Share on Facebook

Main News Page

ਆਉ ਸਿਰ ਜੋੜਕੇ ਪੰਥਕ ਮਸਲਿਆ ਦਾ ਹੱਲ ਲਭੀਏ

ਅਸੀਂ ਆਪਣੇ ਆਪ ਨੂੰ ਜਾਗਰੁਕ ਕਹਾਉਣ ਵਾਲੇ ਸਿੱਖ ਕਈ ਦਿਨਾਂ ਤੋਂ ਆਪਸ ਵਿੱਚ ਛੋਟੇ ਛੋਟੇ ਮੁਦਿੱਆਂ ਤੇ ਸਹਿਮਤੀ ਨਾਂ ਹੋਣ ਕਰਕੇ ਇੱਕ ਦੂਸਰੇ ਨੂੰ ਮਾੜੇ ਤੋਂ ਮਾੜਾ ਦਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਾਂ, ਜਦਕਿ ਇਹੀ ਜ਼ੋਰ ਗੁਰਮਤਿ ਵਿਰੋਧੀ ਲਾਬੀ ਨੂੰ ਖ਼ਤਮ ਕਰਨ ਵਾਸਤੇ ਲਾਉਣਾ ਬਹੁਤ ਲਾਹੇਵੰਦ ਹੋਣਾਂ ਸੀ। ਜੇ ਥੋੜਾ ਜਿਹਾ ਠਰੰਮੇਂ ਨਾਲ ਦੇਖੀਏ ਤਾਂ ਮੁੱਦਾ ਕੁੱਝ ਵੀ ਨਹੀਂ। ਅਸੀਂ ਅੱਜ ਸਿਰਫ ਇੱਕ ਇਸ ਗਲ ਤੇ ਝਗੜਕੇ ਬਿਦਾਵੇ ਲਿਖਣੇ ਸ਼ੂਰੂ ਕਰ ਦਿਤੇ ਨੇਂ ਕਿ ਪ੍ਰੋ: ਧੂੰਦਾ ਹੋਰੀਂ ਕਿਸ ਜਗ੍ਹਾ ਤੇ ਬੈਠਕੇ ਆਪਣਾ ਸਪਸ਼ਟੀਕਰਨ ਦੇਣ? ਇਸ ਲਈ ਆਪੋ ਆਪਣੀਆਂ ਸਲਾਹਾਂ ਜਨਤੱਕ ਤੌਰ ਤੇ ਦੇਣ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਹੈ, ਕਿ ਇਹ ਫ਼ੈਸਲਾ ਖ਼ੁਦ ਪ੍ਰੋ: ਧੂੰਦਾ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਾਲੇ ਵੀਰਾਂ ਨਾਲ ਬੈਠਕੇ ਗੁਰਬਾਣੀ ਦੀ ਸੇਧ ਤੋਂ ਕਰ ਲੈਣ ਦਿਉ। ਉਸ ਦੇ ਲਈ ਦੋ ਕਾਰਨ ਨੇ।

ਪਹਿਲਾਂ ਤਾਂ ਇਹ ਕਿ ਇਹ ਫ਼ੈਸਲਾ ਪ੍ਰੋ: ਧੂੰਦਾ ਦੇ ਨਿੱਜੀ ਜੀਵਨ ਨਾਲ ਸਬੰਧਤ ਹੈ, ਕਿਉਂਕਿ ਉਹਨਾਂ ਦਾ ਲਇਆ ਹੋਇਆ ਕੋਈ ਵੀ ਫ਼ੈਸਲਾ ਉਹਨਾਂ ਦੇ ਬਾਕੀ ਜੀਵਨ ਤੇ ਆਪਣੀ ਛਾਪ ਜ਼ਰੂਰ ਛੱਡੇਗਾ।

