Share on Facebook

Main News Page

ਅਕਾਲ ਤਖ਼ਤ ਸਾਹਿਬ ਅਤੇ ਅਖੌਤੀ ਜਥੇਦਾਰ ਦੇ ਅਹੁਦੇ ਬਾਰੇ ਮੇਰੀਆਂ ਕੁੱਝ ਤਵਾਰੀਖ਼ੀ ਯਾਦਾਂ ਤੇ ਮੌਜੂਦਾ ਸੂਰਤੇ-ਹਾਲ
  1. 1998-99 ਵਿਚ ਮੈਂ ਸਿੱਖ ਹਿਸਟਰੀ ਰੀਸਰਚ ਬੋਰਡ ਦਾ ਡਾਇਰੈਕਟਰ ਰਿਹਾ ਸੀ। ਮੇਰੇ ਕੋਲ ਜੋਗਿੰਦਰ ਸਿੰਘ ਵੇਦਾਂਤੀ ਗੁਰਬਾਣੀ ਸਕਾਲਰ (ਰੀਸਰਚ ਸਕਾਲਰ) ਵਜੋਂ ਸੇਵਾ ‘ਤੇ ਤਾਈਨਾਤ ਸਨ। ਕਿਉਂਕਿ ਮੇਰੇ ਕੋਲ ਕੰਮ ਕਰਦੇ ਸਨ ਇਸ ਕਰ ਕੇ ਉਹ ਅਕਸਰ ਮੇਰੇ ਕੋਲ ਹਾਜ਼ਰ ਹੋਇਆ ਕਰਦੇ ਸੀ ਤੇ ਨਾਲ ਜੋਗਿੰਦਰ ਸਿੰਘ ਤਲਵਾੜਾ ਵੀ ਆਇਆ ਕਰਦੇ ਸੀ। ਤਕਰੀਬਨ ਹਰ ਰੋਜ਼ ਇਹ ਦੋਵੇਂ ਮੇਰੇ ਦਫ਼ਤਰ ਵਿਚ ਚਾਹ ਇਕੱਠੇ ਪੀਂਦੇ ਹੁੰਦੇ ਸੀ (ਇਹ ਦੋਵੇਂ ਦੁਧ ਪੀਂਦੇ ਸੀ, ਤੇ ਮੈਂ ਚਾਹ ਪੀਂਦਾ ਹੁੰਦਾ ਸੀ)। 1999 ਵਿਚ ਮੈਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੰਨ 2000 ਵਿਚ ਮੈਂ ਅਕਾਲ ਤਖ਼ਤ ਸਾਹਿਬ ਕਿਤਾਬ ਦਾ ਚੌਥਾ ਐਡੀਸ਼ਨ ਛਾਪਿਆ (ਪਹਿਲਾ 1980 ਵਿਚ ਛਪਿਆ ਸੀ; ਦੂਜਾ 1986 ਵਿਚ ਨਾਰਵੇ ਤੋਂ, ਤੀਜਾ 1995 ਵਿਚ ਦਿੱਲੀ ਤੋਂ)। ਉਦੋਂ ਵੇਦਾਂਤੀ ਹੁਰੀਂ ਅਕਾਲ ਤਖ਼ਤ ਦੇ ਮੁਖ ਸੇਵਾਦਾਰ ਬਣ ਚੁਕੇ ਸਨ। ਕਿਤਾਬ ਅੰਮ੍ਰਿਤਸਰ ਤੋਂ ਛਪੀ ਹੋਣ ਕਰ ਕੇ ਮੈਂ ਆਪਣੇ ਨਿਜੀ ਦੋਸਤ ਡਾ ਗੁਰਬਚਨ ਸਿੰਘ ਬਚਨ (ਸਕੱਤਰ ਸ਼੍ਰੋਮਣੀ ਕਮੇਟੀ) ਨੂੰ ਇਕ ਕਾਪੀ ਦੇਣ ਗਿਆ। ਉਥੇ ਬੀਬੀ ਕਿਰਨਜੋਤ ਕੌਰ ਵੀ ਆ ਗਈ ਤੇ ਉਸ ਦੇ ਪਿਤਾ ਜੀ ਵੀ। ਉਨ੍ਹਾਂ ਦੇ ਕਹਿਣ ‘ਤੇ ਅਸੀਂ ਤਿੰਨੇ ਇਕ ਕਾਪੀ ਵੇਦਾਂਤੀ ਹੁਰਾਂ ਨੂੰ ਦੇਣ ਵੀ ਗਏ ਤੇ ਉਥੇ ਵੇਦਾਂਤੀ ਹੁਰਾਂ ਮੇਰੇ ਗਲ ਵਿਚ ਸਿਰੋਪਾ ਪਾ ਦਿੱਤਾ। ਹਰਬੰਸ ਸਿੰਘ ਫੋਟੋਗਰਾਫ਼ਰ ਸ਼੍ਰੋਮਣੀ ਕਮੇਟੀ ਉਸ ਵੇਲੇ ਉਥੇ ਹਾਜ਼ਰ ਸੀ; ਉਸ ਨੇ ਇਸ ਮੌਕੇ ਦੀ ਫੋਟੋ ਖਿਚ ਲਈ। ਖ਼ਿਆਲ ਰਹੇ ਕਿ ਵੇਦਾਂਤੀ ਨੇ ਕਿਤਾਬ ਰਲੀਜ਼ ਨਹੀਂ ਕੀਤੀ ਸੀ, ਉਸ ਨੂੰ ਇਕ ਕਾਪੀ ਦਿਤੀ ਗਈ ਸੀ।

  2. ਮੈਂ ਨਾ ਵੇਦਾਂਤੀ ਨੂੰ ਤੇ ਨਾ ਕਿਸੇ ਹੋਰ ਨੂੰ ਕਦੇ ਜਥੇਦਾਰ ਮੰਨਿਆ ਹੈ; ਮੈਂ ਤਾਂ ਅੰਗਰੇਜ਼ੀ ਵਿਚ ‘ਕੇਅਰਟੇਕਰ’ (Caretaker) ਲਫ਼ਜ਼ ਘੜਿਆ ਸੀ ਤੇ ਪੰਜਾਬੀ ਵਿਚ ਮੁਖ ਸੇਵਾਦਾਰ। ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਤੇ ਮੈਂ ਵੀ ਜਥੇਦਾਰ ਦਾ ਅਹੁਦਾ ਮੰਨਦਾ ਸੀ ਪਰ ਜਦ ਗੁਰਬਾਣੀ ਤੇ ਤਵਾਰੀਖ਼ ਨੂੰ ਫਰੋਲਿਆ ਤਾਂ ਮੈਂ 1986 ਵਿਚ ਇਕ ਲੇਖ ਲਿਖ ਕੇ ਇਸ ਅਹੁਦੇ ਨੂੰ ਰੱਦ ਕਰ ਦਿੱਤਾ ਸੀ (ਇਹ ਅਜ 26 ਸਾਲ ਪੁਰਾਣੀ ਗੱਲ ਹੈ)। ਇਹ ਲੇਖ ਅਮਰੀਕਾ ਦੇ ਹਫ਼ਤਾਵਾਰ ਪਰਚੇ ‘ਵਰਲਡ ਸਿੱਖ ਨਿਊਜ਼’ ਨੂੰ ਭੇਜਿਆ ਸੀ ਪਰ ਉਨ੍ਹਾਂ ਨੇ ਇਸ ਨੂੰ ਡੇਢ ਸਾਲ ਮਗਰੋਂ 1988 ਵਿਚ ਛਾਪਿਆ; ਇਸ ਨਾਲ ਬਹੁਤ ਰੌਲਾ ਪਿਆ; ਵੱਡੇ ਵੱਡੇ ਵਿਦਵਾਨ ਤੇ ਆਗੂ ਔਖੇ ਹੋਏ; ਉਹ ਤਾਂ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਨੂੰ ‘ਪੋਪ’ ਵਰਗਾ ਹੀ ਨਹੀਂ ਬਲਕਿ ਨੀਮ-ਰੱਬ ਮੰਨਦੇ ਹਨ ਤੇ ਉਸ ਦੇ ਅਖੌਤੀ ਹੁਕਨਾਮਿਆਂ ਨੂੰ ‘ਇਲਾਹੀ ਹੁਕਮ’ ਕਹਿੰਦੇ ਸਨ। 1992 ਵਿਚ ਮੈਂ ਕਨੇਡਾ ਗਿਆ ਤਾਂ ਸ ਰਘਬੀਰ ਸਿੰਘ ਸਮਘ ਨੇ ‘ਗੁਰਬਾਣੀ ਟੀਵੀ’ ਤੇ ਮੇਰੀ ਇੰਟਵਿਊ ਕੀਤੀ ਜਿਸ ਵਿਚ ਮੈਂ ਜਥੇਦਾਰ ਦੇ ਅਹੁਦੇ ਨੂੰ ਸਿੱਖੀ ਸਿਧਾਂਤਾਂ ਦੇ ਉਲਟ ਸਾਬਿਤ ਕੀਤਾ। ਇਸ ਨਾਲ ਵੀ ਬੜਾ ਰੌਲਾ ਪਿਆ। ਇਹ ਵੀ ਅੱਜ 20 ਸਾਲ ਪੁਰਾਣੀ ਗੱਲ ਹੈ।

  3. ਫਿਰ 1995 ਵਿਚ ਅਕਾਲ ਤਖ਼ਤ ਕਿਤਾਬ ਦੀ ਤੀਜੀ ਐਡੀਸ਼ਨ (ਅੰਗਰੇਜ਼ੀ) ਵਿਚ ਛਪੀ। ਇਸ ਵਿਚ ਇਕ ਚੈਪਟਰ ਦਾ ਉਨਵਾਨ (ਹੈਡਿੰਗ) ਸੀ ‘ਸੋ-ਕਾਲਡ ਜਥੇਦਾਰ ਆਫ਼ ਅਕਾਲ ਤਖ਼ਤ’ (ਸੋ ਚੳਲਲੲਦ ਝੳਟਹੲਦੳਰ ੋਡ ਅਕੳਲ ਠੳਕਟਹ)। ਇਹ ਕਿਤਾਬ ਦਿੱਲੀ ਤੋਂ ਨੈਸ਼ਨਲ ਬੁਕ ਡਿਪੋ ਨੇ ਛਾਪੀ ਸੀ ਇਸ ਕਰ ਕੇ ਇਕ ਦਮ ਪੰਜਾਬ ਵਿਚ ਪੁਜ ਗਈ। ਇਸ ਨਾਲ ਹੋਰ ਵੀ ਬਹੁਤ ਰੌਲਾ ਪਿਆ ਕਿ “ਵੇਖੋ ਜੀ ਦਿਲਗੀਰ ਨੇ ਤਾਂ ਇਹ ਅਹੁਦਾ ਮੂਲੋਂ ਹੀ ਰੱਦ ਕਰ ਦਿੱਤਾ ਹੈ”। ਅੱਜ ਅਖੌਤੀ ਜਥੇਦਾਰ ਦਾ ਅਹੁਦਾ ਰੱਦ ਕਰਨ ਵਾਲਿਆਂ ਵਿਚੋਂ 99% ਉਦੋਂ ਜਥੇਦਾਰ ਦਾ ਅਹੁਦਾ ਪੋਪ ਤੋਂ ਵੀ ਉਚਾ ਸਮਝਦੇ ਸੀ ਤੇ ਇਸ ਦਾ ਸਕਤਰੇਤ ਬਣਾਉਣ ਦੀ ਗੱਲ ਕਰਦੇ ਸੀ। ਦਰਅਸਲ ਇਹ ਖਾੜਕੂ ਲਹਿਰ ਦੋਰਾਨ ਰੋਡੇ ਪਰਵਾਰ ਤੇ ਉਸ ਦੇ ਸਾਥੀਆਂ ਦੇ ਪਰਚਾਰ ਅਤੇ ਬੁਰਛਾਗਰਦੀ ਦੇ ਦੌਰ ਦੀਆਂ ਗੱਲਾਂ ਸਨ। 