਪਹਿਲ ਦੇ ਅਧਾਰ ਤੇ ਗਾਇਣ ਕਰਦੇ ਆ ਰਹੇ ਹਨ,ਜਿਹੜਾ ਕਿ ਪੰਥ ਪ੍ਰਮਾਣਿਤ ਰਹਿਤ ਮਰਯਾਦਾ ਦੀ ਸਰਾਸਰ ਉਲੰਘਣਾ ਹੈ। ਗੁਰਮਤਿ ਨਿਯਮਾਵਲੀ ਅਨੁਸਾਰ ਇਹ ਕੀਰਤਨੀਏ ਤਨਖਾਹੀਏ ਅਤੇ ਸਜ਼ਾ ਦੇ ਭਾਗੀ ਬਣਦੇ ਹਨ। ਸ਼੍ਰੋਮਣੀ ਕਮੇਟੀ ਦੇ ਵੈਬ-ਸਾਈਟ ਉਤੇ (ਅੰਗਰੇਜ਼ੀ ਭਾਗ ਚ) ਦਸਮ ਗ੍ਰੰਥ 'ਚੋਂ ਕੀਰਤਨ ਦੀ ਖੁੱਲ ਦੇ ਸ਼ਰਾਰਤਨ ਜੋੜੇ ਅੱਖਰ ਗੁਰੂ ਨਾਨਕ ਫਿਲਾਸਫ਼ੀ ਨਾਲ ਸਿੱਧਾ ਦਗਾ ਕਮਾਇਆ ਗਿਆ ਹੈ। ਸਿੱਖ ਰਹਿਤ ਮਰਯਾਦਾ ਵਿੱਚ ਤਬਦੀਲੀ ਯਾਂ ਵਾਧਾ-ਘਾਟਾ ਸਿੱਖ ਸੰਗਤ ਤੋਂ ਇਕਸੁਰ ਸਹਿਮਤੀ ਤੋਂ ਬਗੈਰ ਨਾਂ-ਪ੍ਰਵਾਨਯੋਗ ਅਤੇ ਅ-ਸੰਵਿਧਾਨਕ ਹੈ।

ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਦੇ ਵਿਦਵਾਨ ਪ੍ਰਚਾਰਕ ਪ੍ਰੋ:ਸਰਬਜੀਤ ਸਿੰਘ ਧੂੰਦਾ-ਜਿਨ੍ਹਾਂ ਨੂੰ ਆਪਣੀਆਂ ਦਰਬਾਰ ਸਾਹਿਬ ਵਿਚ ਕੀਰਤਨ ਸਬੰਧੀ ਵਿਵਾਦਤ ਟਿੱਪਣੀਆਂ ਬਾਰੇ ਸਪਸ਼ਟੀਕਰਨ ਦੇਣ ਲਈ ਪੰਜ ਸਿੰਘ ਸਾਹਿਬ ਦੀ ਮੀਟਿੰਗ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਗਿਆ ਸੀ। ਪ੍ਰੋ: ਧੂੰਦਾ ਹਾਜ਼ਰ ਹੋਏ। ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਤਿੰਨ ਰਾਗੀ ਸਿੰਘਾਂ ਦੀ ਸਕੱਤਰੇਤ ਪਹੁੰਚ ਕੇ ਜਥੇਦਾਰਾਂ ਨੂੰ ਦਬਾ-ਭਰੀ ਅਪੀਲ ਅਤੇ ਮੀਡੀਆ ਸਾਹਮਣੇ ਉਸ ਦਾ ਇਕਬਾਲ ਕਿ ਪ੍ਰੋ: ਧੂੰਦਾ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਸਰਵਣ ਕਰਨ ਵੇਲੇ ਟੈਲੀਵੀਜ਼ਨ ਤੇ ਸਿੱਧਾ ਪ੍ਰਸਾਰਣ ਜਾਰੀ ਹੋਵੇ, ਤੇ ਰਾਗੀ ਸਿੰਘ ਦਸਮ ਗ੍ਰੰਥਚੋਂ ਕੀਰਤਨ ਕਰਨ ਤਾਂ ਕਿ ਪ੍ਰੋ: ਧੂੰਦਾ ਦੇ ਮਨ ਵਿੱਚ ਦਸਮ ਗ੍ਰੰਥ ਬਾਰੇ ਸਤਿਕਾਰ ਦਾ ਪਤਾ ਲਗ ਸਕੇ। ਸਿੱਖ ਸਿਧਾਂਤਾਂ ਮੁਤਾਬਕ ਹਜ਼ੂਰੀ ਰਾਗੀ ਸਿੰਘਾਂ ਦੀ ਇਹ ਬੱਜਰ ਗਲਤੀ ਹੈ। ਜਿਸ ਨੂੰ ਛੁਪਾਉਣ ਲਈ ਉਪਰੋਤਕ ਜਾਹਲਸਾਜ਼ੀ ਸਰ-ਅੰਜ਼ਾਮ ਦਿੱਤੀ। ਇੰਝ ਪਹਿਲੀ ਵਾਰ ਨਹੀਂ ਹੋਇਆ। 28 ਅਪਰੈਲ 1985 ਦੇ ਦਿਨ ਜਥੇਦਾਰੀ ਮਿਜ਼ਾਜ ਵਿੱਚ ਗਿਆਨੀ ਕਿਰਪਾਲ ਸਿੰਘ ਨੇ ਸਿੱਖ ਰਹਿਤ ਮਰਯਾਦਾ ਵਿੱਚ ਚਾਰ ਸਿੰਘਾਂ ਦੀ ਇੱਕਤਰਤਾ ਕਰਕੇ ਨਿੱਤਨੇਮ ਦੀਆਂ ਬਾਣੀਆਂ ਚ ਵੀ ਵਾਧਾ ਕਰ ਦਿਤਾ ਸੀ, ਜੋ ਇਕ ਵਿਦਵਾਨ ਅਨੁਸਾਰ ਸਰਬੱਤ ਸਿੱਖ ਜੱਥਿਆਂ, ਜਮਾਤਾਂ ਤੇ ਵਿਦਵਾਨਾਂ ਨਾਲ ਵਿਚਾਰ ਕੀਤੇ ਬਿਨ੍ਹਾਂ ਤਬਦੀਲੀ ਕਰਨਾ ਧੱਕਾ ਅਤੇ ਬੇ-ਅਸੂਲੀ ਹਰਕਤ ਹੈ। ਬੁੱਕਲ ਅੰਦਰ ਫੈਸਲੇ ਸਿੱਖੀ ਵਿਧੀ-ਵਿਧਾਨ ਨਹੀਂ ਹੈ।

ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਿਰੰਕਾਰੀ ਆਸ਼ੀਆਨੇ ਨੂੰ ਤਬਾਹ ਕਰਨ ਲਈ ਕੌਣ ਕਿਉਂ, ਕਿਵੇਂ ਅਤੇ ਕਿੰਨ੍ਹਾਂ ਦੇ ਪ੍ਰਭਾਵ ਦਾ ਭੰਡਾਰਾ ਚਲ ਰਿਹਾ ਹੈ, ਆਓ! ਸਿੱਖ ਇਤਿਹਾਸ ਦੇ ਪੱਤਰਿਆਂਚੋਂ ਭਾਲਣ ਦੀ ਕੋਸ਼ਿਸ਼ ਕਰੀਏ?ਦੇਸ਼ ਦੀ ਵੰਡ ਦੇ ਆਸ-ਪਾਸ ਹੀ ਸਿੱਖ ਵਿਦਵਾਨ ਪ੍ਰੋ: ਸ਼ੇਰ ਸਿੰਘ ਨੇ ਆਪਣੀ ਪੁਸਤਕ ਗੁਰਮਤਿ ਗਿਆਨ - ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਪ੍ਰਕਾਸ਼ਤ ਕੀਤਾ ਹੈ (ਛੇਵੇਂ ਐਡੀਸ਼ਨ) ਦੇ ਪੰਨਾਂ 25-26 ਉਪਰ ਚੇਤਾਵਨੀ ਦੇਂਦਿਆਂ ਲਿਖਿਆ ਸੀ, ਕਿ ਹਿੰਦੂ ਧਰਮ ਬੜੀ ਸਹਿਨਸ਼ੀਲਤਾ ਤੇ ਧੀਮੀ ਰੁਚੀ ਵਾਲਾ ਦੂਰ-ਅੰਦੇਸ਼ ਸੰਗਠਨ ਹੈ। ਕਿਸੇ ਨਵੇਂ ਉੱਠੇ ਮੱਤ ਨੂੰ ਪਹਿਲਾਂ ਤਾਂ ਜਰਿਆ ਜਾਵੇਗਾ ਤੇ ਫਿਰ ਜੇ ਨਵੇਂ ਮੱਤ ਵਾਲੇ ਬਹੁਤ ਚੌਕੰਨੇ ਨਾ ਰਹਿਣ, ਤਾਂ ਉਸ ਮੱਤ ਨੂੰ ਅਪਣਾਇਆ ਵੀ ਜਾਵੇਗਾ ਤੇ ਅੰਤ ਨੂੰ ਉਹ ਮੱਤ ਹਿੰਦੂ ਧਰਮ ਦੇ ਮਹਾਨ ਸਾਗਰ ਵਿੱਚ ਅਲੋਪ ਹੋ ਜਾਵੇਗਾ। ਬੁੱਧ-ਮੱਤ ਅਤੇ ਜੈਨ ਮੱਤ ਦੇ ਹਸ਼ਰ ਨੂੰ ਜਾਣਦੇ ਹੋਏ ਵੀ ਅਸੀਂ ਸੁਚੇਤ ਨਾ ਹੋਏ। ਇਕ ਹੋਰ ਏਸ਼ੀਆਟਿਕ ਸੱਟਡੀਂਜ਼ ਦਾ ਲੇਖਕ ਸਰ ਏ. ਸੀ. ਲਾਇਲ ਲਿਖਦਾ ਹੈ, ਕਿ ਸਿੱਖ ਜਿਵੇਂ-ਜਿਵੇਂ ਰਾਜਸੀ ਤੇ ਵਿਵਹਾਰੀ ਜਿੰਦਗੀ ਵਿੱਚ ਅੱਗੇ ਵੱਧ ਰਹੇ ਹਨ, ਤਿਵੇਂ ਤਿਵੇਂ ਉਹ ਆਪਣੇ ਆਪ ਨੂੰ ਆਮ ਹਿੰਦੂਆਂ ਨਾਲੋਂ ਨਿਖੇੜਨ ਲਈ ਘੱਟ ਯਤਨ ਕਰਦੇ ਹਨ। ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਹਿੰਦੂ ਜਥੇਬੰਦਕ ਢਾਂਚਾ ਸਿੱਧੇ ਜਾਂ ਅਸਿੱਧੇ ਕਿਸੇ-ਨ-ਕਿਸੇ ਰੂਪ ਵਿੱਚ ਸਿੱਖ ਧਰਮ ਵਿੱਚਲੇ ਸੰਗਠਨਾਂ, ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਗੁਰਦੁਆਰਾ ਕਮੇਟੀਆਂ ਤੇ ਸਿੱਖ ਸੋਸਾਇਟੀਆਂ ਚ ਪ੍ਰਵੇਸ਼ ਕਰ ਚੁੱਕਾ ਹੈ। ਸਿੱਖਾਂ ਦੀ ਰਾਜਨੀਤਕ ਜਥੇਬੰਦੀ ਤਾਂ ਇਨ੍ਹਾਂ ਦੀ ਪੂਰੀ ਤਰ੍ਹਾਂ ਗੁਲਾਮ ਹੋ ਚੁੱਕੀ ਹੈ, ਮਾਨੋ! ਮਸਾਂ ਬਿਸਾਖੀਆਂ ਸਹਾਰੇ ਤੁਰਨ ਜੋਗੀ ਰਹਿ ਗਈ ਹੈ, ਜਿਸ ਤੋਂ ਕੋਈ ਤਬਦੀਲੀ ਜਾਂ ਸੁਧਾਰ ਦੀ ਆਸ ਰੱਖਣਾ ਫਜ਼ੂਲ ਹੈ। ਰਾਜਸੀ ਦਬਾ ਦੇ ਬਦ-ਕਿਰਦਾਰ ਕਾਰਨ, ਸਿੱਖਾਂ ਦੇ ਧਾਰਮਿਕ ਲੀਡਰ ਵੀ ਏਨੇ ਨਿਪੁੰਨਸਿਕ ਹੋ ਗਏ ਹਨ, ਕਿ ਪਾਣੀ ਦੀ ਘੁੱਟ ਵੀ ਇਨ੍ਹਾਂ ਰਾਜਸੀ ਰਹਿਬਰਾਂ ਨੂੰ ਪੁੱਛ ਕੇ ਹੀ ਪੀਂਦੇ ਨਜ਼ਰੀ ਪੈਂਦੇ ਹਨ। ਸੋਚਣ-ਵਿਚਾਰਨ ਵਾਲੀ ਗੱਲ ਹੈ, ਕਿ ਪੰਜਾਬ ਵਿੱਚ ਸੈਂਕੜਿਆਂ ਦੀ ਗਿੱਣਤੀ ਵਿੱਚ ਪਨਪੇ ਡੇਰੇ ਅਤੇ ਡੇਰੇਦਾਰ ਗੁਰੂ-ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਇਤਿਹਾਸਿਕ ਦਿਹਾੜੇ ਨਾ-ਮਾਤਰ ਹੀ ਮਨਾਉਂਦੇ ਹਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੈਨਰ ਥੱਲੇ ਅਖੌਤੀ ਸਾਧਾਂ/ਸੰਤਾਂ ਦੀਆਂ ਬਰਸੀਆਂ ਬੇ-ਸ਼ੂਮਾਰ ਇੱਕਠ ਕਰਕੇ ਬੜੀ ਧੂੰਮ-ਧਾਮ ਨਾਲ ਮਨਾ ਰਹੇ ਹਨ। ਧਾਰਮਿਕ ਪ੍ਰਚਾਰ ਖੁਣੋਂ ਸੱਖਣੀ ਗਿਆਨਹੀਣ ਸੰਗਤ, ਹੱਥਾਂਚ ਮੌਜੇ ਫੜ ਕੇ, ਇਕ ਡੇਰੇ ਤੋਂ ਦੂਸਰੇ ਵੱਲ ਵਾਹੋ-ਦਾਹੀ ਭੱਜੀ ਫਿਰਦੀ ਦਿਸਦੀ ਹੈ। ਸਿੱਖੀ ਦੇ ਪ੍ਰਚਾਰ ਰਾਹੀਂ ਇਨ੍ਹਾਂ ਨੂੰ ਕੌਣ ਸਮਝਾਏ?

ਸ੍ਰੀ ਅਕਾਲ ਤਖਤ ਸਾਹਿਬ ਦੇ ਮੱਹਤਵ ਦਾ ਹਰ ਸਿੱਖ ਨੂੰ ਗਿਆਨ ਹੈ, ਪਰ ਅਫਸੋਸ ਕਿ ਜਿਥੋਂ ਹੱਕ, ਸੱਚ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਹੋਣੀ ਚਾਹੀਦੀ ਸੀ, ਜਾਪਦੈ! ਉਹ ਵੀ ਇਸੇ ਹਿੰਦਵੀਆਂ ਦੀਆਂ ਗਲੀਆਂਚ ਗੁਵਾਚ ਗਈ ਹੈ। ਸੇਧ ਕੋਈ ਨਹੀਂ ਮਿਲ ਰਹੀ, ਵਢਾਂਗਾ ਸਿੱਖ ਵਿਦਵਾਨਾਂ, ਸਿੱਖ ਪ੍ਰਚਾਰਕਾਂ ਤੇ ਬੁੱਧੀ-ਜੀਵੀਆਂ ਦਾ ਹੋ ਰਿਹਾ ਹੈ। ਸ੍ਰ: ਖ਼ੁਸ਼ਵੰਤ ਸਿੰਘ ਨੇ ਸਿੱਖਾਂ ਦੀ ਨਿੱਘਰਦੀ ਦਸ਼ਾ ਬਾਰੇ ਭਵਿੱਖ ਬਾਣੀ ਕੀ ਕੀਤੀ ਕਿ ਸਾਰੇ ਡਾਂਗਾਂ ਚੁੱਕ ਕੇ ਉਸ ਦੇ ਮਗਰ ਪੈ ਗਏ। ਵਿਦਾਦਤ ਦਸਮ ਗ੍ਰੰਥ ਦੀਆਂ ਰਚਨਾਵਾਂ ਦੀ ਪ੍ਰਮਾਣਿਕਤਾ ਬਾਰੇ ਟਿਪਣੀਕਾਰਾਂ ਦੀ ਪੂਰੀ ਦੌੜ ਲਵਾਈ ਹੋਈ ਹੈ। ਭਾਈ ਜੀ! ਸਿੱਖ ਵਿਦਵਾਨਾਂ ਤੇ ਸਿੱਖ ਫਿਲਾਸਫ਼ਰਾਂ, ਗਿਆਨ-ਵਾਨਾਂ ਦੇ ਸਹਿਯੋਗ ਨਾਲ ਇਕ ਪਾਸਾ ਕਿਉਂ ਨਹੀਂ ਕਰ ਲੈਂਦੇ - ਕੋਈ ਉੱਤਰ ਨਹੀਂ? ਬਸ ਚਲ ਰਹੀ ਹੈ - ਕਿਰਪਾਨ, ਜੋ ਕਿ ਕ੍ਰਿਪਾ ਨਿਧਾਨ ਹੋਣੀ ਚਾਹੀਦੀ ਸੀ। ਜੋ ਕੀਤਾ ਜਾ ਰਿਹਾ ਹੈ, ਇਹ ਸਿੱਖ ਪੰਥ ਦੀ ਸੇਵਾ ਨਹੀਂ, ਘਾਣ ਹੈ। ਕੱਟੜ ਹਿੰਦੂਤਵੀਆਂ ਤੇ ਮੱਕੜ-ਜਾਲ ਦੀਆਂ ਨਿਖਿੱਧ ਵਫ਼ਾਦਾਰੀਆਂ ਪਾਲਦਿਆਂ ਹੋਇਆਂ, ਇਨ੍ਹਾਂ ਧਾਰਮਿਕ ਖੇਤਰ ਦੇ ਸਭ ਸਿਰਕੱਢ ਵਿਦਵਾਨ, ਬੁੱਧੀ-ਜੀਵੀ ਤੇ ਬਾ-ਦਲੀਲ ਗਿਆਨੀ-ਧਿਆਨੀ ਪ੍ਰਚਾਰਕ ਸ੍ਰੇਣੀ ਦਾ ਬਿਸਤਰਾ ਗੋਲ ਕਰਨ ਦੀ ਠਾਣ ਰੱਖੀ ਜਾਪਦੀ ਹੈ। ਕੇਵਲ ਗੁਰੂ ਨੂੰ ਮੱਥਾ ਟਿਕਾਉਣ, ਅਖੰਡ ਪਾਠ ਕਰਵਾਉਣ, ਚੜ੍ਹਾਵੇ ਚੜ੍ਹਵਾਉਣ, ਮਾਲਾ ਫੇਰ-ਫੇਰ ਕੇ ਗੁਰੂ ਦੀਆਂ ਖ਼ੁਸ਼ੀਆਂ ਨਾਲ ਝੋਲੀਆਂ ਭਰਨ ਦਾ ਹੋਕਾ ਦੇਣ ਵਾਲੇ ਪ੍ਰਚਾਰਕ ਸਿੰਘਾਂ ਦੀ ਲੋੜ ਰਹਿ ਗਈ ਹੈ। ਜਿੱਥੇ ਖਾਲਸਾ ਪੰਥ ਪਹੁੰਚ ਗਿਆ ਹੈ, ਜਾਂ ਕਹੋ ਪੁੱਚਾ ਦਿੱਤਾ ਗਿਆ ਹੈ, ਇਕ ਤਰ੍ਹਾਂ ਨਾਲ ਗੁਰੂ ਨਾਨਕ ਦੀ ਨਿਰੰਕਾਰੀ ਵਿਚਾਰਧਾਰਾ ਮਾਨੋ! ਗੁਲੂਕੋਸ਼ਤੇ ਲਗਾ ਦਿੱਤੀ ਗਈ ਹੈ।

ਇਨ੍ਹਾਂ ਸਿਆਸੀ ਮੋਹ ਦੇ ਗੁਲਾਮ ਧਰਮੀ ਪੁਰਸ਼ਾਂ ਨੂੰ ਨਿਮਰ ਪੁੱਛਿਆ ਜਾਏ, ਕਿ ਗੁਰੂ ਨਾਨਕ ਜੀ ਨੇ ਸਜੱਣ ਠੱਗ, ਕੌਡਾ ਰਾਕਸ਼ ਤੇ ਭੁੰਮੀਆਂ ਚੋਰ ਵਰਗਿਆਂ ਨੂੰ ਡਾਂਗਾਂ-ਸੋਟਿਆਂ, ਤਲਵਾਰਾਂ ਤੇ ਹੁਕਮਨਾਮਿਆਂ ਜਾਂ ਪੰਥਚੋਂ ਛੇਕਣ ਦੇ ਡਰਾਵੇਂ ਤੇ ਧਮਕੀਆਂ ਦਿੱਤੀਆਂ ਸਨ। ਭਾਈ ਬਿੱਧੀ ਚੰਦ ਨਾਮੀ ਚੋਰ ਸਨ - ਗੁਰੂ ਜੀ ਨੇ ਉਨ੍ਹਾਂ ਨੂੰ ਸਿੱਖੀ ਪ੍ਰਚਾਰ, ਪ੍ਰਸਾਰ ਨਾਲ ਜੋੜਿਆ। ਅਨੰਦਪੁਰ ਸਾਹਿਬ ਤੋਂ ਘੇਰਾਬੰਦੀ ਦੌਰਾਨ ਦਸਮੇਸ਼ ਪਿਤਾ ਜੀ ਨੂੰ ਚਾਲ੍ਹੀ ਸਿੰਘ ਬੇਦਾਵਾ ਦੇ ਕੇ ਚਲੇ ਗਏ ਅਤੇ ਮੁੜ ਮਾਈ ਭਾਗੋ ਦੀ ਰਹਿਨੁਮਾਈ ਹੇਠ ਆਣ ਕੇ-ਮੁਕਤਸਰ ਜੰਗ ਲੜੀ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਗੁਰੂ ਜੀ ਨੇ ਕੋਈ ਤਨਖਾਹ ਨਹੀਂ ਸੀ ਲਾਈ - ਸਗੋਂ ਨੇਕ ਸਲੂਕ ਕੀਤਾ, ਅਤੇ ਧਾਰਮਿਕ ਖਿਤਾਬ ਬਖ਼ਸ਼ੇ ਸਨ। ਅਜ ਕੀ ਹੋ ਰਿਹਾ ਹੈ? ਸਿੱਖ ਸਿਧਾਂਤਾਂ ਦੇ ਮੱਦੇ-ਨਜ਼ਰ ਗੰਭੀਰਤਾ ਨਾਲ ਸੋਚਣ, ਸਮਝਣ ਦੀ ਜਰੂਰਤ ਹੈ। ਕੀ ਇਹ ਸਭੋ ਕੁੱਝ, ਜੋ ਜ਼ਾਹਰਾ ਦਿਸ ਰਿਹਾ ਹੈ, ਕੀ ਸਾਡਾ ਸਿੱਖ ਧਰਮ ਪਤਨ-ਗ੍ਰਸਤ ਨਹੀਂ ਹੋਣ ਲਗ ਪਿਆ।

ਅਖੌਤੀ ਪੰਥਕ ਲੀਡਰਾਂ ਤੇ ਧਾਰਮਿਕ ਆਗੂਆਂ ਦੇ ਭਰਮ-ਜਾਲ ਨੂੰ ਤੋੜ੍ਹਨ ਲਈ ਸਾਡੇ ਪਾਸ ਗੁਰੂ-ਕ੍ਰਿਪਾ ਕਰੇ ਅਜੇ ਵੀ ਇਕ ਰਸਤਾ ਬਚਿਆ ਹੋਇਆ ਹੈ। ਜੇ ਸਾਰੀਆਂ ਪੰਥ ਦਰਦੀ ਧਿਰਾਂ ਇਕ ਪਲੇਟ ਫ਼ਾਰਮ ਤੇ ਇੱਕਠੀਆਂ ਹੋ ਕੇ ਗੁਰੂ-ਸਿਧਾਂਤਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਤਨੋਂ-ਮਨੋਂ ਜੁੱਟ ਜਾਣ ਤੇ ਜੋਤ ਨਾਲ ਜੋਤ ਜਗਾਈਏ। ਸਿੱਖ ਵਿਰਸੇ, ਸਿੱਖ ਫਿਲਾਸਫ਼ੀ, ਸਿੱਖੀ ਦੀਆਂ ਕਦਰਾਂ-ਕੀਮਤਾਂ ਅਤੇ ਨਾਨਕ-ਗੁਰੂ ਗੋਬਿੰਦ ਸਿੰਘ ਦੀ ਸਲਤਨਤ ਦਾ ਲੌਡ੍ਹਾ-ਵੇਲਾ ਆਣ ਢੁੱਕਾ ਹੈ। ਜਾਗਰੂਕ ਸਿੰਘੋ ਤੇ ਪੰਥ ਦਰਦੀਓ! ਸਿਰ ਜੋੜ ਕੇ ਵਿਚਾਰੋ, ਕਿ ਅਜ ਸਿੱਖ ਧਰਮ ਨੂੰ ਗੁਰੂ ਨਾਨਕ ਜੀ ਦੇ ਗਾਡੀ-ਰਾਹ ਤੇ ਨਿਸ਼ਚੇ ਨਾਲ ਚਲਣ ਵਾਲੇ ਸਿਰੜੀ ਤੇ ਸੁਹਿਰਦ ਅਗਵਾਈ-ਕਾਰਾਂ ਦੀ ਲੋੜ ਹੈ। ਵਿਰੋਧੀਆਂ ਨੂੰ ਡਾਂਗਾਂ, ਸੋਟਿਆਂ ਨਾਲ ਨਹੀਂ ਸਗੋਂ ਗੁਰਮਤਿ ਅਨੁਸਾਰ ਦਲੀਲ ਅਤੇ ਵਿਚਾਰ ਨਾਲ ਕਾਇਲ ਕੀਤਾ ਜਾਏ, ਤਾਂ ਹੀ ਸਫ਼ਲਤਾ ਸਾਡੇ ਪੈਰ ਚੁੰਮੇਗੀ ਅਤੇ ਅਸੀਂ ਗੁਰੂ ਨਾਨਕ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਅਤੇ ਸਿੱਖ ਕੌਮ ਦੀ ਬੰਦ-ਖਲਾਸੀ ਕਰਕੇ ਇੱਕ-ਮੁੱਠ ਕਰਨ ਵਿੱਚ ਕਾਮਯਾਬ ਹੋ ਸਕਾਂਗੇ।

ਮੁਹੰਮਦ ਇਕਬਾਲ ਨੇ ਆਪਣੀ ਪੁਸਤਕ ਬਾਂਗਿ-ਦਰਾ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਤਿਭਾ ਤੇ ਸਤਿਕਾਰ ਭੇਂਟ ਕਰਦਿਆਂ ਲਿਖਿਆ ਸੀ:-

ਫਿਰ ਉਠੀ ਆਖਿਰ ਸਦਾਅ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇਕ ਮਰਦੇ-ਕਾਮਲ ਨੇ ਜਗਾਇਆ ਖ਼ਾਬ ਸੇ

ਸ੍ਰੀ ਗੁਰੂ ਨਾਨਕ ਸਾਰੀ ਲੋਕਾਈ ਨੂੰ ਜਾਗਰੂਕ ਕਰ ਸਕਦਾ ਹੈ, ਤਾਂ ਕੀ ਉਸ ਦਾ ਅਨੁਆਈ ਸੱਚਾ ਗੁਰਸਿੱਖ, ਕੁਰਾਹੇ ਪਏ ਸਿੱਖ ਸਮਾਜ ਨੂੰ ਚੇਤੰਨ ਨਹੀਂ ਕਰ ਸਕਦਾ! ਨਹੀਂ ਤਾਂ ਤੱਤਕਾਲੀਨ ਪ੍ਰਸਥਿਤੀਆਂ ਤੇ ਤਕਾਜ਼ਿਆਂ ਤੋਂ ਅਨੁਮਾਨ ਲਾਉਂਣਾ ਅਸੰਭਵ ਨਹੀਂ, ਕਿ ਇਨ੍ਹਾਂ ਤਖਤ ਦੇ ਸਿਰਦਾਰ ਭੱਦਰ-ਪੁਰਸ਼ਾਂ ਦੀਆਂ ਮਿਹਰਬਾਨੀਆਂ ਸਦਕਾ, ਇੱਕ ਦਿਨ ਉਹ ਵੀ ਆ ਸਕਦਾ ਹੈ, ਕਿ ਪੰਜਾਬ ਚੋਂ ਸਿੱਖੀ ਦੀ ਖ਼ਸ਼ਬੂ ਅਤੇ ਰੂਹ ਨਿਕਲ ਜਾਏਗੀ। ਬਚੀ-ਖੁਚੀ ਸਿੱਖੀ ਬਾਹਰ ਰਹਿ ਜਾਏਗੀ, ਉਹ ਲੋਹੇ ਦੀ ਲੱਠ ਵਾਂਗੂੰ ਕੱਟੜ ਹੋ ਜਾਣਗੇ, ਜੋ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਕੀਰਤਨ ਸੋਹਿਲਾ ਪੜ੍ਹਨ ਲਈ ਕਾਫ਼ੀ ਹੈ।

ਤਰਲੋਕ ਸਿੰਘ ਹੁੰਦਲ ਟੋਰਾਂਟੋ - ਕਨੇਡਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top