ਦੂਸਰਾ ਇਹ ਕਿ ਜੇ ਕਿਸੇ ਵੀ ਵੀਰ ਨੂੰ ਉਹਨਾਂ ਦੁਆਰਾ ਕੀਤਾ 25 ਜਨਵਰੀ ਦਾ ਫ਼ੈਸਲਾ ਪਸੰਦ ਨਾਂ ਲੱਗਾ, ਤਾਂ ਉਹ ਆਪਣੇ ਵੀਚਾਰ ਉਹਨਾਂ ਨੂੰ ਫ਼ੋਨ ਜਾਂ ਈਮੇਲ ਰਾਹੀਂ ਦੱਸ ਸਕਦੇ ਨੇ, ਅਤੇ ਨਾ ਸਹਿਮਤੀ ਹੋਣ ਕਰਕੇ ਜੇ ਚਾਹੁਣ ਤਾਂ ਆਪਣਾ ਵਖਰਾ ਰਾਹ ਚੁਣ ਸਕਦੇ ਨੇ।ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਸਾਰੇ ਬੁਧੀਜੀਵੀ ਆਪਣੇ ਵੀਚਾਰ ਉਹਨਾਂ ਨੂੰ ਜਨਤੱਕ ਕਰਕੇ ਹੀ ਪਹੁੰਚਦੇ ਕਰੀਏ।

ਧਿਆਨਯੋਗ ਹੈ ਕਿ ਇਹੋ ਜਿਹੀ ਮਿਲਦੀ ਜੁਲਦੀ ਸਲਾਹ ਕੁੱਝ ਦਿਨ ਪਹਿਲਾਂ ਖ਼ਾਲਸਾ ਨਿਊਜ਼ ਵਾਲੇ ਸੇਵਾਦਾਰ ਵੀਰਾਂ ਨੇਂ ਵੀ ਦਿੱਤੀ ਸੀ।

ਸੋੱਚਣ ਵਾਲੀ ਗੱਲ ਹੈ ਕਿ ਜੇ ਅੱਜ ਸਾਨੂੰ ਬਿਨਾਂ ਪੁਛਿੱਆਂ ਕੋਈ ਸਲਾਹ ਦੇਣ ਲੱਗ ਪਏ, ਤਾਂ ਅਸੀਂ ਉਸ ਨੂੰ ਦੁਬਾਰਾ ਮਿਲਣ ਤੋਂ ਵੀ ਕਨ੍ਹੀਂ ਕਤਰਾਂਉਂਦੇ ਹਾਂ, ਪਰ ਫਿਰ ਵੀ ਪਤਾਂ ਨਹੀਂ ਕਿਉਂ ਅਸੀਂ ਪੰਥਕ ਹਿੱਤਾਂ ਲਈ ਇੱਕਸਾਰਤਾ ਦੀ ਸੋਚ ਬਨਾਉਣ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਨਿੱਜੀ ਸਟੈਂਡ ਨੂੰ ਜ਼ਿਆਦਾ ਮਹਤੱਤਾ ਦੇ ਰਹੇ ਹਾਂ।

ਸਾਡੇ ਸਾਹਮਣੇ ਸਾਧ ਲਾਣੇ ਦੀ ਆਰਥਿਕਤਾ ਦਾ ਸੋਮਾ, ਬਾਹਰਲੇ ਬੈਠੇ ਸਿੱਖ ਪਰਵਾਰਾਂ ਨੂੰ ਜਾਗਰੂਕ ਕਰਕੇ ਉਹਨਾਂ ਦਾ ਦਸਵੰਧ ਕੌਮ ਦੀ ਨਵੀਂ ਪੀੜ੍ਹੀ ਨੂੰ ਸੰਸਾਰਕ ਅਤੇ ਧਾਰਮਿਕ ਵਿਦਿਆ ਦੇ ਕੇ ਸੰਸਾਰ ਵਿੱਚ ਸਿੱਖੀ ਦਾ ਪ੍ਰਸਾਰ ਕਰਨਾਂ ਸਭ ਤੋਂ ਵੱਧ ਧਿਆਨ ਮੰਗਦਾ ਹੈ, ਪਰ ਅਸੀਂ ਪ੍ਰੋ: ਧੂੰਦਾ ਕਿਸ ਜਗ੍ਹਾ ਤੇ ਬੈਠਕੇ ਅਖੌਤੀ ਜਥੇਦਾਰਾਂ ਨਾਲ ਵੀਚਾਰ ਕਰਨ ਨੂੰ ਹੀ ਪਹਾੜ ਜਿੱਡਾ ਮਸਲਾ ਬਣਾਈ ਬੈਠੇ ਹਾਂ।

ਅੱਜ ਪੰਜਾਬ ਵਿੱਚ ਕੋਈ ਵਿਰਲਾ ਹੀ ਪਿੰਡ ਜਾਂ ਕਸਬਾ ਹੋਣਾਂ ਹੈ ਜਿੱਥੋਂ ਅੱਠ ਦਸ ਪਰਿਵਾਰ ਬਾਹਰ ਕਿਸੇ ਮੁਲਕ ਵਿੱਚ ਨਹੀਂ ਰਹਿ ਰਹੇ, ਅਤੇ ਜੇ ਉਹ ਸਾਰੇ ਹੀ ਇੱਕਠੇ ਹੋ ਕੇ ਇੱਕਲੇ ਆਪਣੇ ਹੀ ਪਿੰਡ ਨੂੰ ਸਾਂਭਣ ਦਾ ਉਪਰਾਲਾ ਕਰਨ, ਤਾਂ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ। ਆਪਣੇ ਪਿੰਡ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ (GGMC) ਵਾਲਿਆਂ ਵਲੋਂ ਇੱਕ ਧਰਮ ਪ੍ਰਚਾਰ ਕੇਂਦਰ ਦਾ ਪ੍ਰਬੰਧ ਸਿਰਫ $2500 ਡਾਲਰ ਸਲਾਨਾ ਵਿੱਚ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸ ਪਿੰਡ ਵਿੱਚ ਇੱਕ ਪੱਕੇ ਤੌਰ ਤੇ GGMC ਤੋਂ ਗਰੈਜੁਐਟ ਹੋਇਆ ਪ੍ਰਚਾਰਕ, ਧਾਰਮਿਕ ਅਤੇ ਸਮਾਜਿਕ ਵਿਦਿਆ ਦੇ ਸਕਦਾ ਹੈ, ਅਤੇ ਜੇ ਹਰ ਇੱਕ ਪਿੰਡ ਦੇ ਪੰਜ NRI ਪਰਿਵਾਰ ਇਕੱਠੇ ਹੋ ਕੇ ਸਿਰਫ $500 ਡਾਲਰ ਸਲਾਨਾ ਪ੍ਰਤੀ ਪਰਿਵਾਰ (ਡੇਢ ਡਾਲਰ ਪ੍ਰਤੀ ਦਿਨ) ਦਾ ਉਪਰਾਲਾ ਕਰਨ ਤਾਂ 17,000 ਧਾਰਮਿਕ ਗਰੈਜੁਐਟਾਂ ਨੂੰ ਰੁਜ਼ਗਾਰ ਮਿਲੇਗਾ, ਅਤੇ ਇੱਕ ਦੋ ਸਾਲਾਂ ਵਿੱਚ ਅੱਧੇ ਤੋਂ ਵੱਧ ਡੇਰੇ ਬੰਦ ਹੋ ਜਾਣਗੇ ਜਾਂ ਹੋਣ ਦੇ ਕਿਨਾਰੇ ਹੋਣਗੇ। ਨਾਲੇ ਇਹ ਖ਼ਰਚਾ ਕੋਈ ਵਖਰੇ ਤੌਰ ਤੇ ਜੇਭ ਵਿੱਚੋਂ ਕਰਨ ਦੀ ਲੋੜ ਨਹੀਂ, ਸਿਰਫ ਅਖੰਡ ਪਾਠ ਵਰਗੇ ਕਰਮ ਕਾਂਡਾਂ ਤੇ ਜ਼ਾਇਆ ਕੀਤੇ ਜਾਂਦੇ ਪੈਸੇ ਨੂੰ ਬਰਬਾਦੀ ਵਾਲੇ ਪਾਸਿਉਂ ਰੋਕ ਕੇ ਸਾਰਥਿਕ ਕੰਮਾਂ ਵਿੱਚ ਲਾਉਣ ਦੀ ਹੀ ਲੋੜ ਹੈ।