1999 ਵਿਚ ਖਾਲਸਾ ਦੇ 300 ਸਾਲਾ ਸਮਾਗਮਾਂ ਵਾਸਤੇ ਮੈਨੂੰ ਸਰੀ (ਕਨੇਡਾ) ਤੋਂ ਗੁਰਦੁਆਰਾ ਦਸਮੇਸ਼ ਦਰਬਾਰ ਵੱਲੋਂ ਟਿਕਟ ਆ ਗਈ ਤੇ ਜਦ ਮੈਂ ਉਥੇ ਗਿਆ ਤਾਂ ਡਾ ਪੂਰਨ ਸਿੰਘ ਗਿੱਲ ਨੇ ਮੈਨੂੰ ਦੱਸਿਆ ਕਿ ਮੇਰੀ ਕਿਤਾਬ ਚੋਂ ਅਖੌਤੀ ਜਥੇਦਾਰ ਵਾਲਾ ਲੇਖ ਉਨ੍ਹਾਂ ਨੇ ਇਕ ਮੈਗ਼ਜ਼ੀਨ ਵਿਚ ਛਾਪ ਦਿੱਤਾ ਸੀ ਪਰ ਮੇਰੇ ਆਉਣ ਕਰ ਕੇ ਉਹ ਵਰਕਾ ਲਾਹ ਕੇ ਵੰਡਿਆ ਗਿਆ ਤਾਂ ਕਿਤੇ ਜੋ ਬੁਰਛਾਗਰਦ ਰੌਲਾ ਨਾ ਪਾ ਦੇਣ ਕਿ ਦੇਖੋ ਇਹ ਤਾਂ ਜਥੇਦਾਰ ਦਾ ਅਹੁਦਾ ਹੀ ਨਹੀਂ ਮੰਨਦਾ; ਹਾਲਾਂ ਕਿ ਲੋਕਲ ਪਰਚੇ ਵਰਲਡ ਸਿੱਖ ਨਿਊਜ਼ ਵਿਚ ਇਹ ਲੇਖ 11 ਸਾਲ ਪਹਿਲਾਂ ਛਪ ਚੁਕਾ ਸੀ।

  4. ਇਸ ਮਗਰੋਂ ਮੈਂ ਇਕ ਹੋਰ ਮਜ਼ਮੂਨ ਲਿਖ ਕੇ ਸਾਬਿਤ ਕੀਤਾ ਕਿ ਸਿੱਖਾਂ ਦਾ ਇਕੋ ਤਖ਼ਤ ਹੈ ਚਾਰ ਜਾਂ ਪੰਜ ਨਹੀਂ। ਉਦੋਂ ਅਜੇ ਮੈਂ ਸਿੱਖ ਹਿਸਟਰੀ ਰੀਸਰਚ ਬੋਰਡ ਦਾ ਡਾਇਰੈਕਟਰ ਸੀ; ਪਰ ਗੁਰਚਰਨ ਸਿੰਘ ਟੌਹੜਾ ਨੇ ਇਸ ‘ਤੇ ਕੋਈ ਇਤਰਾਜ਼ ਨਹੀਂ ਕੀਤਾ।

  5. ਇਸ ਮਗਰੋਂ ਅਕਾਲ ਤਖ਼ਤ ਬਾਰੇ ਮੇਰੀ ਕਿਤਾਬ ਦੀਆਂ 2 ਹੋਰ ਐਡੀਸ਼ਨਾਂ ਛਪ ਚੁਕੀਆਂ ਹਨ: 2005 ਵਿਚ ਪੰਜਾਬੀ ਵਿਚ ਅਤੇ 2011 ਵਿਚ ਅੰਗਰੇਜ਼ੀ ਵਿਚ; ਉਨ੍ਹਾਂ ਵਿਚ ਇਸ ਨੁਕਤੇ ਨੂੰ ਹੋਰ ਵੀ ਸਪਸ਼ਟ ਕੀਤਾ ਹੈ।

