Share on Facebook

Main News Page

ਵੇਲਾ ਆ ਗਇਆ ਹੈ ਕਿ, "ਸਕਤਰੇਤ" ਨਾਮ ਦੇ ਇਸ "ਨਾਜਾਇਜ ਕਮਰੇ" ਨੂੰ ਢਾਅ ਕੇ, ਇਥੇ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਂ ਦਿਤੀ ਜਾਵੇ

ਕੇਸਾਧਾਰੀ ਬ੍ਰਾਹਮਣਾਂ ਦੇ ਸਿਰਜੇ "ਸਕਤਰੇਤ" ਨਾਮ ਦੇ ਇਸ ਨਾਜਾਇਜ ਅਤੇ ਗੈਰ ਸਿਧਾਂਤਕ ਕਮਰੇ ਨੇ, ਪਿਛਲੇ ਦੋ ਦਹਾਕਿਆਂ ਤੋਂ ਸਿੱਖ ਕੌਮ ਵਿੱਚ ਜਿੰਨੇ ਵੱਡੇ ਭੰਬਲਭੂਸਿਆਂ ਨੂੰ ਜਨਮ ਦਿਤਾ ਅਤੇ ਢਾਅ ਲਾਈ ਹੈ, ਕਿ ਸ਼ਾਇਦ ਹੀ ਇੰਨੀ ਵਡੀ ਢਾਅ ਕੌਮ ਨੂੰ ਪਿਛਲੀਆਂ ਤਿਨ ਸਦੀਆਂ ਵਿੱਚ ਕਿਸੇ ਦੁਸ਼ਮਣ ਨੇ ਲਾਈ ਹੋਵੇ। ਕੇਸਾਧਾਰੀ ਬ੍ਰਾਹਮਣਾਂ ਦੀ ਬਣਾਈ ਇਹ "ਕਚਹਿਰੀ", ਅਕਾਲ ਤਖਤ ਦਾ ਲੇਟਰ ਪੇਡ ਵਰਤ ਕੇ, ਪੰਥ ਨੂੰ ਢਾਅ ਲਾਉਣ ਵਾਲੇ "ਕੂੜ ਨਾਮੇ" ਆਏ ਦਿਨ ਜਾਰੀ ਕਰਦੀ ਰਹਿੰਦੀ ਹੈ, ਤੇ ਅਕਾਲ ਤਖਤ ਦੇ ਸਤਿਕਾਰਤ ਅਦਾਰੇ ਦੇ ਸੰਨਮਾਨ ਅਤੇ ਸਰਵਉੱਚਤਾ ਨੂੰ ਕਲੰਕਿਤ ਕਰ ਰਹੀ ਹੈ।

ਪੰਥ ਦੇ ਮਹਾਨ ਪ੍ਰਚਾਰਕਾਂ ਅਤੇ ਪੰਥ ਦਰਦੀਆਂ ਨੂੰ "ਸਕਤਰੇਤ" ਨਾਮ ਦੇ ਇਸ "ਥਾਣੇ" ਵਿੱਚ ਬੁਲਾ ਕੇ ਉਨਾਂ ਦਾ ਦੋਸ਼ ਸ਼ਾਬਿਤ ਹੋਂਣ ਤੋਂ ਪਹਿਲਾਂ ਹੀ, ਉਨਾਂ ਦੀ ਜੁਬਾਨ ਕੱਟ ਦਿਤੀ ਜਾਂਦੀ ਹੈ। ਇਸ ਅੱਡੇ ਤੇ ਬਹਿ ਕੇ "ਪੰਚ ਜੁੰਡਲੀ" ਗੁਰਸਿੱਖਾਂ ਨਾਲ ਸੌਦੇ ਬਾਜੀਆਂ ਕਰਦੀ ਹੈ, ਜਿਥੇ ਸ਼ਬਦ ਗੁਰੂ ਦੀ ਹਜੂਰੀ ਵੀ ਨਹੀਂ ਹੈ। ਸੁਣਵਾਈ ਲਈ ਭੇਜੇ ਗਏ ਸੰਮਨ ਵਿੱਚ ਹੀ ਉਨ੍ਹਾਂ ਨੂੰ ਸਜਾ ਸੁਣਾ ਦਿੱਤੀ ਜਾਂਦੀ ਹੈ। ਐਸਾ "ਅੰਧਾ ਕਾਨੂੰਨ" ਦੁਨੀਆਂ ਦੇ ਕਿਸੇ ਮੁਲਕ ਵਿੱਚ, ਕਿਸੇ ਧਰਮ ਵਿੱਚ ਮੌਜੂਦ ਨਹੀਂ ਹੈ ਕਿ ਸੁਣਵਾਈ ਤੋਂ ਪਹਿਲਾਂ ਹੀ ਸਜਾ ਸੁਣਾ ਦਿਤੀ ਜਾਂਦੀ ਹੋਵੇ। ਪੰਥ ਦਰਦੀ ਪ੍ਰਚਾਰਕਾਂ ਅਤੇ ਕਥਾਕਾਰਾਂ ਦੇ ਪ੍ਰੋਗ੍ਰਾਮਾਂ ਤੇ ਇਸ ਸੰਮਨ ਵਿੱਚ ਹੀ ਪਾਬੰਦੀ ਲਾ ਕੇ, ਉਨ੍ਹਾਂ ਗੁਰਸਿੱਖਾਂ ਨੂੰ ਮਾਨਸਿਕ ਪੱਖੋਂ ਅਪਾਹਿਜ ਬਣਾ ਦਿਤਾ ਜਾਂਦਾ ਹੈ।

