Share on Facebook

Main News Page

ਲਾਸ਼ਾਂ ਦੇ ਢੇਰ

ਜਿੱਧਰ ਵੀ ਨਜ਼ਰ ਮਾਰਦਾ ਹਾਂ, ਲਾਸ਼ਾਂ ਹੀ ਲਾਸ਼ਾਂ ਨਜ਼ਰ ਆਉਂਦੀਆਂ ਹਨ। ਅਕਾਲ ਦੇ ਨਾਮ ਤੇ ਬਣੀਆਂ ਸੰਸਥਾਵਾਂ ਦੇ ਸਿਰ ਤੇ ਬੈਠੀਆਂ, ਹੁਕਮ-ਨਾਮੇ ਜਾਰੀ ਕਰਦੀਆਂ ਲਾਸ਼ਾਂ, ਉਨ੍ਹਾਂ ਦੀਆਂ ਜੁਤੀਆਂ ਚੱਟਣ ਵਾਲੀਆਂ ਲਾਸ਼ਾਂ। ਵੋਟਾਂ ਪਾ ਕੇ ਲਾਸ਼ਾਂ ਨੂੰ ਸਿਰ ਤੇ ਬਿਠਾਉਣ ਵਾਲੀਆਂ ਲਾਸ਼ਾਂ। ਦੂਸਰਿਆਂ ਤੇ ਰਾਜ ਕਰਨ, ਉਨ੍ਹਾਂ ਦੇ ਸਾਧਨਾਂ ਨੂੰ ਲੁੱਟਣ ਲਈ ਬਣਾਏ ਤਖਤਾਂ ਤੇ ਬੈਠੀਆਂ ਲਾਸ਼ਾਂ, ਲਾਸ਼ਾਂ ਦੀ ਜੀ ਹਜ਼ੂਰੀ ਕਰਦੀਆਂ ਲਾਸ਼ਾਂ, ਲਾਸ਼ਾਂ ਦੀ ਰਖਵਾਲੀ ਕਰਦੀਆਂ ਲਾਸ਼ਾਂ। ਲਾਸ਼ਾਂ ਦੀ ਵਡਿਆਈ ਕਰਦੀਆਂ ਲਾਸ਼ਾਂ, ਲਾਸ਼ਾਂ ਦੇ ਦਰਬਾਰ ਵਿੱਚ ਹਾਜ਼ਰੀ ਭਰਦੀਆਂ ਲਾਸ਼ਾਂ।

ਡੇਰਿਆਂ ਵਿਚ, ਡੇਰੇ-ਦਾਰਾਂ ਦੇ ਰੂਪ ਵਿਚ, ਮਾਇਆ ਤੇ ਕੁੰਡਲੀ ਮਾਰੀ ਬੈਠੀਆਂ ਲਾਸ਼ਾਂ, ਸੰਤ-ਮਹਾਂਪੁਰਸ਼ਾਂ ਦੇ ਭੇਖ ਵਿਚ ਲਾਸ਼ਾਂ, ਬ੍ਰਹਮ-ਗਿਆਨੀ ਬਣੀਆਂ ਲਾਸ਼ਾਂ। ਉਨ੍ਹਾਂ ਦੀ ਸੇਵਾ ਵਿਚ ਲੱਗੀਆਂ ਲਾਸ਼ਾਂ, ਉਨ੍ਹਾਂ ਨੂੰ ਰੱਬ ਕਰ ਕੇ ਮੰਨਦੀਆਂ, ਭੇਡਾਂ ਦੇ ਇਜੜਾਂ ਸਮਾਨ ਲਾਸ਼ਾਂ। ਵਿਦਵਾਨਾਂ ਦੇ ਰੂਪ ਵਿਚ, ਪੈਸੇ ਲੈ ਕੇ ਦੂਸਰਿਆਂ ਦੀ ਮੰਸ਼ਾ ਮੁਤਾਬਕ ਕੂੜ-ਕਬਾੜ ਲਿਖਦੀਆਂ ਲਾਸ਼ਾਂ, ਉਨ੍ਹਾਂ ਦੀਆਂ ਲਿਖਤਾਂ, ਕਿਤਾਬਾਂ ਛਾਪਦੀਆਂ, ਪਰਚਾਰਦੀਆਂ ਲਾਸ਼ਾਂ, ਉਨ੍ਹਾਂ ਲੇਖਾਂ, ਕਿਤਾਬਾਂ ਨੂੰ ਪੜ੍ਹ ਕੇ, ਜਾਂ ਬਿਨਾ ਪੜ੍ਹੇ ਹੀ ਉਨ੍ਹਾਂ ਦੇ ਕਸੀਦੇ ਕੱਢਦੀਆਂ ਲਾਸ਼ਾਂ।

