Share on Facebook

Main News Page

ਸਿਆਣਿਆਂ ਨੂੰ ਮੱਤ

ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥ ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥60॥

ਨੋਟ 1:
ਸਲਾਹ ਮਸ਼ਵਰਾ ਬਿਨਾ ਮੰਗੇ ਜੇ ਦਿੱਤਾ ਜਾਵੇ ਤਾਂ ਦੇਣ ਵਾਲੇ ਦੇ ਮਨ ਵਿੱਚ ਜਿਨ੍ਹਾਂ ਨੂੰ ਇਹ ਦੇਣਾ ਹੈ ਉਨ੍ਹਾਂ ਨਾਲ ਕਿਤੇ ਗਹਿਰਾ ਰਿਸ਼ਤਾ ਜਰੂਰ ਹੁੰਦਾ ਹੈ, ਮੈਂ ਸਮਝਦੀ ਹਾਂ ਖੂਨ ਦੇ ਰਿਸ਼ਤੇ ਤੋਂ ਵੀ ਗਹਿਰਾ, ਨਹੀਂ ਤਾਂ ਅੱਜ ਦੀ ਦੁਨਿਆ ਵਿੱਚ ਤੂੰ ਕੌਣ ਮੈਂ ਖ੍ਹਵਾਮਖਵ੍ਹਾ। ਇਸੀ ਕਰਕੇ ਜਿਨ੍ਹਾਂ ਨੇ ਵੀ ਹੁਣ ਤਕ ਸਰਬਜੀਤ ਸਿੰਘ ਧੂੰਦਾ ਦੀ ਅਕਾਲ ਤਖਤ ਸਾਹਿਬ ਤੇ ਪੇਸ਼ਗੀ ਨੂੰ ਲੈ ਕੇ ਕੁਝ ਲਿਖਿਆ ਹੈ ਉਹ ਆਪਸ ਵਿੱਚ ਇੱਕ ਗਹਿਰੇ ਰਿਸ਼ਤੇ ਦਾ ਪ੍ਰਤੀਕ ਹੀ ਹੈ ਨਹੀਂ ਤਾਂ ਕੌਣ ਵੇਲ੍ਹਾ ਹੈ ਅਜ ਦੇ ਇਸ ਅੱਤ ਵਿਯਸਤ ਯੁਗ ਵਿੱਚ। ਇੱਥੇ ਅਸੀ ਅੱਜ ਸਲਾਹ ਮਸ਼ਵਰਾ ਕਰਨਾ ਹੈ, ਦੇਣਾ ਨਹੀਂ।

ਨੋਟ 2:
ਇਹ ਆਪਣੇ ਆਪ ਵਿੱਚ ਇੱਕ ਹਾਸੋ ਹੀਣੀ ਗੱਲ ਬਣ ਜਾਂਦੀ ਹੈ ਜਦੋਂ ਕੋਈ ਇਹ ਸੋਚ ਕੇ ਲਿੱਖੇ ਕਿ ਸਿਆਣਿਆਂ ਲਈ ਮੈਂ ਆਪਣੀ ਕੋਈ ਸਲਾਹ ਮਸ਼ਵਰਾ ਲਿਖਾਂ ਕਿਉਂਕੀ ਸਲਾਹ ਮਸ਼ਵਰਾ ਇਆਣਿਆਂ ਨੂੰ ਦਿੱਤਾ ਜਾਂਦਾ ਹੈ ਨਾ ਕਿ ਸਿਆਣਿਆਂ ਨੂੰ। ਫਿਰ ਤਾਂ ਇਨ੍ਹਾਂ ਕੁਝ ਹੇਠ ਲਿਖਿਆਂ ਤੁਕਾਂ ਨੂੰ ਪੜ੍ਹਨ ਵਾਲੇ ਹਰ ਜਾਗਰੁਕ, ਵਿਦਵਾਨ ਅਤੇ ਪੰਥ ਦਰਦੀ ਵੀਰ, ਭੈਣ ਨੂੰ ਮੇਰੇ ਸਮੇਤ ਕੁਝ ਮਿਨਟਾਂ ਲਈ ਮਨ ਦੀ ਇਆਣੀ ਅਵਸਥਾ ਨੂੰ ਮਹਿਸੂਸ ਕਰਕੇ ਗੁਰੁ ਸਾਹਿਬ ਦੇ ਇਨ੍ਹਾਂ ਬਚਨਾਂ ਅਤੇ ਸਿਧਾਂਤਾਂ ਦਾ ਅੱਜ ਦੇ ਮਹੋਲ ਨੂੰ ਚੜ੍ਹਦੀ ਕਲਾ ਚ ਬਦਲਣ ਲਈ ਚੀਨਣਾ ਜਰੂਰੀ ਹੈ ਅਤੇ ਇਸ ਤੋਂ ਪ੍ਰਾਪਤ ਵਿਚਾਰ ਦਵਾਰਾ ਅਪਣੇ ਅੰਤਰ ਆਤਮੇ ਨੂੰ ਚੀਨਣਾਂ।

ਆਉ ਹੁਣ ਅਸੀਂ ੳਪਰ ਦੇ ਦੋਨਾਂ ਨੋਟਸ ਦੁਆਰਾ ਤਿਆਰ ਹਿਰਦੇ ਵਿੱਚ ਸਿਆਣੇ ਗੁਰੂ ਪਾਂਧੇ ਕੋਲੋਂ ਅਪਣੀ ਕਮਾਣ ਚੋਂ ਨਿਸ਼ਾਨੇ ਤੇ ਤੀਰ ਲਗਾਣ ਦੀ ਕਲਾ ਸਿਖੀਏ!

ਸਾਡੇ ਜੀਵਨ ਦਾ ਨਿਸ਼ਾਨਾ ਕੀ ਹੈ ਪਹਿਲੇ ਇਸ ਨੂੰ ਬਾਬਾ ਫਰੀਦ ਜੀ ਦੀ ਬਾਣੀ ਦਵਾਰਾ ਚੀਨਣਾ ਹੈ।

ਸਬਰੁ ਏਹੁ ਸੁਆਉ, ਜੇ ਤੂੰ ਬੰਦਾ ਦਿੜੁ ਕਰਹਿ ॥ ਵਧਿ ਥੀਵਹਿ ਦਰੀਆਉ, ਟੁਟਿ ਨ ਥੀਵਹਿ ਵਾਹੜਾ ॥117॥ {ਪੰਨਾ 1384}

ਜੇ ਤਾਂ ਮਨੁੱਖ ਸਬਰ ਨੂੰ, ਆਪਣੇ ਜੀਵਨ ਦਾ ਸੁਆਉ ਬਣਾਏ, ਭਾਵ, ਆਪਣੇ ਜੀਵਨ ਦਾ ਨਿਸ਼ਾਨਾ, ਜੀਵਨ ਦਾ ਪ੍ਰਯੌਜਨ, ਜੀਵਨ ਮਨੋਰਥ ਬਣਾ ਲੈਂਦਾ ਹੈ, ਅਤੇ ਸਚੇ ਸੰਤੋਖ (ਜਿਸ ਵਿੱਚ ਲੋਮੜੀ ਵਾਲੀ ਮਨ ਦੀ ਅਵਸਥਾ ਨਹੀਂ ਹੁੰਦੀ ਕਿ ਅਗੂੰਰ ਖਟੇ ਨੇ) ਨੂੰ ਹਿਰਦੇ ਵਿੱਚ ਪੱਕਾ ਵਸਾ ਲੈਂਦਾ ਹੈ ਦ੍ਰਿੜ੍ਹ ਕਰ ਲੈਂਦਾ ਹੈ, ਤਾਂ ਹਿਰਦੇ ਵਿੱਚ ਵਸੇ ਹੋਏ ਸਬਰ ਸੰਤੋਖੀ ਸੁਭਾਵ ਦੇ ਸਦਕੇ, ਹਿਰਦਾ ਵੱਧ ਕੇ ਵਿਸ਼ਾਲ ਹੋ ਜਾਂਦਾ ਹੈ, ਦਰਿਆ ਵਰਗਾ ਵਿਸ਼ਾਲ ਬਣ ਜਾਂਦਾ ਹੈ, ਫਿਰ ਐਸਾ ਸਬਰੀ ਹਿਰਦਾ ਮੁੜ ਕੇ ਨਿੱਕੇ ਜਿਹੇ ਵਹਿਣ ਵਾਲੇ ਪਾਣੀ ਵਰਗਾ ਕਦੇ ਵੀ ਨਹੀਂ ਬਣਦਾ, ਭਾਵ ਮੰਨ ਦੇ ਨਿਕੇ ਨਿਕੇ ਭੈੜੇ ਖਿਆਲਾਂ ਜੋ ਦਰਿਆ ਦੀ ਗਹਿਰ ਗੰਭੀਰਤਾ ਨੂੰ ਮਿਟਾਣ, ਤੇ ਨਹੀਂ ਟੁਰਦਾ । ਇਸ ਕਰਕੇ ਨਿਕੇ ਜਿਹੇ ਵਹਿਣ ਉਸਦੇ ਦੁਸ਼ਮਨ ਕਦੇ ਵੀ ਨਹੀ ਬਣਦੇ ਜਾਂ ਕਹਿ ਲਵੋ ਕਿ ਉਹ ਨਿੱਕੇ ਨਿੱਕੇ ਵਗਦੇ ਵਹਿਣਾ ਨੂੰ ਅਪਣੇ ਅੰਦਰ ਸਮੋ ਕੇ ਵਡੇ ਨਿਸ਼ਾਨੇ ਨੂੰ ਸਮਰਪਿਤ ਰਹਿੰਦਾ ਹੈ।