ਅਸੀਂ ਬਹੁਤ ਕੁੱਝ ਲਿਖ ਚੁਕੇ ਹਾਂ, ਬਹੁਤ ਕੁਝ ਕਹਿ ਚੁਕੇ ਹਾਂ। ਸਾਡੇ ਕੁੱਝ ਵਿਦਵਾਨਾਂ ਨੇ ਤਾਂ ਅਕਾਲ ਤਖਤ ਦੇ ਪਵਿੱਤਰ ਸਿਧਾਂਤ ਤੋਂ ਹੀ ਖਹਿੜਾ ਛੁੜਾ ਲੈਣ ਲਈ ਤੇ ਬਹੁਤ ਲੇਖ ਲਿਖ ਲਏ, ਤੇ ਚਰਚਾਵਾਂ ਤੇ ਬਹਿਸਾਂ ਰਚਾ ਲਈਆਂ ਨੇ, ਜੋ ਕੌਮ ਦੇ ਕਿਸੇ ਕੰਮ ਨਹੀਂ ਆ ਸਕੀਆਂ । ਸ਼ਬਦ ਗੁਰੂ ਦੇ ਮੌਜੂਦਾ ਸਰੂਪ ਤੇ ਵੀ ਬਹਿਸਾਂ ਕਰ ਲਈਆਂ, ਜੋ ਕੌਮ ਦਾ ਕੁਝ ਵੀ ਸਵਾਰ ਨਹੀਂ ਸਕੀਆਂ। ਲੇਖਕ ਅਤੇ ਵਿਦਵਾਨ ਥੋੜਾ ਉਨ੍ਹਾਂ ਮੁੱਦਿਆਂ ਵਲ ਵੀ ਅਪਣੀ ਕਲਮ ਰੂਪੀ ਖੜਗ ਨੂੰ ਚੁਕਣ, ਜੋ ਮੁੱਦੇ ਕੌਮ ਲਈ ਬਹੁਤ ਹੀ ਖਤਰਨਾਕ ਅਤੇ ਸਾਜਿਸ਼ ਦੇ ਅਧੀਨ ਸਾਡੇ ਸਾਮ੍ਹਣੇ ਖੜੇ ਕੀਤੇ ਜਾ ਚੁਕੇ ਹਨ।

ਹੁਣ ਵੇਲਾ ਆ ਗਇਆ ਹੈ, ਕਿ ਇਨ੍ਹਾਂ ਸਰਕਾਰੀ ਪੁਜਾਰੀਆਂ ਦੇ ਚਿੱਟੇ ਗੱਦੇ 'ਤੇ ਡੇਸਕਾਂ, (ਜਿਥੇ ਬਹਿ ਕਿ ਇਹ ਕੌਮ ਦੇ ਭਵਿੱਖ ਨੂੰ ਉਜਾੜ ਰਹੇ ਨੇ) ਚੁੱਕ ਕੇ ਇਸ ਕਮਰੇ ਤੋਂ ਬਾਹਰ ਸੁੱਟ ਦਿਤੇ ਜਾਣ, ਅਤੇ ਇਨਾਂ ਬੁਰਛਾਗਰਦਾਂ ਨੂੰ ਇਨ੍ਹਾਂ ਦੀ ਔਕਾਤ ਦੱਸ ਦਿੱਤੀ ਜਾਵੇ ਕਿ, ਇਨਾਂ ਨੂੰ ਪੰਥ ਨੇ ਤਖਤਾਂ ਦੇ ਪ੍ਰਬੰਧ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਲਈ ਤਨਖਾਹ 'ਤੇ ਰਖਿਆ ਹੈ, ਕੌਮ ਦੇ ਹਾਕਿਮ ਜਾਂ ਜੱਜ ਬਨਣ ਲਈ ਨਹੀਂ। ਇਨ੍ਹਾਂ ਦੀ ਡਿਉਟੀ ਅਕਾਲ ਤਖਤ ਦੀ ਸੇਵਾ ਸੰਭਾਲ ਹੈ, ਤੇ ਉਸ ਦੀ ਇਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ, ਨਾਂ ਕਿ ਕੌਮ ਦੇ ਅਹਿਮ ਫੈਸਲੇ ਕਰਨ ਲਈ, ਇਨ੍ਹਾਂ ਨੂੰ ਇਸ ਨੌਕਰੀ 'ਤੇ ਰਖਿਆ ਗਇਆ ਹੈ। ਕੌਮੀ ਫੈਸਲੇ ਕਰਨ ਲਈ ਪੰਥ ਕੋਲ ਇੱਕੋ ਇੱਕ ਸੰਸਥਾ ਮੌਜੂਦ ਅਤੇ ਪ੍ਰਵਾਣਿਤ ਹੈ, ਉਹ ਹੈ ਅਕਾਲ ਤਖਤ ਤੇ ਹਾਜਿਰ "ਸਰਬਤ ਖਾਲਸਾ"। ਇਹ ਪੰਜੇ, ਹੈਡ ਗ੍ਰੰਥੀ ਤਾਂ ਹੋ ਸਕਦੇ ਹਨ, ਗੁਰੂ ਦਾ ਰੂਪ ਨਹੀਂ, ਜੋ ਇਹ ਬਨਣ ਦੀ ਕੋਸ਼ਿਸ ਕਰ ਰਹੇ ਨੇ। ਗੁਰਸਿੱਖਾਂ ਉੱਤੇ ਸਿਰਫ ਤੇ ਸਿਰਫ ਇਕ ਕਾਨੂੰਨ ਅਤੇ ਇਕ ਆਦੇਸ਼ ਲਾਗੂ ਹੂੰਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਉਤੇ ਅਧਾਰਿਤ ਹੋਵੇ। ਇਨ੍ਹਾਂ ਦੇ ਕਿਸੇ ਨਿਜੀ ਹੁਕਮ ਨੂੰ ਗੁਰੂ ਦਾ ਇਕ ਸੱਚਾ ਸਿੱਖ ਕਦੀ ਵੀ ਮਾਨਤਾ ਨਹੀਂ ਦੇਵੇਗਾ। ਜੋ ਸਿੱਖ ਸ਼ਬਦ ਗੁਰੂ ਦੇ ਹੁਕਮ ਤੋਂ ਇਲਾਵਾ ਇਨ੍ਹਾਂ ਬੁਰਛਾਗਰਦਾਂ ਦਾ ਹੁਕਮ ਮੰਨਦਾ ਹੈ, ਉਹ ਸਿੱਖ ਹੀ ਨਹੀਂ ਹੋ ਸਕਦਾ।