  6. 2009 ਵਿਚ ਜਦ ਗੁਰਚਰਨਜੀਤ ਸਿੰਘ ਲਾਂਬਾ ਅਤੇ ਚੌਕ ਮਹਿਤਾ ਡੇਰੇ (ਜੋ ਖ਼ੁਦ ਨੂੰ ਅਖੌਤੀ ਦਮਦਮੀ ਟਕਸਾਲ ਕਹਿਣ ਲਗ ਪਏ ਹਨ) ਵਾਲਿਆਂ ਨੇ ਗੁਰਬਚਨ ਸਿੰਘ ਗ੍ਰੰਥੀ ਰਾਹੀਂ ਪ੍ਰੋ ਦਰਸ਼ਨ ਸਿੰਘ ‘ਤੇ ਵਾਰ ਕਰਨ ਦੀ ਹਰਕਤ ਕੀਤੀ ਤਾਂ ਮੈਂ ਉਸ ਨੂੰ ਇੰਗਲੈਂਡ ਤੋਂ ਫ਼ੋਨ ਕਰ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਬਤੌਰ ਅਖੌਤੀ ਜਥੇਦਾਰ ਫੋਨ ਨਹੀਂ ਕੀਤਾ ਸੀ। ਜਦ ਮੈਂ ਸਿੱਖ ਹਿਸਟਰੀ ਰੀਸਰਚ ਬੋਰਡ ਦਾ ਡਾਇਰੈਕਟਰ ਸੀ ਤਾਂ ਇਹ ਅਜੇ ਆਮ ਗ੍ਰੰਥੀ ਸੀ ਤੇ ਮੇਰੇ ਕੋਲ ਆਇਆ ਜਾਇਆ ਕਰਦਾ ਸੀ ਤੇ ਇਸ ਕਰ ਕੇ ਸਾਡੇ ਨਿਜੀ ਸਬੰਧ ਸਨ। ਫਿਰ ਮੈਂ ਪੰਜਾਬ ਪੁਜ ਗਿਆ ਅਤੇ 5 ਦਸੰਬਰ 2009 ਦੇ ਦਿਨ ਜਿਸ ਦਿਨ ਉਸ ਨੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ‘ਤਲਬ’ ਕੀਤਾ ਸੀ ਉਸ ਦਿਨ ਮੈਂ ਅੰਮ੍ਰਿਤਸਰ ਵਿਚ ਸੀ ਤੇ ਸਵੇਰੇ 9 ਵਜੇ ਮੈਂ ਉਸ ਨੂੰ ਮਿਲਣ ਚਲਾ ਗਿਆ ਅਤੇ ਅਸੀਂ ਚਾਹ ਦੇ ਪਿਆਲੇ ‘ਤੇ ਪਰਵਾਰਾਂ ਦਾ ਹਾਲ ਚਾਲ ਪੁੱਛਿਆ। ਟੁਰਨ ਵੇਲੇ ਮੈਂ ਉਸ ਨੂੰ ਸਮਝਾਇਆ ਕਿ ਮੈਂ ਤਾਂ ਅਖੌਤੀ ਜਥੇਦਾਰ ਦਾ ਅਹੁਦਾ ਨਹੀਂ ਮੰਨਦਾ ਪਰ ਕਈ ਲੋਕ ਤੁਹਾਨੂੰ ਇਸ ਅਖੌਤੀ ਅਹੁਦੇ ਕਰ ਕੇ ਸਨਮਾਨ ਦੇਂਦੇ ਹਨ; ਪਰ ਜੇ ਤੁਸੀਂ ਪ੍ਰੋ ਦਰਸ਼ਨ ਸਿੰਘ ਦੇ ਖ਼ਿਲਾਫ਼ ਕੋਈ ਗ਼ਲਤ ਹਰਕਤ ਕੀਤੀ ਤਾਂ ਤੁਸੀਂ ਇਹ ਜ਼ਰਾ ਮਾਸਾ ਸਨਮਾਨ ਵੀ ਖੁਹਾ ਬੈਠੋਗੇ। ਮੈਂ ਵਾਰਨਿੰਗ ਦਿੱਤੀ ਸੀ ਅਪੀਲ ਨਹੀਂ ਕੀਤੀ ਸੀ। ਮੈਂ ਇਕਬਾਲ ਸਿੰਘ ਪਟਨਾ ਤੇ ਤਰਲੋਚਨ ਸਿੰਘ ਕੇਸਗੜ੍ਹ ਦੇ ਗ੍ਰੰਥੀ ਨੂੰ ਵੀ ਸਮਝਾਇਆ ਸੀ। ਉਦੋਂ ਉਹ ਮੰਨ ਗਏ ਸਨ ਪਰ ਫਿਰ ਬਾਦਲ ਅਤੇ ਧੁੰਮਾ ਦੇ ਹੁਕਮ ਮੰਨਦਿਆਂ ਉਨ੍ਹਾਂ ਬੇਵਕੂਫ਼ੀ ਕਰਨ ਦਾ ਫ਼ੈਸਲਾ ਕਰ ਲਿਆ।

  7. ਤਿੰਨ ਹਫ਼ਤੇ ਮਗਰੋਂ ਮੈਂ ਵਾਪਿਸ ਇੰਗਲੈਂਡ ਪਹੁੰਚ ਚੁਕਾ ਸੀ। ਮੈਨੂੰ ਪਤਾ ਲਗਾ ਕਿ 29 ਜਨਵਰੀ ਨੂੰ ਪ੍ਰੋ ਦਰਸ਼ਨ ਸਿੰਘ ‘ਤੇ ਔਰੰਗਜ਼ੇਬੀ ਕੁਹਾੜਾ ਚਲਾਉਣ ਵਾਲੇ ਹਨ; ਮੈਂ 28 ਜਨਵਰੀ ਨੂੰ ਫਿਰ ਗੁਰਬਚਨ ਸਿੰਘ, ਬਲਵੰਤ ਸਿੰਘ ਨੰਦਗੜ੍ਹ, ਇਕਬਾਲ ਸਿੰਘ ਪਟਨਾ ਤੇ ਤਰਲੋਚਨ ਸਿੰਘ ਨੂੰ ਫ਼ੋਨ ਕਰ ਕੇ ਮੁਹੰਮਦ ਤੁਗ਼ਲਕ ਵਾਲੀ ਹਰਕਤ ਕਰਨ ਤੋਂ ਰੋਕਿਆ (ਮੇਰੀ ਇਸ ਫ਼ੋਨ ਗਲਬਾਤ ਬਾਰੇ ਮੇਰਾ ਬਿਆਨ ਸਪੋਕਸਮੈਨ ਵਿਚ 29 ਜਨਵਰੀ ਦੇ ਦਿਨ ਛਪਿਆ ਸੀ, ਜੋ ਹਾਜ਼ਰ ਹੈ); ਉਹ ਫ਼ੋਨ ‘ਤੇ ਮੰਨ ਵੀ ਗਏ ਪਰ ਫਿਰ ਬਾਦਲ ਤੇ ਧੁੰਮਾ ਦਾ ਹੁਕਮ ਵਜਾਉਂਦਿਆਂ ਮਹਾਂ ਮੂਰਖਤਾ ਕਰ ਦਿੱਤੀ ਜਿਸ ਦਾ ਨਤੀਜਾ ਅਜ ਸਾਹਮਣੇ ਹੈ। (ਇਹੀ ਹਰਕਤ 2004 ਵਿਚ ਵੇਦਾਂਤੀ ਨੇ ਸ ਜੋਗਿੰਦਰ ਸਿੰਘ ਸਪੋਕਸਮੈਨ ਨੂੰ ਅਖੌਤੀ ਤੌਰ ‘ਤੇ ਖਾਰਜ ਕਰਨ ਵੇਲੇ ਕੀਤੀ ਸੀ; ਉਦੋਂ ਵੇਦਾਂਤੀ ਵੀ ਮੇਰੀ ਗੱਲ ਮੰਨ ਗਿਆ ਸੀ ਪਰ ਮਗਰੋਂ ਟੌਹੜਾ ਦੇ ਹੁਕਮ ਨੇ ਉਸ ਤੋਂ ਬੇਵਕੂਫ਼ੀ ਕਰਵਾਈ ਸੀ)। ਇਨ੍ਹਾਂ ਦੋਹਾਂ ਬੇਵਕੂਫ਼ੀਆਂ ਨੇ ਇਨ੍ਹਾਂ ਗੰਥੀਆਂ ਦੀ ਕਦਰ ਜ਼ੀਰੋ ਕਰ ਕੇ ਰਖ ਦਿਤੀ ਸੀ।