ਸਵੈ ਪੜਚੋਲ ! ਕਿ ਮੈਂ ਰੋਜਮਰ੍ਹਾ ਦੀ ਜਿਂਦਗੀ ਵਿਚ ਐਸੇ ਜੀਵਨ ਮਨੋਰਥ ਨੂੰ ਸਮਰਪਿਤ ਹਾਂ ?

ਜੇ ਕਰ ਹਾਂ ਤਾਂ ਗੁਰੂ ਪਾਂਧਾ ਸਾਡੀ ਸੁਹਿਰਦਤਾ ਵਿੱਚੋਂ ਨਿਕਲੇ ਤੀਰਾਂ ਦਵਾਰਾ ਸਿੱਖ ਕੋਮ ਨੂੰ ਬ੍ਰਹਾਮਣ ਅਜਗਰ ਦੇ ਮੁੰਹ ਤੋਂ ਛੁਟਾਣ ਵਾਸਤੇ ਤੀਰਾਂ ਨੂੰ ਨਿਸ਼ਾਨੇ ਤੇ ਛੱਡਣ ਵਾਸਤੇ ਅਪਣੀ ਕਲਾ ਨੂੰ ਸਾਡੀ ਝੋਲੀ 'ਚ ਪਾਂਦੇ ਹਨ।

ਸਬਰ ਮੰਝ ਕਮਾਣ, ਏ ਸਬਰੁ, ਕਾ ਨੀਹਣੋ ॥ ਸਬਰ ਸੰਦਾ ਬਾਣੁ, ਖਾਲਕੁ ਖਤਾ ਨ ਕਰੀ ॥115॥ {ਪੰਨਾ 1384}

ਸਾਡੇ ਜੀਵਨ ਦਾ ਧਨੁੱਖ/ਬਾਣ ਸਾਡੀ ਸੁਰਤਿ ਹੈ, ਜਦੋਂ ਸੁਰਤਿ ਵਿੱਚ ਸਬਰ, ਟਿੱਕ ਜਾਂਦਾ ਹੈ, ਅਤੇ ਸਬਰ ਰੂਪ ਰੱਸੀ ਹੀ, ਮਨ ਦੇ ਖਿਆਲਾਂ ਨੂੰ ਬੰਨ੍ਹ ਕੇ ਰਖਣ ਵਾਲੀ ਬਣ ਜਾਦੀਂ ਹੈ, ਫਿਰ ਇਸ ਧਨੁਖ ਵਿੱਚੋਂ ਜੇੜਾ ਤੀਰ ਬਾਹਰ ਨਿਕਲਦਾ ਹੈ, ਸਹੀ ਨਿਸ਼ਾਨੇ ਤੇ ਜਾਕੇ ਲਗਦਾ ਹੈ । ਇਸੀ ਨੂੰ ਫਰੀਦ ਜੀ ਕਹਿ ਰਹੇ ਨੇ, ਖਾਲਕੁ ਖਤਾ ਨ ਕਰੀ (ਸਾਡੀ ਸੋਚਣੀ, ਬੋਲ ਅਤੇ ਕਰਮਾ ਵਿੱਚੋਂ ਛੱਡੇ ਹੋਏ ਤੀਰ), ਇਸ ਸਬਰ ਦੀ ਅਵਸਥਾ ਵਿੱਚ, ਸੱਚ ਦੇ ਗਿਆਨ ਦਾ ਨਿਸ਼ਾਨਾ, (ਖਾਲਕ ਦਾ ਨਿਸ਼ਾਨਾ) ਕਦੇ ਵੀ ਗਲਤ ਨਹੀਂ ਹੂੰਦਾ।

ਆਉ, ਸਿਰ ਜੋੜ ਕੇ ਇਸ ਗਹਿਰੀ ਵੀਚਾਰ ਨਾਲ ਆਪਾ ਪੜਚੌਲ ਕਰੀਐ ਕਿ ਪਿਛਲੇ ਇੱਕ ਮਹੀਨੇ ਵਿੱਚ ਹਰ ਜਾਗਰੁਕ ਜਾਣੇ ਜਾਂਦੇ ਸਿੱਖ ਦਵਾਰਾ ਛਡੇ ਤੀਰ ਆਪਣਿਆ ਨੂੰ ਹੀ ਘਾਯਲ ਕਿਂਉ ਕਰਦੇ ਆ ਰਹੇ ਹਨ ਅਤੇ ਜਿਸ ਤੇ ਵਾਰ ਕਰਨਾਂ ਸੀ ਉਹ ਹੱਸ ਰਿਹਾ ਹੈ, ਮੁਸਕੁਰਾ ਰਿਹਾ ਹੈ ਕਿ ਦੁਹਾਈ ਤਾਂ ਅਪਣੇ ਗੁਰੂ ਦੀ ਦਿਂਦੇ ਹਨ ਪਰ ਸਿਖਾਏ ਕਿਸੇ ਹੋਰ ਦੇ ਹਨ।

ਅੱਜ ਲੋੜ ਹੈ, ਹਰ ਵਿਦਵਾਨ ਅਤੇ ਪੰਥ ਦਰਦੀ ਨੂੰ ਇਸ ਕਲਾ ਵਿਚ ਨਿਪੁਨਤਾ ਹਾਸਲ ਕਰਨੀ ਨਹੀਂ ਤਾਂ ਤੀਰ ਜਿੱਥੇ ਵਜੇਗਾ ਸਮਾਂ ਪਾ ਕੇ ਅਪਣੇ ਅੰਦਰ ਬਹੁਤ ਦਰਦ ਹੋਵੇਗਾ ਅਤੇ ਗੁਰੁ ਪਾਂਧਾ ਮਲ੍ਹਮ ਲਈ ਖੜਾ ਰਹਿਗਾ ਅਤੇ ਯਾਦ ਕਰਾਉਦਾਂ ਰਹੇਗਾ,

ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥

ਅਖੀਰ ਵਿੱਚ ਦੋਂ ਗਲਾਂ ਹੋਰ:

ਪਹਿਲੀ ਗੱਲ:

