Share on Facebook

Main News Page

ਚੌਧਰ ਦੀ ਭੁੱਖ ਨੇ ਲਈ ਇੱਕ ਹੋਰ ਲਹਿਰ ਦੀ ਜਾਨ

ਜਦੋਂ ਕੋਈ ਨਵੀਂ ਲਹਿਰ ਉਠਦੀ ਹੈ ਤਾਂ ਆਮ ਤੌਰ ਤੇ ਤਿੰਨ ਤਰ੍ਹਾਂ ਦੇ ਲੋਕ ਸਪਸ਼ਟ ਤੌਰ ਤੇ  ਸਾਹਮਣੇ ਅਉਂਦੇ ਨੇ ਇੱਕ ਝੱਟਪੱਟ ਵਿਰੋਧ ਵਾਲੇ ,  ਦੂਜੇ ਤੁਰੰਤ ਹੱਕ ‘ਚ ਹੋਕਾ ਦੇਣ ਵਾਲੇ ਤੇ ਤੀਜੇ ਜੋ ਕੁਝ ਸਮਾਂ ਵਿਚਾਰ ਕੇ ਫੈਸਲਾ ਕਰਦੇ ਨੇ ਕਿ ਕੀ ਠੀਕ ਤੇ ਕੀ ਗਲਤ ਹੈ ਭਾਵ ਸਹਿਜ ਮਾਰਗ ਵਾਲੇ। ਪਰ ਪਹਿਲੀਆਂ ਦੋ ਧਿਰਾਂ ਵਿੱਚੋਂ ਕੁਝ ਅਜਿਹੇ ਵੀ ਹੁੰਦੇ ਨੇ ਜੋ ਜਿੱਧਰ ਦੀ ਹਵਾ ਭਾਰੀ ਹੁੰਦੀ ਹੈ ਉਸ ਦਿਸ਼ਾ ਨੂੰ ਮੁੱਖ ਧਾਰਾ ਬਣਾ ਕੇ ਪੇਸ਼ ਕਰਦੇ ਹਨ ਤੇ ਅਜਿਹੇ ਲੋਕ ਹਮੇਸ਼ਾਂ ਲਹਿਰ ਨੂੰ ਗਲਤ ਦਿਸ਼ਾ ਵੱਲ ਧੱਕ ਤੁਰਦੇ ਨੇ।

ਕਹਿੰਦੇ ਨੇ ਗਿੱਦੜਾਂ ਨੇ ਏਕਾ ਕਰ ਕੇ ਸ਼ੇਰ ਮਾਰ ਮੁਕਾਇਆ ਤੇ ਜੰਗਲ਼ ਵਿੱਚ ‘ਗਿੱਦੜ ਰਾਜ’ ਦੇ ਡੰਕੇ ਵੱਜਣ ਲੱਗੇ। ਸਰਦਾਰੀ ਦੇ ਨਸ਼ੇ ਵਿੱਚ ਬਾਕੀ ਜਾਨਵਰਾਂ ਦਾ ਵਾਢਾ ਧਰ ਲਿਆ ਮਹੀਨੇ ਕੁ ਵਿੱਚ ਸਾਰੇ ਜਾਨਵਰ ਤੜਕ ਲਏ। ਜਦ ਭੁੱਖੇ ਮਰਨ ਲੱਗੇ ਫਿਰ ਦੇਖਣ ਆਸੇ ਪਾਸੇ ਕਿ ਹੁਣ ਕੀ ਕੀਤਾ ਜਾਵੇ ਤਾਂ ਸਿਆਣੇ ਗਿੱਦੜਾਂ ਨੇ ਸਰਬਸੰਤੀ ਨਾਲ ਇਹ ਫੈਸਲਾ ਕੀਤਾ ਕਿ ਹੁਣ ਉਸਦੀ ਵਾਰੀ ਹੈ ਜੋ ਆਪਣੇ ਵਿੱਚੋਂ ਸਭ ਤੋਂ ਮਾੜਾ ਹੈ।

ਕੁਝ ਅਜਿਹਾ ਹੀ ਹਾਲ ਅੱਜ ਕੱਲ੍ਹ ਦੇ ਸਿੱਖਾਂ (ਸਮੇਤ ਵਿਦਵਾਨਾਂ) ਦਾ ਹੈ। ਜਦੋਂ ਕੋਈ ਬਾਹਰਲਾ ਇਹਨਾਂ ਤੋਂ ਬੇਇੱਜਤੀ ਕਰਵਾਉਣ ਤੋਂ ਸਾਫ ਇਨਕਾਰ ਕਰ ਦੇਵੇ ਤਾਂ ਫਿਰ ਇਹ, ਦੂਜੇ ਸਿੱਖ ਜਾਂ ਵਿਦਵਾਨ ਦੀ ਸ਼ਾਹਰਗ ਨੂੰ ਅਜਿਹਾ ਵਲ਼ ਪਉਣਗੇ ਕਿ ਉਹ ਵਿਚਾਰਾ ਨਾ ਜਿਉਂਦਿਆਂ ਵਿੱਚ ਨਾ ਮੋਇਆਂ ਵਿੱਚ।

ਸਿੱਖ ਧਰਮ ਵਿੱਚ ਬਹੁਤ ਥੋੜੇ ਪਰਚਾਰਕ ਤੇ ਲੇਖਕ  ਹਨ ਜੋ ਹਿੱਕ ਥਾਪੜ ਕੇ ਸੱਚ ਦੀ ਗੱਲ ਕਰਦੇ ਤੇ ਲਿਖਦੇ ਨੇ ਤੇ ਅਖੀਰ ਤੇ ਉਹਨਾਂ ਦੀ ਅਜਿਹੀ ਦੁਰਗਤੀ ਹੁੰਦੀ ਹੈ ਉਹਨਾਂ ਦੀਆਂ ਸੱਤ ਪੀੜ੍ਹੀਆਂ ਪਰਚਾਰਕ ਜਾਂ ਲੇਖਕ ਬਣਨ ਤੋਂ ਤੋਬਾ ਕਰ ਲੈਦੀਆਂ ਨੇ।

ਅੱਜ ਜੇ ਇਤਿਹਾਸ ਲਿਖਣ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਜੋ ਕੰਮ ਬਹੁਤ ਦਹਾਕਿਆਂ ਪਿੱਛੋ ਕਿਸੇ ਲੇਖਕ ਨੇ ਕੀਤਾ ਹੈ ਉਸ ਸਤਿਕਾਰਯੋਗ ਹਸਤੀ ਦਾ ਨਾਂ ਹੈ ਹਰਜਿੰਦਰ ਸਿੰਘ ਦਿਲਗੀਰ ਅਤੇ ਜੇ ਕੋਈ ਸੇਜ ਉੱਤੇ ਨਿਧੜਕ ਹੋ ਕੇ ਬਹੁਤ ਦੇਰ ਬਾਅਦ ਬੋਲਿਆ ਹੈ, ਤਾਂ ਉਹ ਹੈ ਸਰਬਜੀਤ ਸਿੰਘ ਧੂੰਦਾ। ਪਰਚਾਰਕ ਅਤੇ ਲੇਖਕ ਇੱਕ ਦੂਜੇ ਦੇ ਪੂਰਕ ਹੁੰਦੇ ਨੇ । ਜਿੱਥੋਂ ਤੱਕ ਲੇਖਕ ਦੀ ਜਿੰਵੇਵਾਰੀ ਹੈ ਕਿ ਉਸ ਨੇ ਆਪਣੇ ਜੀਵਨ ਦੇ ਹਰ ਪਲ ਨੂੰ ਖੋਜ ਦੇ ਲੇਖੇ ਲਉਣਾ ਉਥੇ ਪਰਚਾਰਕ ਦਾ ਫਰਜ਼ ਹੈ ਉਸ ਲੇਖਣੀ ਤੋਂ ਸੇਧ ਲੈ ਕੇ ਲੇਖਕ ਦੀ ਗੱਲ ਨੂੰ ਆਮ ਲੋਕਾਂ ਤੱਕ ਪਹੁੰਚਾਣਾ ਕਿਉਕਿ ਜਿੱਥੋਂ ਤੱਕ ਕਿਤਾਬ ਦਾ ਸਬੰਧ ਹੈ ਉਸ ਲਈ ਜਿੰਨੀ ਮਿਹਨਤ ਚਾਹੀਦੀ ਹੈ ਉਹ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਕੋਈ ਵਿਰਲਾ ਹੀ ਨਿੱਤਰਦਾ ਹੈ। ਲੇਖਕ , ਕਿਤਾਬ ਲਿਖਣ ਤੋਂ  ਰਿਲੀਜ਼ ਹੋਣ ਤੱਕ ਇਕੱਲਾ ਹੀ ਸਾਰਾ ਦੁੱਖ ਦਰਦ ਤਨ ਮਨ ਤੇ ਸਹੇੜਦਾ ਹੈ।

ਬਹੁਤ ਵਾਰ ਕੀ ਠੀਕ ਕੀ ਗਲਤ ਦੇ ਸਵਾਲ ਉੱਤੇ ਲੇਖਕ ਦੀ ਅੰਦਰਲੀ ਉੱਥਲ-ਪੁੱਥਲ ਮਹੀਨਿਆਂ ਬੱਧੀ ਉਸਦੀ ਮਾਨਸਿਕ ਸਥਿਤੀ ਨੂੰ ਡਾਵਾਂਡੋਲ ਰਖਦੀ ਹੋਵੇਗੀ ਪਰ ਕਿਤਾਬ ਪੜ੍ਹਨ ਵਾਲਾ ਅਸਮਝ ਵਿਅਕਤੀ ਇਸ ਲਈ  ਉਸ ਦੀ ਮਿਹਨਤ ਤੇ ਪਾਣੀ ਫੇਰਨ ਦੀ ਕੋਸ਼ਿਸ਼ ਕਰਦਾ ਹੈ ਕਿਉਕਿ ਉਸ ਲੇਖਕ ਦੀ ਸੋਚ ਅਸਮਝ ਜਾਂ ਕਿਸੇ ਖਾਸ ਸੰਸਥਾ ਨਾਲ਼ ਸਮਝੌਤਾ ਕਰਨ ਤੋਂ ਸਾਫ ਇਨਕਾਰ ਕਰਦੀ ਹੈ , ਇਹ ਸਥਿਤੀ ਸਤਿਕਾਰਯੋਗ ਦਿਲਗੀਰ ਜੀ ਨਾਲ਼ ਵਾਪਰੀ ਹੈ ਕਿ ਉਹਨਾਂ ਨੇ ਜੋ ਮਿਹਨਤ ਸਿੱਖ ਇਤਹਾਸ ਨੂੰ ਲਿਖਣ ਲਈ ਕੀਤੀ ਹੈ ਉਸ ਨੂੰ ਅੱਖੋ ਉਹਲੇ ਕਰ ਕੇ ਮਾੜੀ ਜਿਹੀ ਗੱਲ ਤੇ ਉਹ ਲੋਕ ਉਹਨਾਂ ਦੇ ਜੀਵਨ ਤੇ ਚਿੱਕੜ ਉਛਾਲਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਗੂਗਲ ਟਰਾਂਲਿਟਰੇਸ਼ਨ ਦੀ ਵੈਸਾਖੀ ਨਾਲ਼ ਦੋ ਅੱਖਰ ਲਿਖਣ ਦੇ ਯੋਗ ਹੋਏ ਨੇ। ਖੈਰ....... ਰਿਲੀਜ਼ ਸਮਾਰੋਹ ਵਿੱਚ ਵੀ ਗਿਣਵੇਂ ਚੁਣਵੇ ਲੋਕਾਂ ਦੀ ਪਹੁੰਚ ਹੁੰਦੀ ਹੈ ਆਮ ਤੌਰ ਤੇ ਅਜਿਹੇ ਸਮਾਗਮਾਂ ਉੱਤੇ ਖਾਸ ਖਾਸ ਪ੍ਰਭਿਤਾਵਾਨ ਸ਼ਖਸ਼ੀਅਤਾਂ ਹੀ ਸਮਾਰੋਹ ਨੂੰ ਚਾਰ ਚੰਨ ਲਉਂਦੀਆਂ ਨੇ। ਕਿਤਾਬ ਦੇ ਬਜ਼ਾਰ ਵਿੱਚ ਅਉਣ ਤੇ ਪਹਿਲੀ ਗੱਲ ਤਾਂ ਪਾਠਕ ਕਿਤਾਬਾਂ ਦੀ ਦੁਕਾਨ ਤੋਂ ਇਸ ਤਰ੍ਹਾਂ ਮੂੰਹ ਵੱਟ ਕੇ ਲੰਘਦੇ ਨੇ ਜਿਵੇਂ ਸ਼ਾਹ ਤੋਂ ਕਰਜਾ ਲੈਣ ਵਾਲਾ ਗਰੀਬ ਕਿਸਾਨ ਖੁਦਕੁਸ਼ੀ ਕਰਨ ਚੱਲਿਆ ਹੋਵੇ ਤੇ ਜੇ ਕੋਈ ਭੁੱਲ ਭੁਲੇਖੇ ਦੁਕਾਨ ਵਿੱਚ ਵੜ ਵੀ ਜਾਵੇ ਉਹ ਕਿਤਾਬ ਦਾ ਮੁੱਲ ਦੇਖ ਕੇ ਹਿਸਾਬ ਲਉਣ ਲਗਦਾ ਹੈ ਕਿ ਇੰਨੇ ਪੈਸਿਆਂ ਵਿੱਚ ਤਾਂ ਚਾਰ ਮਹੀਨੇ ਬੇਬੇ ਦੀ ਦਮੇ ਦੀ ਦੇਸੀ ਦਵਾਈ ਆ ਸਕਦੀ ਹੈ। ਗੱਲ ਕੀ ਕਿਤਾਬ ਲਾਇਬ੍ਰੇਰੀਆਂ ਜਾਂ ਉਹਨਾਂ ਵਿਦਵਾਨਾ ਦੀ ਅਲਮਾਰੀ ਦਾ ਸ਼ਿੰਗਾਰ ਜੋ ਉਸ ਕਿਤਾਬ ‘ਚੋਂ ਕੁਝ ਪਹਿਰਿਆਂ ਨੂੰ ਅਦਲ ਬਦਲ ਕੇ ਆਪਣੇ ਲੇਖਕ ਹੋਣ ਦਾ ਦਾਅਵਾ ਕਰਦੇ ਕਰਦੇ ਇਸ ਭੁਲੇਖੇ ਵਿੱਚ ਹੀ ਪ੍ਰਾਣ ਤਿਆਗ ਦਿੰਦੇ ਨੇ ਕਿ ਉਹ ਇਤਿਹਾਸ ਨਾਂ ਦੀ ਬਿਮਾਰੀ ਦੇ ਇਕਲੌਤੇ ਸਪੈਸ਼ਲਿਸ਼ਟ ਨੇ।

ਦੂਜੇ ਨੰਬਰ ਤੇ ਪਰਚਾਰਕ ਅਉੰਦਾ ਹੈ ਜੋ ਇਹਨਾਂ ਕਿਤਾਬਾਂ ਨੂੰ ਪੜ੍ਹ ਪੜ੍ਹ ਗਿਆਨ ਇਕੱਠਾ ਕਰਦਾ ਹੈ। ਜੇ ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਪ੍ਰਚਾਰਕ,  ਲੇਖਕ ਦਾ ਕਰਜ਼ਦਾਰ ਹੈ ਤਾਂ ਗਲਤ ਨਹੀਂ ਹੋਵੇਗਾ । ਪੰਜਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ, ਉਸ ਨਾਲੋਂ ਮਹਾਨ ਕਿਹੜੀ ਲੇਖਣੀ ਹੋ ਸਕਦੀ ਹੈ ਉਸ ਸਮੇਂ  ਗੁਰੂ ਗ੍ਰੰਥ ਸਾਹਿਬ ਦੀ ਬੀੜ  ਤੱਕ ਆਮ ਲੋਕਾਂ ਦੀ ਪਹੁੰਚ ਨਹੀਂ ਸੀ ਪਰ  ਪਰਚਾਰਕਾਂ ਨੇ  ਬਾਣੀ ਦੇ ਸਿਧਾਂਤ ਨੂੰ ਬਾਣੀ ਨੂੰ ਆਮ ਲੋਕਾਂ ਤੱਕ ਪਹੁੰਚਾਇਆ। ਇਸ ਲਈ ਜਿੱਥੇ ਕਿਤਾਬ ਲੋਕਾਂ ਤੱਕ ਆਪ ਪੁਜਦੀ ਕਰਨੀ ਪੈਂਦੀ ਹੈ ਉੱਥੇ  ਇਹ ਫਰਕ ਹੈ ਕਿ ਲੋਕ (ਭਾਵੇ ਅੰਨ੍ਹੀ ਸਰਧਾ ਵੱਸ ਜਾਂ ਪਰਚਾਰਕ ਦੇ ਨਾਂ ਨੂੰ ਸੁਣ ਕੇ ਜਾਂ ਜੱਗ ਦੇਖਾਈ ਕਰਕੇ) ਆਪ ਚੱਲਕੇ ਪਰਚਾਰਕ ਤੱਕ ਪਹੁੰਚਦੇ ਨੇ ਤੇ ਪਰਚਾਰਕ ਆਪਣੀ ਕਥਾ ਰਾਹੀਂ ਜਦੋਂ ਪੜ੍ਹੀਆਂ ਕਿਤਾਬਾਂ ਦੇ ਹਵਾਲੇ ਦਿੰਦਾ ਹੈ ਤਾਂ ਉਹਨਾਂ ਕਿਤਾਬਾਂ ਨੂੰ ਪੜ੍ਹਨ ਦੀ ਉਤਸੁਕਤਾ ਸਰੋਤੇ ਦੇ ਮਨ ਵਿੱਚ ਕਿਤੇ ਨਾ ਕਿਤੇ ਜਰੂਰ ਉਠਦੀ ਹੈ।

ਕਿਤਾਬ ਲਿਖਣ ਤੋਂ ਬਾਅਦ ਪ੍ਰਕਾਸ਼ਕ ਦੀ ਜਿੰਵੇਦਾਰੀ ਹੈ, ਛਾਪਣਾ, ਵੇਚਣਾ। ਜਿੱਥੋਂ ਤੱਕ ਕਿਤਾਬ ਦੀ ਅਲੋਚਨਾ ਦਾ ਸਬੰਧ ਹੈ ਅਲੋਚਨਾ ਸਮੇ ਲੇਖਕ ਕੁਛ ਹੱਦ ਤੱਕ ਸੁਰੱਖਿਅਤ ਹੁੰਦਾ ਹੈ ਭਾਵੇ ਕਿ ਅੱਜ ਕੱਲ੍ਹ ਕੁਝ ਸਿਰਫਿਰੇ ਲੋਕ ਸਿਧਾਂਤਕ ਅਲੋਚਨਾ ਕਰਨ ਦੀ ਬਜਾਇ ਲੇਖਕ ਦੀ ਹੱਥੀ ਸੇਵਾ ਕਰਨ ਨੂੰ ਵੀ ਪਹਿਲ ਦਿੰਦੇ ਨੇ। ( ਜੇ ਕੋਈ ਆਮ ਲੋਕਾਂ ਦੀ ਧਾਰਮਿਕ ਸੋਚ ਤੋਂ ਉੱਪਰ ਉਠਦਾ ਹੈ ਤਾਂ ਮੌਤ ਦੇ ਫਤਵੇ ਵੀ ਦਿੱਤੇ ਜਾਂਦੇ ਹਨ ਪਰ ਇਹ ਭਾਣਾ ਹਰ ਇੱਕ ਲੇਖਕ ਦੀ ਕਿਸਮਤ ਵਿੱਚ ਨਹੀਂ ਹੁੰਦਾ ਸਲਮਾਨ ਰਸ਼ਦੀ ਜਾਂ ਤਸਲੀਮਾ ਇਸ ਪੱਖੋਂ ਜਿਆਦਾ ਖੁਸ਼ਕਿਸਮਤ ਨੇ ) ਫਿਰ ਵੀ ਲੇਖਕ ਇਸ ਤੋਂ ਕੁਛ ਹੱਦ ਤੱਕ ਬਚ ਸਕਦਾ ਹੈ ਪਰ ਪਰਚਾਰਕ ਦੀ ਜ਼ਿੰਦਗੀ ਹਰ ਪਲ ਸੂਲੀ ਟੰਗੀ ਰਹਿੰਦੀ ਹੈ ਕਿਉਕਿ ਇਸ ਵੇਲੇ ਬਰਾਬਰਤਾ ਦਾ ਸੁਨੇਹਾ ਦੇਣ ਵਾਲੇ ਸਿੱਖ ਸਿਧਾਂਤ ਦੇ ਘੱਟ ਤੋਂ ਘੱਟ ਚਾਰ ਸੌ ਪੰਜ ਢਿਰਕੇ ਬਣ ਚੁੱਕੇ ਹਨ ਤੇ ਹਰ ਫਿਰਕੇ ਦੇ ਲੋਕ ਆਪਣੀ ਆਪਣੀ ਲੋੜ ਅਨੁਸਾਰ ਘੱਟ ਤੋਂ ਘੱਟ ਗੁਰਬਾਣੀ ਨਾਲ਼ ਜਰੂਰ ਜੁੜੇ ਨੇ ਜੋ ਆਥਣ ਸਵੇਰ ਭੁੱਲੇ ਚੁੱਕੇ ਜਾਂ ਘਰੇਲੂ ਸੁਖ ਸ਼ਾਂਤੀ ਲਈ ਗੁਰਦੁਆਰੇ ਦਾ ਆਸਰਾ ਭਾਲਦੇ ਨੇ ਅਤੇ ਅਜਿਹੇ ਮਿਲ਼ਗੋਭਾ ਪੰਥ ਅੱਗੇ ਪਰਚਾਰਕ ਨੇ ਆਪਣੀ ਗੱਲ ਕਹਿਣੀ ਹੁੰਦੀ ਹੈ। ਹਰੇਕ ਫਿਰਕੇ ਦਾ ਬੰਦਾ ਨਿਸ਼ਾਨਾ ਸੇਧ ਕੈ ਬੈਠਾ ਹੁੰਦਾ ਹੈ ਕਿ ਪਰਚਾਰਕ ਮੇਰੇ ਹੱਕ ਦੀ ਗੱਲ ਕਰੇ ਪਰ ਜਦੋਂ ਪਰਚਾਰਕ ਗੁਰੂ ਦੀ ਗੱਲ ਕਰਦਾ ਹੈ ਜੋ ਅੱਜ ਦੇ ਸਾਰੇ ਫਿਰਕਿਆਂ ਦੇ ਪਖੰਡ ਜ਼ਾਹਰ ਕਰਦੀ ਹੈ ਤਾਂ ਲੋਕ ਸਟੇਜ ਤੇ ਬੈਠੇ ਪਰਚਾਰਕ ਦੀ ਤਾਜ਼ੀ ਤਾਜ਼ੀ ਕਾਰ ਸੇਵਾ ਸ਼ੁਰੂ ਕਰ ਦਿੰਦੇ ਨੇ। ਗੱਲ ਕੀ ਹਰ ਬੰਦਾ ਪਰਚਾਰਕ ਨੂੰ ਆਪਣੀ ਉੰਗਲ਼ ਤੇ ਬੈਠਾ ਸਮਝਦਾ ਹੈ ਕਿ ਜਦੋ ਦਿਲ ਕੀਤਾ, ਜਿੱਧਰ ਨੂੰ ਦਿਲ ਕੀਤਾ ਘੁਮਾ ਦਿਆਂਗੇ।

