Share on Facebook

Main News Page

ਪੁਜਾਰੀਵਾਦ ਦੇ ਸਮਰਥਕਾਂ ਦਾ ਨਵਾਂ ਸ਼ੋਸ਼ਾ - ਅਖੇ ਸਕਤਰੇਤ ਵਿੱਚ ਜਾਣਾ ਚਮਕੌਰ ਦੀ ਗੜੀ ਛੱਡਣ ਵਾਂਗ ਹੀ ਹੈ!

ਸਿਧਾਂਤ-ਵਿਹੀਣ ਵਿਅਕਤੀਵਾਦੀ ਸਮਰਥਕ ਜੋ ਅੱਜ ਪੁਜਾਰੀਵਾਦ ਦੇ ਸਮਰਥਕ ਬਣ ਕੇ ਉਹਨਾਂ ਦੀ ਹੀ ਬੌਣੀ ਧਿਰ ਵਜੋਂ ਵਿਚਰ ਰਹੇ ਹਨ ਨੇ ਅੱਜ-ਕੱਲ ਇੱਕ ਨਵਾਂ ਸ਼ੋਸ਼ਾ ਛੱਡਿਆ ਹੈ, ਕਿ ਸਟੇਜਾਂ ਅਤੇ ਕਾਲਜਾਂ ਨੂੰ ਬਚਾਉਣ ਲਈ (ਅਤੇ ਅਸਲ ਵਿੱਚ ਬਾਹਰੋਂ ਆਉਂਦੇ ਮਾਇਆ ਦੇ ਗੱਫੇ ਜਾਰੀ ਰੱਖਣ ਲਈ) ਜੇ ਸਿਧਾਂਤਾਂ ਨਾਲ ਸਮਝੌਤਾ ਕਰਦਿਆਂ ਪੁਜਾਰੀਆਂ ਦੇ ਦਰ ‘ਤੇ ਨੱਕ ਨਾਲ ਲੀਕਾਂ ਵੀ ਕੱਢ ਲਈਆਂ ਜਾਣ ਭਾਵ ਜੇ ਉਹਨਾਂ ਦੇ ਕੂੜ੍ਹ-ਕਮਰੇ ਸਕਤਰੇਤ ਵਿੱਚ ਜਾ ਵੀ ਆਇਆ ਜਾਵੇ ਤਾਂ ਇਸ ਵਿੱਚ ਕੀ ਹਰਜ਼ ਹੈ, ਬਲਕਿ ਅਜਿਹਾ ਕਰਨਾ ਤਾਂ ਉਹਨਾਂ ਅਨੁਸਾਰ ਗੁਰੂ ਦਸ਼ਮੇਸ਼ ਦੇ (ਅੱਜ ਦੇ ਇੱਕ ਸ਼ਖਸ਼ ਦੇ ਆਪਣੇ ਕਾਲਜ ਦੇ ਕਹੇ ਵਾਂਗ) ਆਪਣੇ ਜੱਥੇ ਦੇ ਕਹੇ ਰਾਤੀਂ ਚੋਰੀ-ਛੁਪੇ ਚਮਕੌਰ ਦੀ ਗੜੀ ਛੱਡਣ ਵਾਂਗ ਹੀ ਹੈ !

ਵਿਅਕਤੀ-ਪ੍ਰਸਤੀ ਕਰਦੇ ਹੋਏ ਅਜਿਹੇ ਸਿਧਾਂਤ-ਵਿਹੀਣ ਪੁਜਾਰੀਵਾਦੀ ਇਸ ਹੱਦ ਤੱਕ ਵੀ ਗਿਰ ਜਾਣਗੇ ਕਿ ਆਪਣੇ ਸ਼ਖਸ਼-ਪ੍ਰਸਤੀ ਦੇ ਕੂੜ੍ਹ ਕਰਮ ਨੂੰ ਸਹੀ ਠਹਿਰਾਉਣ ਲਈ ਗੁਰੂ ਸਾਹਿਬ ‘ਤੇ ਵੀ ਇਲਜ਼ਾਮ ਲਾ ਧਰਨਗੇ ਇਹ ਵੇਖਕੇ ਵੀ ਸ਼ਰਮ ਆਉਂਦੀ ਹੈ ! ਪਰ ਇਹਨਾਂ ਨੂੰ ਲਾਹਨਤ ਪਾਉਣ ਤੋਂ ਪਹਿਲਾਂ ਚਮਕੌਰ ਦੀ ਗੜੀ ਦੀ ਘਟਨਾ ਨੂੰ ਇੱਕ ਵਾਰ ਫੇਰ ਧਿਆਨ ਨਾਲ ਵਾਚਣ ਦੀ ਜ਼ਰੂਰਤ ਹੈ | ਅਸਲ ਵਿੱਚ ਚਮਕੌਰ ਦੀ ਗੜੀ ਚੋਂ ਨਿਕਲਣ ਦਾ ਇਤਿਹਾਸ ਬਹੁਤ ਗਲਤ ਲਿਖਿਆ ਗਿਆ ਹੈ, ਅਤੇ ਸਾਨੂੰ ਜੋ ਸਰੋਤ ਪ੍ਰਾਪਤ ਹੋਏ ਹਨ ਜਾਂ ਤੇ ਉਹ ਸਿੱਖ ਦੋਖੀ ਲਿਖਾਰੀਆਂ ਦੇ ਸਨ ਜਾਂ ਫੇਰ ਬਹੁਤ ਬਾਅਦ ਲਿਖੇ ਗਏ ਜੋ ਉਸ ਸਤਿਥੀ ਨਾਲ ਸਹੀ ਇਨਸਾਫ਼ ਕਰਨ ਦੇ ਕਾਬਿਲ ਹੀ ਨਹੀਂ ਹੋ ਸਕੇ !