ਅਜ ਤੋਂ 6-7 ਸਾਲ ਪਹਿਲਾਂ ਜਦੋਂ ਮੈਂ ਨਿਯੂਯਾਰਕ ਵਿੱਚ ਰਹਿੰਦੀ ਸਾਂ ਤਾਂ ਕੁਝ ਬੀਬੀਆਂ ਮੇਰੇ ਕੋਲ ਕਲੇ ਕਲੇ ਤੋਰ ਤੇ ਆਂਦੀਆਂ ਸਨ ਅਤੇ ਆਪਸ ਵਿੱਚ ਇੱਕ ਦੁਜੇ ਨਾਲ ਮਨ ਮੁਟਾਵ ਅਤੇ ਨਿੰਦਾ ਦੀ ਗਲ ਛੇੜ ਦਿੰਦਿਆਂ ਸਨ ਤੇ ਮੈਂ ਉਨ੍ਹਾਂ ਨੂੰ ਸਹਜ ਸੁਭਾਏ ਉਨ੍ਹਾਂ ਦੇ ਕਿਸੀ ਗੁਣ ਦੀ ਗਲ ਸੁਣਾ ਕੇ ਅਤੇ ਇਹ ਕਹਕੇ ਕਿ ਇਹ ਤਾਂ ਮੈਨੂੰ ਤੇਰੀ ਸਹੇਲੀ ਨੇ ਹੀ ਦੱਸਿਆ ਹੈ ਕਹ ਕੇ ਟੋਰ ਦਿੰਦੀ ਸਾਂ । ਕੁਝ ਚਿਰ ਲੰਘਣ ਬਾਅਦ ਹੁਣ ਉਹ ਇਕਠਿਆ ਹੀ ਮੇਰੇ ਕੋਲ ਆਂਦਿਆ ਤੇ ਹਸਦਿਆ ਆਂਦਿਆਂ। ਕਿਸੀ ਨੂੰ ਕੁਝ ਪਤਾ ਨਹੀਂ ਲਗਾ ਕਿ ਉਨ੍ਹਾਂ ਸਬ ਦੀ ਆਪਸ ਵਿੱਚ ਕਿਵੇਂ ਬਣ ਆਈ। (ਆਖਰ ਇੱਕ ਗੁਰੁ ਪਿਉ ਦੀਆਂ ਹੀ ਧਿਆਂ ਸਨ) ਬੜੀ ਔਖੀ ਗਲ ਸੌਖੀ ਹੋ ਗਈ ਬਿਨਾ ਮਗਜ਼ ਮਾਰੇ।

ਦੂਜੀ ਗੱਲ:

ਫੇਸ ਬੁੱਕ ਅਤੇ ਇੰਟਰਨੇਟ ਰਾਹੀਂ ਸਾਡੀ ਹਮੇਸ਼ਾ ਇਕ ਲਿਮਿਟ ਰਹਿੰਦੀ ਹੈ ਵਿਚਾਰਖ ਦੀ ਸਾਂਝ ਦੀ। ਸਾਨੂੰ ਸਮੇਂ ਸਮੇਂ ਸਿਰ ਸਾਰਿਆਂ ਜੱਥਿਆਂ ਨੂੰ ਮਿਲ ਕੇ ਬੈਠਣ ਦਾ ਉਧਮ ਕਰਨਾ ਚਾਹੀਦਾ ਹੈ। ਜਿਨ੍ਹਾਂ ਜਥਿਆਂ ਦੇ ਨੁਮਾਇੰਦੇ ਟੋਰਾਂਟੋ ਵਿੱਚ ਰਹਿੰਦੇ ਹਨ, ਅਸੀਂ ਸਾਰੇ ਮਿਲ ਕੇ ਇਹ ਉਪਰਾਲਾ ਜਲਦੀ ਹੀ ਕਰ ਸਕਦੇ ਹਾਂ।

ਹੋਇਆਂ ਭੁਲਾ ਗੁਰੂ ਬਖਸ਼ੇ ਜੀ।

ਗੁਰੂ ਦੀ ਇੱਕ ਇਆਣੀ ਬੱਚੀ
ਇੰਦਰਪਾਲ ਕੌਰ, ਟੋਰਾਂਟੋ

ਫੁਟ ਨੋਟ: ਮੇਰੀਆਂ ਇਹ ਭਾਵਨਾਵਾਂ ਕੋਮ ਨੂੰ ਇਕਸਾਰਤਾ ਦੇ ਰੂਪ ਵਿੱਚ ਦੇਖਣ ਵਿਚੋਂ ਹਨ ਨ ਕਿ ਕਿਸੇ ਵੀ ਗੁਰਸਿੱਖ ਵੀਰ ਭੈਣ ਦਵਾਰਾ ਕੋਮ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਵਾਸਤੇ ਕੀਤੀ ਘਾਲਨਾ ਤੇ ਨੁਕਤਾਚੀਨੀ ਵਜੋਂ। ਆਸ ਹੈ ਇਸ ਨੂੰ ਇਸੀ ਭਾਵਨਾ ਨਾਲ ਵਿਚਾਰਿਆ ਜਾਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top