ਕੌਣ ਸਮਝਾਵੇ ਇਹਨਾਂ ਪੰਥਕ ਅਤੇ ਸਭ ਕੁਝ ਜਾਨੀ ਜਾਨ ਵਿਦਵਾਨਾਂ ਨੂੰ, ਕਿ ਵੀਰੋ ਆਪਣੇ ਸੁਝਾਵਾਂ ਦਾ ਪ੍ਰਵਾਹ ਇੱਧਰ ਜ਼ਿਆਦਾ ਰੱਖੀਏ ਤਾਂ ਅੱਜ ਦੀ ਉੱਭਰ ਰਹੀ ਪੰਥਕ ਜਾਗ੍ਰਤੀ ਲਹਿਰ ਨੂੰ ਟੋਟੇ ਹੋਣ ਤੋਂ ਬਚਾਕੇ ਸਗੋਂ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।

ਲਿੱਖਣ ਨੂੰ ਤਾਂ ਮੈਂ ਵੀ ਹੋਰ ਵਿਦਵਤਾ ਜਤਾਂਉਂਦਾ ਅਤੇ ਮੇਹਣੇ ਭਰਿਆ ਲੇਖ ਲਿਖ ਕੇ ਬੈਠਾ ਸਾਂ, ਪਰ ਦੂਸਰੇ ਮੁਲਕਾਂ ਤੋਂ ਆਏ ਫੋਨਾਂ ਰਾਂਹੀਂ ਸਿੱਖੀ ਦਾ ਦਰਦ ਪ੍ਰਗਟ ਕਰਕੇ, ਮੈਨੂੰ ਇਸ ਦਾ ਅਹਿਸਾਸ ਕਰਾਉਣ ਵਾਲੇ ਸਿੱਖਾਂ ਦੀ ਹੂਕ ਨੇਂ ਅਗੇ ਤੁਰਨੋਂ ਰੋਕ ਦਿੱਤਾ।

ਇਸ ਲਈ ਪੰਥ ਦੇ ਮੋਢੀ ਬਣ ਚੁੱਕੇ ਜਾਂ ਬਣਨ ਦੀ ਖ਼ੁਆਸ਼ ਰੱਖਣ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਹੈ, ਕਿ ਪੰਥ ਵਲੋਂ ਦਿੱਤੇ ਸਤਿਕਾਰ ਨੂੰ ਨਿੱਜੀ ਜਇਦਾਦ ਨਾਂ ਸਮਝੋ, ਇਹ ਪੰਥਕ ਸਤਿਕਾਰ ਬਹੁਤ ਵੱਡੀ ਜ਼ਿਮੇਵਾਰੀ ਨਾਲ ਹੀ ਮਿਲਦਾ ਹੈ, ਬੱਸ ਲੋੜ ਹੈ ਆਪਣੀ ਜ਼ਿਮੇਵਾਰੀ ਨੂੰ ਪਛਾਨਣ ਦੀ ਅਤੇ ਉਹ ਵੀ ਪੰਥਕ ਹਿੱਤਾਂ ਨੂੰ ਮੁੱਖ ਰੱਖਕੇ। ਆਪਣੇ ਨਿੱਜੀ ਵੀਚਾਰਾਂ ਨੂੰ ਲਾਂਭੇ ਰੱਖਕੇ, ਫਿਰ ਉਸ ਪੰਥਕ ਲਹਿਰ ਨੂੰ ਸਮਰਪਿਤ ਹੋਈਏ ਅਤੇ ਕਿਸੇ ਤੇ ਵੀ ਜਨਤਕ ਤੌਰ ਤੇ ਨਿੱਜੀ ਦੂਸ਼ਣ ਲਾਉਣ ਤੋਂ ਗੁਰੇਜ਼ ਕਰਕੇ, ਆਪਣੇ ਸਿੱਖ ਹੋਣ ਦਾ ਸਬੂਤ ਦੇਈਏ। ਗੁਰੂ ਭਲੀ ਕਰੇਗਾ ਅਤੇ ਪੰਥਕ ਵਿਦਵਾਨਾਂ ਵੱਲ ਸੇਧ ਲੈਣ ਲਈ ਤੱਕ ਰਹੇ ਜਨ ਸਧਾਰਨ ਨੂੰ ਵੀ ਹੌਂਸਲਾ ਮਿਲੇਗਾ।

ਪਾਲ ਸਿੰਘ ਐਡਮਿੰਟਨ

Edmonton, Canada, PaulSinghGrewal@Gmail.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top