ਜੇਕਰ ਉਸ ਸਮੇਂ ਦੀਆਂ ਯੁੱਧ ਸਥਿਤੀਆਂ ਨੂੰ ਅੱਜ ਦੀਆਂ ਜੰਗੀ ਰਣਨੀਤੀਆਂ ਅਨੁਸਾਰ ਵੇਖਿਆ ਜਾਵੇ ਗੁਰੂ ਸਾਹਿਬ ਨੇ ਕੋਈ ਮੈਦਾਨਿ-ਜੰਗ ਵਿੱਚੋਂ ਕੋਈ ਚੋਰੀ ਕਰ ਕੇ ਨਿਕਲਣਾ ਨਹੀਂ ਕੀਤਾ ਸੀ ਬਲਕਿ ਇਹ ਭੱਖਦੀ-ਜੰਗ ਦੀ ਇੱਕ ਰਣਨੀਤੀ ਹੈ, ਜਿਸ ਅਧੀਨ ਕਿਸੇ ਗੜੀ ਜਾਂ ਕਿਲੇ ਵਿੱਚ ਕਸੂਤੇ ਘਿਰ ਜਾਣ 'ਤੇ ਫੌਜਾਂ ਦੋ ਹਿੱਸਿਆਂ ਵਿੱਚ ਵੰਡ ਲਈਆਂ ਜਾਂਦੀਆਂ ਹਨ, ਇੱਕ ਜੋ ਅੰਦਰ ਬੈਠ ਕੇ ਜੰਗ ਲੜਦੀਆਂ ਹਨ ਤੇ ਦੂਜੀਆਂ ਜੋ ਹਨੇਰੇ ਹੋਣ ਦਾ ਫਾਇਦਾ ਉਠਾ ਕੇ ਵੈਰੀ 'ਤੇ ਹਮਲਾ ਕਰ ਕੇ ਉਸਨੂੰ ਭਾਜੜਾਂ ਪਾ ਕੇ ਵਾਹੋ-ਦਾਹੀ ਨਿਕਲ ਜਾਂਦੀਆਂ ਹਨ ਤੇ ਥੋੜੀ ਗਿਣਤੀ ਨਾਲ ਬਾਹਰ ਤੋਂ ਜੰਗ ਲੜ੍ਹ-੨ ਕੇ ਰਾਤੀਂ ਥੱਕੇ ਵੈਰੀ ਦਾ ਡਾਢਾ ਨੁਕਸਾਨ ਕਰ ਜਾਂਦੀਆਂ ਹਨ, ਇਹੋ ਕੁਝ ਗੁਰੂ ਸਾਹਿਬ ਨੇ ਕੀਤਾ ਸੀ, ਜਿਸਦਾ ਕਦੇ ਸਹੀ ਇਤਿਹਾਸ ਲਿਖਿਆ ਹੀ ਨਹੀਂ ਗਿਆ ! ਅਸਲ ਵਿੱਚ ਇਹ ਜੰਗੀ ਤਕਨੀਕ ਅੱਜ ਦੇ ਜ਼ਮਾਨੇ ਵਿੱਚ ਗੁਰਿੱਲਾ-ਜੰਗ ਆਖੀ ਜਾਂਦੀ ਹੈ ਜਿਸਦੇ ਇਸ ਖਿੱਤੇ ਵਿੱਚ ਮੋਢੀ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਖਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ !!