ਗੁਰਦਵਾਰਿਆਂ ਦੇ ਪ੍ਰਬੰਧਕਾਂ ਦੇ ਰੂਪ ਵਿਚ ਲਾਸ਼ਾਂ, ਉਨ੍ਹਾਂ ਦੇ ਮੁਲਾਜ਼ਮਾਂ ਦੇ ਰੂਪ ਵਿਚ ਲਾਸ਼ਾਂ, ਓਥੇ ਹਾਜ਼ਰੀ ਭਰਦੀਆਂ ਲਾਸ਼ਾਂ। ਗੁਰਮਤਿ ਸਮਾਗਮਾਂ ਦੇ ਨਾਮ 'ਤੇ, ਕੀਰਤਨ ਦਰਬਾਰਾਂ ਦੇ ਨਾਮ 'ਤੇ, ਸਿੱਖਾਂ ਦੀਆਂ ਜੇਭਾਂ ਵਿਚੋਂ ਪੈਸੇ ਕੱਢ ਕੇ ਬੈਂਕ ਭਰਦੀਆਂ ਲਾਸ਼ਾਂ। ਕਥਾ ਕਰਦੀਆਂ ਲਾਸ਼ਾਂ, ਕੀਰਤਨ ਕਰਦੀਆਂ ਲਾਸ਼ਾਂ, ਸਿਮਰਨ ਕਰਦੀਆਂ ਲਾਸ਼ਾਂ, ਅਖੰਡ ਪਾਠਾਂ ਦੀਆਂ ਲੜੀਆਂ ਚਲਾਉਂਦੀਆਂ ਲਾਸ਼ਾਂ, ਲਾਸ਼ਾਂ ਦੇ ਇਨ੍ਹਾਂ ਕੁਕਰਮਾਂ ਲਈ ਪੈਸੇ ਦਿੰਦੀਆਂ ਲਾਸ਼ਾਂ।

ਗਰਜ਼ ਕਿ ਹਰ ਥਾਂ, ਅਕਾਲੀ ਦਲਾਂ ਵਿੱਚ ਲਾਸ਼ਾਂ ਦੇ ਢੇਰ। ਇਤਿਹਾਸਕ ਅਸਥਾਨਾਂ 'ਤੇ ਲਾਸ਼ਾਂ ਦੇ ਢੇਰ, ਤਖਤਾਂ ਤੇ ਲਾਸ਼ਾਂ ਦੇ ਢੇਰ, ਸ਼੍ਰੋਮਣੀ ਕਮੇਟੀ ਵਿੱਚ ਲਾਸ਼ਾਂ ਦੇ ਢੇਰ, ਗੁਰਦਵਾਰਿਆਂ ਵਿੱਚ ਲਾਸ਼ਾਂ ਦੇ ਢੇਰ, ਮੀਡੀਏ ਵਿਚ ਲਾਸ਼ਾਂ ਦੇ ਢੇਰ।

ਇਹ ਗੱਲ ਵੱਖਰੀ ਹੈ, ਕਿ ਉਨ੍ਹਾਂ ਵਿਚੋਂ 70 % ਲਾਸ਼ਾਂ ਨੂੰ ਵੇਖ ਕੇ ਇਹ ਨਹੀਂ ਕਿਹਾ ਜਾ ਸਕਦਾ, ਕਿ ਇਹ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਹਨ, ਪਰ ਹਨ ਤਾਂ ਉਹ ਵੀ ਲਾਸ਼ਾਂ ਦੇ ਹੀ ਢੇਰ, ਭਾਵੇਂ ਇੰਸਾਨੀਅਤ ਦੀਆਂ ਲਾਸ਼ਾਂ ਦੇ ਢੇਰ ਹੀ ਹੋਣ।

ਕਿਸੇ ਵੇਲੇ ਬਾਬਾ ਨਾਨਕ ਜੀ ਨੇ ਅਜਿਹੇ ਲਾਸ਼ਾਂ ਦੇ ਢੇਰਾਂ ਵਿਚੋਂ ਹੀ ਲੱਭ-ਲੱਭ ਕੇ, ਜਿਊਂਦੇ ਬੰਦੇ ਅਲੱਗ ਕੀਤੇ ਸਨ, ਸੰਸਾਰ ਵਿੱਚ ਜ਼ਿੰਦਗੀ ਟਹਕੀ ਸੀ। ਜਿਊਂਦੇ ਬੰਦਿਆਂ ਨੇ, ਲਾਸ਼ਾਂ ਦੇ ਢੇਰ ਵਿਚੋਂ ਨਿਕਲ ਕੇ, ਆਪਣੇ ਜਿਊਂਦੇ ਹੋਣ ਦਾ ਪਰਗਟਾਵਾ ਕੀਤਾ ਸੀ। ਇਹ ਵੱਡੀ ਸਚਾਈ ਹੈ ਕਿ, ਲੱਖਾਂ ਲਾਸ਼ਾਂ ਦੇ ਢੇਰ ਵਿਚੋਂ, ਇਕ ਵੀ ਜੀਉਂਦਾ ਬੰਦਾ ਲੱਭਣਾ ਬੜਾ ਆਸਾਨ ਹੈ। ਜ਼ਿੰਦਗੀ ਦਾ ਸੰਕੇਤ ਹੀ ਹਿਲ-ਜੁਲ ਹੈ, ਜਿਵੇਂ ਸ਼ਾਂਤ-ਬੇਹਿਸ ਜੰਗਲ ਵਿਚੋਂ, ਹਿਲਦੀ ਕੋਈ ਮਾਮੂਲੀ ਜਿਹੀ ਚੀਜ਼ ਵੀ ਜ਼ਿੰਦਗੀ ਦਾ ਅਹਿਸਾਸ ਦਿਵਾਉਂਦੀ, ਬੇ-ਮੁਹਾਰੇ ਹੀ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ, ਇਵੇਂ ਹੀ ਲੱਖਾਂ ਲਾਸ਼ਾਂ ਦੇ ਢੇਰ ਵਿਚੋਂ ਹਿਲਦੀ ਇਕ ਜ਼ਿੰਦਗੀ, ਆਪਣਾ ਅਹਿਸਾਸ ਕਰਵਾਉਂਦੀ, ਆਪ-ਮੁਹਾਰੇ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। ਇਨ੍ਹਾਂ ਲਾਸ਼ਾਂ ਦੇ ਢੇਰਾਂ ਵਿਚੋਂ ਵੀ, ਕਦੇ-ਨ-ਕਦੇ, ਕਿਤੇ-ਨ-ਕਿਤੇ ਜ਼ਿੰਦਗੀ ਦਾ ਅਹਿਸਾਸ ਹੋ ਹੀ ਜਾਂਦਾ ਹੈ। ਪਰ ਬਾਬਾ ਨਾਨਕ ਜੀ ਦੀ ਸਿੱਖੀ ਦਾ ਅਜਿਹਾ ਰੂਪ ਤਾਂ ਕਿਸੇ ਹਾਲਤ ਵਿਚ ਹੋ ਹੀ ਨਹੀਂ ਸਕਦਾ।

ਤਾਂ ਕੀ ਮੈਨੂੰ ਕੂਝ ਭੁਲੇਖਾ ਪੈ ਰਿਹਾ ਹੈ? ਨਹੀਂ ਜ਼ਿੰਦਗੀ ਦਾ ਲੱਛਣ ਹੈ “ਹਿਲ-ਜੁਲ” ਅਤੇ ਇਹ ਸੰਭਵ ਹੀ ਨਹੀਂ ਹੈ, ਕਿ ਕੋਈ ਹਿਲਦੀ-ਜੁਲਦੀ ਚੀਜ਼, ਆਪਣੇ ਵੱਲ ਆ-ਮੁਹਾਰੇ ਹੀ ਧਿਆਨ ਨਾ ਖਿੱਚ ਲਵੇ। ਯਕੀਨਨ ਬਾਬਾ ਨਾਨਕ ਜੀ ਵਲੋਂ ਬਖਸ਼ੇ ਗਿਆਨ ਤੋਂ ਵਿਹੂਣੀਆਂ ਲਾਸ਼ਾਂ ਵਿਚ ਜਿਊਂਦੀ ਜ਼ਮੀਰ ਨਹੀਂ ਹੁੰਦੀ, ਜਿਊਂਦੀ ਜ਼ਮੀਰ ਬਗੈਰ ਹਿਲ-ਜੁਲ ਨਹੀਂ ਹੁੰਦੀ, ਹਿਲ-ਜੁਲ ਤੋਂ ਬਗੈਰ ਜੀਉਣਾ, ਜੀਵਨ ਨਹੀਂ ਹੁੰਦਾ, ਮੌਤ ਹੀ ਹੁੰਦੀ ਹੈ, ਜਿਸ ਨੂੰ ਲਾਸ਼ ਹੀ ਕਿਹਾ ਜਾਂਦਾ ਹੈ।

ਪਰ ਅੱਜ-ਕਲ ਤਾਂ, ਬਾਬਾ ਨਾਨਕ ਜੀ ਦੇ ਜੀਵਨ ਦੇਣ ਵਾਲੇ, ਗਿਆਨ ਰੂਪੀ ਅੰਮ੍ਰਿਤ ਦੇ ਘੜੇ, ਹਰ ਉਸ ਥਾਂ ਪਏ ਹਨ, ਜਿਸ ਨੂੰ ਸਿੱਖਾਂ ਦਾ ਧਰਮ-ਅਸਥਾਨ ਪਰਚਾਰਿਆ ਜਾਂਦਾ ਹੈ (ਅਸਲ ਵਿਚ ਭਾਵੇਂ ਉਹ ਵਪਾਰ ਦੇ ਕੇਂਦਰ ਜਾਂ ਲੁੱਟ ਦੇ ਅੱਡੇ ਹੀ ਬਣੇ ਹੋਏ ਹਨ) ਫਿਰ ਸਿੱਖ ਉਹ ਅੰਮ੍ਰਿਤ ਪੀ ਕੇ, ਲਾਸ਼ਾਂ ਤੋਂ ਜਿਊਂਦੇ-ਜਾਗਦੇ ਮਨੁੱਖ ਕਿਉਂ ਨਹੀਂ ਬਣ ਜਾਂਦੇ?