  8. 24 ਜਨਵਰੀ 2012 ਦੇ ਦਿਨ ਕੰਵਰ ਮਹਿੰਦਰਪ੍ਰਤਾਪ ਸਿੰਘ ਦੇ ਭੋਗ ਮਗਰੋਂ ਲੁਧਿਆਣਾ ਵਿਚ ਗਿਆਨੀ ਜਗਤਾਰ ਸਿੰਘ ਜਾਚਕ ਦੇ ਘਰ ਵਖ ਵਖ ਜਥੇਬੰਦੀਆਂ ਦੇ ਆਗੂ ਅਤੇ ਵਿਦਵਾਨ (ਜਨ੍ਹਾਂ ਵਿਚ ਪ੍ਰੋ ਦਰਸ਼ਨ ਸਿੰਘ ਤੇ ਮੈਂ ਵੀ ਸ਼ਾਮਿਲ ਸੀ) ਨੇ ਫੈਲਸਾ ਕੀਤਾ ਸੀ ਕਿ ਧੂੰਦਾ ਨੂੰ ਪੇਸ਼ ਨਹੀਂ ਹੋਣਾ ਚਾਹੀਦਾ। ਸਰਬਜੀਤ ਸਿੰਘ ਧੂੰਦਾ ਨੂੰ ਪੁਜਾਰੀਆਂ ਕੋਲ ਪੇਸ਼ ਕਰਵਾੳਣ ਦੀ ਸਾਜ਼ਸ਼ ਵਿਚ ਕੇਵਲ ਸਿੰਘ (ਸਾਬਕਾ ਗ੍ਰੰਥੀ ਤਲਵੰਡੀ ਸਾਬੋ) ਸਭ ਤੋਂ ਅੱਗੇ ਹੈ; ਦਰਅਸਲ ਉਹ ਦੋਬਾਰਾ ਪੁਜਾਰੀ/ਗ੍ਰੰਥੀ ਬਣਨ ਦੀ ਲਾਲਸਾ ਰਖਦਾ ਹੈ। ਉਸ ਤੋਂ ਇਲਾਵਾ ਕੁਝ ਵਿਦੇਸ਼ੀ ਸਿੱਖ ਵੀ ਇਸ ਸਾਜ਼ਸ਼ ਵਿਚ ਸ਼ਾਮਿਲ ਹਨ ਇਨ੍ਹਾਂ ਵਿਚ ਦੋ ਕਿਸਮ ਦੇ ਲੋਕ ਹਨ: ਇਕ ਉਹ ਪੁਜਾਰੀਆਂ ਨੂੰ ਜਥੇਦਾਰ ਮੰਨਦੇ ਹਨ ਤੇ ਜਿਨ੍ਹਾਂ ਨੇ ਧੂੰਦਾ ਨੂੰ ਗੁਰਦੁਆਰਿਆਂ ਵਿਚ ਕਥਾ ਦਾ ਸਮਾਂ ਦੇ ਕੇ ਮਾਇਆ ਦੇ ਚੱਕਰਾਂ ਵਿਚ ਫਸਾ ਲਿਆ ਹੈ ਤੇ ਦੂਜੇ ਕੁਝ ਉਹ ਵੀ ਹਨ ਜੋ ਉਤੋਂ ਉਤੋਂ ਤਾਂ ਦਸਮ ਗ੍ਰੰਥ ਦੇ ਮੁਖ਼ਲਾਫ਼ ਹਨ ਪਰ ਅੰਦਰੋਂ ਪੁਜਾਰੀਆਂ ਦੇ ਸਾਥੀ ਹਨ; ਯਾਨਿ ਦੋਗਲੇ ਹਨ।