ਸਾਡੀ ਕੌਮ ਦੀ ਇਹ ਤ੍ਰਾਸਦੀ ਹੈ, ਕਿ ਜੋ ਕੰਮ ਸਾਨੂੰ ਬਹੁਤ ਪਹਿਲਾਂ ਕਰ ਲੈਣੇ ਚਾਹੀਦੇ ਹਨ ਉਹ ਤਾਂ ਅਸੀਂ ਕਰਦੇ ਨਹੀਂ, ਤੇ ਜੋ ਕੰਮ ਬਹੁਤ ਜ਼ਰੂਰੀ ਨਹੀਂ ਹਨ ਉਨ੍ਹਾਂ ਲਈ ਬਹੁਤਾ ਹਾਲ ਪਾਰਿਆ ਪਾਂਦੇ ਰਹਿੰਦੇ ਹਾਂ। ਸਾਡੇ ਜੁਝਾਰੂ ਤੇ ਜਾਗਰੂਕ ਪੰਥ ਦਰਦੀਆਂ ਨੂੰ 1984 ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਉਣ ਲਈ, ਹੁਣ ਕਿਸੇ ਸੰਘਰਸ਼ ਕਰਨ ਦੀ ਕੋਈ ਜਰੂਰਤ ਨਹੀਂ ਹੈ, ਇਸ ਲਈ ਦਰਬਾਰ ਸਾਹਿਬ ਕਾਂਮਪਲੇਕਸ ਵਿੱਚ ਹੀ ਬਹੁਤ ਹੀ ਢੁਕਵੀ ਥਾਂ, ਇਸ ਕਾਰਜ ਲਈ ਮੌਜੂਦ ਹੈ। ਉਹ ਹੈ "ਸਕਤਰੇਤ" ਵਾਲੀ ਇਹ ਈਮਾਰਤ। ਇਸ ਸਕਤਰੇਤ ਵਾਲੇ ਕਮਰੇ ਦੀ ਨਾਂ ਤੇ ਸਿੱਖੀ ਵਿੱਚ ਕੋਈ ਮਾਨਤਾ ਹੈ ਅਤੇ ਨਾਂ ਹੀ ਇਸ ਦੀ ਕੋਈ ਜਰੂਰਤ ਹੀ ਸਿੱਖਾਂ ਨੂੰ ਹੈ। ਸਾਡੇ ਜਾਗਰੂਕ ਵੀਰ ਭਾਂਵੇ ਕਲ ਤੋਂ ਹੀ ਇਸ ਕਮਰੇ ਤੇ ਬੁਲਡੋਜਰ ਫੇਰ ਕੇ ਉਥੇ 1984 ਵਿੱਚ ਹੋਏ ਸ਼ਹੀਦਾਂ ਦੀ ਸ਼ਾਨਦਾਰ ਯਾਦਗਾਰ ਬਣਾਉਣ ਦਾ ਉਪਰਾਲਾ ਸ਼ੁਰੂ ਕਰ ਸਕਦੇ ਹਨ। ਇਸ ਵਿੱਚ ਕਿਸੇ ਵੀ ਪੰਥ ਦਰਦੀ ਨੂੰ ਕੋਈ ਇਤਰਾਜ ਨਹੀਂ ਹੋਣ ਲੱਗਾ, ਬਲਕਿ ਪੂਰੀ ਕੌਮ ਇਸ ਸ਼ੁਭ ਕਾਰਜ ਵਿੱਚ ਇਕ ਜੁਟ ਹੋ ਜਾਵੇਗੀ।

ਇਹ ਵਿਲਹੜ ਗ੍ਰੰਥੀ ਵੀ ਆਪੋ ਆਪਣੀ ਡਿਉਟੀ ਤੇ ਲਗ ਜਾਂਣਗੇ। ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਾਲੇ, ਸ਼ਸ਼ਤਰਾਂ ਦੀ ਪੂਜਾ ਕਰਣ ਵਾਲੇ ਅਤੇ ਬਕਰਾ ਝਟਕਾ ਕੇ ਉਸ ਦੇ ਖੂਨ ਦਾ ਤਿਲਕ ਗੁਰੂ ਗ੍ਰੰਥ ਸਾਹਿਬ ਨੂੰ ਲਾਉਣ ਵਾਲੇ ਪੁਜਾਰੀ ਨੂੰ ਵੀ ਮਹਾਰਾਸ਼ਟਰ ਤੋਂ ਆਏ ਦਿਨ ਅੰਮ੍ਰਿਤਸਰ ਨਹੀਂ ਆਉਣਾ ਪਵੇਗਾ। ਇਹ ਪੁਜਾਰੀ ਉਥੇ ਹੀ ਲੋਕਾਂ ਨੂੰ ਕੂੜ ਗ੍ਰੰਥ ਦੇ ਗੰਦ ਉਤੇ ਰੁਮਾਲਾ ਪਾ ਕੇ ਮੱਥੇ ਟਿਕਵਾਂਦਾ ਰਹੇਗਾ।

ਇੰਦਰਜੀਤ ਸਿੰਘ ਕਾਨਪੁਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top