ਅਜਿਹੇ ਹਾਲਾਤਾ ਦਾ ਸਾਹਮਣਾ ਕਰ ਰਿਹਾ ਪਰਚਾਰਕ ਕੁਝ ਲੋਕਾਂ ਦਾ ਸਹਾਰਾ ਆਪਣੇ ਆਸੇ ਪਾਸੇ ਮਹਿਸੂਸ ਕਰਦਾ ਹੈ ਜੋ ਗੁਰੂ ਦੀ ਸੋਚ ਨਾਲ਼ ਸਹਿਮਤ ਹੁੰਦੇ। ਪਰ ਜਦੋਂ ਆਸਰਾ ਦੇਣ ਵਾਲਿਆਂ ਵਿੱਚੋਂ ਤੱਥ ਭੜੱਥੇ ਲੋਕ ਉਸ ਦੀ ਬਦਖੋਈ ਕਰਨ ਲਈ ‘ਮੇਰੀ ਗੱਲ ਨਹੀਂ ਮੰਨੀ’ ਦੀ ਡਾਂਗ ਚੱਕ ਲੈਣ ਤਾਂ ਰੱਬ ਵੀ ਨਹੀਂ ਬਚਾ ਸਕਦਾ ਉਸਨੂੰ। ਕਮਰੇ ਵਿੱਚ ਬੈਠ ਕੇ , ਬੇਹੂਦੀ ਸ਼ਬਦਾਵਲੀ ਵਰਤ ਕੇ ਕਿਸੇ ਦੀ ਮਜਬੂਰੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਇਹ ਤਾਂ ਉਸ ਖੇਤਰ ਵਿੱਚ ਆ ਕੇ ਹੀ ਪਤਾ ਲਗਦਾ ਹੈ। ਸਟੇਜ ਤੋਂ ਕਮਰੇ ਤੱਕ ਜਾਣ ਦੇ ਰਾਹ ਵਿੱਚ ਸਿਰ ‘ਚ ਡਾਂਗ ਵੱਜਣ ਦਾ ਖਤਰਾ ਹੋਵੇ ਤਾਂ ਕਿਸੇ ਵਿਰਲੇ ਮੂੰਹੋ ਹੀ ਸੱਚ ਨਿਕਲ਼ਦਾ ਹੈ। ਸਟੇਜ ਕੋਈ ਫੇਸਬੁੱਕ ਦੀ ਸਕਰੀਨ ਨਹੀਂ ਕਿ ਰਜਾਈ ਵਿੱਚ ਬੈਠ ਕੇ ਸਟੇਟਸ ਅੱਪਡੇਟ ਕੀਤਾ ਤੇ ਟਿੱਪਣੀਆਂ ਦੀ ਉਡੀਕ ਵਿੱਚ ਚਾਹ ਦੀਆਂ ਚੁਸਕੀਆਂ ਭਰਨ ਬੈਠ ਗਏ। ਇਹ ਤਾਂ ਲਾਈਵ ਸ਼ੋਅ ਹੈ ਜਿੱਥੇ ਟਿੱਪਣੀ ਵੀ ਲੋਕ ਡਾਂਗ ਤੇ ਲਿਖ ਕੇ ਬੈਠੇ ਹੁੰਦੇ ਨੇ।

ਇੱਕ ਗੱਲ ਇਹ ਵੀ ਹੈ ਕਿ ਜੇ ਇੱਕ ਪਰਚਾਰਕ ਉਹੀ ਗੱਲ ਕਹਿੰਦਾ ਹੈ ਤਾਂ ਉਸ ਨੂੰ ਰੋਕ ਦਿੱਤਾ ਜਾਂਦਾ ਹੈ ਜੇ ਦੂਜਾ ਉਹੀ ਕਹਿੰਦਾ ਹੈ ਤਾਂ ਉਸ ਦਾ ਸਨਮਾਨ ਕੀਤਾ ਜਾਂਦਾ ਹੈ। ਦੁਨੀਆਂ ਵਿੱਚ ਕ੍ਰੋੜਾਂ ਸਕੂਲ ਨੇ ਹਰੇਕ ਸਕੂਲ ਵਿੱਚ ਜੇ ਹਿਸਾਬ  ਦੇ ਟੀਚਰ ਦੀ ਗੱਲ ਕਰੀਏ ਤਾਂ ਇਕੋ ਜਿੰਨੀ ਪੜ੍ਹਾਈ ਵਾਲੇ ਟੀਚਰ ਹੋਣਗੇ ਪਰ ਹਰ ਇੱਕ ਦੀ ਵੱਖਰੀ ਵੱਖਰੀ ਸ਼ਖਸ਼ੀਅਤ ਹੈ, ਆਪਣਾ ਅਪਣਾ ਢੰਗ, ਅਨੁਭਵ ਹੈ, ਪ੍ਰਭਾਵ ਹੈ। ਇਹ ਇਸ ਗੱਲ ਤੇ ਵੀ ਨਿਰਭਰ ਹੈ ਕਿ ਗੱਲ ਕਹਿਣ ਵਾਲੇ ਦੀ ਜੁਰਅਤ ਕਿੰਨੀ ਕੁ ਹੈ ਹਾਂ ਰਾਜਨੀਤੀ ਤੇ ਹੰਕਾਰ ਹਰੇਕ ਪਾਸੇ ਹੈ ਇਸ ਦਾ ਪ੍ਰਭਾਵ ਜਿੰਨੀ ਕੁ ਲੇਖਕਾਂ ਉੱਤੇ ਹੈ ਉੰਨਾ ਕੁ ਪ੍ਰਚਾਰਕਾਂ ਉਤੇ ਅਤੇ ਸਰੋਤਿਆਂ ਉੱਤੇ ਵੀ ਹੈ। ਕੋਈ ਨਾ ਕੋਈ ਘਾਟ ਹਰ ਇੱਕ ਦੇ ਜੀਵਨ ਵਿੱਚ ਹੁੰਦੀ ਹੈ ਲੇਖਕ ਪਰਚਾਰਕ ਸਰੋਤੇ ਸਾਰੇ ਹੀ ਇਸ ਹਮਾਮ ਵਿੱਚ ਆਪਣੇ ਆਪ ਨੂੰ ਢਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬਦਕਿਸਮਤੀ ਇਹ ਹੈ ਕਿ ਆਪਣੇ ਆਪ ਨੂੰ ਢਕਣ ਲਈ ਅਸੀਂ ਦੂਜੇ ਤੇੜੋਂ ਕੱਪੜਾ ਖਿੱਚਣ ਦੀ ਖਿੱਚਾਧੁਹੀ ਵਿੱਚ ਹਾਂ ...ਤੇ ਹਾਂ ਇਸ ਖਿੱਚਾਧੁਹੀ ਵਿੱਚ ਕਿਤੇ ਅਸੀਂ ਸਾਰੇ ਹੀ ਨੰਗੇ ਨਾ ਹੋ ਜਾਈਏ ... ਵਧੀਆਂ ਲੇਖਕਾਂ ਅਤੇ ਪਰਚਾਰਕਾਂ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ਼ ਘਟੀਆਂ ਸ਼ਬਦਾਵਲੀ ਵਰਤਣ ਵਾਲਿਓ !!!

ਜਸਵਿੰਦਰ ਸਿੰਘ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top