  9. ਹੁਣ ਸਵਾਲ ਹੈ, ਕਿ ਧੂੰਦਾ ਦੇ ਪੁਜਾਰੀਆਂ ਦੇ ਕਮਰੇ ਵਿਚ ਜਾ ਕੇ ਪੇਸ਼ ਹੋਣ ਦੇ ਨਤੀਜੇ ਕੀ ਹੋਣਗੇ? ਜੇ ਉਹ 25 ਤਾਰੀਖ਼ ਨੂੰ ਪੁਜਾਰੀਆਂ ਦੇ ਕਮਰੇ ਵਿਚ ਚਲਾ ਗਿਆ ਤਾਂ ਇਸ ਦੇ ਤਿੰਨ ਖ਼ਤਰਨਾਕ ਨਤੀਜੇ ਨਿਕਲਣਗੇ:

    1. ਧੂੰਦਾ ਦਸੰਬਰ 2009 ਵਿਚ ਪ੍ਰੋ ਦਰਸ਼ਨ ਸਿੰਘ ਨੂੰ ਪੁਜਾਰੀਆਂ ਦੇ ਕਮਰੇ ਵਿਚ ਜਾਣ ਤੋਂ ਰੋਕਦਾ ਸੀ। ਪਰ ਹੁਣ ਆਪ ਚਲਾ ਗਿਆ ਹੈ; ਯਾਨਿ ਉਹ ਉਦੋਂ ਹੋਰ ਗੱਲਾਂ ਕਰਦਾ ਸੀ ਤੇ ਹੁਣ ਹੋਰ ਗੱਲਾਂ ਕਰਦਾ ਹੈ।
    2. ਇਹ ਸਾਬਿਤ ਹੋ ਜਾਵੇਗਾ ਕਿ ਪ੍ਰੋ ਦਰਸ਼ਨ ਸਿੰਘ ਪੁਜਾਰੀਆਂ ਕੋਲ ਨਾ ਪੇਸ਼ ਹੋਣ ਕਰ ਕੇ ਗ਼ਲਤ ਸੀ।
    3. ਉਸ ਦੇ ਪੁਜਾਰੀਆਂ ਦੀ ਲੱਤ ਹੇਠੋਂ ਲੰਘਣ ਦਾ ਮਤਲਬ ਪੁਜਾਰੀਆਂ ਨੂੰ ਅਤੇ ਅਖੌਤੀ ਜਥੇਦਾਰ ਦੇ ਪੰਥ-ਵਿਰੋਧੀ ਨਾਜਾਇਜ਼ ਅਹੁਦੇ ਨੂੰ ਤਾਕਤ ਮਿਲੇਗੀ। ਜਿਨ੍ਹਾਂ ਬਾਦਲ ਦੀਆਂ ਧਾਰਮਿਕ ਵੇਸਵਾਵਾਂ ਅਤੇ ਪੁਜਾਰੀ ਮਾਫ਼ੀਆ ਨੂੰ ਅਸੀਂ ਵੱਟੋ ਵੱਟ ਪਾਇਆ ਹੋਇਆ ਸੀ, ਉਸ ਲਹਿਰ ਨੂੰ ਪੁੱਠਾ ਗੇੜ ਦੇਣ ਵਾਲੀ ਗੱਲ ਹੋਵੇਗੀ। ਉਂਞ ਸਾਨੂੰ ਪਤਾ ਹੈ ਕਿ ਗਿਆਨੀ ਕੇਵਲ ਸਿੰਘ ਦੀ ਮਾਰਫ਼ਤ ਸਾਰਾ ਸਮਝੌਤਾ ਹੋ ਚੁਕਾ ਹੈ, ਤੇ “ਲੈਣ-ਦੇਣ” ਦਾ ਫ਼ੈਸਲਾ ਹੋ ਚੁਕਾ ਹੈ। ਕੇਵਲ ਸਿੰਘ ਦਰਅਸਲ ਦੋਬਾਰਾ ਪੁਜਾਰੀ ਬਣਨ ਦੀ ਕੋਸ਼ਿਸ਼ ਵਿਚ ਇਹ ਸਾਰਾ ਕੁਝ ਕਰ ਰਿਹਾ ਹੈ।

ਡਾ. ਹਰਜਿੰਦਰ ਸਿੰਘ ਦਿਲਗੀਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top