ਇਹ ਉਹ ਗੱਲ ਹੈ ਜੋ ਦੱਸਣ-ਯੋਗ ਨਹੀਂ ਹੈ। ਜੇ ਮੈਂ ਦੱਸ ਦੇਵਾਂ ਤਾਂ, ਇਨ੍ਹਾਂ ਲਾਸ਼ਾਂ ਵਿਚ ਭਾਜੜਾਂ ਪੈ ਜਾਣਗੀਆਂ, ਹਰ ਪਾਸਿਊਂ ਆਦਮ-ਬੂ, ਆਦਮ-ਬੂ ਦਾ ਰੌਲਾ ਪੈਣ ਲੱਗੇਗਾ, ਲਾਸ਼ਾਂ ਦੇ ਢੇਰ, ਇਹ ਲੱਭਣ ਵਿਚ ਜੁੱਟ ਜਾਣਗੇ ਕਿ ਸਾਡੇ ਵਿਚ ਕੋਈ ਜਿਊਂਦਾ ਬੰਦਾ ਕਿਉਂ ਅਤੇ ਕਿਵੇਂ ਆ ਗਿਆ, ਉਸ ਨਾਲ ਸਾਡਾ ਕੀ ਮੇਲ ਹੈ? ਫਿਰ ਸੋਚਦਾ ਹਾਂ ਦੱਸ ਹੀ ਦਿਆਂ, ਸ਼ਾਇਦ ਇਸ ਹਿਲ-ਜੁਲ ਨਾਲ, ਮੁਰਦਿਆਂ ਦੇ ਢੇਰ ਵਿੱਚ ਦੱਬਿਆ ਕੋਈ ਜੀਵਣ, ਬਚ ਕੇ ਬਾਹਰ ਨਿਕਲ ਆਵੇ, ਨਹੀਂ ਤਾਂ ਮੁਰਦਿਆਂ ਦੇ ਢੇਰ ਵਿੱਚ ਪਿਆ ਕੋਈ ਬੇ-ਹਿਸ ਜੀਵਣ ਵੀ ਕਿਸੇ-ਨ-ਕਿਸੇ ਦਿਨ, ਲਾਸ਼ ਹੀ ਬਣ ਜਾਵੇਗਾ।

ਕਹਿੰਦੇ ਸੱਚ ਬੜਾ ਕੌੜਾ ਹੁੰਦੈ। ਹਾਂ ਬਿਲਕੁਲ ਕੌੜਾ ਹੁੰਦਾ, ਬਾਬੇ ਨਾਨਕ ਜੀ ਦੇ ਗਿਆਨ ਰੂਪੀ ਅੰਮ੍ਰਿਤ ਨਾਲ ਭਰੇ ਘੜੇ ਦੇ ਬੰਨੇ ਤੇ ਲੱਗੀ ਇਕ ਬੂੰਦ ਨੂੰ ਮੈਂ ਵੀ ਆਪਣੀ ਜ਼ੁਬਾਨ ਨਾਲ ਲਾ ਕੇ ਵੇਖਿਆ ਹੈ। ਗੂੰਗੇ ਦੇ ਗੁੜ ਖਾਣ ਵਾਂਙ, ਮੈਂ ਵੀ ਇਹ ਤਾਂ ਨਹੀਂ ਦੱਸ ਸਕਦਾ ਕਿ ਉਸ ਦਾ ਸਵਾਦ ਕਿਹੋ-ਜਿਹਾ ਹੈ? ਕਿੰਨਾ ਕੁ ਕੌੜਾ ਹੈ? ਪਰ ਉਸ ਦਾ ਅਹਿਸਾਸ ਮੈਨੂੰ ਉਸ ਵੇਲੇ ਹੁੰਦਾ ਹੈ, ਜਦ ਮੈਂ ਉਸ ਵਿਚਲਾ ਸੱਚ, ਦੂਸਰਿਆਂ ਸਾਹਵੇਂ ਪੇਸ਼ ਕਰਨ ਦੀ ਗਲਤੀ ਕਰਦਾ ਹਾਂ, ਤਾਂ ਲੋਕ ਮੇਰੇ ਤੋਂ ਦੂਰ ਭੱਜਦੇ ਹਨ।