ਸੋ ਵਿਅਕਤੀਵਾਦੀ ਪੁਜਾਰੀ-ਪ੍ਰਸਤਾਂ ਦੇ ਲਾਏ ਇਲਜ਼ਾਮ ਦੇ ਉਲਟ ਇਹ ਕਿਤੇ ਵੀ ਜੱਥੇ ਦੇ ਆਖੇ ਝੁੱਕ ਜਾਣਾ ਨਹੀਂ ਸੀ, ਬਲਕਿ ਯੁੱਧ-ਨੀਤੀ ਦੀ ਪ੍ਰਬੀਨਤਾ ਸੀ, ਤੇ ਅਸਲ ਵਿੱਚ ਸੂਰਬੀਰਤਾ ਦਾ ਪ੍ਰਤੱਖ ਹੋ ਕੇ ਮੁਜ਼ਾਹਰਾ ਸੀ ! ਬਾਕੀ ਬਾਹਰ ਹੱਲੇ ਲਈ ਨਿਕਲਣ ਲੱਗੇ ਪਹਿਲਾਂ ਗੁਰੂ ਸਾਹਿਬ ਬਾਬਾ ਨਾਨਕ ਦੇ ਸਿਧਾਂਤ 'ਤੇ ਆਪਣੇ ਦੋ ਭਰ-ਜਵਾਨ ਪੁੱਤਰਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਆਪਣੇ ਹੱਥੀਂ ਤਿਆਰ ਕਰ ਕੇ ਸ਼ਹੀਦੀ ਜਾਮ ਪਿਲਾ ਕੇ ਆਪਣਾ ਸਭ ਕੁਝ ਦੁਨਿਆਵੀ ਮੁਕਾ ਕੇ ਸੁਰਖਰੂ ਹੋ ਕੇ ਨਿਕਲੇ ਸਨ ! ਕੀ ਇਹਨਾਂ ਦੀ ਆਦਰਸ਼ ਸ਼ਖਸ਼ੀਅਤ ਅਜਿਹੀ ਘਾਲਣਾ ਕਰਨ ਦੀ ਸੋਚ ਵੀ ਸਕਦੀ ਹੈ, ਕਰਨਾ ਤਾਂ ਬੜੇ ਦੂਰ ਦੀ ਗੱਲ ਹੈ ?

ਅਜਿਹੇ ਨੀਚ ਸਿਧਾਂਤ-ਹੀਣ ਸ਼ਖਸ਼ਵਾਦੀ ਸਮਰਥਕਾਂ ਨੂੰ ਲੱਖ ਲਾਹਨਤ ਪਾਉਣੀ ਚਾਹੀਦੀ ਹੈ, ਜਿਹਨਾਂ ਨੇ ਇੱਕ ਬੰਦਾ, ਜੋ ਗੁਰੂ ਸਾਹਿਬ ਦੀ ਅਜਿਹੀ ਮਹਾਨ ਸ਼ਖਸ਼ੀਅਤ ਅੱਗੇ ਇੱਕ ਨਾ-ਮਾਤਰ ਪ੍ਰਚਾਰਕ ਹੈ, ਅਤੇ ਜਿਸਨੂੰ ਅਜੇ ਗੁਰਮਤਿ ਸਿਧਾਂਤ ਦੀ ਆਪਣੇ ਕਿਰਦਾਰ ਵਿੱਚ ਧਾਰਣ ਕਰਨ ਦੀ ਕਿੰਨੀ ਕੁ ਸਮਝ ਹੈ ਦਾ ਦੇਖਣਾ ਵੀ ਬਾਕੀ ਹੈ, ਉਸਦੇ ਸਮਰਥਨ ਵਿੱਚ ਅੱਖਾਂ ਤੇ ਅਕਲ ਬੰਦ ਕਰ ਕੇ ਉਤਰਨ ਲੱਗਿਆਂ, ਉਸਦੀ ਅਸ਼ਰਫੀਆਂ/ਜਾਇਦਾਦ/ਦੁਨਿਆਵੀ ਰਸੂਖਾਂ/ਡਾਲਰ ਬਚਾਉਣ ਦੇ ਡਰੋਂ ਪੁਜਾਰੀਆਂ ਦੇ ਦਰਾਂ 'ਤੇ ਨੱਕ ਨਾਲ ਲੀਕਾਂ ਕਢਣ ਦੀ ਭਵਿੱਖੀ ਕਾਰਵਾਈ (ਜਿਸਦਾ ਅਸੀਂ ਹਰ ਹੀਲੇ ਟਲਣਾ ਲੋਚਦੇ ਹਾਂ) ਨੂੰ ਗੁਰੂ ਸਾਹਿਬ ਦੁਆਰਾ ਸਰਬੰਸ ਵਾਰਨ ਤੋਂ ਬਾਅਦ ਸਿਰਫ਼ ਦੋ ਜੋੜੀ ਤਨ ਦੇ ਪਹਿਰੇ ਕਪੜਿਆਂ ਵਿੱਚ ਸਿਰ 'ਤੇ ਖੱਫਣ ਬੰਨ੍ਹ ਕੇ ਵੈਰੀ ਨੂੰ ਭਾਜੜਾਂ ਪਾਉਣ ਵਾਲੇ ਦਲ ਦਾ ਆਗੂ ਬਣ ਕੇ ਯੁੱਧ ਨੀਤੀ ਤਹਿਤ ਨਿਕਲਣ ਦੀ ਜ਼ਿੰਦਾ ਮਿਸਾਲ ਦੇ ਬਰਾਬਰ ਰੱਖਣ ਦੀ ਕੋਝੀ ਤੇ ਕੂੜ੍ਹ ਹਿਮਾਕਤ ਕੀਤੀ...

ਪ੍ਰੋਫੈਸਰ ਕਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top