ਕਈ ਨਜ਼ਦੀਕੀ ਤਾਂ ਹਮਦਰਦੀ ਵਿਚ ਇਵੇਂ ਵੀ ਕਹਿੰਦੇ ਹਨ ਕਿ, ਏਨਾ ਹੀ ਸੱਚ ਬੋਲ, ਜਿਸ ਦੇ ਹੁੰਦਿਆਂ ਚਾਰ ਬੰਦੇ, ਤੇਰੀ ਲਾਸ਼ ਨੂੰ ਸ਼ਮਸ਼ਾਨ ਤਕ ਪਹੁੰਚਾਉਣ ਲਈ, ਤੇਰੇ ਨਾਲ ਰਹਿ ਜਾਣ। ਨਹੀਂ ਤਾਂ ਤੇਰੀ ਲਾਸ਼ ਵਿੱਚੋਂ ਵੀ, ਇਸ ਸੱਚ ਦੀ ਕੁੜੱਤਣ ਨੇ ਨਿਕਲ-ਨਿਕਲ ਕੇ ਵਾਤਾ-ਵਰਣ ਨੂੰ ਦੂਸ਼ਤ ਕਰਦੀ ਰਹਿਣਾ ਹੈ। ਸ਼ਾਇਦ ਇਸ ਕਰ ਕੇ ਹੀ, ਬਹੁਤ ਸਿਆਣੇ ਸਿੱਖਾਂ, ਸਿੱਖਾਂ ਦੇ ਠੇਕੇਦਾਰਾਂ ਨੇ ਇਸ ਦਾ ਇਲਾਜ ਵੀ ਲੱਭ ਲਿਆ ਹੈ, ਕਿ ਇਸ ਪਰਦੂਸ਼ਣ ਨੂੰ ਰੋਕਣ ਲਈ, ਅੰਮ੍ਰਿਤ ਦੇ ਘੜੇ ਨੂੰ, ਲੱਖਾਂ ਰੁਪਏ ਦੇ ਕੀਮਤੀ ਰੁਮਾਲਿਆਂ ਨਾਲ ਢੱਕ ਕੇ ਰੱਖੋ। ਜਿਸ ਅਸਥਾਨ 'ਤੇ ਇਹ ਘੜਾ ਹੈ, ਉਸ ਨੂੰ ਕੀਮਤੀ ਪੱਥਰ ਅਤੇ ਸੋਨੇ ਦੀ ਅਜਿਹੀ ਕਬਰ ਬਣਾ ਕੇ ਰੱਖੋ, ਜਿਸ ਵਿਚ ਆਉਣ ਵਾਲੇ ਨੂੰ, ਮਾਇਆ ਦੀ ਹੀ ਚਮਕ ਹਰ ਪਾਸੇ ਨਜ਼ਰ ਆਵੇ, ਅੰਮ੍ਰਿਤ ਦੇ ਉਸ ਘੜੇ ਦੀ ਭਿਣਕ ਵੀ ਨਾ ਲੱਗੇ।

ਮਜ਼ੇ ਦੀ ਗੱਲ ਇਹ ਹੈ, ਕਿ ਇਨ੍ਹਾਂ ਰੁਮਾਲਿਆਂ-ਚੰਦੋਇਆਂ ਲਈ, ਕੀਮਤੀ ਪੱਥਰ ਅਤੇ ਸੋਨੇ ਲਈ (ਜਿਸ ਨਾਲ ਉਸ ਘੜੇ ਨੂੰ ਸੀਲ-ਬੰਦ ਕੀਤਾ ਜਾ ਰਿਹਾ ਹੈ) ਪੈਸੇ ਵੀ ਉਹੀ ਸੰਗਤ ਦੇਂਦੀ ਹੈ, ਜਿਸ ਦੇ ਪੀਣ ਲਈ ਬਾਬਾ ਨਾਨਕ ਜੀ ਨੇ ਇਹ ਘੜਾ ਭਰਿਆ ਸੀ, ਜਿਨ੍ਹਾਂ ਨੂੰ ਇਹ ਸੱਚ, ਕੌੜਾ ਨਹੀਂ, ਬੜਾ ਮਿੱਠਾ ਲਗਦਾ ਹੈ। (ਸੱਚ ਤਾਂ ਸਿਰਫ ਪੁਜਾਰੀਆਂ ਨੂੰ ਹੀ ਕੌੜਾ ਲਗਦਾ ਹੈ) ਪਰ ਉਨ੍ਹਾਂ ਨੂੰ ਤਾਂ ਇਸ ਬਾਰੇ ਤਦ ਹੀ ਪਤਾ ਲੱਗੇਗਾ, ਜਦ ਉਹ ਆਪ ਪੀ ਕੇ ਇਸ ਦਾ ਸਵਾਦ ਵੇਖਣਗੇ, ਅਤੇ ਉਹ ਪੀ ਕੇ ਤਦ ਹੀ ਵਖਣਗੇ, ਜਦ ਉਨ੍ਹਾਂ ਦੀ ਪਹੁੰਚ ਵਿਚ ਹੋਵੇਗਾ। ਉਸ ਘੜੇ ਨੂੰ ਤਾਂ ਸਿੱਖਾਂ ਤੋਂ ਦੂਰ ਰੱਖਣ ਲਈ, ਪੁਜਾਰੀਆਂ ਨੇ ਸਤਿਕਾਰ ਦੇ ਨਾਂ ਥੱਲੇ, ਬਹੁਤ ਸਾਰੇ ਬਹਾਨੇ ਬਣਾ ਰੱਖੇ ਹਨ। ਹੁਣ ਤਾਂ ਸ਼੍ਰੋਮਣੀ ਕਮੇਟੀ ਹੀ (ਫਿਰ ਤੋਂ ਲੜੀ-ਵਾਰ ਬੀੜਾਂ ਛਾਪ ਕੇ) ਇਸ ਘੜੇ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰੱਖਣ ਦੇ ਪੱਕੇ ਉਪਰਾਲੇ ਕਰ ਰਹੀ ਹੈ।

ਕੁੱਝ ਬਹੁਤ ਸਿਆਣੇ ਸਿੱਖ ਤਾਂ ਮੈਨੂੰ ਉਪਦੇਸ਼ ਵੀ ਦਿੰਦੇ ਹਨ, ਕਿ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੋਇਆ ਹੈ,
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥ (473)

ਇਸ ਲਈ ਤੂੰ ਵੀ ਏਨਾ ਫਿੱਕਾ ਨਾ ਬੋਲਿਆ ਕਰ।

ਸੋਚਦਾ ਹਾਂ, ਕਿ ਜਦ ਇਹ ਕਹਿੰਦੇ ਹਨ ਤਾਂ, ਇਹ ਗੱਲ, ਗੁਰੂ ਗ੍ਰੰਥ ਸਾਹਿਬ ਵਿੱਚ ਜ਼ਰੂਰ ਲਿਖੀ ਹੋਵੇਗੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖੀ ਗੱਲ ਕਦੇ ਗਲਤ ਨਹੀਂ ਹੋ ਸਕਦੀ। ਇਸ ਲਈ ਮੈਂ ਵੀ ਇਨ੍ਹਾਂ ਲਾਸ਼ਾਂ ਦੇ ਢੇਰ ਵਿਚ ਰਲ ਕੇ ਆਪ ਵੀ ਇਕ ਲਾਸ਼ ਹੀ ਹੋ ਜਾਵਾਂ। ਇਨ੍ਹਾਂ ਉਲੂਆਂ ਨਾਲ ਰਲਣ ਲਈ (ਜਿਨ੍ਹਾਂ ਵਿਚਾਰਿਆਂ ਨੂੰ, ਗਿਆਨ ਰੂਪੀ ਸੂਰਜ ਨਜ਼ਰ ਹੀ ਨਹੀਂ ਆ ਰਿਹਾ) ਮੈਂ ਵੀ ਅੱਖਾਂ ਮੀਟ ਲਵਾਂ, ਫਿਰ ਮੈਨੂੰ ਵੀ ਇਹ ਗਿਆਨ ਰੂਪੀ ਸੂਰਜ, ਵਿਖਾਈ ਨਹੀਂ ਦੇਵੇਗਾ।

ਪਰ ਕੀ ਕਰਾਂ? ਜ਼ੁਬਾਨ ਨੂੰ ਲੱਗੀ ਇਕ ਬੂੰਦ, ਕਬੀਰ ਜੀ ਦੀ ਉਹ ਹਾਲਤ ਮੇਰੇ ਸਾਮ੍ਹਣੇ ਲੈ ਆਉਂਦੀ ਹੈ, ਜਿਸ ਹਾਲਤ ਵਿਚ ਕਬੀਰ ਜੀ ਨੇ ਲਿਖਿਆ ਸੀ,

ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ॥ ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ॥181॥

ਜ਼ੁਬਾਨ ਨਾਲ ਲੱਗੀ ਇਕ ਬੂੰਦ, ਮੈਨੂੰ ਚੈਨ ਨਹੀਂ ਲੈਣ ਦਿੰਦੀ, ਨਾ ਤਾਂ ਮੈਨੂੰ ਮੁਰਦਾ ਹੀ ਹੋਣ ਦਿੰਦੀ ਹੈ, ਤੇ ਨਾ ਮੈਨੂੰ ਅੰਨ੍ਹਿਆਂ ਹੀ ਹੋਣ ਦਿੰਦੀ ਹੈ। ਫਿਰ ਸੋਚਦਾ ਹਾਂ, ਕਿ ਕੁਝ ਤਾਂ ਹੋਰ ਬੰਦੇ ਵੀ ਅਜਿਹੇ ਹੋਣਗੇ ਹੀ, ਜਿਨ੍ਹਾਂ ਨੇ ਇਸ ਬੂੰਦ ਦਾ ਸਵਾਦ ਵੇਖਣ ਦੀ ਗਲਤੀ ਕੀਤੀ ਹੋਵੇਗੀ? ਉਨ੍ਹਾਂ ਦੀ ਭਾਲ ਕਰਾਂ, ਉਨ੍ਹਾਂ ਨੂੰ ਲੱਭਾਂ, ਸ਼ਾਇਦ ਕੁਝ ਲੱਭ ਹੀ ਜਾਣ, ਅਤੇ ਮੇਰੇ ਜਿਉਣ ਲਈ ਵੀ, ਇੱਕ ਛੋਟੇ ਜਿਹੇ ਸਮਾਜ ਦੀ ਸਿਰਜਣਾ ਹੋ ਸਕੇ। ਸਿਆਣਿਆਂ ਦੇ ਕਹਿਣ ਅਨੁਸਾਰ, ਮਨੁੱਖ ਇਕ ਸਮਾਜਕ ਜਾਨਵਰ ਹੈ, ਮੈਂ ਵੀ ਇਕ ਨਰੋਲ ਜਾਨਵਰ ਤੋਂ, ਸਮਾਜਕ ਜਾਨਵਰ ਬਣ ਸਕਾਂ, ਰੱਬ ਅੱਗੇ ਅਰਦਾਸ ਕਰਦਾ
ਹਾਂ ਕਿ “ਹੇ ਪ੍ਰਭੂ ਮੈਨੂੰ ਵੀ ਅਜਿਹੇ ਸਮਾਜਕ ਜਾਨਵਰ ਮਿਲਾਅ, ਜਿਨ੍ਹਾਂ ਮਿਲਿਆਂ, ਤੇਰਾ ਨਾਮ ਚਿੱਤ ਆਵੇ”

ਅਮਰਜੀਤ ਸਿੰਘ ਚੰਦੀ
ਫੋਨ: 91 95685 41414


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top